SIT ਨੇ ਬਾਦਲਾਂ ਵਾਲੀ ਪੁਰਾਣੀ SIT ਨੂੰ ਵੀ ਕੀਤਾ ਤਲਬ

ਬੇਅਦਬੀ ਮਾਮਲਿਆਂ ਤੋਂ ਬਾਅਦ ਬਹਿਬਲ ਕਲਾਂ ਅਤੇ ਕੋਟਕਪੂਰਾ ‘ਚ ਹੋਈ ਗੋਲੀਬਾਰੀ ਦੀ ਜਾਂਚ ਲਈ ਬਣਾਈ ਗਈ ਐਸ ਆਈ ਟੀ ਨੇ ਹੁਣ ਬਾਦਲ ਸਰਕਾਰ ਦੌਰਾਨ ਐਂਸਪੀ ਐਸ ਸਹੋਤਾ ਦੀ ਅਗਵਾਈ ਹੇਠ ਬਹਿਬਲ ਫਾਇਰਿੰਗ ਦੀ ਜਾਂਚ ਲਈ ਬਣਾਈ ਗਈ ਐਸ ਆਈ ਟੀ ਦੇ ਅਫਸਰਾਂ ਨੂੰ ਵੀ ਤਲਬ ਕੀਤਾ ਹੈ । ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਅਨੁਸਾਰ ਇਨ੍ਹਾਂ ਅਫਸਰਾਂ ਨੂੰ ਸੋਮਵਾਰ ਨੂੰ ਚੰਡੀਗੜ੍ਹ ਵਿਚ ਤਲਬ ਕੀਤਾ ਗਿਆ ਹੈ । ਚਾਰ ਵਰ੍ਹੇ ਪੁਰਾਣੀ ਉਸ ਸਿਟ ਦੀ ਅਗਵਾਈ ਏਡੀਜੀਪੀ ਆਈਪੀਐੱਸ ਸਹੋਤਾ ਕਰ ਰਹੇ ਸਨ ਤੇ ਉਦੋਂ ਦੇ ਫ਼ਿਰੋਜ਼ਪੁਰ ਤੇ ਬਠਿੰਡਾ ਰੇਂਜਸ ਦੇ ਡੀਆਈਜੀ ਅਮਰ ਸਿੰਘ ਚਾਹਲ ਤੇ ਰਣਬੀਰ ਸਿੰਘ ਖਟੜਾ ਇਸ ਦੇ ਮੈਂਬਰ ਸਨ।
14 ਅਕਤੂਬਰ, 2015 ਨੂੰ ਵਾਪਰੇ ਗੋਲੀਕਾਂਡ ਦੇ ਇੱਕ ਹਫ਼ਤੇ ਬਾਅਦ ਸਹੋਤਾ ਦੀ ਅਗਵਾਈ ਹੇਠਲੀ ਸਿਟ ਨੇ ਕਤਲ, ਕਾਤਲਾਨਾ ਹਮਲੇ ਦੀ ਕੋਸ਼ਿਸ਼ ਦਾ ਕੇਸ ਦਰਜ ਕਰਨ ਦੀ ਹਦਾਇਤ ਜਾਰੀ ਕੀਤੀ ਸੀ ਤੇ ਉਸ ਵਿੱਚ ਹਥਿਆਰਾਂ ਨਾਲ ਸਬੰਧਤ ਧਾਰਾਵਾਂ ਵੀ ਜੋੜੀਆਂ ਗਈਆਂ ਸਨ। ਤਦ ਐੱਫ਼ਆਈਆਰ ਅਣਪਛਾਤੇ ਪੁਲਿਸ ਅਧਿਕਾਰੀਆਂ ਵਿਰੁੱਧ ਦਾਇਰ ਕੀਤੀ ਗਈ ਸੀ।
ਉਸ ਸਿਟ ਨੇ ਮੁਢਲੀ ਜਾਂਚ ਦੌਰਾਨ ਪਾਇਆ ਸੀ ਕਿ ਪੁਲਿਸ ਗੋਲੀਬਾਰੀ ਦੌਰਾਨ ਦੋ ਸਿੱਖ ਨੌਜਵਾਨ – ਕ੍ਰਿਸ਼ਨ ਭਗਵਾਨ ਸਿੰਘ ਨਿਵਾਸੀ ਬਹਿਬਲ ਖੁਰਦ ਤੇ ਗੁਰਜੀਤ ਸਿੰਘ ਨਿਵਾਸੀ ਪਿੰਡ ਸਰਾਵਾਂ ਮਾਰੇ ਗਏ ਸਨ। ਪੋਸਟ–ਮਾਰਟਮ ਰਿਪੋਰਟ ਵਿੱਚ ਵੀ ਇਸੇ ਗੱਲ ਦੀ ਪੁਸ਼ਟੀ ਹੋਈ ਸੀ ਕਿ ਉਨ੍ਹਾਂ ਦੋਵਾਂ ਦੀ ਮੌਤ ਪੁਲਿਸ ਦੀਆਂ ਗੋਲੀਆਂ ਨਾਲ ਜ਼ਖ਼ਮੀ ਹੋਣ ਤੋਂ ਬਾਅਦ ਹੋਈ ਸੀ।
