SGPC ਵਿਚੋਂ ਬਾਦਲ ਅਕਾਲੀ ਦਲ ਨੂੰ ਕੱਢਣ ਲਈ ਕਾਂਗਰਸ ਕੋਲੋਂ ਮਦਦ ਲੈਣ ’ਚ ਕੋਈ ਝਿਜਕ ਨਹੀਂ ਹੈ – ਫੂਲਕਾ

975

‘ਪੰਜਾਬੀ ਟ੍ਰਿਬਿਊਨ’ ਦੀ ਰਿਪੋਰਟ ਅਨੁਸਾਰ ਸੀਨੀਅਰ ਵਕੀਲ ਤੇ ਆਪ ਵਿਧਾਇਕ ਐੱਚਐੱਸ ਫੂਲਕਾ ਨੇ ਆਖਿਆ ਕਿ ਉਨ੍ਹਾਂ ਨੂੰ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਭਾਜਪਾ ਕੋਲੋਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਵਿਚੋਂ ਬਾਦਲ ਅਕਾਲੀ ਦਲ ਦਾ ਗਲਬਾ ਖ਼ਤਮ ਕਰਵਾਉਣ ਲਈ ਕਾਂਗਰਸ ਕੋਲੋਂ ਮਦਦ ਲੈਣ ’ਚ ਕੋਈ ਝਿਜਕ ਨਹੀਂ ਹੈ।
ਉਨ੍ਹਾਂ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣੀਆਂ ਅਤੇ ਐੱਸਜੀਪੀਸੀ ’ਚੋਂ ਸਿਆਸੀ ਦਖ਼ਲਅੰਦਾਜ਼ੀ ਦਾ ਖਾਤਮਾ ਕਰਵਾਉਣ ਦੇ ਦੋ ਮਿਸ਼ਨ ਮਿਥੇ ਹਨ। ਸੱਜਣ ਕੁਮਾਰ ਨੂੰ ਸਜ਼ਾ ਮਿਲਣ ਨਾਲ ਉਨ੍ਹਾਂ ਦੇ ਪਹਿਲੇ ਮਿਸ਼ਨ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਪਹਿਲਾਂ ਉਨ੍ਹਾਂ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਫਿਰ ਉਨ੍ਹਾਂ ਬਰਗਾੜੀ ਕਾਂਡ ਦੇ ਕਸੂਰਵਾਰਾਂ ਨੂੰ ਸਜ਼ਾ ਦਿਵਾਉਣ ਲਈ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਆਪਣੇ ਮਿਸ਼ਨਾਂ ਲਈ ਆਪਣੇ ਆਪ ਨੂੰ ਸਿਆਸੀ ਜ਼ੰਜੀਰਾਂ ਤੋਂ ਮੁਕਤ ਕਰਨ ਲਈ ‘ਆਪ’ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਇਨ੍ਹਾਂ ਦੋਵਾਂ ਮਿਸ਼ਨਾਂ ਦੀ ਪ੍ਰਾਪਤੀ ਲਈ ਕਿਸੇ ਵੀ ਸਿਆਸੀ ਪਾਰਟੀ ਤੋਂ ਮਦਦ ਲੈਣ ਲਈ ਝਿਜਕ ਨਹੀਂ ਦਿਖਾਉਣਗੇ। ਉਨ੍ਹਾਂ ਸਾਫ ਕਿਹਾ ਕਿ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ਹੈ ਅਤੇ ਇਸ ਸਰਕਾਰ ਦੀ ਮਦਦ ਤੋਂ ਬਿਨਾਂ ਸਿੱਖਾਂ ਦੇ ਕਾਤਲਾਂ ਨੂੰ ਸਜ਼ਾ ਦਿਵਾਉਣਾ ਬੜਾ ਮੁਸ਼ਕਲ ਕਾਰਜ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਕਾਂਗਰਸ ਸਰਕਾਰ ਹੈ ਅਤੇ ਐੱਸਜੀਪੀਸੀ ਵਿੱਚੋਂ ਸਿਆਸੀ ਗਲਬਾ ਖ਼ਤਮ ਕਰਨ ਲਈ ਇੱਥੇ ਕੈਪਟਨ ਸਰਕਾਰ ਕੋਲੋਂ ਉਹ ਬਿਨਾਂ ਕਿਸੇ ਝਿਜਕ ਦੇ ਮਦਦ ਲੈਣਗੇ। ਉਨ੍ਹਾਂ ਮੰਨਿਆ ਕਿ ਐੱਸਜੀਪੀਸੀ ਦੀਆਂ ਚੋਣਾਂ ਜਲਦ ਕਰਵਾਉਣ ਲਈ ਉਨ੍ਹਾਂ ਵਿਧਾਨ ਸਭਾ ਵਿੱਚ ਮਤਾ ਪਾਸ ਕਰਵਾਉਣ ਤੋਂ ਪਹਿਲਾਂ ਕਾਂਗਰਸ ਦੇ ਕੁਝ ਮੰਤਰੀਆਂ ਨਾਲ ਮੁਲਾਕਾਤਾਂ ਕੀਤੀਆਂ ਸਨ, ਕਿਉਂਕਿ ਸਦਨ ਵਿਚ ਇਹ ਮਤਾ ਕਾਂਗਰਸ ਦੀ ਸਹਿਮਤੀ ਤੋਂ ਬਿਨਾਂ ਸੰਭਵ ਹੀ ਨਹੀਂ ਸੀ, ਜਿਸ ਕਾਰਨ ਉਨ੍ਹਾਂ ਨੂੰ ਅਕਾਲੀਆਂ ਵੱਲੋਂ ਕੈਪਟਨ ਸਰਕਾਰ ਨਾਲ ਗਿੱਟਮਿੱਟ ਕਰਨ ਦੇ ਲਾਏ ਜਾ ਰਹੇ ਦੋਸ਼ਾਂ ਦੀ ਕੋਈ ਪ੍ਰਵਾਹ ਨਹੀਂ ਹੈ। ਫੂਲਕਾ ਨੇ ਕਿਹਾ ਕਿ ਉਹ ਸਿਆਸਤ ਵਿਚ ਆਪਣਾ ਵਪਾਰ ਵਧਾਉਣ ਜਾਂ ਰੋਟੀ-ਪਾਣੀ ਦਾ ਜੁਗਾੜ ਕਰਨ ਲਈ ਨਹੀਂ ਆਏ ਸਨ ਅਤੇ ਅਕਾਲੀਆਂ ਦੇ ਅਜਿਹੇ ਦੋਸ਼ਾਂ ਤੋਂ ਬੇਪ੍ਰਵਾਹ ਹੋ ਕੇ ਉਹ ਆਪਣੇ ਮਿਸ਼ਨ ਵੱਲ ਵਧਦੇ ਜਾਣਗੇ।

