ਕੋਟਕਪੂਰਾ ਕਾਂਡ ਤੋਂ ਬਾਅਦ ਸੀਸੀਟੀਵੀ ਫੁਟੇਜ ਨਾਲ ਕੀਤੀ ਗਈ ਸੀ ਛੇੜਛਾੜ !

1097

ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦੇ ਪੁਲੀਸ ਰਿਮਾਂਡ ’ਚ ਵਾਧੇ ਦੀ ਮੰਗ ਸਮੇਂ ਵਿਸ਼ੇਸ਼ ਜਾਂਚ ਟੀਮ ਨੇ ਸ਼ਨਿਚਰਵਾਰ ਨੂੰ ਫ਼ਰੀਦਕੋਟ ਦੇ ਜੁਡੀਸ਼ਲ ਮੈਜਿਸਟਰੇਟ ਮੂਹਰੇ ਭੇਤ ਖੋਲ੍ਹਿਆ ਕਿ ਸ਼ਾਂਤੀ ਪੂਰਬਕ ਧਰਨਾ ਦੇ ਰਹੇ ਪ੍ਰਦਰਸ਼ਨਕਾਰੀਆਂ ’ਤੇ ਬਿਨਾਂ ਭੜਕਾਹਟ ਦੇ ਗੋਲੀ ਚਲਾਉਣ ਦੀ ਘਟਨਾ ਨੂੰ ਛਿਪਾਉਣ ਲਈ ਮੁਲਜ਼ਮ ਪੁਲੀਸ ਅਧਿਕਾਰੀਆਂ ਦੇ ਇਸ਼ਾਰੇ ’ਤੇ ਸੀਸੀਟੀਵੀ ਫੁਟੇਜ ਨੂੰ ਨੁਕਸਾਨ ਪਹੁੰਚਾਇਆ ਗਿਆ। ਕੋਟਕਪੂਰਾ ਦੇ ਮੁੱਖ ਚੌਕ ’ਚ ਲੱਗੇ ਸੀਸੀਟੀਵੀ ਕੈਮਰਿਆਂ ’ਚ 14 ਅਕਤੂਬਰ 2015 ਨੂੰ ਵਾਪਰੀ ਗੋਲੀਬਾਰੀ ਦੀ ਘਟਨਾ ਕੈਦ ਹੋ ਗਈ ਸੀ। ਹੁਣ ਪੁਲੀਸ ਫਾਇਰਿੰਗ ਦੀ ਸੀਸੀਟੀਵੀ ਫੁਟੇਜ ਨਾਲ ਛੇੜਖਾਨੀ ਅਤੇ ਨੁਕਸਾਨ ਪਹੁੰਚਾਉਣ ਦੇ ਦੋਸ਼ ਲੱਗਣ ਨਾਲ ਕਈ ਪੁਲੀਸ ਅਧਿਕਾਰੀ ਮੁਸ਼ਕਲਾਂ ’ਚ ਘਿਰ ਗਏ ਹਨ।
ਸਿਟ ਨੇ ਅਦਾਲਤ ’ਚ ਕੁਝ ਵੀਡੀਓ ਕਲਿੱਪਾਂ ਚਲਾਈਆਂ ਜਿਨ੍ਹਾਂ ’ਚ ਦਾਅਵਾ ਕੀਤਾ ਗਿਆ ਕਿ ਪੁਲੀਸ ਨੇ ਪ੍ਰਦਰਸ਼ਨਕਾਰੀਆਂ ’ਤੇ ਜ਼ੁਲਮ ਢਾਹਿਆ। ਸਿਟ ਦੇ ਦਾਅਵੇ ਦਾ ਵਿਰੋਧ ਕਰਦਿਆਂ ਉਮਰਾਨੰਗਲ ਦੇ ਵਕੀਲ ਨੇ ਵੀ ਅਦਾਲਤ ’ਚ ਇਕ ਹੋਰ ਵੀਡੀਓ ਚਲਾਈ। ਉਸ ਨੇ ਦਾਅਵਾ ਕੀਤਾ ਕਿ ਪੁਲੀਸ ਨੇ ਸਵੈ ਰੱਖਿਆ ’ਚ ਗੋਲੀਆਂ ਚਲਾਈਆਂ ਸਨ। ਵੀਡੀਓ ਦੇ ਆਧਾਰ ’ਤੇ ਵਕੀਲਾਂ ਨੇ ਦਾਅਵਾ ਕੀਤਾ ਕਿ ਪ੍ਰਦਰਸ਼ਨਕਾਰੀਆਂ ਕੋਲ ਤੇਜ਼ਧਾਰ ਹਥਿਆਰ ਸਨ।
ਮੁਲਜ਼ਮ ਦੀ ਇਸ ਕਹਾਣੀ ਦਾ ਵਿਰੋਧ ਕਰਦਿਆਂ ਸਿਟ ਨੇ ਦਾਅਵਾ ਕੀਤਾ ਕਿ ਗੋਲੀਆਂ ਚਲਾਉਣ ਤੋਂ ਪਹਿਲਾਂ ਡਿਊਟੀ ਮੈਜਿਸਟਰੇਟ ਤੋਂ ਕੋਈ ਇਜਾਜ਼ਤ ਨਹੀਂ ਲਈ ਗਈ ਸੀ। ਸਿਟ ਨੇ ਕਿਹਾ ਕਿ ਗੋਲੀਆਂ ਚਲਾਉਣ ਮਗਰੋਂ ਪੁਲੀਸ ਨੇ ਡਿਊਟੀ ਮੈਜਿਸਟਰੇਟ ਤੋਂ ਇਸ ਸਬੰਧੀ ਜਬਰੀ ਇਜਾਜ਼ਤ ਲਈ। ਡਿਊਟੀ ਮੈਜਿਸਟਰੇਟ ਨੇ ਸਿਟ ਮੂਹਰੇ ਬਿਆਨ ’ਚ ਇਹ ਗੱਲ ਕਬੂਲੀ ਹੈ।ਅਦਾਲਤ ਨੇ ਦੋਹਾਂ ਧਿਰਾਂ ਨੂੰ ਸੁਣਨ ਮਗਰੋਂ ਉਮਰਾਨੰਗਲ ਨੂੰ 26 ਫਰਵਰੀ ਤੱਕ ਤਿੰਨ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।

Real Estate