“ਹਵਾਈ ਹਮਲਿਆਂ ਨਾਲ ਭਾਜਪਾ ਕਰਨਾਟਕਾਂ ਵਿੱਚੋਂ 22 ਤੋਂ ਵੱਧ ਸੀਟਾਂ ਜਿੱਤੇਗੀ” ਕਹਿ ਕੇ ਬਾਅਦ ‘ਚ ਮੁੱਕਰਿਆ ਭਾਜਪਾ ਆਗੂ

864

ਪਾਕਿਸਤਾਨ ਵਿੱਚ ਜੈਸ਼ ਦੇ ਦਹਿਸ਼ਤੀ ਕੈਂਪ ’ਤੇ ਕੀਤੇ ਹਵਾਈ ਹਮਲਿਆਂ ਦਾ ਭਾਜਪਾ ਨੂੰ ਆਗਾਮੀ ਲੋਕ ਸਭਾ ਚੋਣਾਂ ਵਿੱਚ ਲਾਹਾ ਮਿਲਣ ਸਬੰਧੀ ਦਿੱਤੇ ਬਿਆਨ ਦੀ ਨੁਕਤਾਚੀਨੀ ਹੋਣ ਮਗਰੋਂ ਕਰਨਾਟਕ ਭਾਜਪਾ ਦੇ ਪ੍ਰਧਾਨ ਬੀਐਸ ਯੇਦੀਯੁਰੱਪਾ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਬਿਆਨ ਦਾ ਗ਼ਲਤ ਅਰਥ ਕੱਢਿਆ ਗਿਆ ਹੈ ਤੇ ਉਨ੍ਹਾਂ ਲਈ ਪਾਰਟੀ ਨਾਲੋਂ ਮੁਲਕ ਪਹਿਲਾਂ ਹੈ। ਯੇਦੀਯੁਰੱਪਾ ਨੂੰ ਇਸ ਬਿਆਨ ਲਈ ਕਰਨਾਟਕ ਦੇ ਸਿਆਸੀ ਆਗੂਆਂ ਸਮੇਤ ਕੇਂਦਰ ਸਰਕਾਰ ਵਿੱਚ ਮੰਤਰੀ ਵੀ ਕੇ ਸਿੰਘ ਦੀ ਆਲੋਚਨਾ ਝੱਲਣੀ ਪਈ ਸੀ। ਸਾਬਕਾ ਥਲ ਸੈਨਾ ਮੁਖੀ ਸਿੰਘ ਨੇ ਯੇਦੀਯੁਰੱਪਾ ਦੇ ਇਸ ਬਿਆਨ ਦੀ ਖੁੱਲ੍ਹ ਕੇ ਨਿਖੇਧੀ ਕੀਤੀ ਹੈ।
ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਯੇਦੀਯੁਰੱਪਾ ਨੇ ਲੰਘੇ ਦਿਨ ਇਕ ਬਿਆਨ ਵਿੱਚ ਕਿਹਾ ਸੀ ਕਿ ਭਾਰਤ ਵੱਲੋਂ ਪਾਕਿਸਤਾਨ ਦੇ ਧੁਰ ਅੰਦਰ ਜਾ ਕੇ ਕੀਤੇ ਹਵਾਈ ਹਮਲਿਆਂ ਨਾਲ ਭਾਜਪਾ ਨੂੰ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਕਰਨਾਟਕਾਂ ਵਿੱਚ ਕੁੱਲ 28 ਸੀਟਾਂ ’ਚੋਂ 22 ਤੋਂ ਵੱਧ ਸੀਟਾਂ ਜਿੱਤਣ ਵਿੱਚ ਮਦਦ ਮਿਲੇਗੀ। ਪਾਕਿਸਤਾਨੀ ਮੀਡੀਆ ਤੇ ਮੁਲਕ ਦੀ ਪੀਟੀਆਈ ਦੀ ਅਗਵਾਈ ਵਾਲੀ ਸੱਤਾਧਾਰੀ ਪਾਰਟੀ ਨੇ ਯੇਦੀਯੁਰੱਪਾ ਦੇ ਇਸ ਬਿਆਨ ’ਤੇ ਉਜਰ ਜਤਾਉਂਦਿਆਂ ਸਵਾਲ ਕੀਤਾ ਸੀ ਕਿ ਕੀ ਜੰਗ ਚੋਣ ਬਦਲ ਵਜੋਂ ਲੜੀ ਜਾ ਰਹੀ ਸੀ। ਯੇਦੀਯੁਰੱਪਾ ਨੇ ਅੱਜ ਲੜੀਵਾਰ ਟਵੀਟ ਕਰਦਿਆਂ ਕਿਹਾ, ‘ਮੈਂ ਇਹ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਮੇਰੇ ਲੰਘੇ ਦਿਨ ਦੇ ਬਿਆਨ ਨੂੰ ਗ਼ਲਤ ਅਰਥਾਂ ਵਿੱਚ ਲਿਆ ਗਿਆ ਹੈ। ਮੈਂ ਹਥਿਆਰਬੰਦ ਬਲਾਂ ਦਾ ਪੂਰਾ ਸਤਿਕਾਰ ਕਰਦਾ ਹਾਂ। ਮੁਲਕ ਦੀ ਸੁਰੱਖਿਆ ਲਈ ਲੜ ਰਹੇ ਆਪਣੇ ਬਹਾਦਰ ਜਵਾਨਾਂ ਨੂੰ ਮੈਂ ਸਲਾਮ ਕਰਦਾ ਹਾਂ। ਮੈਂ ਆਪਣੇ ਦੇਸ਼ਵਾਸੀਆਂ ਨਾਲ ਖੜ੍ਹਾ ਹਾਂ ਤੇ (ਵਿੰਗ) ਕਮਾਂਡਰ ਅਭਿਨੰਦਰ ਵਰਤਮਾਨ ਦੀ ਸੁਰੱਖਿਅਤ ਵਾਪਸੀ ਲਈ ਦੁਆ ਕਰਦਾ ਹਾਂ। ਮੇਰੇ ਲਈ ਪਾਰਟੀ ਨਾਲੋਂ ਦੇਸ਼ ਪਹਿਲਾਂ ਹੈ।’

Real Estate