ਬਹੁਤ ਖ਼ਤਰਨਾਕ ਹੈ ਵਿਦਿਆਰਥੀਆਂ ਵਿਚ ਹਿੰਸਾਤਮਕ ਰੁਚੀਆਂ ਦਾ ਰੁਝਾਨ

1589
Mohan Sharma
ਮੋਹਨ ਸ਼ਰਮਾ

ਮੋਹਨ ਸ਼ਰਮਾ
ਪਿਛਲੇ 2 ਦਹਾਕਿਆਂ ਤੋਂ ਵਿਦਿਅਕ ਖੇਤਰ ਵਿੱਚ ਕਾਫੀ ਨਿਘਾਰ ਆਇਆ ਹੈ। ਸਕੂਲਾਂ ਵਿੱਚ ਅਫਰਾ੍‍ਤਫਰੀ ਦਾ ਮਾਹੌਲ ਬਣਿਆ ਹੈ, ਸਕੂਲੀ ਵਿਦਿਆਰਥੀ ਦਾ ਬਸਤਾ ਭਾਰੀ ਹੋਇਆ ਹੈ, ਪਰ ਆਤਮਿਕ, ਬੌਧਿਕ ਅਤੇ ਸ਼ਰੀਰਕ ਪੱਖ ਤੋਂ ਉਹ ਹਲਕੇ ਹੋਏ ਹਨ। ਅਧਿਆਪਕ ਦੇ ਪੈਰਾਂ ਵਿਚ ਝੁਕ ਕੇ ਸਿਜਦਾ ਕਰਨ ਵਾਲੀ ਆਦਤ ਨੂੰ ਗ੍ਰਹਿਣ ਜਿਹਾ ਲੱਗਿਆ ਹੈ, ਨੈਤਿਕਤਾ,ਸਦਾਚਾਰ, ੳੁੱਚ ਆਦਰਸ਼, ਸਹਿਣਸ਼ੀਲਤਾ ਅਤੇ ਸ਼ਰਾਫਤ ਤੋਂ ਸਖਣੇ ਹੋਏ ਬਹੁਤ ਸਾਰੇ ਵਿਦਿਆਰਥੀ ਨਫਰਤ ਅਤੇ ਕੁੜੱਤਣ ਭਰੇ ਵਰਤਾਰੇ ਦਾ ਸ਼ਿਕਾਰ ਹੋ ਕੇ ਹਿੰਸਾਤਮਕ ਰੁਚੀਆਂ ਦੇ ਧਾਰਨੀ ਹੋਏ ਹਨ। ਅਧਿਆਪਕ ਅਤੇ ਵਿਦਿਆਰਥੀਆਂ ਦੇ ਪਵਿੱਤਰ ਰਿਸ਼ਤੇ ਵਿਚ ਇੱਕ ਡੂੰਘੀ ਖਾਈ ਨੇ ਜਿਥੇ ਇਸ ਰਿਸ਼ਤੇ ਨੂੰ ਕਲੰਕਿਤ ਕੀਤਾ ਹੈ, ਉਥੇ ਹੀ ਸਮਾਜ, ਪ੍ਰਾਂਤ ਅਤੇ ਦੇਸ਼ ਦੇ ਭਵਿੱਖ਼ ਤੇ ਇਕ ਪ੍ਰਸ਼ਨ ਚਿੰਨ੍ਹ ਵੀ ਲੱਗਿਆ ਹੈ। ਸਕੂਲਾਂ ਵਿਚ ਉਪਰੋਥਲੀ ਅਜਿਹੀਆਂ ਘਟਨਾਵਾਂ ਹੋਈਆਂ ਹਨ, ਜਿਨ੍ਹਾਂ ਵਿਚ ਅਧਿਆਪਕਾਂ ਦੇ ਟੋਕਣ ਤੇ ਵਿਦਿਆਰਥੀਆਂ ਨੇ ਵੈਲੀਆਂ ਵਾਂਗ ਅੱਖਾਂ ਵਿਖਾਈਆਂ ਨੇ, ਸਕੂਲ ਵਿਚ ਮੋਬਾਇਲ ਲਿਆਉਣ ਤੇ ਟੋਕਾ ਟਾਕੀ ਉਪਰੰਤ ਲੱਗੇ ਸਕੂਲ ਵਿੱਚ ਆਪਣੇ ਵਰਗੇ ਹੋਰ ਸਾਥੀਆਂ ਨੂੰ ਨਾਲ ਲੈ ਕੇ ਅਧਿਆਪਕ ਦੀ ਕੁੱਟ ਮਾਰ ਕੀਤੀ ਹੈ। ਜੇਲ੍ਹਾਂ ਵਿਚ ਤਾਂ ਸੁਣਨ ਨੂੰ ਆਇਆ ਹੈ ਕਿ ਤਲਾਸ਼ੀ ਦਰਮਿਆਨ ਕੈਦੀਆਂ ਕੋਲ੍ਹੋਂ ਮੋਬਾਇਲ ਫੋਨ, ਨਸ਼ੇ ਅਤੇ ਹਥਿਆਰ ਮਿਲੇ ਹਨ, ਪਰ ਇਹ ਸਭ ਕੁਝ ਸਕੂਲੀ ਵਿਦਿਆਰਥੀਆਂ ਦੇ ਬੈਗਾਂ ਵਿੱਚੋਂ ਮਿਲਣਾ ਅਤੇ ਫਿਰ ਅਧਿਆਪਕਾਂ ਦੀ ਪੁੱਛ-ਗਿੱਛ ਤੇ ਸ਼ਰਮਿੰਦਗੀ ਅਤੇ ਪਸ਼ਚਾਤਾਪ ਕਰਨ ਦੀ ਥਾਂ ਉਨ੍ਹਾਂ ਨੂੰ ਅੱਖਾਂ ਵਿਖਾਉਣੀਆਂ, ਅਧਿਆਪਕ ਤੇ ਮਾਰੂ ਹਮਲਾ ਕਰ ਦੇਣਾ, ਜਿਥੇ ਗੰਭੀਰ ਚਿੰਤਾ ਦਾ ਵਿਸ਼ਾ ਹੈ, ਉਥੇ ਹੀ ਇਹ ਵੀ ਚਿੰਤਨ ਕਰਨ ਦੀ ਲੋੜ ਹੈ ਕਿ ਜੇਕਰ ਬਾਗ ਦੇ ਮਾਲੀ ਹੀ ਸੁਰੱਖਿਅਤ ਨਹੀਂ, ਫਿਰ ਭਲਾਂ ਅਨਮੋਲ ਬਗੀਚਿਆਂ ਦੇ ਉਜਾੜੇ ਨੂੰ ਰੋਕੇਗਾ ਕੌਣ? ਇਕ ਸਰਵੇਖਣ ਅਨੁਸਾਰ ਸਕੂਲਾਂ ਨਾਲ ਸਬੰਧਤ 15ਫੀਸਦੀ ਵਿਦਿਆਰਥੀ ਹਿੰਸਕ ਪ੍ਰਵਿਰਤੀਆਂ ਦੇ ਧਾਰਨੀ ਹਨ ਅਤੇ ਇਸ ਵੇਲੇ ਕਿਸਾਨਾਂ ਦੀਆਂ ਫਸਲਾਂ ਹੀ ਬਰਬਾਦ ਨਹੀਂ ਹੋ ਰਹੀਆਂ ਸਗੋਂ ਨਸਲਾਂ ਤੇ ਵੀ ਖਤਰੇ ਦੇ ਬੱਦਲ ਮੰਡਰਾ ਰਹੇ ਹਨ। ਸਾਡੇ ਅੱਗੇ ਗੰਭੀਰ ਪ੍ਰਸ਼ਨ ਹੈ ਕਿ ਵਿਦਿਆਰਥੀਆਂ ਵਿਚ ਜੀਵਨ ਬੁਲੰਦੀਆਂ ਨੂੰ ਛੁਹਣ ਦਾ ਜਜ਼ਬਾ, ਆਦਰਸ਼ ਸੋਚ, ਚਾਣਨ ਬਿਖੇਰਦੀ ਜ਼ਿੰਦਗ਼ੀ ਵੇਖ ਕੇ ਅਧਿਆਪਕਾਂ ਅਤੇ ਮਾਪਿਆਂ ਪ੍ਰਤੀ ਬਦੋ੍‍ਬਦੀ ਸਿਜਦਾ ਕਰਨ ਨੂੰ ਦਿਲ ਕਰਦਾ ਹੈ। ਫਿਰ ਭਲਾਂ ਵਿਦਿਆਰਥੀਆਂ ਵਿਚ ਅਨੈਤਿਕਤਾ, ਆਪ ਹੁਦਰਾਪਣ, ਦ੍ਰਿੜ ਇੱਛਾ ਸ਼ਕਤੀ ਦੀ ਅਣਹੋਂਦ, ਆਵਾਰਗੀ, ਜ਼ਿੰਦਗ਼ੀ ਜਿਉਣ ਦੇ ਚਾਅ ਤੇ ਉਦਾਸੀ ਦੀ ਘਣਘੋਰ ਘੱਟਾ ਦਾ ਛਾ ਜਾਣਾ ਅਤੇ 14-15 ਸਾਲ ਦੀ ਉਮਰ ਵਿਚ ਹੀ ਮਨੋਬਲ ਦਾ ਢਹਿੰਦੀਆਂ ਕਲਾਂ ਵਿਚ ਜਾਣ ਲਈ ਕੌਣ ਜੁੰਮੇਵਾਰ ਹੈ? ਦਰਅਸਲ ਵਿਦਿਆਰਥੀ ਵਰਗ ਦੀ ਜ਼ਿੰਦਗ਼ੀ ਦਾ ਪਰਵਾਹ ਹੜ੍ਹਾਂ ਦੇ ਪਾਣੀ ਵਰਗਾ ਹੁੰਦਾ ਹੈ। ਹੜ੍ਹਾਂ ਦੇ ਪਾਣੀ ਨੂੰ ਜੇਕਰ ਵਿਉਂਤਬੰਦੀ ਨਾਲ ਨਾਲਿਆਂ, ਰਜਵਾਹਿਆਂ ਅਤੇ ਨਹਿਰਾਂ ਵਿਚ ਪਾਇਆ ਜਾਵੇ ਤਾਂ ਇਸ ਪਾਣੀ ਦੀ ਵਰਤੋਂ ਸਿੰਚਾਈ ਅਤੇ ਬਿਜਲੀ ਪ੍ਰਾਪਤ ਕਰਨ ਲਈ ਕੀਤੀ ਜਾ ਸਕਦੀ ਹੈ। ਪਰ ਜੇਕਰ ਅਜਿਹਾ ਨਾ ਕੀਤਾ ਜਾਵੇ ਤਾਂ ਹੜ੍ਹਾਂ ਦੇ ਇਸ ਪਾਣੀ ਨੇ ਫਸਲਾਂ ਦੀ ਬਰਬਾਦੀ ਦੇ ਨਾਲ ਨਾਲ ਘਰਾਂ ਅਤੇ ਮਨੁੱਖੀ ਜ਼ਿੰਦਗ਼ੀ ਦਾ ਸੰਤੁਲਨ ਹੀ ਵਿਗਾੜ ਦੇਣਾ ਹੈ। ਇਸ ਉਮਰ ਵਿਚ ਵਿਦਿਆਰਥੀਆਂ ਨੂੰ ਕਿਤਾਬੀ ਪੜ੍ਹਾਈ ਦੇ ਨਾਲ ਨਾਲ ਜ਼ਿੰਦਗ਼ੀ ਦੀ ਪੜ੍ਹਾਈ ਦਾ ਪਾਠ ਪੜ੍ਹਾਇਆ ਜਾਣਾ ਅਤਿਅੰਤ ਜਰੂਰੀ ਹੈ। ਕਿਤਾਬੀ ਪੜ੍ਹਾਈ ਵਿਚ ਪਹਿਲਾਂ ਪਾਠ ਪੜ੍ਹਾਇਆ ਜਾਂਦਾ ਹੈ ਅਤੇ ਪ੍ਰੀਖਿ਼ਆ ਬਾਅਦ ਵਿਚ ਹੁੰਦੀ ਹੈ, ਪਰ ਜ਼ਿੰਦਗ਼ੀ ਦੀ ਪੜ੍ਹਾਈ ਵਿਚ ਇਮਤਿਹਾਨ ਪਹਿਲਾਂ ਹੁੰਦਾ ਹੈ ਅਤੇ ਬਾਅਦ ਵਿਚ ਸਬਕ ਮਿਲਦਾ ਹੈ। ਦੋਨਾਂ ਤਰ੍ਹਾਂ ਦੀ ਪੜ੍ਹਾਈ ਦਾ ਸੁਮੇਲ ਨਾ ਹੋਣ ਕਾਰਨ ਹੀ ਬਹੁਤ ਸਾਰੇ ਵਿਦਿਆਰਥੀ ਜ਼ਿੰਦਗ਼ੀ ਦੀ ਦੌੜ ਵਿਚ ਫਾਡੀ ਰਹਿ ਰਹੇ ਹਨ। ਕਈ ਸਕੂਲਾਂ ਵਿਚ ਖਿੜਕੀ ਦੀ ਇੱਟ ਚੁਬਾਰੇ ਨੂੰ ਲੱਗੀ ਹੋਣ ਕਾਰਨ ਵਿਦਿਆਰਥੀਆਂ ਦੇ ਜੀਵਨ ਤੇ ਮਾਰੂ ਅਸਰ ਪੈ ਰਿਹਾ ਹੈ। ਮਿਤੀ 13-7-2016 ਨੂੰ ਉਸ ਵੇਲੇ ਦੇ ਵਿਦਿਆ ਮੰਤਰੀ ਨੇ ਉਨ੍ਹਾਂ 500 ਅਧਿਆਪਕਾਂ ਨੂੰ ਚੰਡੀਗੜ੍ਹ ਸੱਦ ਕੇ ਕਲਾਸ ਲਾਈ ਸੀ, ਜਿਨ੍ਹਾਂ ਅਧਿਆਪਕਾਂ ਦੇ ਵਿਸ਼ੇ ਵਾਰ ਨਤੀਜੇ ਕਾਫੀ ਘੱਟ ਸਨ। ਇਨ੍ਹਾਂ ਅਧਿਆਪਕਾਂ ਵਿੱਚੋਂ ਕਈ ਅਧਿਆਪਕ ਸਹੀ ਤਰੀਕੇ ਨਾਲ ਸਬੰਧਤ ਜਾਣਕਾਰੀ ਵਾਲਾ ਫਾਰਮ ਵੀ ਠੀਕ ਢੰਗ ਨਾਲ ਨਹੀਂ ਭਰ ਸਕੇ। ਭਰੇ ਫਾਰਮਾਂ ਵਿਚ ਪੰਜਾਬੀ, ਅੰਗਰੇਜੀ ਅਤੇ ਹਿੰਦੀ ਭਾਸ਼ਾ ਦੀਆਂ ਕਈ ਗ਼ਲਤੀਆਂ ਸਾਹਮਣੇ ਆਈਆਂ । ਪੇਂਡੂ ਸਕੂਲਾਂ ਦੇ ਕਰਵਾਏ ਸਰਵੇਖਣ ਵਿਚ ਸਾਹਮਣੇ ਆਇਆ ਹੈ ਕਿ ਪੰਜਵੀਂ ਜਮਾਤ ਦੇ 30 ਫੀਸਦੀ ਅਤੇ ਅੱਠਵੀਂ ਜਮਾਤ 12 ਫੀਸਦੀ ਵਿਦਿਆਰਥੀ ਪਹਿਲੀ ਜਮਾਤ ਦੀ ਕਿਤਾਬ ਤੋਂ ਅੱਗੇ ਨਹੀਂ ਟੱਪੇ। ਪੰਜਵੀਂ ਦੇ 31.2 ਫੀਸਦੀ ਅਤੇ ਅੱਠਵੀਂ ਦੇ 17.9 ਫੀਸਦੀ ਬੱਚਿਆਂ ਨੂੰ ਸਾਧਾਰਣ ਗੁਣਾ ਵੀ ਨਹੀਂ ਆਉਂਦੀ।
