ਹੱਟ-ਪਿੱਛੇ ਮਿੱਤਰਾਂ ਦੀ ਮੁੱਛ ਦਾ ਸਵਾਲ ਹੈ: ਬੀਰਇੰਦਰ ਸਿੰਘ ਨੇ ਜਿੱਤਿਆ ‘ਬੈਸਟ ਮੁੱਛਾਂ’ ਦਾ ਮੁਕਾਬਲਾ

2586

ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ)-ਹੌਂਸਲੇ ਬੁਲੰਦ ਹੋਣ ਤਾਂ ਪੰਜਾਬੀ ਅਖਾੜਿਆਂ ਦਾ ਉਤਰ ਜਿੱਤ ਦੇ ਨਾਲ ਦਿੰਦੇ ਹਨ ਅਤੇ ਸਵਾਲ ਮੁੱਛ ਦਾ ਰੱਖਦੇ ਹਨ। ਇਸ ਮੁੱਛ ਦੀ ਪੁੱਛ-ਗਿੱਛ ਜਿਨ੍ਹਾਂ ਨੇ ਰੱਖਣੀ ਹੁੰਦੀ ਹੈ ਉਹ ਇਸਦੀ ਸਾਂਭ-ਸੰਭਾਲ ਵੀ ਦਿਲ ਲਗਾ ਕੇ ਕਰਦੇ ਹਨ। ਇਸੇ ਦੀ ਹੀ ਜਾਂਚ-ਪੜ੍ਹਤਾਲ ਕਰਨ ਦੇ ਇਰਾਦੇ ਨਾਲ ‘ਨਿਊਜ਼ੀਲੈਂਡ ਬੀਅਰਡ ਐਂਡ ਮਸਟੈਸ਼ ਕੰਪੀਟੀਨਸ਼’ ਇਸ ਵਾਰ ਛੇਵੇਂ ਸਾਲ ਵਿਚ ਦਾਖਲ ਹੋ ਗਿਆ। ਇਸ ਵਾਰ ਇਹ ਮੁਕਾਬਲਾ ਪੰਜਾਬੀ ਭਾਈਚਾਰੇ ਲਈ ਕੁਝ ਖਾਸ ਰਿਹਾ ਕਿਉਂਕਿ ਪਟਿਆਲਾ ਸ਼ਹਿਰ ਦੇ 27 ਸਾਲਾ ਪੰਜਾਬੀ ਨੌਜਵਾਨ ਬੀਰਇੰਦਰ ਸਿੰਘ ਜ਼ੈਲਦਾਰ (ਇੰਦਰ ਜ਼ੈਲਦਾਰ) ਪੁੱਤਰ ਸ। ਜਰਨੈਲ ਸਿੰਘ ਜ਼ੈਲਦਾਰ ਨੇ ਗਾਇਕ ਹਰਦੀਪ ਗਿੱਲ ਦੇ ਗੀਤ ਕਿ ‘ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਫੁੱਟ ਗਭਰੂ ਨੇ ਸੋਹਣੇ’ ਨੂੰ ਦੁਹਰਾ ਦਿੱਤਾ। ਇਸ ਨੌਜਵਾਨ ਬੀਤੇ ਦਿਨੀਂ ‘ਦਾੜੀ ਅਤੇ ਮੁੱਛਾਂ’ ਦੇ ਹੋਏ ਮੁਕਾਬਲੇ ਦੇ ਵਿਚ ‘ਬੈਸਟ ਮੁੱਛਾਂ’ ਦਾ ਅਤੇ ‘ਬੈਸ’ਟ ਰੱਖ-ਰਖਾਵ’ ਐਵਾਰਡ ਆਪਣੇ ਨਾਂਅ ਕਰਕੇ ਗਲ ਦੇ ਵਿਚ ਦੋ ਤਮਗੇ ਪਵਾਏ ਅਤੇ ਜੇਤੂ ਟ੍ਰਾਫੀ ਦੇ ਨਾਲ ਵਕਾਰੀ ਕੰਪਨੀ ਦੇ ਉਤਪਾਦ ਪ੍ਰਾਪਤ ਕੀਤੇ। ਇਹ ਨੌਜਵਾਨ ਪਿਛਲੇ ਕੁਝ ਸਮੇਂ ਤੋਂ ਅਜਿਹਾ ਕਰਨ ਦੀ ਤਮੰਨਾ ਪੂਰੀ ਕਰਨ ਦੀ ਕੋਸ਼ਿਸ਼ ਵਿਚ ਸੀ ਕਿ ਪੰਜਾਬੀ ਨੌਜਵਾਨਾਂ ਨੂੰ ਨਸ਼ਿਆਂ ਛੱਡਣ ਅਤੇ ਦਾੜੀ ਮੁੱਛ ਰੱਖਣ ਦੇ ਸੰਦੇਸ਼ ਨਾਲ ਕਿਸੀ ਤਰ੍ਹਾਂ ਆਪਣਾ ਯੋਗਦਾਨ ਪਾ ਸਕੇ। ਪਿਛਲੇ ਸਾਲ ਵੀ ਇਸ ਨੌਜਵਾਨ ਨੇ ਅਜਿਹੇ ਹੀ ਇਕ ਮੁਕਾਬਲੇ ਵਿਚ ਹਿੱਸਾ ਲਿਆ ਸੀ ਅਤੇ ਟਾਪ-3 ਵਿਚ ਆ ਗਿਆ ਸੀ। ਇਸਨੇ ਕਈ ਲੋਕਾਂ ਦੀਆਂ ਟਿੱਚਰਾਂ ਨੂੰ ਟਿੱਚ ਜਾਣਦਿਆਂ ਆਪਣਾ ਸ਼ੌਕ ਜਾਰੀ ਰੱਖਿਆ ਅਤੇ ਜੱਜਾਂ ਦੇ ਸਾਹਮਣੇ ਤਿੰਨ ਰਾਊਂਡ ਦੇ ਵਿਚ ਹੋਏ ਮੁਕਾਬਲੇ ਵਿਚ ਐਨੇ ਨੂੰ ਨੰਬਰ ਹਾਸਿਲ ਕਰ ਲਏ ਕਿ ਲਗਪਗ 30 ਪ੍ਰਤੀਯੋਗੀਆਂ ਦੇ ਵਿਚੋਂ ਪਹਿਲਾ ਸਥਾਨ ਹਾਸਿਲ ਕਰ ਲਿਆ। ਇਸ ਨੌਜਵਾਨ ਦਾ ਸੁਪਨਾ ਹੈ ਕਿ ਇਕ ਦਿਨ ਉਹ ਪੰਜਾਬ ਦੇ ਵਿਚ ਵੀ ਅਜਿਹੇ ਮੁਕਾਬਲੇ ਵੇਖਣ ਦਾ ਇਛੁੱਕ ਹੈ ਅਤੇ ਇਸ ਸਬੰਧੀ ਉਸਦੇ ਦਿਲ ਵਿਚ ਬਹੁਤ ਕੁਝ ਹੈ।

Real Estate