ਕੋਟਕਪੂਰਾ ਗੋਲੀ ਕਾਂਡ: ਮਨਤਾਰ ਬਰਾੜ ਗ੍ਰਿਫ਼ਤਾਰੀ ਦੇ ਡਰ ਤੋਂ ਪਹੁੰਚਿਆ ਅਦਾਲਤ

1462

ਪੰਜਾਬ ਦੇ ਸਾਬਕਾ ਸੰਸਦੀ ਸਕੱਤਰ ਅਤੇ ਸੀਨੀਅਰ ਅਕਾਲੀ ਆਗੂ ਮਨਤਾਰ ਸਿੰਘ ਬਰਾੜ ਨੇ ਸੈਸ਼ਨ ਜੱਜ ਫ਼ਰੀਦਕੋਟ ਦੀ ਅਦਾਲਤ ਵਿਚ ਅਰਜ਼ੀ ਦੇ ਕੇ ਖ਼ਦਸ਼ਾ ਜਤਾਇਆ ਹੈ ਕਿ ਕੋਟਕਪੂਰਾ ਅਤੇ ਬਹਿਬਲ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਉਨ੍ਹਾਂ ਨੂੰ ਕਿਸੇ ਮੁਕੱਦਮੇ ਵਿਚ ਗ੍ਰਿਫ਼ਤਾਰ ਕਰ ਸਕਦੀ ਹੈ, ਇਸ ਲਈ ਉਸ ਨੂੰ ਅਗਾਊਂ ਜ਼ਮਾਨਤ ਦਿੱਤੀ ਜਾਵੇ।
ਸੈਸ਼ਨ ਜੱਜ ਹਰਪਾਲ ਸਿੰਘ ਨੇ ਇਸ ਮਾਮਲੇ ਵਿਚ ਜ਼ਿਲ੍ਹਾ ਪੁਲੀਸ ਅਤੇ ਜਾਂਚ ਟੀਮ ਨੂੰ ਨੋਟਿਸ ਜਾਰੀ ਕਰ ਕੇ ਰਿਪੋਰਟ ਮੰਗੀ ਹੈ ਕਿ ਮਨਤਾਰ ਸਿੰਘ ਬਰਾੜ ਕਿਸੇ ਮੁਕੱਦਮੇ ਵਿਚ ਲੋੜੀਂਦਾ ਹੈ ਜਾਂ ਨਹੀਂ ? ਅਦਾਲਤ ਇਸ ਮਾਮਲੇ ਵਿਚ 5 ਮਾਰਚ ਨੂੰ ਅਗਲੀ ਸੁਣਵਾਈ ਕਰੇਗੀ। ਦੱਸਣਯੋਗ ਹੈ ਕਿ 27 ਫਰਵਰੀ ਨੂੰ ਮਨਤਾਰ ਸਿੰਘ ਬਰਾੜ ਜਾਂਚ ਟੀਮ ਸਾਹਮਣੇ ਪੇਸ਼ ਹੋਏ ਸਨ ਤੇ ਜਾਂਚ ਟੀਮ ਨੇ ਉਸ ਤੋਂ ਕਰੀਬ 10 ਘੰਟੇ ਤੱਕ ਪੁੱਛ-ਪੜਤਾਲ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਾਂਚ ਟੀਮ ’ਤੇ ਦੋਸ਼ ਲਾਏ ਹਨ ਕਿ ਉਹ ਸਿਆਸੀ ਪ੍ਰਭਾਵ ਹੇਠ ਕੰਮ ਕਰ ਰਹੀ ਹੈ। ਕੋਟਕਪੂਰਾ ਗੋਲੀ ਕਾਂਡ ਵਾਲੀ ਰਾਤ ਮਨਤਾਰ ਸਿੰਘ ਬਰਾੜ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੁੱਖ ਮੰਤਰੀ ਦਰਮਿਆਨ ਫੋਨ ’ਤੇ ਗੱਲਬਾਤ ਕਰਵਾਈ ਸੀ। -ਪੰਜਾਬੀ ਟ੍ਰਿਬਿਊਨ

Real Estate