ਪਲੀ ਵਲੋਂ ਸੋਲ੍ਹਵਾਂ ਸਲਾਨਾ ਅੰਤਰਰਾਸ਼ਟਰੀ ਮਾਂ-ਬੋਲੀ ਦਿਨ

3162

ਫਰਵਰੀ 24, 2019
ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਵਲੋਂ ਸ਼ਨਿਚਰਵਾਰ, 23 ਫਰਵਰੀ ਵਾਲੇ ਦਿਨ ਸਰੀ ਸਥਿਤ ਕਵਾਂਟਲਿਨ ਪਾਲਿਟਿਕਨਿਕ ਯੂਨੀਵਰਸਿਟੀ (ਕੇ ਪੀ ਯੂ) ਵਿਚ ਆਪਣਾ ਸੋਲ੍ਹਵਾਂ ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਪੂਰੀ ਕਾਮਯਾਬੀ ਨਾਲ ਮਨਾਇਆ। ਪਲੀ ਦੀ ਕਾਫੀ ਦੇਰ ਦੀ ਕੋਸ਼ਸ਼ ਸੀ ਕਿ ਕਿਸੇ ਸਥਾਨਕ ਉੱਚ-ਪੱਧਰੀ ਵਿਦਿਅਕ ਅਦਾਰੇ ਨਾਲ ਨੇੜੇ ਦਾ ਸਬੰਧ ਕਾਇਮ ਕੀਤਾ ਜਾਵੇ। ਦੀਪਕ ਬਿਨਿੰਗ ਫਾਊਂਡੇਸ਼ਨ (ਡੀ ਬੀ ਐਫ), ਪਲੀ ਦੀ ਲੰਮੇ ਸਮੇਂ ਤੋਂ ਸਹਿਯੋਗੀ ਰਹੀ ਜਥੇਬੰਦੀ ਨੇ, ਇਹ ਸਬੰਧ ਕਾਇਮ ਕਰਨ ਵਿਚ ਸਹਾਇਤਾ ਕੀਤੀ ਹੈ। ਕੁਝ ਸਮਾਂ ਪਹਿਲਾਂ ਇਸ ਫਾਊਂਡੇਸ਼ਨ ਵਲੋਂ ਕਵਾਂਟਲਿਨ ਨੂੰ ਵਿਦਿਆਰਥੀਆਂ ਦੀ ਸਹਾਇਤਾ ਵਾਸਤੇ ਦੋ ਲੱਖ ਡਾਲਰ ਦਿੱਤੇ ਗਏ ਹਨ। ਤਿੰਨਾਂ ਸੰਸਥਾਵਾਂ ਦੀ ਆਪਸੀ ਗੱਲਬਾਤ ਰਾਹੀਂ ਇਹ ਫੈਸਲਾ ਕੀਤਾ ਗਿਆ ਕਿ ਪਲੀ ਦਾ ਇਹ ਫੰਕਸ਼ਨ ਯੂਨੀਵਰਸਿਟੀ ਵਿਚ ਕੀਤਾ ਜਾਵੇਗਾ ਅਤੇ ਥਾਂ ਦੇ ਨਾਲ ਨਾਲ ਬਾਕੀ ਦੇ ਲੋੜੀਂਦੇ ਖਰਚੇ ਵੀ ਯੂਨੀਵਰਸਿਟੀ ਵਲੋਂ ਹੀ ਕੀਤੇ ਜਾਣਗੇ। ਪਲੀ ਇਨ੍ਹਾਂ ਦੋਵਾਂ ਹੀ ਜਥੇਬੰਦੀਆਂ ਦੀ ਬਹੁਤ ਸ਼ੁਕਰਗੁਜ਼ਾਰ ਹੈ।
