ਕੈਪਟਨ ਹੁਣ ਅਰੂਸਾ ਆਲਮ ਨੂੰ ਆਪਣੀ ਰਿਹਾਇਸ਼ ਤੋਂ ਅਲਵਿਦਾ ਆਖ਼ ਦੇਣ

1314

ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਪਾਸੇ ਕੋਠੇ ਚੜ੍ਹ ਕੇ ਪਾਕਿਸਤਾਨ ਤੇ ਖੁਫ਼ੀਆ ਏਜੰਸੀ ਆਈਐਸਆਈ ਖ਼ਿਲਾਫ਼ ਬੋਲਦੇ ਹਨ ਤੇ ਦੂਜੇ ਪਾਸੇ ਉਨ੍ਹਾਂ ਪਾਕਿਸਤਾਨੀ ਮਹਿਲਾ ਅਰੂਸਾ ਆਲਮ ਨੂੰ ਆਪਣੀ ਸਰਕਾਰੀ ਰਿਹਾਇਸ਼ ’ਤੇ ਰੱਖਿਆ ਹੋਇਆ ਹੈ। ਉਨ੍ਹਾਂ ਮੁੱਖ ਮੰਤਰੀ ’ਤੇ ਦੋਗਲੀ ਨੀਤੀ ਦਾ ਦੋਸ਼ ਲਾਉਂਦਿਆਂ ਮੰਗ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਫੌਰੀ ਅਰੂਸਾ ਆਲਮ ਨੂੰ ਆਪਣੀ ਰਿਹਾਇਸ਼ ਤੋਂ ਅਲਵਿਦਾ ਆਖ਼ ਦੇਣ।
ਸੰਗਰੂਰ ਦੇ ਰੈਸਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਹਿਰਾ ਨੇ ਹੈਰਾਨੀ ਜ਼ਾਹਿਰ ਕੀਤੀ ਕਿ ਪਾਕਿਸਤਾਨੀ ਮਹਿਲਾ ਅਰੂਸਾ ਆਲਮ ਦੇ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਨੇ ਵੀ ਚੁੱਪੀ ਧਾਰ ਰੱਖੀ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਅਰੂਸਾ ਆਲਮ ਦੇ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਰਹਿਣ ਕਾਰਨ ਭਾਰਤੀ ਫੌਜ ਦਾ ਮਨੋਬਲ ਨਹੀਂ ਡਿੱਗਦਾ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਕਿਸ ਮੰਤਰੀ ਜਾਂ ਆਗੂ ਦੀ ਸਿਫਾਰਸ਼ ’ਤੇ ਅਰੂਸਾ ਆਲਮ ਦੇ ਵੀਜ਼ੇ ਦੀ ਮਿਆਦ ਵਧਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਅਰੂਸਾ ਦੇ ਵੀਜ਼ੇ ਦੀ ਮਿਆਦ ਨਹੀਂ ਵਧਾਉਣੀ ਚਾਹੀਦੀ ਅਤੇ ਕੈਪਟਨ ਨੂੰ ਵੀ ਇਸ ਪਾਕਿਸਤਾਨੀ ਮਹਿਲਾ ਨੂੰ ਤੁਰੰਤ ਅਲਵਿਦਾ ਆਖ ਦੇਣੀ ਚਾਹੀਦੀ ਹੈ।
ਖਹਿਰਾ ਨੇ ਪੁਲਵਾਮਾ ਦਹਿਸ਼ਤੀ ਹਮਲੇ ਦੀ ਨਿਖੇਧੀ ਕਰਦਿਆਂ ਇਸ ਨੂੰ ਘਿਨੌਣੀ ਹਰਕਤ ਦੱਸਿਆ। ਕਸ਼ਮੀਰ ਮਸਲੇ ਦਾ ਹੱਲ ਆਪਸੀ ਗੱਲਬਾਤ ਨਾਲ ਹੋਣਾ ਚਾਹੀਦਾ ਹੈ।

Real Estate