ਪੰਜਾਬ ਦੇ ਦੋ ਮੰਤਰੀਆਂ ਵਿਚਕਾਰ ਵਿਵਾਦ ਹੋਰ ਵਧਿਆ

1395

ਪੰਜਾਬ ਦੇ ਖ਼ੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਾਲੇ ਹੁਣ ਲੁਧਿਆਣਾ ਦੇ ਇੱਕ ਮਕਾਨ–ਉਸਾਰੀ ਪ੍ਰੋਜੈਕਟ ਨੂੰ ਦਿੱਤੀ ‘ਜ਼ਮੀਨ ਵਰਤੋਂ ਦੀ ਤਬਦੀਲੀ’ਦੀ ਮਨਜ਼ੂਰੀ ਦੇ ਮਾਮਲੇ ਨੂੰ ਲੈ ਕੇ ਆਪਸੀ ਮੱਤਭੇਦ ਵਧ ਗਏ ਹਨ। ਆਸ਼ੂ ਨੇ ਸਿੱਧੂ ਨੂੰ ਆਖ ਦਿੱਤਾ ਹੈ ਕਿ ਉਹ ਇਸ ਵਿਵਾਦ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਦੀ ਗੱਲ ਸਿੱਧ ਕਰ ਕੇ ਵਿਖਾਉਣ ਜਾਂ ਜਿਸ ਅਧਿਕਾਰੀ ਦਾ ਨਾਂਅ ਜਾਂਚ–ਰਿਪੋਰਟ ਵਿੱਚ ਲਿਆ ਗਿਆ ਹੈ, ਉਸ ਵਿਰੁੱਧ ਕੋਈ ਕਾਰਵਾਈ ਕਰ ਕੇ ਵੇਖਣ। ਆਸ਼ੂ ਨੇ ਹੁਣ ਆਪਣੇ ਤਾਜ਼ਾ ਬਿਆਨ ਵਿੱਚ ਕਿਹਾ ਹੈ – CLU ਵਿਵਾਦ ਵਿੱਚ ਸਾਹਾਮਣੇ ਆਈ ਸੰਪਤੀ ਤੋਂ ਮੇਰਾ ਕੋਈ ਲੈਣਾ–ਦੇਣਾ ਨਹੀਂ ਹੈ। ਇਹ ਤਾਂ ਸਿੱਧੂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਮੇਰਾ ਨਾਂਅ ਕਿਉ਼ ਘਸੀਟਿਆ ਹੈ। ਜੇ ਉਨ੍ਹਾਂ ਨੂੰ ਜਾਂਚ ਰਿਪੋਰਟ ਵਿੱਚ ਕੋਈ ਦਮ ਜਾਂ ਸੱਚਾਈ ਜਾਪਦੀ ਹੈ, ਤਾਂ ਉਨ੍ਹਾਂ ਨੂੰ ਇਹ ਮਾਮਲਾ ਮੁੱਖ ਮੰਤਰੀ ਦੇ ਧਿਆਨ ਹਿਤ ਲਿਆਉਣਾ ਚਾਹੀਦਾ ਹੈ ਤੇ ਮੇਰੇ ਸਮੇਤ ਸਾਰਿਆਂ ਵਿਰੁੱਧ ਕਾਰਵਾਈ ਦੀ ਮੰਗ ਕਰਨੀ ਚਾਹੀਦੀ ਹੈ। ਪਰ ਜੇ ਮੇਰਾ ਨਾਂਅ ਜਾਣਬੁੱਝ ਕੇ ਕਿਸੇ ਹੋਰ ਮਨਸ਼ਾ ਨਾਲ ਇਸ ਮਾਮਲੇ ਵਿੱਚ ਘਸੀਟਿਆ ਗਿਆ ਹੈ, ਤਦ ਵੀ ਕਾਰਵਾਈ ਹੋਣੀ ਚਾਹੀਦੀ ਹੈ।’
ਨਵਜੋਤ ਸਿੰਘ ਸਿੱਧੂ ਨੇ ਵਿਧਾਨ ਸਭਾ ਵਿੱਚ ਕਿਹਾ ਸੀ ਕਿ ਕੋਈ ਵੀ ਮੰਤਰੀ ਜਾਂ ਸੰਤਰੀ ਇਸ ਮਾਮਲੇ ਵਿੱਚ ਬਖ਼ਸ਼ਿਆ ਨਹੀ ਜਾਵੇਗਾ।
ਸਿੱਧੂ ਨੇ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਪ੍ਰਮੁੱਖ ਸਕੱਤਰ ਨੂੰ ਦੋਸ਼ੀ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਹਦਾਇਤ ਜਾਰੀ ਕੀਤੀ ਹੈ। CLU ਵਿਵਾਦ ਨੂੰ ਲੈ ਕੇ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਤੇ ਸਹਾਇਕ ਟਾਊਨ–ਪਲੈਨਰ ਇਸ ਵੇਲੇ ਜਾਂਚ ਦੇ ਘੇਰੇ ਵਿੱਚ ਹਨ।

Real Estate