ਪ੍ਰੋਗਰਾਮ ਦੀ ਸ਼ੁਰੂਆਤ ਪਲੀ ਦੀ ਮੈਂਬਰ ਪ੍ਰਭਜੋਤ ਕੌਰ ਨੇ ਕੇ ਪੀ ਯੂ, ਡੀ ਬੀ ਐਫ ਅਤੇ ਸਾਰੇ ਆਇਆਂ ਦਾ ਧੰਨਵਾਦ ਕਰਕੇ ਕੀਤੀ। ਉਹਨੇ ਪਾਲ ਬਿਨਿੰਗ ਨੂੰ ਫਾਊਂਡੇਸ਼ਨ ਵਲੋਂ ਕੁਝ ਸ਼ਬਦ ਕਹਿਣ ਲਈ ਬੇਨਤੀ ਕੀਤੀ। ਪਲੀ ਦੇ ਪ੍ਰਧਾਨ ਵਜੋਂ ਮੈਂ (ਬਲਵੰਤ ਸਿੰਘ ਸੰਘੇੜਾ) ਸਾਰਿਆਂ ਨੂੰ ਜੀਅ ਆਇਆਂ ਕਿਹਾ, ਸਾਊਥ ਏਸ਼ੀਅਨ ਮੀਡੀਏ ਦਾ ਧੰਨਵਾਦ ਕੀਤਾ ਅਤੇ ਪਲੀ ਦੀਆਂ ਸਰਗਰਮੀਆਂ ਅਤੇ ਆਉਣ ਵਾਲੇ ਪ੍ਰੋਗਰਾਮਾਂ ਬਾਰੇ ਵੇਰਵਾ ਸਾਂਝਾ ਕੀਤਾ। ਮੈਂ ਉਨ੍ਹਾਂ ਐਲਿਮੈਂਟਰੀ, ਸੈਕੰਡਰੀ ਅਤੇ ਪੋਸਟ-ਸੈਂਕੰਡਰੀ ਅਦਾਰਿਆਂ ਬਾਰੇ ਦੱਸਿਆ ਜਿੱਥੇ ਪੰਜਾਬੀ ਦੀ ਪੜ੍ਹਾਈ ਚੱਲ ਰਹੀ ਹੈ ਤੇ ਜਿਨ੍ਹਾਂ ਹੋਰ ਥਾਵਾਂ ’ਤੇ ਕੋਸ਼ਸ਼ਾਂ ਹੋ ਰਹੀਆਂ ਹਨ। ਇਹ ਸਾਡੇ ਲਈ ਖੁਸ਼ੀ ਦੀ ਗੱਲ ਸੀ ਕਿ ਪਿਛਲੇ ਸਤੰਬਰ ਵਿਚ ਸਰੀ ਦੇ ਦੋ ਹੋਰ ਐਲਿਮੈਂਟਰੀ ਸਕੂਲਾਂ ਟੀ ਈ ਸਕੌਟ ਅਤੇ ਚਿਮਨੀ ਹਿੱਲ ਵਿੱਚ – ਪੰਜਾਬੀ ਦੀਆਂ ਜਮਾਤਾਂ ਸ਼ੁਰੂ ਹੋਈਆਂ ਹਨ। ਇਸ ਵੇਲੇ ਸਰੀ ਦੇ ਨੌਂ ਸੈਕੰਡਰੀ ਅਤੇ ਛੇ ਐਲਿਮੈਂਟਰੀ ਸਕੂਲਾਂ ਵਿਚ ਪੰਜਾਬੀ ਪੜ੍ਹਾਈ ਜਾ ਰਹੀ ਹੈ। ਏਸੇ ਤਰ੍ਹਾਂ ਨਿਊ ਵੈਸਟ ਮਿਨਸਟਰ, ਬਰਨਬੀ, ਨੌਰਥ ਡੈਲਟਾ ਅਤੇ ਐਬਟਸਫੋਰਡ ਵਿਚ ਵੀ ਕਈ ਸਕੂਲਾਂ ਵਿਚ ਪੰਜਾਬੀ ਪੜ੍ਹਾਈ ਜਾ ਰਹੀ ਹੈ। ਇਸ ਦੇ ਨਾਲ ਹੀ ਚਾਰ ਸਥਾਨਕ ਯੂਨੀਵਰਸਿਟੀਆਂ – ਯੂ ਬੀ ਸੀ, ਐਸ ਐਫ ਯੂ, ਯੂ ਐਫ ਵੀ ਅਤੇ ਕੇ ਪੀ ਯੂ ਵਿਚ ਵੀ ਪੰਜਾਬੀ ਦੀ ਪੜ੍ਹਾਈ ਜਾਰੀ ਹੈ।
ਐਲ ਏ ਮੈਥੇਸਨ ਸਕੂਲ ਦੀ ਅਧਿਆਪਕਾ ਅਤੇ ਭਾਈਚਾਰੇ ਵਿਚ ਸਰਗਮਰ ਐਨੀ ਓਹਾਨਾ ਨੇ ਬਹੁਤ ਹੀ ਭਾਵਪੂਰਤ ਮੁੱਖ ਭਾਸ਼ਨ (ਕੀ-ਨੋਟ ਸਪੀਚ) ਦਿੱਤਾ। ਉਹਨੇ ਮਾਂ-ਬੋਲੀ ਦੀ ਮਹੱਤਤਾ ਬਾਰੇ ਆਪਣੇ ਜੀਵਨ ਤਜਰਬੇ ਤੋਂ ਦੱਸਿਆ ਜੋ ਸ੍ਰੋਤਿਆਂ ’ਤੇ ਡੂੰਘਾ ਅਸਰ ਛੱਡ ਗਿਆ।
ਇਸ ਸਾਲ ਦੇ ਜਸ਼ਨ ਵਿਚ ਜ਼ਿਆਦਾ ਧਿਆਨ ਪੰਜਾਬੀ ਪੜ੍ਹ ਰਹੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ’ਤੇ ਕੇਂਦਰਿਤ ਸੀ। ਜਸ਼ਨ ਵਾਲੀ ਥਾਂ ’ਤੇ ਆਸੇ ਪਾਸੇ ਮੇਜ਼ਾਂ ਉੱਪਰ ਰੱਖੇ ਹੋਏ ਵਿਦਿਆਰਥੀਆਂ ਦੇ ਲਿਖਤੀ ਕੰਮਾਂ ਦੀ ਨੁਮਾਇਸ਼ ਲਾਈ ਗਈ ਸੀ। ਵੱਖਰੇ ਵੱਖਰੇ ਸਕੂਲਾਂ ਦੇ 14 ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਗੀਤ, ਕਵਿਤਾਵਾਂ, ਕਹਾਣੀਆਂ ਅਤੇ ਭਾਸ਼ਨਾਂ ਨੇ ਸ੍ਰੋਤਿਆ ਦਾ ਧਿਆਨ ਖਿੱਚੀ ਰੱਖਿਆ। ਇਨ੍ਹਾਂ ਵਿਦਿਆਰਥੀਆਂ ਵਿਚ ਸ਼ਾਮਲ ਸਨ: ਸੁਖਮਨ ਕੰਬੋਅ, ਸਾਹਿਬ ਕੰਬੋਅ (ਗਰੀਨ ਟਿੰਬਰਜ਼ ਐਲਿਮੈਂਟਰੀ), ਗੁਰਜੀਤ ਰੰਧਾਵਾ (ਕੇ ਪੀ ਯੂ), ਰਾਜੀਵ ਕਲੇਰ, ਸੈਮੀ ਗਿੱਲ, ਹਰਲੀਨ ਫਗੂੜਾ, ਹਰਮੀਨ ਫਗੂੜਾ, ਕੀਰਤ ਢਿੱਲੋਂ, ਅਸ਼ਮੀਨ ਗਿੱਲ (ਪਰਿੰਸਸ ਮਾਰਗਰੈਟ ਸੈਂਕੰਡਰੀ) ਰਵੀਨ ਗਰੇਵਾਲ, ਪ੍ਰਭਜੋਤ ਵਸ਼ਿਸ਼ਟ। ਕਰਮਨ ਗਿੱਲ, ਅਮਨਵੀਰ ਕੌਰ ਅਤੇ ਜੈਸਮੀਨ ਧਾਲੀਵਾਲ (ਐਲ ਏ ਮੈਥੇਸਨ)। ਆਪਣੀਆਂ ਉੱਚ-ਪੱਧਰ ਦੀਆਂ ਪੇਸ਼ਕਾਰੀਆਂ, ਜਿਨ੍ਹਾਂ ਵਿੱਚ ਪਰਿਵਾਰ ਦੀ ਮਹੱਤਤਾ ਅਤੇ ਹੋਰ ਕਈ ਸਭਿਆਚਾਰਕ ਨੁਕਤਿਆਂ ’ਤੇ ਧਿਆਨ ਦਿੱਤਾ ਗਿਆ ਸੀ, ਨਾਲ ਵਿਦਿਆਰਥੀਆਂ ਨੇ ਸਭ ਦੇ ਮਨ ਨੂੰ ਤਸੱਲੀ ਤੇ ਖੁਸ਼ੀ ਦਿੱਤੀ। ਇਸ ਦੇ ਨਾਲ ਹੀ ਐਲ ਏ ਮੈਥੇਸਨ ਦੇ ਰਸਵੀਨ, ਜਸਮੀਨ ਸੈਣੀ, ਕੋਮਲ ਧਾਮੀ, ਪੂਨੀਤ ਬੈਂਸ, ਕੀਰਤ ਕਲੇਰ ਅਤੇ ਹਰਮਨ ਗਿੱਲ ਵਲੋਂ ਬਣਾਈ ਇਕ ਛੋਟੀ ਫਿਲਮ ‘ਤਲਾਕ’ ਵੀ ਸ੍ਰੋਤਿਆਂ ਨੂੰ ਦੇਖਣ ਨੂੰ ਮਿਲ਼ੀ।
ਉਨ੍ਹਾਂ ਦੇ ਕੀਤੇ ਕੰਮਾਂ ਨੂੰ ਸਨਮਾਨਣ ਲਈ ਪਲੀ ਵਲੋਂ ਹਰ ਵਿਦਿਆਥੀ ਨੂੰ ਸਰਟੀਫੀਕੇਟ ਅਤੇ ਦੋ ਕਹਾਣੀ ਸੰਗ੍ਰਿਹ ਦਿੱਤੇ ਗਏ। ਇਹ ਕਹਾਣੀ ਸੰਗ੍ਰਹਿ ਢਾਹਾਂ ਇਨਾਮ ਵਾਲਿਆਂ ਵਲੋਂ ਏਥੋਂ ਦੇ ਵਿਦਿਆਰਥੀਆਂ ਦੀ ਲਿਖੀਆਂ ਕਹਾਣੀਆਂ ਇਕੱਤਰ ਕਰਕੇ ਛਾਪੇ ਗਏ ਹਨ।
ਪਲੀ ਦੇ ਮੀਤ ਪ੍ਰਧਾਨ ਸਾਧੂ ਬਿਨਿੰਗ ਨੇ ਭਾਈਚਾਰੇ ਨੂੰ ਇਹ ਅਪੀਲ ਕੀਤੀ ਕਿ ਉਹ ਪੰਜਾਬੀ ਨੂੰ ਹਰ ਪੱਧਰ ’ਤੇ ਅੱਗੇ ਲਿਆਉਣ ਲਈ ਸਰਗਰਮੀਆਂ ਦਾ ਹਿੱਸਾ ਬਣਨ। ਉਹਨੇ ਸੱਭ ਨੂੰ ਵੰਗਾਰਿਆ ਕਿ ਉਹ ਔਟਾਵਾ ਵਿਚ ਫੈਸਲੇ ਕਰਨ ਵਾਲਿਆਂ ਤੱਕ ਇਹ ਗੱਲ ਪਹੁੰਚਾਣ ਕਿ ਉਹ ਕਨੇਡਾ ਦੀ ਭਾਸ਼ਾ ਨੀਤੀ ਨੂੰ ਮੁੜ ਵਿਚਾਰਨ ਤੇ ਉਸ ਵਿਚ ਲੋੜੀਂਦੀਆਂ ਤਬਦੀਲੀਆਂ ਕਰਨ। ਉਹਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਸਾਡੇ ਭਾਈਚਾਰੇ ਵਲੋਂ 120 ਸਾਲ ਤੋਂ ਵੱਧ ਸਮੇਂ ਤੋਂ ਇਸ ਮੁਲਕ ਦੇ ਉਸਾਰਨ ਵਿਚ ਯੋਗਦਾਨ ਪਾਇਆ ਜਾ ਰਿਹਾ ਹੈ ਤੇ ਸਾਡੀ ਮਾਂ-ਬੋਲੀ ਕਨੇਡਾ ਵਿੱਚ ਅਜੇ ਵੀ ਇਕ ਵਿਦੇਸ਼ੀ ਬੋਲੀ ਹੈ। ਸਾਡੀ ਮਾਂ-ਬੋਲੀ ਨੂੰ ਹੁਣ ਤੱਕ ਇਸ ਮੁਲਕ ਵਿਚ ‘ਲੈਂਡਡ ਇਮੀਗਰੈਂਟ’ ਦਾ ਰੁਤਬਾ ਮਿਲ਼ ਜਾਣਾ ਚਾਹੀਦਾ ਸੀ।
ਪਲੀ ਨੇ ਭਾਈਚਾਰੇ ਦੀਆਂ ਦੋ ਸ਼ਕਸੀਅਤਾਂ ਨੂੰ ਉਨ੍ਹਾਂ ਦੇ ਪੰਜਾਬੀ ਬੋਲੀ ਦੀ ਪੜ੍ਹਾਈ ਸਬੰਧੀ ਪਾਏ ਯੋਗਦਾਨ ਲਈ ਪਲੇਕਾਂ ਦੇ ਕੇ ਸਨਮਾਨਤ ਕੀਤਾ। ਉਹ ਹਨ ਸਰੀ ਦੇ ਸਕੂਲ ਟਰੱਸਟੀ ਸ੍ਰੀ ਗੈਰੀ ਥਿੰਦ ਅਤੇ ਪਰਿੰਸਸ ਮਾਰਗਰੈਟ ਸੈਕੰਡਰੀ ਸਕੂਲ ਦੀ ਅਧਿਆਪਕਾ ਪ੍ਰੀਤ ਢਿੱਲੋਂ। ਇਹ ਦੋਵੇਂ ਗੈਰੀ ਅਤੇ ਪ੍ਰੀਤ ਲੰਮੇ ਸਮੇਂ ਤੋਂ ਪੰਜਾਬੀ ਦੀ ਪੜ੍ਹਾਈ ਵਾਸਤੇ ਵੱਡਮੁੱਲਾ ਯੋਗਦਾਨ ਪਾ ਰਹੇ ਹਨ ਅਤੇ ਪਲੀ ਉਨ੍ਹਾਂ ਦੇ ਕੰਮਾਂ ਲਈ ਬਹੁਤ ਧੰਨਵਾਦੀ ਹੈ।
ਇਹ ਗੱਲ ਸਾਂਝੀ ਕਰਦਿਆਂ ਵੀ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਬੀ ਸੀ ਦੀ ਲੈਜਿਸਲੇਚਰ ਐਸੰਬਲੀ ਵਲੋਂ ਪਲੀ ਨੂੰ ਸਰਟੀਫੀਕੇਟ ਆਫ ਐਪਰੀਸੀਏਸ਼ਨ ਦੇ ਕੇ ਸਨਮਾਨਤ ਕੀਤਾ ਗਿਆ। ਇਹ ਸਨਮਾਨ ਦੇਣ ਵੇਲੇ ਬੀ ਸੀ ਦੇ ਪੰਜ ਐਮ ਐਲ ਏ – ਬਰੂਸ ਰਾਲਸਟਨ, ਰਚਨਾ ਸਿੰਘ, ਜਿੰਨੀ ਸਿੰਮਜ਼, ਜਗਰੂਪ ਬਰਾੜ ਅਤੇ ਹੈਰੀ ਬੈਂਸ – ਹਾਜ਼ਰ ਸਨ।
ਅਖੀਰ ਵਿਚ ਮੈਂ ਪਲੀ ਵਲੋਂ ਵਿਸ਼ੇਸ਼ ਕਰਕੇ ਸਾਊਥ ਏਸ਼ੀਅਨ ਮੀਡੀਏ ਦਾ, ਪਲੀ ਦੇ ਵਲੰਟੀਅਰ ਅਤੇ ਭਾਈਚਾਰੇ ਦਾ ਲਗਾਤਾਰ ਮਿਲ਼ ਰਹੇ ਸਹਿਯੋਗ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। ਉਨ੍ਹਾਂ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਏਥੇ ਆਉਣ ਲਈ ਸਮਾਂ ਕੱਢਿਆ ਅਤੇ ਸਾਡੇ ਕੰਮਾਂ ਵਿਚ ਸਾਡੀ ਮੱਦਦ ਕੀਤੀ ਹੈ। ਪਰ ਇਹ ਸਭ ਕੁਝ ਪਲੀ ਦੀ ਟੀਮ ਦੇ ਮੈਂਬਰਾਂ ਦੀ ਮਿਹਨਤ ਬਿਨ੍ਹਾਂ ਸੰਭਵ ਨਹੀਂ ਸੀ। ਇਨ੍ਹਾਂ ਵਿਚ ਸ਼ਾਮਲ ਹਨ: ਸਾਧੂ ਬਿਨਿੰਗ, ਪ੍ਰਭਜੋਤ ਕੌਰ, ਹਰਮੋਹਨਜੀਤ ਸਿੰਘ ਪੰਧੇਰ, ਦਇਆ ਜੌਹਲ, ਪਾਲ ਬਿਨਿੰਗ, ਪਰਵਿੰਦਰ ਧਾਰੀਵਾਲ, ਰਜਿੰਦਰ ਸਿੰਘ ਪੰਧੇਰ ਅਤੇ ਰਣਬੀਰ ਜੌਹਲ।

Real Estate