ਅਭਿਨੰਦਨ ਦੀ ਪਾਕਿਸਤਾਨ ਤੋਂ ਵਾਪਸੀ : 54 ਹੋਰ ਅਭਿਨੰਦਨਾਂ ਦੀ ਵੀ ਪਰਿਵਾਰਾਂ ਨੂੰ ਦਹਾਕਿਆਂ ਤੋਂ ਉਡੀਕ

1248

ਬੀਬੀਸੀ

ਸ਼ੁੱਕਰਵਾਰ ਨੂੰ ਭਾਰਤੀ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਦੀ ਭਾਰਤ ਵਾਪਸੀ ਮਗਰੋਂ ਪੂਰੇ ਦੇਸ਼ ਵਿਚ ਜਸ਼ਨ ਦਾ ਮਾਹੌਲ ਸੀ ਉੱਥੇ ਕੁੱਝ ਅਜਿਹੇ ਪਰਿਵਾਰ ਵੀ ਸਨ ਜਿਨ੍ਹਾਂ ਨੂੰ ਆਪਣੇ ਵਿੱਛੜਿਆਂ ਦੀ ਯਾਦ ਤਾਜ਼ਾ ਹੋ ਗਈ।ਪਾਕਿਸਤਾਨ ਨੇ ਭਾਰਤ ਦਾ ਇੱਕ ਮਿਗ ਜਹਾਜ਼ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਮਾਰ ਡਿਗਾਇਆ ਸੀ ਤੇ ਪਾਇਲਟ ਅਭਿਨੰਦਨ ਨੂੰ ਪਾਕਿਸਤਾਨ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ।ਬਾਅਦ ਵਿੱਚ ਇਮਰਾਨ ਖ਼ਾਨ ਨੇ ਭਾਰਤੀ ਪਾਇਲਟ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ।1971 ਦੀ ਜੰਗ ਦੌਰਾਨ ਕਈ ਭਾਰਤੀ ਫ਼ੌਜੀ ਸਨ ਜਿਨ੍ਹਾਂ ਦੇ ਬਾਰੇ ਮੰਨਿਆ ਗਿਆ ਕਿ ਉਹ ਪਾਕਿਸਤਾਨ ਦੇ ਕਬਜ਼ੇ ਵਿੱਚ ਸਨ ਪਰ ਉਨ੍ਹਾਂ ਦੀ ਹੱਲੇ ਤਕ ਕੋਈ ਸੂਹ ਨਹੀਂ ਮਿਲੀ ਹੈ।
ਹਾਲਾਂਕਿ ਅਜਿਹੇ 54 ਫ਼ੌਜੀਆਂ ਦੇ ਪਰਿਵਾਰਾਂ ਨੇ ਅੱਜ ਵੀ ਉਮੀਦ ਨਹੀਂ ਛੱਡੀ ਹੈ ਤੇ ਆਪਣਾ ਸੰਘਰਸ਼ ਜਾਰੀ ਰੱਖਿਆ ਹੋਇਆ ਹੈ।ਸ਼ੁੱਕਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦੀ ਦੇਸ ਵਾਪਸੀ ਦਾ ਸਵਾਗਤ ਕੀਤਾ।