ਜਦੋਂ ਇਸ ਸਬੰਧ ਵਿਚ ਮਾਪਿਆਂ ਦੀ ਭੂਮਿਕਾ ਤੇ ਨਜ਼ਰ ਮਾਰਦੇ ਹਾਂ ਤਾਂ ਉਨ੍ਹਾਂ ਦਾ ਜ਼ਿਆਦਾ ਜ਼ੋਰ ਆਪਣੇ ਬੱਚਿਆਂ ਨੂੰ ਮਹਿੰਗੇ ਪ੍ਰਾਈਵੇਟ ਸਕੂਲਾਂ ਵਿਚ ਦਾਖਲ ਕਰਵਾਉਣ ਦੇ ਨਾਲ ਨਾਲ ਮਹਿੰਗੀ ਟਿਊਸ਼ਨ ਦਾ ਪ੍ਰਬੰਧ ਕਰਨਾ ਅਤੇ ਆਪਣੇ ਬੱਚਿਆਂ ਨੂੰ ਮਹਿੰਗੇ ਮੋਬਾਇਲ, ਮਹਿੰਗੇ ਮੋਟਰਸਾਈਕਲ ਅਤੇ ਹੋਰ ਸਹੂਲਤਾਂ ਦੇਣ ਤੇ ਲੱਗਿਆ ਹੋਇਆ ਹੈ। ਭਲਾਂ ਕਿੰਨ੍ਹੇ ਕੁ ਮਾਪੇ ਆਪਣੇ ਬੱਚਿਆਂ ਦੀ ਕਾਰਗੁਜ਼ਾਰੀ ਦਾ ਪਤਾ ਕਰਨ ਲਈ ਸਕੂਲ ਜਾਂਦੇ ਹਨ? ਕਿੰਨ੍ਹੇ ਕੁ ਮਾਪਿਆਂ ਦਾ ਸਕੂਲ ਅਧਿਆਪਕਾਂ ਨਾਲ ਟੈਲੀਫੋਨ ਤੇ ਸੰਪਰਕ ਰਹਿੰਦਾ ਹੈ? ਇਸ ਸਬੰਧੀ ਇੱਕ ਸਰਕਾਰੀ ਸਕੂਲ ਦੇ ਅਧਿਆਪਕ ਨੇ ਭਰੇ ਮਨ ਨਾਲ ਦੱਸਿਆ ਕਿ ਮਾਪੇ-ਅਧਿਆਪਕ ਮਿਲਣੀ ਸਮੇਂ 2-3 ਫੀਸਦੀ ਮਾਪੇ ਹੀ ਸਕੂਲ ਵਿਚ ਆ ਕੇ ਆਪਣੇ ਬੱਚਿਆਂ ਦੀ ਕਾਰਗੁਜ਼ਾਰੀ ਸਬੰਧੀ ਵਿਚਾਰ-ਵਟਾਂਦਰਾ ਕਰਦੇ ਹਨ। ਸਾਲਾਨਾਂ ਪ੍ਰੀਖਿ਼ਆ ਦੇ ਨਤੀਜੇ ਦਾ ਐਲਾਨ ਕਰਨ ਵੇਲੇ ਵੀ ਵਿਰਲੇ ਮਾਪੇ ਹੀ ਸਕੂਲ ਵਿਚ ਦਸਤਕ ਦਿੰਦੇ ਹਨ। ਅਧਿਆਪਕ ਵੀ ਮਾਪਿਆਂ ਤੋਂ ਸਹਿਯੋਗ ਅਤੇ ਹੱਲਾਸ਼ੇਰੀ ਦੀ ਆਸ ਕਰਦਾ ਹੈ, ਪਰ ਅਕਸਰ ਮਾਪੇ ਇਹ ਨਾਰਾਜ਼ਗ਼ੀ ਜਾਹਿਰ ਕਰਨ ਲਈ ਜਰੂਰ ਸਕੂਲ ਪਹੁੰਚ ਜਾਂਦੇ ਹਨ ਕਿ ਸਾਡੇ ਬੱਚੇ ਨੂੰ ਘੂਰਿਆ ਕਿਉਂ ਹੈ? ਭਲਾਂ ਅਜਿਹੀ ਸਥਿਤੀ ਵਿਚ ਅਧਿਆਪਕਾਂ ਅਤੇ ਮਾਪਿਆਂ ਦਰਮਿਆਨ ਉਸਾਰੂ, ਗੁਣਾਤਮਕ, ਸੇਧਮਈ ਅਤੇ ਮਿਲ-ਵਰਤਣ ਵਾਲਾ ਰਿਸ਼ਤਾ ਕਿੰਝ ਸਿਰਜਿਆ ਜਾ ਸਕਦਾ ਹੈ? ਅਜਿਹੀ ਬੇਰੁਖੀ ਤੋਂ ਅਧਿਆਪਕ ਵਰਗ ਉਦਾਸ ਹੈ। ਇੱਥੇ ਹੀ ਬੱਸ ਨਹੀਂ ਮਾਪਿਆਂ ਅਤੇ ਵਿਦਿਆਰਥੀਆਂ ਅੰਦਰ ਇਹ ਧਾਰਨਾ ਹੈ ਕਿ ਸਕੂਲ ਵਿੱਚ ਅਧਿਆਪਕ ਨੇ ਵਿਦਿਆਰਥੀ ਨੂੰ ਘੂਰਨਾ ਨਹੀਂ, ਗੈਰ ਹਾਜ਼ਰੀ ਨਹੀਂ ਲਾਉਣੀ ਅਤੇ ਸਾਲਾਨਾਂ ਪਰਿਖਿਆ ਵਿਚ ਫੇਲ੍ਹ ਵੀ ਨਹੀਂ ਕਰਨਾ। ਇਸ ਧਾਰਨਾ ਨੇ ਅਧਿਆਪਕ, ਵਿਦਿਆਰਥੀ ਅਤੇ ਮਾਪਿਆਂ ਦੇ ਰਿਸ਼ਤੇ ਵਿਚ ਡੂੰਘੀ ਖਾਈ ਪਾ ਦਿੱਤੀ ਹੈ ਅਤੇ ਦੂਜੇ ਪਾਸੇ ਮਹਿੰਗੀ ਟਿਊਸ਼ਨ ਨੇ ਵਿਦਿਆਰਥੀਆਂ ਦੇ ਦਿਮਾਗ ਵਿੱਚ ਇਹ ਵਿਚਾਰ ਪੈਦਾ ਕਰ ਦਿੱਤਾ ਹੈ ਕਿ ਸਿੱਖਿਆ ਖਰੀਦਣ ਅਤੇ ਵੇਚਣਯੋਗ ਵਸਤੂ ਹੈ। ਇਸ ਧਾਰਨਾਂ ਕਾਰਨ ਹੀ ਅਧਿਆਪਕਾਂ ਅਤੇ ਵਿਦਿਆਰਥੀਆਂ ਦਰਮਿਆਨ ਇੱਕ ਦੁਕਾਨਦਾਰ ਅਤੇ ਗਾਹਕ ਵਰਗਾ ਰਿਸ਼ਤਾ ਬਣ ਗਿਆ ਹੈ। ਅਧਿਆਪਕ ਵਰਗ ਦਾ ਸਰਕਾਰ ਪ੍ਰਤੀ ਵੀ ਗੰਭੀਰ ਸ਼ਿਕਵਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 1967-68 ਵਿਚ ਸਿੱਖਿਆ ਦਾ ਬਜਟ ਕੁੱਲ ਬਜਟ ਦਾ 36.22 ਫੀਸਦੀ ਹੁੰਦਾ ਸੀ, ਜੋ ਹੁਣ ਸੁੰਗੜ ਕੇ 12.40 ਫੀਸਦੀ ਰਹਿ ਗਿਆ ਹੈ। ਜਿਸ ਕਾਰਨ ਸਕੂਲ ਦੀਆਂ ਮੁੱਢਲੀਆਂ ਸਹੂਲਤਾਂ ਅਤੇ ਸਟਾਫ਼ ਦੀ ਘਾਟ ਜਿਹਿਆਂ ਸਮੱਸਿਆਵਾਂ ਨਾਲ ਅਧਿਆਪਕਾਂ ਨੂੰ ਜੂਝਣਾ ਪੈ ਰਿਹਾ ਹੈ। ਇੱਕ ਹੀ ਸਕੂਲ ਵਿੱਚ ਬਰਾਬਰ ਦੀ ਯੋਗਤਾ ਵਾਲੇ ਅਧਿਆਪਕਾਂ ਨੂੰ ਐਸ.ਐਸ.ਏ., ਰਮਸਾ, ਸੀ.ਐਫ.ਐਸ., ਈ.ਜੀ.ਐਸ., ਸਿੱਖਿਆ ਕਰਮੀ, ਐਸ.ਟੀ.ਆਰ, 3442 ਅਤੇ 5178 ਜਿਹੀਆਂ ਵੱਖ-ਵੱਖ ਕੈਟਾਗਿਰੀਆਂ ਵਿਚ ਵੰਡ ਕੇ ਇੱਕ ਛੱਤ ਥੱਲੇ ਕੰਮ ਕਰਨ ਵਾਲੇ ਅਧਿਆਪਕਾਂ ਵਿਚੋਂ ਕਿਸੇ ਦੀ ਵੱਧ ਤਨਖਾਹ ਅਤੇ ਕਿਸੇ ਦੀ ਨਗੂਣੀ ਤਨਖਾਹ(ਉਹ ਵੀ ਸਮੇਂ ਸਿਰ ਨਾ ਮਿਲਣੀ) ਨੇ ਵੀ ਅਧਿਆਪਕਾਂ ਨੂੰ ਮਾਨਸਿਕ ਤੌਰ ਤੇ ਸਮੱਰਪਿਤ ਭਾਵਨਾ ਨਾਲ ਕੰਮ ਕਰਨ ਵਿਚ ਰੁਕਾਵਟ ਪੈਦਾ ਕੀਤੀ ਹੈ। ਕੌਮ ਦੇ ਨਿਰਮਾਤਾ ਨੂੰ ਹੀ ਆਪਣੀਆਂ ਮੰਗਾਂ ਦੀ ਪੂਰਤੀ ਲਈ ਧਰਨਿਆਂ, ਮੁਜ਼ਾਹਰਿਆਂ ਅਤੇ ਭੁੱਖ ਹੜਤਾਲਾਂ ਦਾ ਸਹਾਰਾ ਲੈਣਾ ਪਵੇ ਤਾਂ ਅਜਿਹੀ ਹਾਲਤ ਵਿਚ ਵਿਦਿਆਰਥੀ ਵਰਗ ਤੇ ਇਸ ਦਾ ਮਾਰੂ ਅਸਰ ਪੈਂਦਾ ਹੈ। ਸਰਕਾਰੀ ਅਧਿਆਪਕਾਂ ਦੀਆਂ ਸਮੱਸਿਆਵਾਂ, ਨਿੱਜੀ ਵਿਦਿਅਕ ਅਦਾਰਿਆਂ ਚ ਮਾਪਿਆਂ ਦੀ ਦਿਲਚਸਪੀ ਅਤੇ ਸਿੱਖਿਆ ਦੀ ਬਹਾਲੀ ਸਬੰਧੀ ਦਰਜ ਕਈ ਪਟੀਸ਼ਨਾਂ ਦਾ ਨਿਪਟਾਰਾ ਕਰਦਿਆਂ ਇਲਾਹਾਬਾਦ ਹਾਈ ਕੋਰਟ ਦੇ ਮਾਣਯੋਗ ਜੱਜ ਸੁਧੀਰ ਅਗਰਵਾਲ ਨੇ 18-8-2015 ਨੂੰ ਆਪਣੇ ਫੈਸਲੇ ਵਿਚ ਸੂਬੇ ਦੇ ਮੁੱਖ ਸਕੱਤਰ ਨੂੰ ਆਦੇਸ਼ ਦਿੱਤਾ ਸੀ ਕਿ ਸਰਕਾਰੀ ਮੁਲਾਜ਼ਮ, ਹੋਰ ਅਧਿਕਾਰੀ, ਨਾਮਜ਼ਦ ਨੁਮਾਇੰਦੇ, ਜੱਜ, ਸਰਕਾਰੀ ਖਜ਼ਾਨੇ ੋਚੋਂ ਤਨਖ਼ਾਹ ਅਤੇ ਹੋਰ ਲਾਭ ਹਾਸਲ ਕਰਨ ਵਾਲੇ ਨਿਗਮ, ਅਰਧ ਸਰਕਾਰੀ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਸਾਰੇ ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਪੜ੍ਹਾਉਣ। ਅਜਿਹਾ ਫੈਸਲਾ ਜੇਕਰ ਪੰਜਾਬ ਵਿਚ ਵੀ ਲਾਗੂ ਹੋ ਜਾਵੇ ਤਾਂ ਜਿੱਥੇ ਦੂਹਰੀ ਸਿੱਖਿਆ ਪ੍ਰਣਾਲੀ ਨੂੰ ਠੱਲ ਪਵੇਗੀ, ਉਥੇ ਹੀ ਉੱਚ ਅਧਿਕਾਰੀਆਂ ਅਤੇ ਸਿਆਸਤਦਾਨਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਦਾਖ਼ਲ ਹੋਣ ਨਾਲ ਉਹ ਸਕੂਲਾਂ ਦੀਆਂ ਸਮੱਸਿਆਵਾਂ ਤੋਂ ਪੂਰੀ ਤਰ੍ਹਾਂ ਜਾਣੂ ਹੋ ਜਾਣਗੇ ਅਤੇ ਉਨ੍ਹਾਂ ਦੇ ਹੱਲ ਲਈ ਯਤਨ ਵੀ ਕਰਨਗੇ। ਫਿਰ ਹੀ ਮਲਿਕ ਭਾਗੋ ਦੇ ਵਾਰਸਾਂ ਦੀ ਥਾਂ ਭਾਈ ਲਾਲੋ ਦੇ ਵਾਰਸ ਪੈਦਾ ਹੋਣਗੇ ਅਤੇ ਉਨ੍ਹਾਂ ਉਪਰ ਹਿੰਸਾਤਮਕ ਜਿਹੀ ਮਾਰੂ ਸੋਚ ਭਾਰੂ ਨਹੀਂ ਹੋਵੇਗੀ।

ਪ੍ਰੋਜੈਕਟ ਡਾਇਰੈਕਟਰ
ਨਸ਼ਾ ਛੁਡਾਊ ਕੇਂਦਰ, ਸੰਗਰੂਰ
ਮੋ: 94171-48866

Real Estate