ਡਿਊਟੀ ਜਾਣ ਤੋਂ ਪਹਿਲਾਂ ਮਨਿੰਦਰ ਸਿੰਘ ਨੇ ਪਿਤਾ ਨੂੰ ਕਿਹਾ ‘ਤੁਹਾਡੇ ਹੱਥਾਂ ਦੀ ਆਖਰੀ ਚਾਹ ਪੀਣ ਲੱਗਿਆਂ’

1271

”ਮਨਿੰਦਰ ਜਾਣ ਤੋਂ ਪਹਿਲਾਂ ਚਾਹ ਪੀਣ ਲੱਗਿਆਂ ਕਹਿੰਦਾ ਸੀ ਤੁਹਾਡੇ ਹੱਥਾਂ ਦੀ ਆਖਰੀ ਚਾਹ ਪੀਣ ਲੱਗਿਆਂ।” ਇਹ ਗੱਲ ਪੁਲਵਾਮਾ ਹਮਲੇ ‘ਚ ਦੀਨਾਨਗਰ ਦੇ ਰਹਿਣ ਵਾਲੇ ਸੀਆਰਪੀਐੱਫ ਜਵਾਨ ਮਨਿੰਦਰ ਸਿੰਘ ਦੀ ਵੀ ਮੌਤ ਮਗਰੋਂ ਉਨ੍ਹਾਂ ਦੇ ਪਿਤਾ ਸਤਪਾਲ ਨੇ ਕਹੀ। 14 ਫਰਵਰੀ ਨੂੰ ਭਾਰਤ ਸਾਸ਼ਿਤ ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਆਤਮਘਾਤੀ ਹਮਲੇ ਵਿੱਚ ਮਾਰੇ ਗਏ ਸੀਆਰਪੀਐੱਫ ਦੇ ਜਵਾਨਾਂ ਵਿੱਚੋਂ 4 ਪੰਜਾਬ ਤੋਂ ਵੀ ਸਨ।ਮਨਿੰਦਰ ਵੀ ਇੱਕ ਦਿਨ ਪਹਿਲਾਂ ਹੀ ਡਿਊਟੀ ਜੁਆਇਨ ਕਰਨ ਲਈ ਘਰੋਂ ਰਵਾਨਾ ਹੋਇਆ ਸੀ।
ਬੀਬੀਸੀ ਨੇ ਮਨਿੰਦਰ ਸਿੰਘ ਦੇ ਪਰਿਵਾਰ ਨਾਲ ਗੱਲਬਾਤ ਕੀਤੀ। ਮਨਿੰਦਰ ਦੇ ਪਿਤਾ ਸਤਪਾਲ ਅਤਰੀ ਹਮਲੇ ਤੋਂ ਇੱਕ ਦਿਨ ਪਹਿਲਾਂ 13 ਫਰਵਰੀ ਨੂੰ ਪੁੱਤਰ ਨਾਲ ਬੈਠੇ ਚਾਹ ਪੀ ਰਹੇ ਸਨ।ਸਤਪਾਲ ਦੇ ਚਿਹਰੇ ‘ਤੇ ਮਾਯੂਸੀ ਅਤੇ ਬੇਬਸੀ ਸੀ, ਪੁੱਤਰ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ, ”ਮਨਿੰਦਰ ਜਾਣ ਤੋਂ ਪਹਿਲਾਂ ਚਾਹ ਪੀਣ ਲੱਗਿਆਂ ਕਹਿੰਦਾ ਸੀ ਤੁਹਾਡੇ ਹੱਥਾਂ ਦੀ ਆਖਰੀ ਚਾਹ ਪੀਣ ਲੱਗਿਆਂ।””ਮੈਂ ਉਸ ਨੂੰ ਕਿਹਾ ਕਿ ਬੇਟਾ ਐਦਾਂ ਨਾ ਕਹਿ ਤੂੰ ਮੁੜ ਛੁੱਟੀ ‘ਤੇ ਆਉਣਾ ਹੀ ਹੈ, ਅੱਗੋਂ ਕਹਿੰਦਾ ਕਿ ਅਪ੍ਰੈਲ ਵਿੱਚ ਛੁਟੀ ਮਿਲੇਗੀ ਤਾਂ ