​​​​​​​ਭਾਜਪਾ ਨੂੰ ਇਸ ਵਾਰ 2014 ਵਾਲੀ ਕਾਮਯਾਬੀ ਮਿਲਣ ਦੀ ਸੰਭਾਵਨਾ ਘੱਟ !

1030

ਰਾਜਨੀਤੀ–ਵਿਗਿਆਨੀ ਤੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਪ੍ਰੋਫ਼ੈਸਰ ਜ਼ੋਇਆ ਹਸਨ ਨੇ ਪੰਜਾਬ ਯੂਨੀਵਰਸਿਟੀ ਇੱਕ ਇੱਕ ਕਾਨਫ਼ਰੰਸ ਦੌਰਾਨ ‘ਆਉਂਦੀਆਂ ਲੋਕ ਸਭਾ ਚੋਣਾਂ ’ਚ ਚੋਣ–ਨੀਤੀ’ ਵਿਸ਼ੇ ਉੱਤੇ ਭਾਸ਼ਣ ਦਿੰਦਿਆਂ ਕਿਹਾ ਕਿ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਸਾਲ 2014 ਜਿਹੀ ਕਾਮਯਾਬੀ ਮਿਲਣ ਦੀ ਸੰਭਾਵਨਾ ਨਹੀਂ ਜਾਪਦੀ।
ਜ਼ੋਇਆ ਹਸਨ ਨੇ ਕਿਹਾ ਕਿ – ‘ਸਰਕਾਰ ਦੀ ਸਭ ਤੋਂ ਵੱਡੀ ਨਾਕਾਮੀ ਇਹੋ ਹੈ ਕਿ ਉਹ ਰੁਜ਼ਗਾਰ ਮੁਹੱਈਆ ਕਰਵਾਉਣ ਤੋਂ ਨਾਕਾਮ ਰਹੀ ਹੈ ਤੇ ਉਹ ਖੇਤੀਬਾੜੀ ਨਾਲ ਸਬੰਧਤ ਕਿਸਾਨੀ ਦੀਆਂ ਸਮੱਸਿਆਵਾਂ ਦਾ ਵੀ ਕੋਈ ਹੱਲ ਨਹੀਂ ਲੱਭ ਸਕੀ। ਨੋਟਬੰਦੀ ਦਾ ਫ਼ੈਸਲਾ ਤੇ ਜੀਐੱਸਟੀ ਦੀ ਸ਼ੁਰੂਆਤ ਤਬਾਹਕੁੰਨ ਸਿੱਧ ਹੋਏ ਹਨ।’ਸ੍ਰੀਮਤੀ ਹਸਨ ਨੇ ਕਿਹਾ ਕਿ ਸਾਲ 2019 ਦੀਆਂ ਚੋਣਾਂ ਦੌਰਾਨ ਵਿਰੋਧੀ ਧਿਰ ਦਾ ਤਾਲਮੇਲ ਅਹਿਮ ਭੂਮਿਕਾ ਨਿਭਾਏਗਾ। ਪੁਲਵਾਮਾ ਹਮਲੇ ਦੀ ਗੱਲ ਕਰਦਿਆਂ ਜ਼ੋਇਆ ਹਸਨ ਨੇ ਕਿਹਾ ਕਿ ਖ਼ੁਫ਼ੀਆ ਏਜੰਸੀਆਂ ਦੀ ਨਾਕਾਮੀ ਸਰਕਾਰੀ–ਤੰਤਰ ਦੀ ਨਾਕਾਮੀ ਹੈ।ਉਨ੍ਹਾਂ ਕਿਹਾ ਕਿ ਸਾਲ 2019 ਦੀਆਂ ਚੋਣਾਂ ਦੌਰਾਨ ਸਿਆਸੀ ਲਾਹਾ ਲੈਣ ਲਈ ਭਾਜਪਾ ਹਮਲੇ ਦੀ ਵਰਤੋਂ ਕਰ ਸਕਦੀ ਹੈ ਤੇ ਇਸ ਨਾਲ ਸਿਆਸੀ ਫ਼ੈਸਲਾ ਬਦਲ ਵੀ ਸਕਦਾ ਹੈ। ਉਨ੍ਹਾਂ ਨੇ ਹਰ ਤਰ੍ਹਾਂ ਦਾ ਵਿਚਾਰ–ਵਟਾਂਦਰਾ ਰਾਸ਼ਟਰੀ ਸੁਰੱਖਿਆ ਉੱਤੇ ਕੇਂਦ੍ਰਿਤ ਕਰ ਕੇ ਰੱਖ ਦਿੱਤਾ ਹੈ।
ਸੈਂਟਰ ਫ਼ਾਰ ਸਟੱਡੀ ਆਫ਼ ਡਿਵੈਲਪਿੰਗ ਸੁਸਾਇਟੀਜ਼, ਨਵੀਂ ਦਿੱਲੀ ਦੇ ਡਾਇਰੈਕਟਰ ਸੰਜੇ ਕੁਮਾਰ ਨੇ ਕਿਹਾ ਕਿ 60 ਫ਼ੀ ਸਦੀ ਵੋਟਰ ਪਾਰਟੀ ਦੀ ਵਿਚਾਰਧਾਰਾ ਦੇ ਨਾਂਅ ਉੱਤੇ ਵੋਟਾਂ ਪਾਉਂਦੇ ਹਨ, ਜਦ ਕਿ 15% ਵੋਟਰ ਉਮੀਦਵਾਰ ਨੂੰ ਵੋਟਾਂ ਪਾਉਂਦੇ ਹਨ ਤੇ ਸਿਰਫ਼ 5 ਤੋਂ 7 ਫ਼ੀ ਸਦੀ ਲੋਕ ਹੀ ਮੁੱਦਿਆਂ ਦੇ ਆਧਾਰ ਉੱਤੇ ਵੋਟਾਂ ਪਾਉਂਦੇ ਹਨ।
‘ਸੈਂਟਰ ਫ਼ਾਰ ਸੋਸ਼ਲ ਇਨਕਲੁਜ਼ਨ ਐਂਡ ਇਨਕਲੁਸਿਵ ਪਾਲਿਸੀ’ ਵੱਲੋਂ ਆਯੋਜਿਤ ਇਸ ਕੌਮੀ ਕਾਨਫ਼ਰੰਸ ਵਿੰਚ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਮੁੱਖ ਮਹਿਮਾਨ ਸਨ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਅੱਜ ਰੋਜ਼ਾਨਾ ਇਹੋ ਆਖਿਆ ਜਾਂਦਾ ਹੈ ਕਿ ਭਾਰਤ ਦੇ ਦੁਸ਼ਮਣ ਪਾਕਿਸਤਾਨ ਤੇ ਚੀਨ ਹਨ। ‘ਮੈਨੂੰ ਲੱਗਦਾ ਹੈ ਕਿ ਭਾਰਤ ਦੇ ਅਸਲ ਦੁਸ਼ਮਣ ਭ੍ਰਿਸ਼ਟਾਚਾਰ, ਗ਼ਰੀਬੀ, ਵਧੀਆ ਸਿੱਖਿਆ ਦੀ ਘਾਟ ਤੇ ਮਕਾਨਾਂ ਦੀ ਕਮੀ ਹਨ। ਸਾਨੂੰ ਇਨ੍ਹਾਂ ਦੁਸ਼ਮਣਾਂ ਨਾਲ ਹੀ ਲੜਨਾ ਹੋਵੇਗਾ।’

Real Estate