ਦੋ ਦਿਨਾਂ ਬਠਿੰਡਾ ਕਬੱਡੀ ਕਾਰਨੀਵਲ 1 ਮਾਰਚ ਤੋਂ ਹੋਵੇਗਾ ਸ਼ੁਰੂ, ਫਸਵੇਂ ਮੁਕਾਬਲੇ ਬਣਨਗੇ ਗਵਾਹ

1911

ਬਠਿੰਡਾ, 28 ਫ਼ਰਵਰੀ ( ਬਲਵਿੰਦਰ ਸਿੰਘ ਭੁੱਲਰ)
ਬਠਿੰਡਾ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਅੱਜ 1 ਅਤੇ 2 ਮਾਰਚ ਨੂੰ ਬਠਿੰਡਾ ਵਿਖੇ ਹੋਣ ਵਾਲੇ ਕਬੱਡੀ ਕਾਰਨੀਵਲ ਦੀਆਂ ਅੰਤਿਮ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨਾਂ ਜਿੱਥੇ ਅਧਿਕਾਰੀਆਂ ਨੂੰ ਸੌਂਪੀ ਗਈ ਡਿਊਟੀ ਤਨਦੇਹੀ ਨਾਲ ਨਿਭਾਅ ਕੇ ਇਸ ਕਾਰਨੀਵਲ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਨ ਲਈ ਕਿਹਾ, ਉਥੇ ਕਾਰਨੀਵਲ ’ਚ ਭਾਗ ਲੈਣ ਵਾਲੇ ਨੌਜਵਾਨ ਖਿਡਾਰੀਆਂ ਅਤੇ ਪੰਚ/ਸਰਪੰਚਾਂ ਦਾ ਡੋਪ ਟੈਸਟ ਲਾਜ਼ਮੀ ਤੌਰ ’ਤੇ ਕਰਨ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ।
ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਚ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਉਨਾਂ ਦੱਸਿਆ ਕਿ ਬਠਿੰਡਾ ਦੇ ਬਹੁਮੰਤਵੀ ਸਟੇਡੀਅਮ ਵਿਖੇ ਹੋਣ ਵਾਲੇ ਦੋ ਦਿਨਾਂ ਕਬੱਡੀ ਕਾਰਨੀਵਲ ਦੇ ਆਖ਼ਰੀ ਦਿਨ 2 ਮਾਰਚ ਨੂੰ ਪੰਜਾਬ ਦੇ ਵਿੱਤ ਮੰਤਰੀ ਸ। ਮਨਪ੍ਰੀਤ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਨਗੇ ਅਤੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕਰਨਗੇ। ਉਨਾਂ ਦੱਸਿਆ ਕਿ ਦੋਵੇਂ ਦਿਨ ਵੱਖ-ਵੱਖ ਖੇਡ ਵੰਨਗੀਆਂ ਦੇ ਸੈਮੀਫ਼ਾਈਨਲ ਅਤੇ ਫ਼ਾਈਨਲ ਮੁਕਾਬਲੇ ਬੜੇ ਰੌਚਕ ਹੋਣਗੇ ਅਤੇ ਖਿਡਾਰੀਆਂ ਦੇ ਫਸਵੇਂ ਮੁਕਾਬਲੇ ਇਸ ਕਾਰਨੀਵਲ ਦਾ ਗਵਾਹ ਬਣਨਗੇ।
ਮੀਟਿੰਗ ਦੌਰਾਨ ਉਨਾਂ ਕਿਹਾ ਕਿ ਹਰ ਖਿਡਾਰੀ ਦਾ ਖੇਡਣ ਤੋਂ ਪਹਿਲਾਂ ਡੋਪ ਟੈਸਟ ਕਰਨਾ ਲਾਜ਼ਮੀ ਬਣਾਇਆ ਜਾਵੇ। ਉਨਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਸੁਰੱਖਿਆ ਦੇ ਲੋੜੀਂਦੇ ਪ੍ਰਬੰਧ ਕਰਵਾਉਣ ਤੇ ਆਵਾਜਾਈ ਸੂਚਾਰੂ ਬਣਾਉਣ, ਨਗਰ ਨਿਗਮ ਅਧਿਕਾਰੀਆਂ ਨੂੰ ਬਹੁ-ਮੰਤਵੀ ਖੇਡ ਸਟੇਡੀਅਮ ਦੀ ਸਫ਼ਾਈ ਤੇ ਪਾਣੀ ਦਾ ਛਿੜਕਾਓ ਯਕੀਨੀ ਬਣਾਉਣ, ਸਿਵਲ ਸਰਜਨ ਬਠਿੰਡਾ ਨੂੰ ਮੁਢਲੀ ਸਹਾਇਤਾ ਕਿੱਟਾਂ ਉਪਲਬਧ ਕਰਾਉਣ ਦੇ ਨਾਲ-ਨਾਲ ਐਂਬੂਲੈਂਸ ਅਤੇ ਮੈਡੀਕਲ ਟੀਮਾਂ ਦਾ ਪ੍ਰਬੰਧ ਕਰਵਾਉਣ ਅਤੇ ਖਾਣ ਤੇ ਪੀਣ ਵਾਲੀਆਂ ਵਸਤਾਂ ਦੀ ਸੈਂਪਲਿੰਗ ਯਕੀਨੀ ਬਣਾਉਣ ਲਈ ਵੀ ਕਿਹਾ।
ਉਨਾਂ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਐਕਸੀਅਨ ਨੂੰ ਹਦਾਇਤ ਕੀਤੀ ਕਿ ਖੇਡ ਸਟੇਡੀਅਮ ਦੇ ਅੰਦਰ ਅਤੇ ਬਾਹਰ ਜ਼ਨਾਨਾ ਅਤੇ ਮਰਦਾਨਾ ਆਰਜ਼ੀ ਪਖ਼ਾਨਿਆਂ ਦਾ ਪ੍ਰਬੰਧ ਕੀਤਾ ਜਾਵੇ। ਉਨਾਂ ਜ਼ਿਲਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਬਠਿੰਡਾ ਅਤੇ ਸਕੱਤਰ ਮਾਰਕੀਟ ਕਮੇਟੀ ਨੂੰ ਨਿਰਦੇਸ਼ ਦਿੱਤੇ ਕਿ ਖਿਡਾਰੀਆਂ ਲਈ ਰਿਫ਼ਰੈਂਸ਼ਮੈਂਟ ਅਤੇ ਪੀਣਯੋਗ ਪਾਣੀ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇ।

Real Estate