ਨਵੀਂ ਸਿਟ ਦੀ ਜਾਂਚ ਇਸ ਗੱਲ ਉੱਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ ਕਿ ਬਹਿਬਲ ਕਲਾਂ ਗੋਲੀਕਾਂਡ ਨਾਲ ਸਬੰਧਤ ਮਾਮਲੇ ਵਿੱਚ ਸਬੂਤਾਂ ਨਾਲ ਕਥਿਤ ਤੌਰ ਉੱਤੇ ਛੇੜਖਾਨੀ ਕੀਤੀ ਗਈ ਸੀ। ਇਸ ਨੇ ਆਪਣੀ ਹਾਲੀਆ ਜਾਂਚ ਦੇ ਆਧਾਰ ਉੱਤੇ ਇਹ ਵੀ ਦਾਅਵਾ ਕੀਤਾ ਸੀ ਕਿ ਇੱਕ ਐਸਕਾਰਟ ਜਿਪਸੀ ਉੱਤੇ ਗੋਲੀਆਂ ਦੇ ਨਿਸ਼ਾਨ ਗੋਲੀਕਾਂਡ ਦੀ ਘਟਨਾ ਵਾਪਰਨ ਤੋਂ ਬਾਅਦ ਗੋਲੀਆਂ ਮਾਰ ਕੇ ਬਣਾਏ ਗਏ ਸਨ।
ਉਸ ਮਾਮਲੇ ਵਿੱਚ ਹੁਣ ਉਦੋਂ ਦੇ ਫ਼ਾਜ਼ਿਲਕਾ ਦੇ ਐੱਸਪੀ – ਡਿਟੈਕਟਿਵ ਬਿਕਰਮਜੀਤ ਸਿੰਘ ਵੀ ਸ਼ੱਕ ਦੇ ਘੇਰੇ ਵਿੱਚ ਹਨ। ਬਿਕਰਮਜੀਤ ਸਿੰਘ ਦਾ ਨਾਂਅ ਮੁਲਜ਼ਮਾਂ ਦੀ ਸੂਚੀ ਵਿੱਚ ਮੌਜੂਦ ਹੈ।ਸਿਟ ਇਹ ਜਾਂਚ ਵੀ ਕਰ ਰਹੀ ਹੈ ਕਿ ਮ੍ਰਿਤਕ ਦੇਹਾਂ ਵਿੱਚੋਂ ਕੱਢੀਆਂ ਗੋਲੀਆਂ ਨਾਲ ਵੀ ਕੋਈ ਕਥਿਤ ਛੇੜਖਾਨੀ ਕੀਤੀ ਗਈ ਸੀ ਜਾਂ ਨਹੀਂ।
ਇੱਥੇ ਵਰਨਣਯੋਗ ਹੈ ਕਿ ਜਸਟਿਸ (ਸੇਵਾ–ਮੁਕਤ) ਰਣਜੀਤ ਸਿੰਘ ਕਮਿਸ਼ਨ ਨੇ ਆਪਣੀ ਜਾਂਚ–ਰਿਪੋਰਟ ਵਿੱਚ ਸ੍ਰੀ ਸਹੋਤਾ ਦੀ ਅਗਵਾਈ ਹੇਠਲੀ ਸਿਟ ਦੀ ਕਾਰਗੁਜ਼ਾਰੀ ਉੱਤੇ ਸੁਆਲ ਉਠਾਉਂਦਿਆਂ ਕਿਹਾ ਸੀ ਕਿ ਉਸ ਦੀ ਜਾਂਚ ਦੌਰਾਨ ਕੋਈ ਪ੍ਰਗਤੀ ਨਹੀਂ ਹੋ ਸਕੀ ਸੀ। ਉਸ ਰਿਪੋਰਟ ਵਿੱਚ ਲਿਖਿਆ ਸੀ ਕਿ – ‘ਇੰਝ ਜਾਪਦਾ ਹੈ ਕਿ SIT ਨੇ ਸਿਰਫ਼ ਜ਼ਿੰਮੇਵਾਰੀ ਪੁਲਿਸ ਅਧਿਕਾਰੀਆਂ ਨੂੰ ਬਚਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ। ਸਹੋਤਾ ਇਸ ਪ੍ਰਸ਼ਨ ਦੀ ਕੋਈ ਵਾਜਬ ਵਿਆਖਿਆ ਨਹੀਂ ਕਰ ਸਕੇ ਸਨ ਕਿ ਆਖ਼ਰ ਦੋ ਕਤਲਾਂ ਦੀ ਜਾਂਚ ਵਿੱਚ ਕੋਤਾਹੀ ਕਿਉਂ ਵਰਤੀ ਗਈ?’

Real Estate