ਇਮਰਾਨ ਖਾਨ ਤੇ ਸਾਡੇ ‘ਪਰਧਾਨ ਸੇਵਕ’ ਦੀ ਸਰੀਰਕ ਭਾਸ਼ਾ ਤੇ ਬੋਲਾਂ ਦਾ ਰੰਗ

1248

ਵਰਿਆਮ ਸਿੰਘ ਸੰਧੂ – ਭਾਰਤੀ ਮੀਡੀਆ ਏਨਾ ਬੇਸ਼ਰਮ, ਬੇਈਮਾਨ, ਬੇਦਲੀਲਾ, ਬੇਰਹਿਮ ਤੇ ਬਦਜ਼ੌਕ ਹੈ ਕਿ ਇਹਦੇ ਮੀਡੀਆ-ਕਰਮੀਆਂ/ਕਰਮਨਾ ਦੀਆਂ ਨਫ਼ਰਤੀ ਤੇ ਅੱਗ-ਲਾਊ ਚੀਖ਼ਾਂ, ਚੰਘਿਆੜਾਂ ਤੇ ਲਲਕਾਰਿਆਂ ਦਾ ਸੂਝਵਾਨ ਲੋਕ ਇਹ ਆਖ ਕੇ ਵਾਜਬ ਮਜ਼ਾਕ ਉਡਾ ਰਹੇ ਨੇ ,” ਇਹਨਾਂ ਨੂੰ ਹਵਾਈ ਜਹਾਜ਼ਾ ਤੇ ਟੈਂਕਾਂ ਦੀ ਥਾਂ ਬਾਰਡਰ ‘ਤੇ ਭੇਜ ਦਿਓ, ਇਹ ਦੋ ਦਿਨ ਵਿਚ ਹੀ ਕਸ਼ਮੀਰ ਦੇ ਮਸਲੇ ਦਾ ਹੱਲ ਤਾਂ ਕਿਧਰੇ ਰਿਹਾ, ਪਾਕਿਸਤਾਨ ਦਾ ਨਾਂ-ਨਿਸ਼ਾਨ ਹੀ ਦੁਨੀਆਂ ਦੇ ਨਕਸ਼ੇ ਤੋਂ ਮਿਟਾ ਦੇਣਗੇ।”
ਅੰਧ ਰਾਸ਼ਟਰਵਾਦ ਦੇ ਖੋਪੇ ਲਾਏ ਹੋਣ ਕਰ ਕੇ ਨਾ ਇਹਨਾਂ ਨੂੰ ਜੰਗਾਂ-ਯੁੱਧਾਂ ਨਾਲ ਹੋਣ ਵਾਲਾ ਮਨੁੱਖਤਾ ਦਾ ਘਾਣ ਦਿਖਾਈ ਦਿੰਦਾ ਹੈ ਤੇ ਨਾ ਹੀ ਇਹ ਆਮ ਲੋਕਾਂ ਨੂੰ ਦਿਸਣ ਦੇਣਾ ਚਾਹੁੰਦੇ ਨੇ ਕਿ ਉਹਨਾਂ ਦੇ ਭੁੱਖ-ਦੁੱਖ ਦਾ ਇਲਾਜ ਜੰਗ ਨੇ ਨਹੀਂ ਨਹੀਂ ਕਰਨਾ। ਜੰਗ ਦਾ ਸ਼ੋਰ ਤਾਂ ਤੁਹਾਡੇ ਅੰਦਰ ‘ਦੁਸ਼ਮਣ ਦੇਸ਼’ ਖ਼ਿਲਾਫ਼ ਅੰਨ੍ਹੀ ਨਫ਼ਰਤ ਦਾ ਜ਼ਹਿਰੀਲਾ ਬੀ ਬੀਜ ਕੇ ਦੇਸ਼ ਦੀ ਗੱਦੀਆਂ ਤੇ ਬੈਠੇ ਤੁਹਾਡੇ ਦੁਸ਼ਮਣਾਂ ਖ਼ਿਲਾਫ਼ ਵਿੱਢੇ ਜਾਣ ਵਾਲੀ ਲੋਕ-ਲਹਿਰ ਤੋਂ ਧਿਆਨ ਪਾਸੇ ਕਰਨ ਦਾ ਖ਼ਤਰਨਾਕ ਤੇ ਕੋਝਾ ਯਤਨ ਹੈ।
