ਪੁਲਵਾਮਾ ਹਮਲਾ: ਮੁੱਖ ਸਾਜ਼ਿਸ਼ਘਾੜੇ ਦੀ ਭਾਲ ਲਈ ਛਾਪੇ, 23 ਹੋਰ ਗ੍ਰਿਫਤਾਰ

1034

ਪੁਲਵਾਮਾ ਦਹਿਸ਼ਤੀ ਹਮਲੇ ਦਾ ਮੁੱਖ ਸਾਜ਼ਿਸ਼ਘਾੜਾ ਮੰਨੇ ਜਾਂਦੇ ਮੁਹੰਮਦ ਉਮੈਰ ਦੀ ਸੁਰੱਖਿਆ ਬਲਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧ ’ਚ ਸੁਰੱਖਿਆ ਬਲਾਂ ਦੇ ਸੈਂਕੜੇ ਜਵਾਨਾਂ ਨੇ ਐਤਵਾਰ ਨੂੰ ਵੱਖ ਵੱਖ ਥਾਵਾਂ ’ਤੇ ਛਾਪੇ ਮਾਰੇ। ਪੁਲੀਸ ਨੇ ਧਮਾਕੇ ਲਈ 23 ਮਸ਼ਕੂਕਾਂ ਨੂੰ ਹਿਰਾਸਤ ’ਚ ਲਿਆ ਹੈ। ਸੀਆਰਪੀਐਫ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਫਿਦਾਈਨ ਹਮਲੇ ’ਚ 40 ਜਵਾਨ ਸ਼ਹੀਦ ਹੋ ਗਏ ਸਨ। ਫ਼ੌਜ ਅਤੇ ਪੁਲੀਸ ਅਧਿਕਾਰੀਆਂ ਵੱਲੋਂ ਉਸ ਦੀ ਜ਼ੋਰ-ਸ਼ੋਰ ਨਾਲ ਭਾਲ ਕੀਤੀ ਜਾ ਰਹੀ ਹੈ।
ਉਮਰ ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਦਾ ਭਤੀਜਾ ਹੈ ਅਤੇ ਪਿਛਲੇ ਸਾਲ ਸਤੰਬਰ ’ਚ ਹੀ ਪਾਕਿਸਤਾਨ ਤੋਂ ਕਸ਼ਮੀਰ ਅੰਦਰ ਦਾਖ਼ਲ ਹੋਇਆ ਹੈ। ਸੁਰੱਖਿਆ ਬਲਾਂ ਨੂੰ ਅੰਦੇਸ਼ਾ ਹੈ ਕਿ ਉਹ ਦੱਖਣੀ ਕਸ਼ਮੀਰ ’ਚ ਕਿਸੇ ਥਾਂ ’ਤੇ ਲੁਕਿਆ ਹੋ ਸਕਦਾ ਹੈ।
ਇਸੇ ਦੌਰਾਨ ਕਸ਼ਮੀਰ ’ਚ ਮੋਬਾਈਲ ਇੰਟਰਨੈੱਟ ਸੇਵਾਵਾਂ ਐਤਵਾਰ ਰਾਤ ਨੂੰ ਬਹਾਲ ਕਰ ਦਿੱਤੀਆਂ ਗਈਆਂ ਹਨ। ਅਨੰਤਨਾਗ, ਕੁਲਗਾਮ, ਸ਼ੋਪੀਆਂ, ਪੁਲਵਾਮਾ, ਸ੍ਰੀਨਗਰ ਅਤੇ ਬੜਗਾਮ ਜ਼ਿਲ੍ਹਿਆਂ ’ਚ ਇਹ ਸੇਵਾਵਾਂ ਬੰਦ ਕੀਤੀਆਂ ਗਈਆਂ ਸਨ ਜਦਕਿ ਬਾਰਾਮੂਲਾ, ਕੁਪਵਾੜਾ ਅਤੇ ਬਾਂਦੀਪੋਰਾ ਜ਼ਿਲ੍ਹਿਆਂ ’ਚ ਨੈੱਟਵਰਕ ਸਪੀਡ ਘਟਾ ਦਿੱਤੀ ਗਈ ਸੀ।

Real Estate