‘ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਦਾ ਮੁੱਲ ਨਹੀਂ ਪਵਾਉਣਾ’
ਸੀਨੀਅਰ ਵਕੀਲ ਐੱਚਐੱਸ ਫੂਲਕਾ ਨੇ ਕਿਹਾ ਕਿ ਜਦੋਂ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਮਿਲੀ ਸੀ ਤਾਂ ਸਿਆਸੀ ਪਾਰਟੀਆਂ ਨੇ ਇਸ ਦੇ ਬਦਲੇ ਉਨ੍ਹਾਂ ਨੂੰ ਪਾਰਲੀਮੈਂਟ ਭੇਜਣ ਦੀਆਂ ਪੇਸ਼ਕਸ਼ ਕੀਤੀਆਂ ਸਨ। ਇਨ੍ਹਾਂ ਪੇਸ਼ਕਸ਼ਾਂ ਬਾਬਤ ਉਨ੍ਹਾਂ ਨੇ ਆਪਣੀ ਪਤਨੀ ਨਾਲ ਗੰਭੀਰ ਮੰਥਨ ਕੀਤਾ ਸੀ। ਇਸ ਦੌਰਾਨ ਫੈਸਲਾ ਕੀਤਾ ਸੀ ਕਿ ਉਹ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਦਾ ਕੋਈ ਮੁੱਲ ਨਹੀਂ ਪਵਾਉਣਗੇ।

Real Estate