ਅਸੀਂ ਨਹੀਂ ਕਹਿੰਦੇ ਕਿ ਪਾਕਿਸਤਾਨ ਕੋਈ ਬਹੁਤਾ ਹੀ ਦੁੱਧ-ਧੋਤਾ ਹੈ। ਉਹਦਾ ਮੀਡੀਆ ਵੀ ਪਲਟਵੇਂ ਦੋਸ਼ ਲਾਉਣ ਵਿਚ ਮਾਹਿਰ ਹੈ। ਪਿਛਲੇ ਸਮੇਂ ਵਿਚ ਭਾਰਤ ਵਿਚ ਹੋਣ ਵਾਲੀਆਂ ਕਈ ਅੱਤਵਾਦੀ ਦੁਰਘਟਨਾਵਾਂ ਵਿਚ ਪਾਕਿਸਤਾਨ ਦੀ ਧਰਤੀ ਤੋਂ ਹਿੱਲਦੀਆਂ ਤਾਰਾਂ ਦੀ ਵੀ ਇਕ ਲੰਮੀ ਕਹਾਣੀ ਹੈ। ਪਰ ਇਹ ਵੀ ਤਾਂ ਸੱਚ ਹੈ ਕਿ ਸਾਰਾ ਦੋਸ਼ ਪਾਕਿਸਤਾਨ ਦੇ ਸਿਰ ਮੜ੍ਹਨਾ ਵਾਜਬ ਨਹੀਂ। ਸਿਆਣੇ ਤੇ ਜਾਣਕਾਰ ਸੱਜਣ ਇਹ ਵੀ ਦੱਸ ਰਹੇ ਨੇ ਕਿ ਪਿਛਲੇ ਸਾਲਾਂ ਵਿਚ ਭਾਰਤ ਵਿਚ ਹੋਣ ਵਾਲੀਆਂ ਬਹੁਤ ਸਾਰੀਆਂ ਹਿੰਸਕ ਵਾਰਦਾਤਾਂ ਉਦੋਂ ਹੀ ਕਿਉਂ ਵਾਪਰਦੀਆਂ ਰਹੀਆਂ ਜਦੋਂ ਦੇਸ਼ ਵਿਚ ਜਾਂ ਦੇਸ਼ ਦੇ ਕਿਸੇ ਰਾਜ ਵਿਚ ਚੋਣਾ ਹੋਣ ਵਾਲੀਆਂ ਹੁੰਦੀਆਂ ਸਨ। ਅਸੀਂ ਕਾਂਗਰਸੀ ਨਹੀਂ ਤੇ ਨਾ ਹੀ ਲੋਕਾਂ ‘ਤੇ ਕੀਤੇ ਕਾਂਗਰਸੀ -ਕਹਿਰ ਨੂੰ ਭੁੱਲੇ ਹਾਂ ਪਰ ਇਹ ਵੀ ਤਾਂ ਸੱਚ ਹੈ ਕਿ ਇਹਨਾਂ ਅੱਤਵਾਦੀ ਘਟਨਾਵਾਂ ਦੇ ਵਾਪਰਨ ਵੇਲੇ ਦੇਸ਼ ਵਿਚ (ਜਾਂ ਉਹਨਾਂ ਰਾਜਾਂ ਵਿਚ) ਭਾਜਪਾ ਦੀ ਸਰਕਾਰ ਸੀ।
ਕਸ਼ਮੀਰ ਬਾਰੇ ਵੀ ਸੋਚਣ ਦੀ ਲੋੜ ਹੈ ਕਿ ਉਹ ਕਿਹੜੇ ਕਾਰਨ ਨੇ ਜਿਨ੍ਹਾਂ ਕਰ ਕੇ 19-20 ਸਾਲ ਦੇ ਜਵਾਨ ਮਨੁੱਖੀ-ਬੰਬ ਬਣਨ ਲਈ ਮਜਬੂਰ ਹੋ ਗਏ ਨੇ। ਸਿਆਣੇ ਠੀਕ ਹੀ ਕਹਿੰਦੇ ਕਿ, ‘ਘਰ ਪੱਕਾ ਰੱਖ ਆਪਣਾ ਤੇ ਚੋਰ ਨਾ ਕਿਸੇ ਨੂੰ ਆਖ।”
