ਬੇਦਾਗ ਨੀਲੀ ਪੱਗ

1795

ਆਹ ਛਲਾਰੂ ਨਰਾਤਾ ਵੀ ਕਹਿੰਦਾ, ਭਾਅ ਜੀ ਮੈਂ ਸਿਆਸਤ ਦਾ ਸਵਾਦ ਲੈਣੈ। ਟਿੰਡ ‘ਤੇ ਪੱਗ ਬੰਨ੍ਹੀ ਉਹ ਵੀ ਨੀਲੇ ਰੰਗ ਦੀ। ਪਤਾ ਨੀਂ ਕੀ ਦਿਖਿਆ ਇਹਨੂੰ ਨੀਲੇ ਰੰਗ ‘ਚ। ਫਰਲਾ ਵੀ ਕੱਢ ਮਾਰਿਆ। ਗਲ ‘ਚ ਹਾਰ ਪਾ ਲਿਆ, ਮੂੰਹ ਪਤੰਦਰ ਨੇ ਧੋਤਾ ਨੀਂ। ਗਲ ਨੂੰ ਗਰਾਰੇ ਦੇ ਕੇ, ਤੜਕੇ ਦਾ ‘ਗੂਠੇ ਨੂੰ ਮਾਇਕ ਬਣਾਈ ਫਿਰਦੈ। ਮੈਂ ਵੀ ਇਹਦੀ ਬੂਥੀ ਵੇਖ ਰਿਹਾਂ। ਕਦੇ ਕਹਿੰਦੈ, ਮੈਂ ਪਾਣੀ ਏਧਰ ਕੱਢ ਮਾਰੂੰ, ਕਦੇ ਓਧਰ। ਸੁਰ ਤਾਲ ਹੈ ਨੀਂ, ਤੜਕੇ ਦਾ ਹਵਾ ‘ਚ ਫੈਰ ਮਾਰੀ ਜਾਂਦੈ। ਆਹ ਖ਼ਬਰਾਂ ‘ਚ ਰੋਜ਼ ਨਸ਼ਾ ਨਸ਼ਾ, ਸਹੁੰ ਸਹੁੰ ਦੀਆਂ ਚੀਕਾਂ ਸੁਣਦੈ। ਪਤਾ ਇਹਨੂੰ ਹੈ ਨੀਂ, ਬਈ ਨਸ਼ਾ ਹੈ ਕੀ। ਦਿਮਾਗ ‘ਤੇ ਕਪਤਾਨੀ ਫਤੂਰ ਸਵਾਰ ਐ, ਬੀ ਮੈਂ ਚਾਰ ਦਿਨਾਂ ‘ਚ ਫੱਟੇ ਚੱਕ ਦੂੰ। ਬੰਦਾ ਪੁੱਛਣ ਆਲਾ ਹੋਵੇ, ਬੀ ਫੱਟੇ ਪਏ ਕਿੱਥੇ ਆ? ਮੂਰਖ ਨੂੰ ਕਿਹੜਾ ਸਮਝਾਵੇ ਕਿ ਗੱਲਾਂ ਦੇ ਕੜਾਹ ਨਾਲ ਢਿੱਡ ਨੀਂ ਭਰਦੇ। ਮਾਰੀ ਆਉਂਦੈ ਗੱਪਾਂ।
ਮੈਂ ਪੁੱਛਿਆ, ਨਰਾਤਾ ਸਿਆਂ ‘ਤੂੰ ਪੜ੍ਹਾਈ ਤਾਂ ਪੂਰੀ ਕਰ ਲੈ, ਫੇਰ ਵਲ ਵੀ ਆਜੂ, ਨਹੀਂ ਤਾਂ ਲੋਕਾਂ ਨੇ ਤੇਰਾ ਮੂੰਹ ਭੰਨ ਦੇਣੈ’।
ਕਹਿੰਦਾ, ਸੁਖਵਿੰਦਰ ਭਾਅ ਜੀ ਆਪਣੇ ਲੀਡਰਾਂ ਨੇ ਕਿਹੜਾ ਛੋਲੇ ਵੇਚੇ ਆ, ਜਿਹੜਾ ਮੈਂ ਵੀ ਫੜੀ ਲਾ ਬੈਠਾਂ। ਆਹੀ ਕੰਮ ਕਰਨੇ ਆ ਕਿ, ਰਾਜ ਨੀਂ ਸੇਵਾ, ਇਹੋ ਕੁਝ ‘ਤੇ ਚਾਹੁੰਦਾ ਆ ਪੰਜਾਬ। ‘ਕੱਲੀ ‘ਕੱਲੀ ਨੁੱਕਰ ‘ਤੇ ਲਿਖਾ ਦੇਣਾ ‘ਨਾਂਅ ਤੇ ਨਾਅਰਾ ਮਿੱਤਰਾਂ ਦਾ’। ‘ਖਾੜਿਆਂ ‘ਚ ਨਾਂ ਵੱਜੂ, ਢਾਣੀ ਮਿੱਤਰਾਂ ਦੀ ਨੂੰ ਵੀ ਲੱਡੂ ਛਕਾ ਦਿਆਂਗੇ। ਟੋਲੇ ਠੱਗਾਂ ਦੇ ਮੰਤਰੀ ਬਣਾ ਦਿਆਂਗੇ’
ਮੈਂ ਭੋਰਾ ਹੱਸ ਕੇ ਕਿਹਾ ‘ਹਲਾ’।
