ਗੁਰਮੁਖੀ ਚੇਤਨਾ ਮਾਰਚ ਦਾ ਤੀਜਾ ਦਿਨ :ਪੰਜਾਬੀ ਮਾਂ ਬੋਲੀ ਚਹੇਤਿਆ ਨੇ ਰਾਜਪਾਲ ਦੇ ਨਾਮ ਦਿੱਤਾ ਮੰਗ ਪੱਤਰ

1073

ਪੰਜਾਬੀ ਮਾਂ ਬੋਲੀ ਪ੍ਰਤੀ ਜਾਗਰੂਕ ਪੰਜਾਬੀਆਂ ਵੱਲੋਂ ਲੰਘੀ 18 ਫਰਵਰੀ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ (ਬਠਿੰਡਾ) ਤੋਂ ‘ਗੁਰਮੁਖੀ ਚੇਤਨਾ ਮਾਰਚ’ ਦੀ ਸੁ਼ਰੂਆਤ ਕੀਤੀ ਗਈ।ਇਸ ਚੇਤਨਾ ਮਾਰਚ ਦੀ ਅਗਵਾਈ ਮਾ ਬੋਲੀ ਸਤਿਕਾਰ ਸਭਾ , ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਤੇ ਹੋਰ ਕਈ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਹੈ ਜੋ ਵੱਖ-ਵੱਖ ਸ਼ਹਿਰਾਂ ਵਿੱਚੋਂ ਦੀ ਹੁੰਦਾ ਹੋਇਆ ਅੱਜ 20 ਫਰਵਰੀ ਨੂੰ ਚੰਡੀਗੜ੍ਹ ਪਹੁੰਚਿਆ।
ਚੰਗੀਗੜ੍ਹ ਪਹੁੰਚਦਿਆਂ ਚੇਤਨਾ ਮਾਰਚ ਦੇ ਆਗੂਆਂ ਵੱਲੋਂ ਪੰਜਾਬ ਦੇ ਰਾਜਪਾਲ ਸ੍ਰੀ ਵੀ ਪੀ ਸਿੰਘ ਬਦਨੌਰ ਦੇ ਨਾਮ ਮੰਗ ਪੱਤਰ ਗਵਰਨਰ ਦੇ ਦਫ਼ਤਰ ਦਿੱਤਾ ਗਿਆ। ਮੰਗ ਪੱਤਰ ਦੇਣ ਸਮੇਂ ਉੱਘੇ ਪੰਜਾਬੀ ਲੇਖਕ ਸੁਰਜੀਤ ਪਾਤਰ, ਐਡਵੋਕੇਟ ਅਮਨਦੀਪ ਕੌਰ ,ਚੇਤਨਾ ਮਾਰਚ ਦੀ ਅਗਵਾਈ ਕਰਨ ਵਾਲਿਆਂ ਵਿੱਚੋਂ ਬਾਬਾ ਹਰਦੀਪ ਸਿੰਘ ਮਹਿਰਾਜ, ਲੱਖਾ ਸਿਧਾਣਾ, ਸੁਖਨੈਬ ਸਿੰਘ ਸਿੱਧੂ, ਸਨੀ ਬਰਾੜ, ਜਰਨੈਲ ਸਿੰਘ ਆਦਿ ਹਾਜਰ ਸਨ।
ਰਾਜਪਾਲ ਦੇ ਨਾਮ ਦਿੱਤੇ ਗਏ ਮੰਗ ਪੱਤਰ ਵਿੱਚ ਪੰਜਾਬੀ ਮਾ ਬੋਲੀ ਦੀਆ ਸਮੱਸਿਆਵਾਂ ਜਿਵੇਂ ਪੰਜਾਬ ਵਿਚਲੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਤੇ ਦਫ਼ਤਰਾਂ ਵਿੱਚ ਹੁੰਦੀ ਅਣਦੇਖੀ ਤੋਂ ਜਾਣੂ ਕਰਵਾਇਆ ਗਿਆ ਹੈ। ਮੰਗ ਕੀਤੀ ਗਈ ਹੈ ਕਿ ਪੰਜਾਬ ਦੇ ਹਰ ਸਕੂਲ, ਪੰਜਾਬ ਯੂਨੀਵਰਸਿਟੀ ਅਧੀਨ ਆਉਦੇਂ ਕਾਲਜਾਂ ਵਿੱਚ ਪੰਜਾਬੀ ਭਾਸ਼ਾ ਨੁੰ ਲਾਜਮੀ ਵਿਸ਼ਾ ਬਣਾਇਆ ਜਾਵੇ। ਪੰਜਾਬ ਦੇ ਸਰਕਾਰੀ ਤੇ ਗੈਰ-ਸਰਕਾਰੀ ਦਫ਼ਤਰਾਂ , ਅਦਾਲਤਾਂ ਜਿੱਥੋਂ ਵੀ ਪੰਜਾਬੀ ਨੁੰ ਗੈਰ-ਹਾਜਰ ਕਰ ਦਿੱਤਾ ਗਿਆ ਹੈ ਉੱਥੇ-ਉੱਥੇ ਪੰਜਾਬੀ ਬਣਦਾ ਰੁਤਬਾ ਦਿੱਤਾ ਜਾਵੇ। ਭਾਰਤੀ ਰੇਲਵੇ ਵੱਲੋਂ ਪੰਜਾਬੀ ਬੋਲੀ ਨੁੰ ਦਿੱਤੇ ਦੇਸ਼-ਨਿਕਾਲੇ ਜਿਵੇਂ ਰੇਲਵੇ ਦੇ ਰਿਜ਼ਰਵ ਵਾਲੇ ਫਾਰਮ ਤੇ ਹੋਰ ਦਸਤਾਵੇਜਾਂ ਤੇ ਪੰਜਾਬੀ ਭਾਸ਼ਾ ਨਾਲ ਹੁੰਦੇ ਬੇਗਾਨਿਆ ਵਾਲੇ ਸਲੂਕ ਤੋਂ ਜਾਣੂ ਕਰਵਾਉਦਿਆਂ ਰੇਲਵੇ ਵਿੱਚ ਪੰਜਾਬੀ ਨੂੰ ਬਣਦੀ ਥਾਂ ਦੇਣ ਦੀ ਮੰਗ ਕੀਤੀ ਗਈ ਹੈ।
ਮੰਗ ਪੱਤਰ ਦੇਣ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਇਕੱਤਰਿਤ ਹੋਏ ਪੰਜਾਬੀ ਪ੍ਰੇਮੀਆਂ ਨੂੰ ਐਸ ਐੱਫ ਐੱਸ ਦੀ ਪ੍ਰਧਾਨ ਕਨੂੰਪ੍ਰੀਆ , ਲੱਖਾ ਸਿਧਾਣਾ , ਬਾਬਾ ਹਰਦੀਪ ਸਿੰਘ ਨੇ ਮਾੜੇ ਦੌਰ ਵਿੱਚੋਂ ਗੁਜਰ ਰਹੀ ਪੰਜਾਬੀ ਮਾ ਬੋਲੀ ਬਾਰੇ ਜਾਣੂ ਕਰਵਾਇਆ। ਇਸੇ ਦੌਰਾਨ ਲੱਖਾ ਸਿਧਾਣਾ ਨੇ ਪੁਲਵਾਮਾਂ ਹਮਲੇ ਤੋਂ ਬਾਅਦ ਕਸ਼ਮੀਰੀ ਵਿਦਿਆਰਥੀਆਂ ਨੂੰ ਮਿਲ ਰਹੀਆਂ ਧਮਕੀਆਂ ਦਾ ਮੁੱਦਾ ਵੀ ਚੁੱਕਿਆ।
18 ਫਰਵਰੀ ਨੂੰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸੁ਼ਰੂ ਹੋਇਆ ਇਹ ਚੇਤਨਾ ਮਾਰਚ ਪਹਿਲੇ ਦਿਨ ਬਠਿੰਡਾ , ਫਰੀਦਕੋਟ, ਤਰਨਤਾਰਨ ਹੁੰਦਾ ਹੋਇਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚਿਆ। ਦੂਜੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕਰਨ ਉਪਰੰਤ ਚੇਤਨਾ ਮਾਰਚ ਜਲਿਆਂਵਾਲਾ ਬਾਗ ਸ਼ਹੀਦਾਂ ਨੂੰ ਸ਼ਧਾਜਲੀ ਦਿੰਦਾ ਹੋਇਆ ਜਲੰਧਰ ਲਈ ਰਵਾਨਾ ਹੋਇਆ ਜੋ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਤਟਕੜ ਕਲਾਂ ਹੁੰਦਾ ਹੋਇਆ ਸ੍ਰੀ ਆਨੰਦਪੁਰ ਸਾਹਿਬ ਪਹੁੰਚਿਆ ਅਤੇ ਅੱਜ 20 ਫਰਵਰੀ ਨੂੰ ਚੰਡੀਗੜ੍ਹ ਤੋਂ ਚੱਲ ਕੇ ਸ੍ਰੀ ਫਤਹਿਗੜ੍ਹ ਸਾਹਿਬ ਜਾਵੇਗਾ। 21 ਫਰਵਰੀ ਨੂੰ ਪਟਿਆਲਾ ਵਿੱਚ ਗੁਰਮੁਖੀ ਚੇਤਨਾ ਮਾਰਚ ਦੀ ਸਮਾਪਤੀ ਹੋਵੇਗੀ।

Real Estate