ਅੰਨ੍ਹਾ ਪਾਕਿਸਤਾਨ ਵਿਰੋਧ ਠੀਕ ਨਹੀਂ ਤੇ ਸਾਨੂੰ ਬਦਲ ਰਹੇ ਪਾਕਿਸਤਾਨ ਨੂੰ ਵੀ ਵੇਖਣ-ਸਮਝਣ ਦੀ ਜ਼ਰੂਰਤ ਹੈ। ਇਮਰਾਨ ਖਾਨ ਦਾ ਵਾਰ ਵਾਰ ਆਖਣਾ ਕਿ ‘ਅਸੀਂ ਖ਼ੁਦ ਆਤੰਕਵਾਦ ਦੇ ਵਲੂੰਧਰੇ ਹੋਏ ਹਾਂ ਤੇ ਇਸਦੇ ਵਿਰੁੱਧ ਹਾਂ। ਜੰਗ ਕਿਸੇ ਮਸਲੇ ਦਾ ਹੱਲ ਨਹੀਂ। ਮਿਲ ਬੈਠ ਕੇ ਤੇ ਗੱਲਬਾਤ ਕਰ ਕੇ ਹੀ ਮਸਲੇ ਹੱਲ ਹੋਣਗੇ।” ਮੋਦੀ ਭਗਤ ਕਹਿ ਸਕਦੇ ਕਿ ਸਾਡੇ ਤੋਂ ਡਰਦਿਆਂ ਤੇ ਸਾਡੇ ਵੱਲੋਂ ਪਾਏ ਅੰਤਰਰਾਸ਼ਟਰੀ ਦਬਾਉ ਕਰ ਕੇ ਇਮਰਾਨ ਖਾਨ ਅਜਿਹਾ ਕਹਿਣ ਲਈ ਮਜਬੂਰ ਹੈ। ਏਸੇ ਡਰ ਤੇ ਦਬਾਓ ਕਰ ਕੇ ਹੀ ਉਹਨੇ ਅਭਿਨੰਦਨ ਨੂੰ ਰਿਹਾਅ ਕੀਤਾ ਹੈ। ਤੇ ਉਹ ਇਹ ਕਹਿ ਵੀ ਰਹੇ ਨੇ। ਪਰ ਇਮਾਰਨ ਖਾਨ ਦੇ ਬੋਲਾਂ ਵਿਚਲੀ ਸਹਿਜਤਾ, ਉਹਦੀ ਬੋਲਾਂ ਵਿਚਲੀ ਸਾਫ਼ਗੋਈ ਤੇ ਉਹਦੀ ਸਰੀਰਕ ਭਾਸ਼ਾ ਦੱਸਦੀ ਹੈ ਕਿ (ਹਾਲ ਦੀ ਘੜੀ ਤਾਂ) ਉਹਦੇ ਬੋਲਾਂ ਵਿਚ ਸੁਹਿਰਦਤਾ ਦੀ ਝਲਕ ਹੀ ਮਿਲਦੀ ਹੈ। ਆਪਣੇ ਬਾਦਲੀਲ ਭਾਸ਼ਨਾਂ ਰਾਹੀਂ ਉਹਨੇ ਸੁਹਿਰਦ ਲੋਕਾਂ ਦੇ ਦਿਲਾਂ ਵਿਚ ਇਕ ਸ਼ਾਂਤੀ-ਦੂਤ ਵਜੋਂ ਥਾਂ ਬਣਾ ਲਿਆ ਹੈ।
