NRI ਮੁੰਡੇ ਨੂੰ ਪੰਜਾਬ ਪੁਲਿਸ ਤੋਂ ਛੁਡਵਾਉਣ ਬਦਲੇ ਕਾਂਗਰਸੀ ਵਿਧਾਇਕ ’ਤੇ ਦਸ ਲੱਖ ਰੁਪਏ ਲੈਣ ਦੇ ਦੋਸ਼

ਐਨ ਆਰ ਆਈ ਨੌਜਵਾਨ ਨੂੰ ਪੁਲੀਸ ਦੀ ਨਾਜਾਇਜ਼ ਹਿਰਾਸਤ ’ਚੋਂ ਛੁਡਵਾਉਣ ਲਈ ਹਲਕਾ ਭੁੱਚੋ ਮੰਡੀ ਦੇ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਵੱਲੋਂ ਦਸ ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰੈੱਸ ਕਲੱਬ ਬਠਿੰਡਾ ’ਚ ਪ੍ਰੈੱਸ ਕਾਨਫਰੰਸ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਭੱਲਾ ਦੀ ਹਾਜ਼ਰੀ ਵਿਚ ਪੀੜਤ ਸੇਵਾਮੁਕਤ ਏਐਸਆਈ ਬਲਕਰਨ ਸਿੰਘ ਵਾਸੀ ਧੰਨਸਿੰਘ ਖਾਨਾ ਨੇ ਆਪਣੀ ਹੱਡਬੀਤੀ ਦੱਸੀ। ਉਨ੍ਹਾਂ ਦੱਸਿਆ ਕਿ ਉਸ ਦਾ ਪੁੱਤ ਸੁਖਸ਼ਰਨ ਸਿੰਘ ਕੈਨੇਡਾ ਦਾ ਪੱਕਾ ਵਸਨੀਕ ਹੈ। ਉਹ ਕਰੀਬ ਦਸ ਸਾਲ ਬਾਅਦ ਪਿੰਡ ਮਿਲਣ ਲਈ ਆਇਆ ਸੀ। ਉਨ੍ਹਾਂ ਦੱਸਿਆ ਕਿ 8 ਜਨਵਰੀ ਨੂੰ ਸੁਖਸ਼ਰਨ ਸਿੰਘ ਬਠਿੰਡਾ ਨੂੰ ਬਠਿੰਡਾ ਦੀ ਸੌ ਫੁੱਟੀ ਸੜਕ ਤੋਂ ਸੀਆਈਏ ਸਟਾਫ ਦੇ ਇੰਚਾਰਜ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਛੇ ਨੌਜਵਾਨਾਂ ਸਣੇ ਚੁੱਕ ਕੇ ਥਾਣੇ ਲੈ ਗਈ।
ਸੇਵਾਮੁਕਤ ਏਐਸਆਈ ਬਲਕਰਨ ਸਿੰਘ ਨੇ ਆਪਣੇ ਪੁੱਤਰ ਨੂੰ ਛੁਡਵਾਉਣ ਲਈ ਵਿਧਾਇਕ ਦੇ ਖਾਸ ਹਰਵਿੰਦਰ ਸਿੰਘ ਝੰਡਾ ਵਾਸੀ ਕਾਹਨ ਸਿੰਘ ਵਾਲਾ ਨਾਲ ਸੰਪਰਕ ਕੀਤਾ। ਪੀੜਤ ਨੇ ਦੱਸਿਆ ਕਿ ਉਸ ਨੇ ਉਸੇ ਦਿਨ ਹੀ ਦਸ ਲੱਖ ਰੁਪਏ ਹਰਵਿੰਦਰ ਸਿੰਘ ਝੰਡਾ ਨੂੰ ਦਿੱਤੇ। ਉਸ ਨੇ ਦੱਸਿਆ ਕਿ ਉਸ ਦੇ ਪੁੱਤਰ ਨਾਲ ਹਿਰਾਸਤ ਵਿਚ ਲਏ ਦੋ ਨੌਜਵਾਨਾਂ ’ਤੇ ਪੁਲੀਸ ਨੇ ਕੇਸ ਦਰਜ ਕਰ ਦਿੱਤਾ ਜਦੋਂਕਿ ਉਸ ਦੇ ਪੁੱਤਰ ਸਣੇ ਚਾਰ ਨੌਜਵਾਨਾਂ ਨੂੰ ਛੱਡ ਦਿੱਤਾ। ਉਸ ਨੇ ਮੰਗ ਕੀਤੀ ਕਿ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਹਲਕਾ ਭੁੱਚੋ ਦੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਇਸ ਸਬੰਧੀ ਕਿਹਾ ਕਿ ਉਹ ਦੋਸ਼ ਲਗਾਉਣ ਵਾਲੇ ਲੋਕਾਂ ਨੂੰ ਉਹ ਜਾਣਦੇ ਤੱਕ ਨਹੀਂ, ਪੈਸੇ ਲੈਣੇ ਤਾਂ ਦੂਰ ਦੀ ਗੱਲ ਹੈ।

Real Estate