ਇਸ ਦੇ ਨਾਲ ਹੀ ਉਨ੍ਹਾਂ ਨੇ ਪਾਕਿਸਤਾਨ ਨੂੰ ਕਿਹਾ ਕਿ ਉਹ 1971 ਦੀ ਜੰਗ ਦੌਰਾਨ ਬੰਦੀ ਬਣਾਏ ਭਾਰਤੀ ਜਵਾਨਾਂ ਦੀ ਮੌਜੂਦਗੀ ਨੂੰ ਮੰਨੇ ਅਤੇ ਉਨ੍ਹਾਂ ਨੂੰ ਵੀ ਫੌਰਨ ਰਿਹਾਅ ਕੀਤਾ ਜਾਵੇ।ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਜੰਗੀ ਕੈਦੀਆਂ ਦਾ ਇਹ ਮਸਲਾ ਪਾਕਿਸਤਾਨ ਨਾਲ ਚੁੱਕਣਾ ਚਾਹੀਦਾ ਹੈ।
54 ਪਰਿਵਾਰਾਂ ਦਾ ਸੰਘਰਸ਼
ਸੰਘਰਸ਼ ਕਰਨ ਵਾਲੇ 54 ਪਰਿਵਾਰਾਂ ਵਿੱਚ ਚੰਡੀਗੜ੍ਹ ਦੀ ਡਾਕਟਰ ਸਿੰਮੀ ਵੜੈਚ ਵੀ ਹਨ ਜਿਨ੍ਹਾਂ ਦੇ ਪਿਤਾ ਮੇਜਰ ਐੱਸਪੀਐਸ ਵੜੈਚ ਫ਼ਿਰੋਜ਼ਪੁਰ ਸੈਕਟਰ ਵਿੱਚ ਭਾਰਤੀ ਫ਼ੌਜ ਦੀ 15 ਪੰਜਾਬ ਬਟਾਲੀਅਨ ਦੇ ਕਮਾਂਡਰ ਸਨ।ਉਹ ਕਹਿੰਦੇ ਹਨ ਕਿ ਭਾਰਤ ਵਿੱਚ ਅਜਿਹੇ ਕੈਦੀਆਂ ਲਈ ਇੱਕ ਅਲੱਗ ਸ਼੍ਰੇਣੀ, ਯਾਨੀ ‘ਜੰਗ ਵਿਚ ਲਾਪਤਾ’ ਸਥਾਪਿਤ ਕਰਨ ਦੀ ਲੋੜ ਹੈ।ਸਿੰਮੀ ਉਸ ਵੇਲੇ ਤਿੰਨ ਸਾਲ ਦੀ ਸੀ।ਸਿੰਮੀ ਨੇ ਦੱਸਿਆ, “ਇਸ ਗੱਲ ਦਾ ਅਹਿਸਾਸ ਬਚਪਨ ਵਿੱਚ ਹੀ ਹੋ ਗਿਆ ਸੀ ਕਿ ਪਿਤਾ ਨੂੰ ਕੀ ਹੋਇਆ ਹੈ ਪਰ ਜਦੋਂ ਬਾਕੀ ਬੱਚਿਆਂ ਦੇ ਪਿਤਾ ਨੂੰ ਵੇਖਦੀ ਸੀ ਤਾਂ ਆਸ ਹਮੇਸ਼ਾ ਰਹਿੰਦੀ ਸੀ।”
ਸ਼ਿੰਮੀ ਵਚੈੜ ਨੇ ਕਿਹਾ, “ਮਾਂ ਨੇ ਬਹੁਤ ਹਿੰਮਤ ਵਿਖਾਈ ਪਰ ਮੈਨੂੰ ਯਾਦ ਹੈ ਕਿ ਉਹ ਰੋਣ ਲੱਗ ਜਾਂਦੀ ਸੀ। ਇੱਕ ਵਾਰ ਮੈਂ ਉਹਨਾਂ ਨੂੰ ਥੱਪੜ ਮਾਰਿਆ ਸੀ ਜਦੋਂ ਉਹ ਰੋ ਰਹੀ ਸੀ ਕਿਉਂਕਿ ਮੈਨੂੰ ਇਹ ਚੰਗਾ ਨਹੀਂ ਲਗਦਾ ਸੀ।”
‘ਜੰਗ ਵਿੱਚ ਲਾਪਤਾ ਫੌਜੀਆਂ ਨੂੰ ਲੱਭਣ ਦੀ ਕੋਸ਼ਿਸ਼ ਕਿਉਂ ਨਹੀਂ ਹੋ ਰਹੀ’
ਸਿੰਮੀ ਜੰਗ ਤੋਂ ਬਾਅਦ ਲਾਪਤਾ 54 ਭਾਰਤੀ ਫ਼ੌਜੀਆਂ ਅਤੇ ਹਵਾਈ ਫੌਜ ਦੇ ਜਵਾਨਾਂ ਲਈ ਕੰਮ ਕਰ ਰਹੀ ਹੈ। ਉਹ ਕਹਿੰਦੇ ਹਨ ਕਿ ਘੱਟ ਤੋਂ ਘੱਟ ਮਾਰੇ ਗਏ ਫ਼ੌਜੀਆਂ ਦੇ ਪਰਿਵਾਰਾਂ ਲਈ ਇੱਕ ਤਰ੍ਹਾਂ ਦੀ ਤਸੱਲੀ ਹੁੰਦੀ ਹੈ ਪਰ ਅਜਿਹੇ ਮਾਮਲਿਆਂ ਵਿੱਚ ਪਰਿਵਾਰ ਫਸੇ ਰਹਿੰਦੇ ਹਨ।
ਮੇਜਰ ਜਿਸ ਦੀ ਸ਼ਲਾਘਾ ਪਾਕਿਸਤਾਨੀ ਜਨਰਲ ਨੇ ਕੀਤੀ
ਹਰਿਆਣਾ ਦੇ ਪੰਚਕੂਲਾ ਵਿੱਚ ਰਹਿਣ ਵਾਲੀ ਸਾਰੂ ਲੂਣਾ ਦੇ ਪਿਤਾ ਮੇਜਰ ਕੰਵਲਜੀਤ ਸਿੰਘ ਵੀ ਉਨ੍ਹਾਂ 54 ਫ਼ੌਜੀਆਂ ਵਿਚੋਂ ਸਨ। ਉਹ ਦੱਸਦੇ ਹਨ ਕਿ 15 ਪੰਜਾਬ ਬਟਾਲੀਅਨ ਦੇ ਮੇਜਰ ਨੇ ਫ਼ਿਰੋਜ਼ਪੁਰ ਦੇ ਸ਼ਹਿਰ ਨੂੰ ਬਚਾਇਆ ਸੀ।
ਉਨ੍ਹਾਂ ਦੀ ਬਹਾਦਰੀ ਨੂੰ ਦੁਹਰਾਉਂਦਿਆਂ ਇੱਕ ਪਾਕਿਸਤਾਨੀ ਜਨਰਲ ਨੇ ਆਪਣੀ ਪੁਸਤਕ ਵਿੱਚ ਉਨ੍ਹਾਂ ਬਾਰੇ ਲਿਖਿਆ ਹੈ ਕਿ “ਕਿਵੇਂ ਇੱਕ ਨੌਜਵਾਨ ਕੈਪਟਨ ਨੇ ਕੁਝ ਕੁ ਜਵਾਨਾਂ ਨਾਲ ਭੁੱਖੇ ਸ਼ੇਰ ਵਾਂਗ ਲੜਨ ਦੀ ਕੋਸ਼ਿਸ਼ ਕੀਤੀ ਸੀ।”
ਇੱਕ ਸਿੱਖ ਵਿਅਕਤੀ ਜੋ ਓਮਨ ਜੇਲ੍ਹ ਤੋਂ ਵਾਪਸ ਆ ਗਿਆ ਸੀ, ਨੇ ਦੱਸਿਆ ਸੀ ਕਿ ਉਹ ਇੱਕ ਹੋਰ ਕੈਦੀ ਨਾਲ ਮੁਲਾਕਾਤ ਕਰ ਚੁੱਕਿਆ ਸੀ ਜਿਸ ਨੇ ਉਸ ਨੂੰ ਦੱਸਿਆ ਸੀ ਕਿ ਉਸ ਦੇ ਨਾਲ ਜੇਲ੍ਹ ਵਿਚ ਕੁਝ ਸਿੱਖ ਫ਼ੌਜੀ ਸਨ।ਸਿੰਮੀ ਵੜੈਚ ਕਹਿੰਦੇ ਹਨ ਕਿ 1971 ਵਿੱਚ ਪਾਕਿਸਤਾਨ ਨੂੰ ਚਿੰਤਾ ਸੀ ਕਿ ਭਾਰਤੀ ਹਿਰਾਸਤ ਵਿੱਚ ਉਸ ਦੇ 193 ਅਫ਼ਸਰਾਂ ’ਤੇ ਬੰਗਲਾਦੇਸ਼ ਵਿੱਚ ਯੁੱਧ ਅਪਰਾਧੀਆਂ ਲਈ ਮੁਕੱਦਮਾ ਚਲਾਇਆ ਜਾ ਸਕਦਾ ਹੈ।ਇਸ ਲਈ ਉਹ ਕੁਝ ਭਾਰਤੀ ਫ਼ੌਜ ਦੇ ਅਫ਼ਸਰਾਂ ਨੂੰ ਵਟਾਂਦਰੇ ਦੇ ਰੂਪ ਵਿਚ ਰੱਖਦੇ ਸਨ। ਮੇਜਰ ਅਸ਼ੋਕ ਸੂਰੀ ਨੇ ਕਰਾਚੀ ਤੋਂ ਆਪਣੇ ਪਿਤਾ ਨੂੰ ਭਾਰਤ ਸਰਕਾਰ ਦੀ ਦਖ਼ਲ ਲਈ ਮੰਗ ਕਰਨ ਦੀ ਚਿੱਠੀ ਲਿਖੀ ਸੀ। ਇਸ ਦੀ ਪੁਸ਼ਟੀ ਵਿਦੇਸ਼ ਮੰਤਰਾਲੇ ਨੇ ਕੀਤੀ ਸੀ ਪਰ ਇਸ ਤੋਂ ਕੁਝ ਵੀ ਨਹੀਂ ਨਿਕਲਿਆ ਸੀ।
2015 ਵਿਚ ਭਾਰਤ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਇੱਕ ਹਲਫ਼ਨਾਮਾ ਦਾਇਰ ਕੀਤਾ ਸੀ। ਉਸ ਹਲਫਨਾਮੇ ਅਨੁਸਾਰ 1965 ਅਤੇ 1971 ਦੀਆਂ ਜੰਗਾਂ ਤੋਂ ਬਾਅਦ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਕੈਦ 54 ਲਾਪਤਾ ਫੌਜੀਆਂ ਬਾਰੇ ਉਸ ਕੋਲ ਕੋਈ ਵੇਰਵਾ ਨਹੀਂ ਹੈ।
54 ਲਾਪਤਾ ਫੌਜੀਆਂ ਵਿਚੋਂ 27 ਫ਼ੌਜ, ਹਵਾਈ ਫੌਜ ਦੇ 24, ਸਮੁੰਦਰੀ ਫੌਜ ਦੇ ਦੋ ਅਤੇ ਸਰਹੱਦੀ ਸੁਰੱਖਿਆ ਫੋਰਸ ਦਾ ਇੱਕ ਜਵਾਨ ਸੀ।ਪਰਿਵਾਰ ਦੇ ਮੈਂਬਰਾਂ ਨੂੰ ਦੋ ਵਾਰ ਪਾਕਿਸਤਾਨ ਜੇਲ੍ਹਾਂ ਵਿਚ ਜਾਨ ਦਾ ਮੌਕਾ ਵੀ ਮਿਲਿਆ। 12 ਸਤੰਬਰ 1983 ਨੂੰ ਜਦੋਂ ਉਹ ਲਾਹੌਰ ਗਏ ਤਾਂ ਇਹ ਪਹਿਲੀ ਵਾਰ ਸੀ ਕਿ ਉਨ੍ਹਾਂ ਨੂੰ ਕੌਂਸਲਰ ਪਹੁੰਚ ਮਿਲ ਗਈ ਸੀ।2007 ਵਿਚ ਫਿਰ ਪਾਕਿਸਤਾਨ ਗਏ ਪਰ ਸਿੰਮੀ ਦਾ ਕਹਿਣਾ ਹੈ ਕਿ ਫ਼ੌਜੀਆਂ ਨੂੰ ਹਮੇਸ਼ਾ ਲੁਕੋ ਕੇ ਕਿਸੇ ਖ਼ਾਸ ਥਾਂ ‘ਤੇ ਰੱਖਿਆ ਜਾਂਦਾ ਹੈ ਨਾ ਕਿ ਬਾਕੀ ਕੈਦੀਆਂ ਵਾਂਗ।ਅਭਿਨੰਦਨ ਦੀ ਰਿਹਾਈ ਨਾਲ ਇਹਨਾਂ ਨੂੰ ਫਿਰ ਤੋਂ ਇੱਕ ਆਸ ਬੱਝੀ ਹੈ ਕਿ ਸ਼ਾਇਦ ਸਰਕਾਰ ਇਨ੍ਹਾਂ ਬਾਰੇ ਵੀ ਕੁਝ ਜਤਨ ਕਰੇਗੀ।

Real Estate