ਏਸੇ ਬਦਲਦੇ ਹੋਏ ਪਾਕਿਸਤਾਨ ਦੀ ਇਕ ਨਵੀਂ ਤਸਵੀਰ ਇਹ ਵੀ ਹੈ ਕਿ ਉਥੋਂ ਦੇ ਸੰਵੇਦਨਸ਼ੀਲ ਲੋਕ ਪਿਛਲੇ ਸਾਲਾਂ ਵਿਚ ਸ਼ਹੀਦ ਭਗਤ ਸਿੰਘ ਦਾ ਮਾਣ-ਸਨਮਾਨ ਕਾਇਮ ਰੱਖਣ ਦੀ ਤੇ ਆਪਣੀ ਮਾਂ-ਬੋਲੀ ਦੇ ਵਾਜਬ ਸਥਾਨ ਲਈ ਤਾਂ ਜਦੋ-ਜਹਿਦ ਕਰ ਹੀ ਰਹੇ ਨੇ ਤੇ ਹੁਣ ਉਹਨਾਂ ਨੇ ਹੋਰ ਕਮਾਲ ਕਰ ਵਿਖਾਈ ਹੈ ਜਦ ਉਹ ਜਲੂਸਾਂ ਦੀ ਸ਼ਕਲ ਵਿਚ ਜੰਗ ਦੇ ਵਿਰੋਧ ਵਿਚ ਤੇ ਅਭਿਨੰਦਨ ਨੂੰ ਰਿਹਾਅ ਕਰਨ ਦੀ ਮੰਗ ਲੈ ਕੇ ਸੜਕਾਂ ‘ਤੇ ਆ ਗਏ। ਅਜਿਹਾ ਪਾਕਿਸਤਾਨ ਵਿਚ ਪਹਿਲਾਂ ਕਦ ਹੋਇਆ ਸੀ? ਬੇਸ਼ੱਕ ਅਜਿਹੇ ਲੋਕ ਗਿਣਤੀ ਵਿਚ ਕਿੰਨੇ ਵੀ ਘੱਟ ਕਿਉਂ ਨਾ ਹੋਣ, ਉਹਨਾਂ ਨੂੰ ਸ਼ਾਬਾਸ਼ ਦੇਣੀ ਤੇ ਉਹਨਾਂ ਨਾਲ ਇਕ-ਮੁਠਤਾ ਪ੍ਰਗਟਾਉਣੀ ਚਾਹੀਦੀ ਹੈ। ਏਸੇ ਵਿਚ ਦੋਵਾਂ ਮੁਲਕਾਂ ਦਾ ਭਲਾ ਹੈ।
ਇਮਰਾਨ ਖਾਨ ਤੇ ਸਾਡੇ ‘ਪਰਧਾਨ ਸੇਵਕ’ ਦੀ ਸਰੀਰਕ ਭਾਸ਼ਾ ਤੇ ਬੋਲਾਂ ਦਾ ਰੰਗ ਵੇਖ ਕੇ ਵੀ ਤੁਸੀਂ ਸਹਿਜੇ ਹੀ ਅਨੁਮਾਨ ਲਾ ਸਕਦੇ ਹੋ ਕਿ ਇਮਰਾਨ ਖ਼ਾਨ ਦੇ ਬੋਲਾਂ ਵਿਚ ਇਕ ਠਰ੍ਹੰਮਾ ਤੇ ਤਰਕ ਹੈ ਜਦ ਕਿ ਸਾਡੇ ‘ਪ੍ਰਧਾਨ ਸੇਵਕ’ ਦੇ ਬੋਲਾਂ ਵਿਚ ਹੰਕਾਰ ਦਾ ਸਿਖ਼ਰ ਨਜ਼ਰ ਆਉਂਦਾ ਹੈ। ਦੋਵੇਂ ਜਦ ਬੋਲਦੇ ਨੇ ਤਾਂ ਲੱਗਦਾ ਹੈ ਕਿ ਇਕ ਤਾਂ ਕੋਈ ਸਟੇਟਸਮੈਨ ਬੋਲ ਰਿਹਾ ਹੈ ਤੇ ਦੂਜਾ ਇੰਜ ਲੱਗਦਾ ਹੈ ਜਿਵੇਂ ਕਿਸੇ ਭਾਸ਼ਨ-ਮੁਕਾਬਲੇ ਵਿਚ ਹਿੱਸਾ ਲੈਣ ਵਾਲਾ ‘ਅਧਿਆਪਕ ਦਾ ਸਿਖਾਇਆ ਵਿਦਿਆਰਥੀ’ ਬਾਹਾਂ ਉਲਾਰ ਕੇ ਭਾਸ਼ਨ-ਮੁਕਾਬਲਾ ਜਿੱਤਣ ਲਈ ਸੰਘ ਪਾੜ ਰਿਹਾ ਹੋਵੇ।
