ਪੰਜਾਬੀ ਸੱਭਿਆਚਾਰ ਤੇ ਮਾਂ ਬੋਲੀ ਪ੍ਰਤੀ ਪ੍ਰੇਰਨਾਦਾਇਕ ਇਕ ਵਧੀਆ ਯਤਨ

1825

hamlet's 64ਬਲਵਿੰਦਰ ਸਿੰਘ ਭੁੱਲਰ
ਪੰਜਾਬੀ ਸੱਭਿਆਚਾਰ ਅਤੇ ਮਾਂ ਬੋਲੀ ਪੰਜਾਬੀ ਵਿਰੁੱਧ ਇੱਕ ਸ਼ਾਜਿਸ ਤਹਿਤ ਨਿੱਤ ਦਿਨ ਹਮਲੇ ਹੋ ਰਹੇ ਹਨ, ਜਿਹਨਾਂ ਨੂੰ ਰੋਕਣ ਲਈ ਕਾਫ਼ੀ ਸੰਸਥਾਵਾਂ ਉਪਰਾਲੇ ਕਰ ਰਹੀਆਂ ਹਨ, ਪਰ ਜੇਕਰ ਹਰ ਵਿਅਕਤੀ ਨਿੱਜੀ ਤੌਰ ਤੇ ਸਹਿਯੋਗ ਦੇਵੇ ਤਾਂ ਸੱਭਿਆਚਾਰ ਦੀ ਰਾਖੀ ਲਈ ਹੋਰ ਵੀ ਚੰਗੇ ਨਤੀਜੇ ਸਾਹਮਣੇ ਆ ਸਕਦੇ ਹਨ। ਇਹ ਪ੍ਰਭਾਵ ਇੱਕ ਢਾਬੇ  (ਹੈਮਲਿਟ 64) ਤੇ ਚਾਹ ਪੀਣ ਲਈ ਰੁਕਣ ਤੇ ਪ੍ਰਗਟ ਹੋਇਆ, ਜਿਸਦੇ ਮਾਲਕ ਗਾਹਕਾਂ ਨੂੰ ਪੰਜਾਬੀ ਸੱਭਿਆਚਾਰ ਤੇ ਮਾਂ ਬੋਲੀ ਦੀ ਰਾਖੀ ਲਈ ਟੁੰਬ ਟੁੰਬ ਕੇ ਸੁਚੇਤ ਕਰਨ ਦਾ ਯਤਨ ਕਰਦੇ ਦਿਖਾਈ ਦਿੱਤੇ।
ਅਸੀਂ ਚੰਡੀਗੜ ਤੋਂ ਬਠਿੰਡਾ ਆ ਰਹੇ ਭਵਾਨੀਗੜ ਤੋਂ ਅੱਗੇ ਪੁੱਲ ਪਾਰ ਕਰਨ ਉਪਰੰਤ ਚਾਹ ਪੀਣ ਲਈ ਇੱਕ ਢਾਬੇ ਤੇ ਰੁਕੇ। ਗੱਡੀ ਨੂੰ ਇੱਕ ਪਾਸੇ ਖੜੀ ਕਰਕੇ ਜਦ ਅਸੀਂ ਢਾਬੇ ਦੇ ਬਰਾਂਡੇ ਵਿੱਚ ਦਾਖਲ ਹੋਏ ਤਾਂ ਸਾਹਮਣੇ ਮਾਂ ਬੋਲੀ ਲਈ ਸਾਰੀ ਉਮਰ ਸਮਰਪਿਤ ਰਹਿ ਕੇ ਕੰਮ ਕਰਨ ਵਾਲੇ ਉਘੇ ਨਾਟਕਕਾਰ ਅਜਮੇਰ ਔਲਖ ਦੀ ਤਸਵੀਰ ਲੱਗੀ ਦਿਖਾਈ ਦਿੱਤੀ। ਜਦ ਅਸੀਂ ਦੂਜੇ ਪਾਸੇ ਨਿਗਾਹ ਮਾਰੀ ਤਾਂ ਇੱਕ ਕੋਨੇ ਵਿੱਚ ਲੱਕੜ ਦਾ ਰੈਕ ਲੱਗਾ ਹੋਇਆ ਸੀ, ਜਿਸ ਵਿੱਚ ਵੱਖ ਵੱਖ ਸਾਹਿਤਕਾਰਾਂ ਦੀਆਂ ਕਈ ਦਰਜਨ ਪੁਸਤਕਾਂ ਰੱਖੀਆਂ ਹੋਈਆਂ ਸਨ, ਜਿਹਨਾਂ ਨੂੰ ਦੇਖਣ ਫਰੋਲਣ ਤੋਂ ਢਾਬੇ ਦਾ ਮਹੌਲ ਸਾਹਿਤਕ ਰੁਚੀ ਵਾਲਾ ਲੱਗਾ।
