ਚਰਨਜੀਤ ਭੁੱਲਰ
ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਹੁਣ ਖੁਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲ ਜਾ ਕੇ ਮੁਅੱਤਲੀ ਬਾਰੇ ਨੋਟਿਸ ਦਾ ਜੁਆਬ ਦੇਣਗੇ। ਖਹਿਰਾ ਨੇ ਆਖਿਆ ਕਿ ਉਹ ਦੋ ਤਿੰਨ ਦਿਨਾਂ ’ਚ ਹੀ ਸਪੀਕਰ ਕੋਲ ਜਾਣਗੇ ਅਤੇ ਨੋਟਿਸ ਦਾ ਤਕਨੀਕੀ ਜਵਾਬ ਦੇਣਗੇ। ਖਹਿਰਾ ਪਿਛਲੇ ਤਿੰਨ ਦਿਨਾਂ ਤੋਂ ਬਠਿੰਡਾ ਲੋਕ ਸਭਾ ਹਲਕੇ ਦੇ ਪਿੰਡਾਂ ਵਿਚ ਮੀਟਿੰਗਾਂ ਕਰ ਰਹੇ ਹਨ। ਮੀਟਿੰਗ ਮਗਰੋਂ ਖਹਿਰਾ ਨੇ ਸਪੱਸ਼ਟ ਇਸ਼ਾਰਾ ਕੀਤਾ ਕਿ ਉਹ ਅਗਾਮੀ ਲੋਕ ਸਭਾ ਚੋਣ ਬਠਿੰਡਾ ਹਲਕੇ ਤੋਂ ਲੜਨਗੇ ਪਰ ਇਸ ਬਾਰੇ ਰਸਮੀ ਐਲਾਨ ਪਾਰਟੀ ਵਲੋਂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਆਖਿਆ ਕਿ ਅਕਾਲੀ ਦਲ (ਟਕਸਾਲੀ) ਨਾਲ ਉਨ੍ਹਾਂ ਦੇ ਗਠਜੋੜ ਬਾਰੇ ਗੱਲਬਾਤ ਪੂਰੀ ਤਰ੍ਹਾਂ ਟੁੱਟੀ ਨਹੀਂ ਹੈ ਅਤੇ ਉਹ ਤਾਂ ਹੁਣ ਵੀ ਇਸ ਬਾਰੇ ਆਸਵੰਦ ਹਨ। ਖਹਿਰਾ ਨੇ ਦੱਸਿਆ ਕਿ ਉਨ੍ਹਾਂ ਆਨੰਦਪੁਰ ਸਾਹਿਬ ਸੀਟ ਲਈ ਪਰਮਜੀਤ ਕੌਰ ਖਾਲੜਾ ਤੇ ਮਨਮਿੰਦਰ ਸਿੰਘ ਕਿਆਸਪੁਰਾ ਦਾ ਨਾਮ ਸੁਝਾਇਆ ਹੈ। ਖਹਿਰਾ ਨੇ ਚੋਣ ਲੜਨ ਬਾਰੇ ਦ੍ਰਿੜਤਾ ਪ੍ਰਗਟਾਈ।
ਸੁਖਪਾਲ ਖਹਿਰਾ ਨੇ ਬਠਿੰਡਾ ਖ਼ਿੱਤੇ ਦੇ ਡੇਢ ਦਰਜਨ ਨਸ਼ਾ ਤਸਕਰਾਂ ਦੀ ਸੂਚੀ ਏਡੀਜੀਪੀ (ਐਸਟੀਐਫ) ਗੁਰਪ੍ਰੀਤ ਕੌਰ ਦਿਓ ਨੂੰ ਸੌਂਪੀ ਅਤੇ ਮੰਗ ਕੀਤੀ ਕਿ ਇਨ੍ਹਾਂ ਨਸ਼ਾ ਤਸਕਰਾਂ ’ਤੇ ਫੌਰੀ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਏਡੀਜੀਪੀ ਗੁਰਪ੍ਰੀਤ ਦਿਓ ਨੇ ਮੰਨਿਆ ਕਿ ਸੁਖਪਾਲ ਖਹਿਰਾ ਨੇ ਅੱਜ ਇੱਕ ਸੂਚੀ ਦਿੱਤੀ ਹੈ ਜਿਸ ਦੀ ਪੜਤਾਲ ਬਾਰੇ ਆਈਜੀ ਤੇ ਐਸਐਸਪੀ ਨੂੰ ਆਖਿਆ ਗਿਆ ਹੈ।