ਅਸੀਂ ਮੁੜ ਆਖਦੇ ਹਾਂ, ਸਾਨੂੰ ਅੰਮਿ੍ਤਸਰ ਵੀ ਜਾਨ ਤੋਂ ਪਿਆਰਾ ਹੈ, ਲਾਹੌਰ ਵੀ ਸਾਡਾ ਆਪਣਾ ਹੈ। ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਡੀ ਜਾਨ ਨੇ। ਦਿੱਲੀ, ਪਟਨਾ ਤੇ ਹਜ਼ੂਰ ਸਾਹਿਬ ਵੀ ਸਾਡੀ ਦੇਹ-ਜਾਨ ਨੇ। ਖਟਕੜ ਕਲਾ ਤੇ ਜੜ੍ਹਾ ਵਾਲਾ ਦਾ ਬੰਗਾ ਵੀ ਸਾਡੀ ਸਾਂਝੀ ਵਿਰਾਸਤ ਨੇ। ਅਸੀਂ ਸਭਨਾਂ ਥਾਵਾਂ ਦੀ ਖ਼ੈਰ-ਸੁਖ ਲੋੜਦੇ ਹਾਂ। ਬੁੱਲ੍ਹਾ, ਵਾਰਿਸ ਤੇ ਸ਼ਾਹ-ਹੁਸੈਨ ਵੀ ਸਾਡੇ ਨੇ, ਫ਼ੈਜ਼, ਗ਼ਾਲਿਬ, ਮੀਰ, ਇਕਬਾਲ ਤੇ ਮੰਟੋ ਵੀ ਸਾਡੇ ਨੇ। ਹਬੀਬ ਜਾਲਿਬ ਵੀ ਸਾਡਾ ਹੈ ਤੇ ਬਾਬਾ ਨਜ਼ਮੀ ਵੀ। ਰਾਹਤ ਇੰਦੌਰੀ ਤੇ ਸਾਹਿਰ ਲੁਧਿਆਣਵੀ ਵੀ ਸਾਡੇ ਨੇ। ਨੁਸਰਤ ਫ਼ਤਹਿ ਅਲੀ, ਇਕਬਾਲ ਬਾਨੋ, ਨੂਰ ਜਹਾਂ, ਰੇਸ਼ਮਾਂ ਵੀ ਸਾਡੇ ਤੇ ਸੁਰਿੰਦਰ ਕੌਰ ਤੇ ਪਰਕਾਸ਼ ਕੌਰ ਵੀ ਸਾਡੀਆਂ।
ਅਸੀਂ ਕਿਸੇ ਇਕ ਦੇਸ਼ ਦੀ ਗੱਲ ਨਹੀਂ ਕਰਦੇ, ਕੁਲ ਦੁਨੀਆਂ ਵਿਚ ਜੰਗ ਲੱਗਣ ਤੇ ਜੰਗ ਲਾਉਣ ਵਾਲਿਆਂ ਦੇ ਵਿਰੁਧ ਹਾਂ। ਅਸੀਂ ਲੋਕਾਂ ਦੇ ਭਲੇ ਦੀ ਗੱਲ ਕਰਦੇ ਹਾਂ ਤੇ ਉਹਨਾਂ ਦਾ ਭਲਾ ਚਾਹੁੰਦੇ ਵੀ ਹਾਂ।

Real Estate