ਬਹਿਬਲ ਕਾਂਡ: ਜਾਂਚ ਟੀਮ ਵੱਲੋਂ ਸੁਖਬੀਰ ਦੇ ਦੋਸਤ ਦੇ ਘਰ ਛਾਪਾ, ਵਰਤੇ ਗਏ ਨਿੱਜੀ ਹਥਿਆਰ ਦੀ ਹੋਈ ਸ਼ਨਾਖਤ

1825

ਪੁਲੀਸ ਵੱਲੋਂ ਬਹਿਬਲ ਕਾਂਡ ਵਿੱਚ ਵਰਤੇ ਗਏ ਨਿੱਜੀ ਹਥਿਆਰ ਦੀ ਵਿਸ਼ੇਸ਼ ਜਾਂਚ ਟੀਮ ਨੇ ਸ਼ਨਾਖਤ ਕਰ ਲਈ ਹੈ। ਪੁਲੀਸ ਨੇ ਸਿੱਖ ਸੰਗਤ ਉੱਪਰ ਗੋਲੀਆਂ ਚਲਾਉਣ ਤੋਂ ਬਾਅਦ ਆਪਣੀਆਂ ਹੀ ਜਿਪਸੀਆਂ ਉੱਪਰ ਗੋਲੀਆਂ ਚਲਾ ਕੇ 200 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਦਿੱਤਾ ਸੀ ਪਰ ਹੁਣ ਜਾਂਚ ਦੌਰਾਨ ਸਪੱਸ਼ਟ ਹੋਇਆ ਹੈ ਕਿ ਪੁਲੀਸ ਦੀ ਜਿਪਸੀ ਉੱਪਰ ਜੋ ਗੋਲੀਆਂ ਵੱਜੀਆਂ ਸਨ, ਉਹ ਦੋਨਾਲੀ ਰਾਈਫ਼ਲ ਨਾਲ ਪੁਲੀਸ ਅਧਿਕਾਰੀਆਂ ਵੱਲੋਂ ਹੀ ਮਾਰੀਆਂ ਗਈਆਂ ਸਨ।
ਖ਼ਬਰਾਂ ਅਨੁਸਾਰ ਹਰਿੰਦਰਾ ਨਗਰ ਫਰੀਦਕੋਟ ਦੇ ਵਸਨੀਕ ਇੱਕ ਨੌਜਵਾਨ ਐਡਵੋਕੇਟ ਨੂੰ ਜਾਂਚ ਟੀਮ ਨੇ ਪੁੱਛਗਿੱਛ ਲਈ ਕਪੂਰਥਲੇ ਬੁਲਾਇਆ ਸੀ। ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਇਸ ਵਕੀਲ ਨੇ ਹੀ ਐੱਸਪੀ ਬਿਕਰਮ ਸਿੰਘ ਨੂੰ ਆਪਣੀ ਦੋਨਾਲੀ ਰਾਈਫ਼ਲ ਵਰਤਣ ਲਈ ਦਿੱਤੀ ਸੀ। ਜਿਸ ਵਕੀਲ ਦਾ ਹਥਿਆਰ ਬਹਿਬਲ ਕਾਂਡ ਵਿੱਚ ਵਰਤਿਆ ਗਿਆ ਹੈ, ਉਸ ਪਰਿਵਾਰ ਨਾਲ ਸੁਖਬੀਰ ਸਿੰਘ ਬਾਦਲ ਦੀ ਕਰੀਬੀ ਦੋਸਤੀ ਹੈ।
ਜਾਂਚ ਟੀਮ ਨੇ ਇਸ ਵਕੀਲ ਦੇ ਘਰ ਛਾਪਾ ਮਾਰਿਆ ਪਰ ਛਾਪੇਮਾਰੀ ਦੌਰਾਨ ਘਰ ਵਿੱਚ ਵਕੀਲ ਨਹੀਂ ਮਿਲਿਆ।
ਜਾਂਚ ਟੀਮ ਦੇ ਪ੍ਰਮੁੱਖ ਮੈਂਬਰ ਕੰਵਰ ਵਿਜੇ ਪ੍ਰਤਾਪ ਸਿੰਘ ਨੇ ਸੰਪਰਕ ਕਰਨ ’ਤੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਹਾਲ ਦੀ ਘੜੀ ਕੋਈ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਜਾਂਚ ਟੀਮ ਨਿਰਪੱਖ ਤਰੀਕੇ ਨਾਲ ਪੂਰੇ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਸਮਾਂ ਆਉਣ ’ਤੇ ਹੀ ਬਾਕੀ ਤੱਥਾਂ ਦਾ ਖੁਲਾਸਾ ਕੀਤਾ ਜਾਵੇਗਾ।
ਜਾਂਚ ਟੀਮ ਨੇ ਫਰੀਦਕੋਟ ਦੀ ਮਸ਼ਹੂਰ ਪੰਕਜ ਮੋਟਰਜ਼ ਕੰਪਨੀ ਦੇ ਕੁਝ ਅਧਿਕਾਰੀਆਂ ਦੇ ਟਿਕਾਣਿਆਂ ’ਤੇ ਵੀ ਛਾਪੇ ਮਾਰੇ। ਪੰਕਜ ਮੋਟਰਜ਼ ਹੁਣ ਬੰਦ ਹੋ ਚੁੱਕੀ ਹੈ ਅਤੇ ਇਸ ਦੇ ਮਾਲਕ ਦੇ ਐੱਸਪੀ ਬਿਕਰਮ ਸਿੰਘ ਨਾਲ ਕਾਫ਼ੀ ਕਰੀਬੀ ਸਬੰਧ ਸਨ।
ਜਾਂਚ ਟੀਮ ਦੀ ਇਸ ਸਖ਼ਤੀ ਤੋਂ ਬਾਅਦ ਫਰੀਦਕੋਟ ਜ਼ਿਲ੍ਹੇ ਦਾ ਇੱਕ ਸਾਬਕਾ ਅਕਾਲੀ ਵਿਧਾਇਕ ਰੂਪੋਸ਼ ਹੋ ਗਿਆ ਹੈ। ਆਈਜੀ ਉਮਰਾਨੰਗਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਮੁੱਚੀ ਕਾਰਵਾਈ ਨੂੰ ਅਕਾਲੀ ਦਲ ਬਰੀਕੀ ਨਾਲ ਵਾਚ ਰਿਹਾ ਹੈ ਅਤੇ ਜਾਂਚ ਟੀਮ ਦੀ ਹਰ ਸਰਗਰਮੀ ਨੂੰ ਦੇਖਿਆ ਜਾ ਰਿਹਾ ਹੈ।
ਉਮਰਾਨੰਗਲ ਦੀ ਪੇਸ਼ੀ ਸਮੇਂ ਸੁਖਬੀਰ ਬਾਦਲ ਦੇ ਖਾਸ ਦੂਤ ਅਦਾਲਤ ਦੇ ਬਾਹਰ ਹਾਜ਼ਰ ਸਨ ਅਤੇ ਕਾਰਵਾਈ ਸਮਾਪਤ ਹੋਣ ਤੱਕ ਆਮ ਲੋਕਾਂ ਵਿੱਚ ਖੜ ਕੇ ਅਦਾਲਤੀ ਕਾਰਵਾਈ ਦੇਖਦੇ ਰਹੇ।

Real Estate