ਇਕੱਲੇ ਅਸਤੀਫੇ ਨਾਲ ਹੀ ਛੁੱਟ ਜਾਵੇਗਾ ਜਥੇਦਾਰ ਦਾ ਖਹਿੜਾ ?

1185

ਤਖਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਸਬੰਧੀ ਗਿਆਨੀ ਇਕਬਾਲ ਸਿੰਘ ਨੇ ਆਪਣਾ ਅਸਤੀਫਾ ਪ੍ਰਬੰਧਕ ਕਮੇਟੀ ਨੂੰ ਵੀ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਗਿਆਨੀ ਇਕਬਾਲ ਸਿੰਘ ਦੇ ਪੁੱਤਰ ਦੀਆਂ ਕੁਝ ਸਮਾਂ ਪਹਿਲਾਂ ਇਤਰਾਜ਼ਯੋਗ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ ਜਿਸ ਤੋਂ ਬਾਅਦ ਗਿਆਨੀ ਇਕਬਾਲ ਸਿੰਘ ਵਿਵਾਦਾਂ ‘ਚ ਘਿਰ ਗਏ ਸਨ। ਪਿਛਲੇ ਦਿਨੀਂ ਅਕਾਲ ਤਖਤ ਸਾਹਿਬ ਅੰਮ੍ਰਿਤਸਰ ‘ਚ ਵੀ ਗਿਆਨੀ ਇਕਬਾਲ ਸਿੰਘ ਖਿਲਾਫ ਸ਼ਿਕਾਇਤ ਦਾ ਮਾਮਲਾ ਸਾਹਮਣੇ ਆਇਆ ਸੀ। ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ ਹਿਤ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸੋਮਵਾਰ ਨੂੰ ਪ੍ਰਬੰਧਕੀ ਬੋਰਡ ਦੀ ਮੀਟਿੰਗ ਹੋਵੇਗੀ ਜਿਸ ‘ਚ ਉਹ ਜਥੇਦਾਰ ਇਕਬਾਲ ਸਿੰਘ ਦੇ ਅਸਤੀਫੇ ਬਾਬਤ ਫੈਸਲਾ ਲੈਣਗੇ। ਗਿਆਨੀ ਇਕਬਾਲ ਸਿੰਘ ਪਿਛਲੇ ਤਿੰਨ ਦਹਾਕਿਆਂ ਤੋਂ ਤਖਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਦੇ ਅਹੁਦੇ ‘ਤੇ ਤੈਨਾਤ ਸਨ। ਪਰ ਸਵਾਲ ਇਹ ਹੈ ਕਿ ਕੀ ਇਕੱਲਾ ਅਸਤੀਫਾ ਦੇਣ ਨਾਲ ਹੀ ਜਥੇਦਾਰ ਦਾ ਖਹਿੜਾਂ ਛੁੱਟ ਜਾਵੇਗਾ ?
ਜਥੇਦਾਰ ਤੇ ਇਲਜ਼ਾਮ ਸਨ ਕਿ ਜਥੇਦਾਰ ਇਕਬਾਲ ਸਿੰਘ ਨੇ ਦੋ ਵਿਆਹ ਕਰਵਾਏ ਹਨ। ਉਨ੍ਹਾਂ ਦੇ ਚਾਲ-ਚਲਣ ਠੀਕ ਨਹੀਂ ਹਨ ਤੇ ਉਹ ਆਰਐਸਐਸ ਦੇ ਏਜੰਟ ਹਨ। ਇਸ ਪਿੱਛੋਂ ਉਨ੍ਹਾਂ ਦੇ ਮੁੰਡੇ ਗੁਰਪ੍ਰਸਾਦ ਸਿੰਘ ਦੀ ਸਿਗਰਟ ਪੀਂਦੇ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਸੇਵਾ ਮੁਕਤ ਕਰਨ ਦੀ ਮੰਗ ਹੋਰ ਤੇਜ਼ ਹੋ ਗਈ ਸੀ।
ਮੁੰਡੇ ਦੀ ਸਿਗਰਟ ਪੀਂਦੇ ਦੀ ਵੀਡੀਓ ਵਾਇਰਲ ਹੋਣ ਬਾਅਦ ਗਿਆਨੀ ਇਕਬਾਲ ਸਿੰਘ ਨੇ ਆਪਣੇ ਬੇਟੇ ਨੂੰ ਆਪਣੀ ਸੰਪਤੀ ਤੇ ਰਿਸ਼ਤੇ ਤੋਂ ਬੇਦਖ਼ਲ ਕਰ ਦਿੱਤਾ ਸੀ। ਇਹ ਬੇਦਖਲੀ ਉਸ ਦੇ ਬੇਗੁਨਾਹ ਸਾਬਿਤ ਹੋਣ ਤਕ ਕੀਤੀ ਗਈ। ਦੂਜੇ ਪਾਸੇ, ਪ੍ਰਬੰਧਕੀ ਕਮੇਟੀ ਵੱਲੋਂ ਉਸ ਨੂੰ ਮੁਅੱਤਲ ਕਰਨ ਬਾਅਦ 24 ਘੰਟੇ ਵਿੱਚ ਸਪੱਸ਼ਟੀਕਰਨ ਦੇਣ ਲਈ ਆਖਿਆ ਗਿਆ ਸੀ।
ਉਨ੍ਹਾਂ ਖਿਲਾਫ ਕੁਝ ਔਰਤਾਂ ਵੱਲੋਂ ਸ੍ਰੀ ਅਕਾਲ ਤਖਤ ‘ਤੇ ਸ਼ਿਕਾਇਤ ਵੀ ਦਿੱਤੀ ਗਈ ਸੀ। ਇਸ ਵਿੱਚ ਉਨ੍ਹਾਂ ਦੀ ਦੂਜੀ ਪਤਨੀ ਵੱਲੋਂ ਦੁਰਵਿਹਾਰ ਤੇ ਸ਼ੋਸ਼ਣ ਦੇ ਦੋਸ਼ ਲਾਏ ਗਏ ਸਨ। ਇਸ ਕਰਕੇ ਵੀ ਸਿੱਖਾਂ ਵਿੱਚ ਕਾਫੀ ਰੋਸ ਸੀ।

Real Estate