ਤੂੰ ਤਾਂ ਫੇਰ ਰਜਵਾੜਿਆਂ ਦਾ ਸ਼ਹਿਜ਼ਾਦਾ ਹੋਇਉਂ। ਨਰਾਤਾ ਸਿਆਂ, ਉਮਰ ਭਾਵੇਂ ਤੇਰੀ ਨਿੱਕੀ ਆ। ਪਰ ਨਾਂਅ ਤੇਰਾ ਵੱਡਾ ਆ, ਕਰਤੂਤਾਂ ਤੂੰ ਵੀ ਪਿਛਲੇ ਲਾਣੇ ‘ਆਲੀਆਂ ਕਰੇਂਗਾ।
ਨਾ ਆਹ ਹਾਰ ਗਲ ‘ਚ ਪਹਿਲਾਂ ਈ ਪਾਈ ਫਿਰਦੈਂ।
ਕਹਿੰਦਾ, ਓ ਨੀਂ! ਇਹ ਤਾਂ ਮਾਸਟਰਾਂ ਨੇ ਪਾ’ਤਾ। ਮੈਂ ਉਹਨਾਂ ਦੀ ਭੁੱਖ ਹੜਤਾਲ ‘ਚ ਸ਼ਰੀਕ ਹੋਣ ਗਿਆ ਸੀ। ਅੱਗੋਂ ਮਾਸਟਰਾਂ ਨੇ ਮੈਨੂੰ ਈ ਪਾਠ ਪੜ੍ਹਾ’ਤਾ। ਕਹਿੰਦੇ, ਲੀਡਰ ਸਾਬ੍ਹ ਬੈਠੋ ਨਾਲ। ਮੇਰੇ ਤਾਂ ਤਰਾਹ ਹੀ ਨਿਕਲਗੇ।
ਮੈਂ ਕਿਹਾ ‘ਓ ਕਿੱਤਰਾਂ, ਊਂ ਤਾਂ ਕਹਿਨੈ ਲੀਡਰ ਬਣੂੰ।
ਕਹਿੰਦਿਆਂ ਕਹਿੰਦਿਆਂ ਮੈਂ ਤਾੜੀ ਮਾਰ ਹੱਸਿਆ।
ਕਹਿੰਦਾ, ਨਾ ਨਾ ਬੀ। ਮੈਨੂੰ ਤਾਂ ਛਿੱਤਰ ਪੋਲਾ ਯਾਦ ਆ ਗਿਆ। ਓ ਜਿਹੜੀ ਮਹਿਲਾਂ ਦੇ ਬਾਹਰ ਹੋਈ ਸੀ, ਭਿਓਂ ਭਿਓਂ, ਡਾਂਗ ਵੀ ਛਿੱਲ ਲਾਹੁੰਦੀ ਸੀ। ਸੇਕ ਅੱਜ ਤਾਂਈਂ ਕੰਨਾਂ ‘ਚੋਂ ਨਿਕਲਦੈ। ਤੋਬਾ ਤੋਬਾ ਥੋਡੀ ਹੜਤਾਲ ਦੇ। ਅੱਗੇ ਮੈਂ ਹੱਥ ਬੰਨ੍ਹੇ। ਓਤਰਾਂ ਸਮਰਥਨ ਲੈ ਲਉ। ਪਰ ਜੇ ਜਾਨ ਈ ਦੇ’ਤੀ, ਫੇਰ ਲੀਡਰ ਕਾਹਦੇ।
ਲੱਤਾਂ ਭਾਰ ਬੈਠਿਆਂ ਮੈਂ ਵੀ ਨੀਲੀ ਪੱਗ ਆਲੇ ਲੀਡਰ ਦੀਆਂ ਫੜਾਂ ਸੁਣੀ ਗਿਆ। ਓਦਾਂ, ਸ਼ਕਲ ਸੂਰਤ ਤੋਂ ਲੱਗਦਾ ਜਵਾਕ ਆ, ਪਰ ਗੱਲਾਂ ਦੇ ਗੋਲੇ ਕੱਢ ਕੱਢ ਮਾਰਦਾ। ਮੈਂ ਕਿਹਾ, ਬੀ ਬਾਕੀ ਫੇਰ ਸੁਣਾਂਗਾ। ਰੋਟੀ ਦਾ ਜੁਗਾੜ ਕਰਲਾਂ। ਤੇਰੀਆਂ ਗੱਲਾਂ ਨੇ ਢਿੱਡ ਨੀਂ ਭਰਨਾ।

ਸੁਖਵਿੰਦਰ ਸਿੰਘ
+91-9463241235
280/5 ਨਵਾਂ ਬਿਸ਼ਨ ਨਗਰ
ਪਟਿਆਲਾ।
147001

ਮੇਰੇ ਹੱਥ ਕਲਮ ਨੂੰ ਪੈ ਗਏ ਆ
ਵੇਖੀਂ ਬਣਦਾ ਕੀ ਸਰਕਾਰੇ ਨੀਂ
ਤੇਰੇ ਘਰ ਘਰ ਵਾਅਦੇ ਗੂੰਜਦੇ ਆ
ਹਵਾ ‘ਚ ਉੱਡਦੇ ਲਾਰੇ ਨੀਂ

Real Estate