ਜਦ ਅਸੀਂ ਏ ਸੀ ਕਮਰੇ ਵਿੱਚ ਦਾਖਲ ਹੋਏ ਤਾਂ ਦੇਖਿਆ ਕਿ ਚਾਰ ਵੱਡੇ ਮੇਜ਼ ਲੱਗੇ ਹੋਏ ਸਨ, ਜਿਹਨਾਂ ਉਪਰ ਇੱਕ ਇੱਕ ਮੀਨੂੰ ਲਿਸਟ ਰੱਖੀ ਹੋਈ ਸੀ ਅਤੇ ਇੱਕ ਇੱਕ ਕਿਤਾਬ ਪਈ ਸੀ। ਜਦ ਕੰਧਾਂ ਵੱਲ ਨਿਗਾਹ ਮਾਰੀ ਤਾਂ ਆਮ ਢਾਬਿਆਂ ਵਿੱਚ ਲੱਗੀਆਂ ਦੇਵੀ ਦੇਵਤਿਆਂ ਜਾਂ ਫਿਲਮੀ ਐਕਟਰਾਂ ਦੀਆਂ ਫੋਟੋਆਂ ਦੇ ਉਲਟ ਇੱਕ ਪਾਸੇ ਪੰਜਾਬੀ ਸੱਭਿਆਚਾਰ ਤੇ ਮਾਂ ਬੋਲੀ ਲਈ ਸਾਰਾ ਜੀਵਨ ਲਾਉਣ ਵਾਲੇ ਮਹਾਨ ਨਾਟਕਕਾਰ ਤੇ ਚਿੰਤਕ ਗੁਰਸ਼ਰਨ ਭਾਅ ਜੀ ਦੀ ਤਸਵੀਰ ਸਸੋਭਿਤ ਸੀ, ਦੂਜੇ ਪਾਸੇ ਉਘੇ ਲੋਕ ਕਵੀ ਸੰਤ ਰਾਮ ਉਦਾਸੀ ਦੀ ਤਸਵੀਰ ਸਜਾਈ ਹੋਈ ਸੀ। ਮਿੰਨੀ ਮਿੰਨੀ ਅਵਾਜ਼ ਵਿੱਚ ਸਬਦ ਕੀਰਤਨ ਦਾ ਮਿਊਜਕ ਮਨਾਂ ਨੂੰ ਸਾਂਤੀ ਦੇ ਰਿਹਾ ਸੀ।
ਢਾਬੇ ਦੀਆਂ ਕੰਧਾਂ ਤੇ ਦਹਾਕਿਆਂ ਪਹਿਲਾਂ ਪ੍ਰਾਇਮਰੀ ਸਕੂਲਾਂ ਵਿੱਚ ਵਰਤੀਆਂ ਜਾਣ ਵਾਲੀਆਂ ਫੱਟੀਆਂ ਲਟਕਾਈਆਂ ਹੋਈਆਂ ਸਨ, ਜਿਹਨਾਂ ਤੇ ਵੱਖ ਵੱਖ ਤਰਾਂ ਦੀਆਂ ਸਤਰਾਂ ਲਿਖੀਆਂ ਹੋਈਆਂ ਸਨ, ਜਿਵੇਂ ‘ਕੁਦਰਤੀ ਸੋਮਿਆਂ ਦੀ ਰਾਖੀ ਕਰੋ’, ‘ਸਾਦਾ ਜੀਵਨ ਬਤੀਤ ਕਰੋ, ‘ਡੀਜ਼ਲ ਪੈਟਰੌਲ ਦੀ ਵਰਤੋਂ ਘੱਟ ਕਰੋ’, ‘ਸਾਦਾ ਖਾਓ ਸਾਦਾ ਪਾਓ’ ਆਦਿ। ਇਸਤੋਂ ਇਲਾਵਾ ਪੁਰਾਤਨ ਸੱਭਿਆਚਾਰ ਨੂੰ ਦਰਸਾਉਂਦੀ ਇੱਕ ਪੁਰਾਣੀ ਜੀਪ, ਇੱਕ ਮੋਟਰ ਸਾਈਕਲ ਅਤੇ ਇੱਕ ਪੁਰਾਣਾ ਨਲਕਾ ਸਜਾਇਆ ਹੋਇਆ ਸੀ। ਪੰਛੀਆਂ ਦੀ ਰੱਖਿਆ ਦਾ ਹੋਕਾ ਦੇਣ ਲਈ ਇੱਕ ਪਾਸੇ ਪਿੰਜਰਾ ਬਣਾਇਆ ਹੋਇਆ ਸੀ, ਜਿਸ ਵਿੱਚ ਮੁਰਗੀਆਂ, ਬੱਤਖਾਂ, ਬਟੇਰੇ ਆਦਿ ਰੱਖੇ ਹੋਏ ਸਨ। ਜਿੱਥੋਂ ਤੱਕ ਖਾਣ ਪੀਣ ਦੀਆਂ ਵਸਤਾਂ ਦਾ ਸਬੰਧ ਹੈ ਤਾਂ ਆਮ ਢਾਬਿਆਂ ਤੇ ਗਾਹਕਾਂ ਲਈ ਮਸਾਲਿਆਂ ਵਾਲੇ ਖਾਣੇ ਤਿਆਰ ਹੁੰਦੇ ਹਨ ਅਤੇ ਮਾਲਕਾਂ ਦਾ ਖਾਣਾ ਘਰਾਂ ਤੋਂ ਤਿਆਰ ਹੋ ਕੇ ਆਉਂਦਾ ਹੈ। ਪਰ ਇਸ ਰੁਝਾਨ ਦੇ ਉਲਟ ਇਸ ਢਾਬੇ ਦੇ ਮਾਲਕਾਂ ਦੇ ਪਰਿਵਾਰਾਂ ਦਾ ਖਾਣਾ ਉਹਨਾਂ ਪਤੀਲਿਆਂ ਵਿੱਚੋਂ ਹੀ ਘਰ ਭੇਜਿਆ ਜਾਂਦਾ ਹੈ, ਜਿਹਨਾਂ ਚੋਂ ਗਾਹਕਾਂ ਨੂੰ ਵਰਤਾਇਆ ਜਾਂਦਾ ਹੈ। ਢਾਬੇ ਦੇ ਮਾਲਕ ਰਣਦੀਪ ਨੇ ਦੱਸਿਆ ਕਿ ਉਹ ਸੱਭਿਆਚਾਰ ਦੀ ਸੇਵਾ ਕਰਨ ਦੇ ਨਾਲ ਨਾਲ ਆਮ ਲੋਕਾਂ ਦੀ ਤੰਦਰੁਸਤ ਸਿਹਤ ਦਾ ਖਿਆਲ ਰਖਦਿਆਂ ਲੋਕਾਂ ਨੂੰ ਆਰਥਿਕ ਤੰਗੀਆਂ ਤੋਂ ਬਚਣ ਲਈ ਵੀ ਸੁਨੇਹਾ ਦੇਣ ਦਾ ਹਰ ਸੰਭਵ ਯਤਨ ਕਰਦੇ ਹਨ ਤੇ ਕਰਦੇ ਰਹਿਣਗੇ।
ਕੁਲ ਮਿਲਾ ਕੇ ਇਹ ਢਾਬਾ ਪੰਜਾਬੀ ਸੱਭਿਆਚਾਰ, ਮਾਂ ਬੋਲੀ ਪੰਜਾਬੀ ਦੀ ਸੁਰੱਖਿਆ ਲਈ ਸੁਚੇਤ ਕਰਨ ਦੇ ਨਾਲ ਨਾਲ ਲੋਕਾਂ ਨੂੰ ਬੇਲੋੜੇ ਖ਼ਰਚੇ ਘੱਟ ਕਰਨ ਅਤੇ ਸਾਹਿਤਕ ਰੁਚੀ ਪੈਦਾ ਕਰਨ ਵਾਲੀ ਮਿਸਾਲ ਬਣਿਆ ਹੋਇਆ ਦਿਖਾਈ ਦਿੱਤਾ। ਇਸਤੋਂ ਪਰੇਰਨਾ ਲੈ ਕੇ ਜੇਕਰ ਹਰ ਵਿਅਕਤੀ ਪੰਜਾਬੀ ਤੇ ਪੰਜਾਬੀ ਸੱਭਿਆਚਾਰ ਪ੍ਰਤੀ ਆਪਣਾ ਆਪਣਾ ਯੋਗਦਾਨ ਪਾਉਣ ਦਾ ਯਤਨ ਕਰੇ ਤਾਂ ਬਹੁਤ ਵਧੀਆ ਨਤੀਜੇ ਸਾਹਮਣੇ ਆ ਸਕਦੇ ਹਨ।
ਭੁੱਲਰ ਹਾਊਸ, ਗਲੀ ਨੰ: 12 ਭਾਈ ਮਤੀ ਦਾਸ ਨਗਰ,
ਬਠਿੰਡਾ। ਮੋਬਾ: 098882-75913

Real Estate