ਬਾਲਾਕੋਟ ਹਮਲੇ ਤੋਂ ਬਾਅਦ ਪੰਜਾਬ ਦੇ ਸਰਹੱਦੀ ਖੇਤਰਾਂ ‘ਚ ਕਿਹੋ ਜਿਹੇ ਹਾਲਾਤ ਤੇ ਕੀ ਕਹਿ ਰਹੇ ਨੇ ਲੋਕ

1228

ਬੀਬੀਸੀ ਰਿਪੋਰਟ

ਭਾਰਤ ਦੀ ਹਵਾਈ ਫੌਜ ਵੱਲੋਂ ਪਾਕਿਸਤਾਨ ਦੇ ਬਾਲਾਕੋਟ ਇਲਾਕੇ ‘ਚ ਹਮਲੇ ਦੇ ਦਾਅਵੇ ਤੋਂ ਬਾਅਦ ਪੰਜਾਬ ਦੇ ਸਰਹੱਦੀ ਇਲਾਕਿਆਂ ‘ਚ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ।ਪੰਜਾਬ ਦੀ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜਲੇ ਪਿੰਡਾਂ ‘ਚ ਮੰਗਲਵਾਰ ਸਵੇਰ ਤੋਂ ਹੀ ਵੱਖ-ਵੱਖ ਥਾਵਾਂ ‘ਤੇ ਭਾਰਤੀ ਫੌਜ ਦੀ ਆਮਦ ਦੇਖਣ ਨੂੰ ਮਿਲੀ। ਸਰਕਾਰ ਮੁਤਾਬਕ ਬਾਲਾਕੋਟ ‘ਚ ਹਮਲਾ ਤੜਕੇ ਤਿੰਨ ਵਜੇ ਕੀਤਾ ਗਿਆ ਸੀ।ਸੂਬਾ ਸਰਕਾਰ ਵੱਲੋਂ ਸਰਹੱਦੀ ਇਲਾਕਿਆਂ ‘ਚ ਹਾਈ ਅਲਰਟ ਜਾਰੀ ਹੋ ਗਿਆ ਹੈ। ਗੁਰਦਾਸਪੂਰ ‘ਚ ਡੇਰਾ ਬਾਬਾ ਨਾਨਕ ਅਤੇ ਕਲਾਨੌਰ ਦੇ ਪਿੰਡਾਂ ‘ਚ ਕੈਂਪ ਲਗਾਏ ਹਨ।ਇਸੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨਿਆ ਹੈ ਕਿ ਉਹ ਇਸ ਹਮਲੇ ਦੇ ਮੱਦੇਨਜ਼ਰ ਸਰਹੱਦੀ ਜ਼ਿਲ੍ਹਿਆਂ ਵਿੱਚ ਸਮਾਂ ਬਿਤਾਉਣਗੇ। ਸ਼ੁਰੂਆਤ 27 ਫ਼ਰਵਰੀ ਨੂੰ ਪਠਾਨਕੋਟ ਤੋਂ ਕਰਨਗੇ, ਅੰਮ੍ਰਿਤਸਰ, ਤਰਨ ਤਾਰਨ, ਫਰੀਦਕੋਟ ਅਤੇ ਫਿਰੋਜ਼ਪੁਰ ਦਾ ਦੌਰਾ ਕਰ ਕੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਪਰਤਣਗੇ।ਸੂਬਾ ਸਰਕਾਰ ਮੁਤਾਬਕ ਘਬਰਾਉਣ ਦੀ ਕੋਈ ਗੱਲ ਨਹੀਂ ਅਤੇ ਵਸਨੀਕਾਂ ਨੂੰ ਪਿੰਡ ਖਾਲੀ ਕਰਨ ਲਈ ਨਹੀਂ ਕਿਹਾ ਜਾਵੇਗਾ। ਫਿਰ ਵੀ ਗੁਰਦਸਪੂਰ ‘ਚ ਪਿੰਡਾਂ ਦੇ ਲੋਕਾਂ ਦੇ ਮਨਾਂ ਵਿੱਚ ਸਵਾਲ ਹਨ।
ਪਿੰਡ ਹਰੂਵਾਲ ਦੇ ਰਣਧੀਰ ਸਿੰਘ ਨੇ ਦੱਸਿਆ ਕਿ ਸਵੇਰ ਤੋਂ ਹੀ ਫੌਜ ਪਿੰਡ ਦੇ ਸਕੂਲ ‘ਚ ਆਈ ਹੈ ਅਤੇ ਉੱਚੇ ਘਰਾਂ ‘ਚ ਆਪਣੀ ਪੋਸਟ ਬਣਾਉਣ ਦੀ ਤਿਆਰੀਆਂ ਵੀ ਕਰ ਰਹੀ ਹੈ। “ਮਾਹੌਲ ਲੜਾਈ ਵਾਲੇ ਜਾਪ ਰਹੇ ਹਨ ਪਰ ਅਸੀਂ ਨਹੀਂ ਚਾਹੁੰਦੇ ਕਿ ਲੜਾਈ ਲੱਗੇ।”ਉਨ੍ਹਾਂ ਦੇ ਨਾਲ ਖੜ੍ਹੇ ਬਲਵਿੰਦਰ ਸਿੰਘ ਨੇ ਆਖਿਆ ਕਿ ਫੌਜੀ ਅਫ਼ਸਰ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦੇ ਰਹੇ ਅਤੇ ਸਥਾਨਕ ਪ੍ਰ੍ਸ਼ਾਸ਼ਨ ਦੇ ਅਧਿਕਾਰੀਆਂ ਵਲੋਂ ਵੀ ਕੋਈ ਜਾਣਕਾਰੀ ਨਹੀਂ ਆਈ ਹੈ।ਉਨ੍ਹਾਂ ਮੁਤਾਬਕ ਜੇ ਮਾਹੌਲ ਤਣਾਅ ਵਾਲਾ ਬਣਦਾ ਹੈ ਤਾਂ ਨੁਕਸਾਨ ਹੀ ਹੈ।
ਪਿੰਡ ਸਾਧਵਾਲੀ ਦੇ ਸਰਪੰਚ ਜੋਗਿੰਦਰ ਸਿੰਘ ਮੁਤਾਬਕ ਫੌਜ ਇਲਾਕੇ ਵਿੱਚ ਆ ਚੁੱਕੀ ਹੈ ਪਰ ਹੁਣ ਤੱਕ ਸਰਹੱਦ ‘ਤੇ ਸ਼ਾਂਤੀ ਹੀ ਹੈ। “ਜੇਕਰ ਮਾਹੌਲ ਖਰਾਬ ਹੁੰਦਾ ਹੈ ਤਾਂ ਸਾਡੇ ਲਈ ਮੁਸ਼ਕਲਾਂ ਹੀ ਮੁਸ਼ਕਲਾਂ ਹਨ। ਅਕਸਰ ਪ੍ਰ੍ਸ਼ਾਸ਼ਨ ਵੱਲੋਂ ਅਜਿਹੀ ਸਥਿਤੀ ਵਿੱਚ ਘਰ ਛੱਡਣ ਦੀ ਹਿਦਾਇਤ ਦਿੱਤੀ ਜਾਂਦੀ ਹੈ ਪਰ ਅਸੀਂ ਅਸੀਂ ਘਰ ਨਹੀਂ ਛੱਡ ਸਕਦੇ ਕਿਉਂਕਿ ਸਾਡੇ ਖੇਤਾਂ ਵਿੱਚ ਮਾਈਨਜ਼ ਵਿਛਾ ਦਿੱਤੀਆਂ ਜਾਣਗੀਆਂ ਅਤੇ ਅਸੀਂ ਖੇਤੀ ਨਹੀਂ ਕਰ ਸਕਾਂਗੇ।”ਉਨ੍ਹਾਂ ਕਿਹਾ ਕਿ ਜੇ ਘਰ ਛੱਡਣ ਦੇ ਹੁਕਮ ਵੀ ਆਉਣਗੇ ਤਾਂ ਉਹ ਬੱਚਿਆਂ ਨੂੰ ਭੇਜ ਦੇਣਗੇ ਪਰ ਖੁਦ ਨਹੀਂ ਜਾਣਗੇ।
ਪਿੰਡ ਸਾਧਵਾਲੀ ਵਿੱਚ ਹੀ ਸਾਬਕਾ ਫੌਜੀ ਜੋਗਿੰਦਰ ਸਿੰਘ ਮੁਤਾਬਕ ਹੁਣ ਤੱਕ ਜੋ ਫੌਜ ਆਈ ਹੈ ਉਹ ਗਿਣਤੀ ‘ਚ “ਘੱਟ ਹੀ ਹੈ”। “ਆਪ ਫੌਜੀ ਹੁੰਦਿਆਂ ਮੈਂ ਜਾਣਦਾ ਹਾਂ ਕਿ ਜੇ ਮਾਹੌਲ ‘ਚ ਤਣਾਅ ਵਧਿਆ ਤਾਂ ਫੌਜ 2 ਘੰਟੇ ‘ਚ ਆਪਣੀ ਜਗ੍ਹਾ ਲੈ ਸਕਦੀ ਹੈ।”
ਜੋਗਿੰਦਰ ਸਿੰਘ – “ਫੌਜ ਦੀ ਮੌਜੂਦਗੀ ਵਧਣ ਨਾਲ ਲੋਕ ਦਹਿਸ਼ਤ ‘ਚ ਨਹੀਂ ਬਲਕਿ ਖੁਸ਼ ਹਨ”ਜੋਗਿੰਦਰ ਸਿੰਘ ਦਾ ਇਹ ਵੀ ਕਹਿਣਾ ਸੀ ਕਿ ਭਾਰਤ ਵੱਲੋਂ ਪਾਕਿਸਤਾਨ ਨੂੰ “ਜਵਾਬ ਦੇਣਾ ਜਾਇਜ਼ ਹੈ”। ਉਨ੍ਹਾਂ ਦਾ ਮੰਨਣਾ ਸੀ ਕਿ ਫੌਜ ਦੀ ਮੌਜੂਦਗੀ ਵਧਣ ਨਾਲ “ਲੋਕ ਦਹਿਸ਼ਤ ‘ਚ ਨਹੀਂ ਬਲਕਿ ਖੁਸ਼ ਹਨ”।ਪਿੰਡ ਦੇ ਬੁਜ਼ੁਰਗ ਸੁਖਦੇਵ ਸਿੰਘ ਨੇ ਆਖਿਆ ਕਿ ਉਹ ਪਿੰਡ ਛੱਡ ਕੇ ਨਹੀਂ ਜਾਣਗੇ, “ਅਸੀਂ ਦਲੇਰ ਲੋਕ ਹਾਂ, ਸਰਹੱਦੀ ਇਲਾਕੇ ‘ਚ ਸਾਲਾਂ ਤੋਂ ਰਹਿ ਰਹੇ ਹਾਂ।”
ਪੰਜਾਬ ਪੁਲਿਸ ਵੱਲੋਂ ਵੀ ਵਿਸ਼ੇਸ ਟੀਮ ਦੀ ਗਸ਼ਤ ਤੇਜ਼ ਕੀਤੀ ਗਈ ਹੈ। ਇਸ ਟੀਮ ਦੇ ਅਧਿਕਾਰੀ, ਸਬ-ਇੰਸਪੈਕਟਰ ਰਣਜੋਧ ਸਿੰਘ ਨੇ ਆਖਿਆ ਕਿ ਉਨ੍ਹਾਂ ਨੂੰ ਉੱਚ ਅਧਿਕਾਰੀਆਂ ਦੇ ਵਿਸ਼ੇਸ ਆਦੇਸ਼ ਹਨ ਅਤੇ ਉਹ ਸਰਹੱਦੀ ਪਿੰਡਾਂ ‘ਚ ਆਪਰੇਸ਼ਨ ਚਲਾ ਰਹੇ ਹਨ।
ਮੁੱਖ ਮੰਤਰੀ ਨੇ ਵੀ ਪੁਲਿਸ ਮੁਖੀ ਦਿਨਕਰ ਗੁਪਤਾ ਨੂੰ ਖਾਸ ਮੀਟਿੰਗ ਵਿੱਚ ਹਦਾਇਤਾਂ ਦਿੱਤੀਆਂ। ਅਮਰਿੰਦਰ ਨੇ ਭਾਰਤ ਵੱਲੋਂ “ਬਦਲੇ ਦੀ ਕਾਰਵਾਈ” ਦੀ ਹਮਾਇਤ ਕੀਤੀ ਹੈ। ਉਨ੍ਹਾਂ ਦੇ ਬੁਲਾਰੇ ਮੁਤਾਬਕ ਫੌਜ ਵਿੱਚ ਕੈਪਟਨ ਰਹੇ ਅਮਰਿੰਦਰ ਨੇ ਹਰ ਤਿਆਰੀ ਕਰਨ ਲਈ ਸਰਕਾਰੀ ਤੰਤਰ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ।

Real Estate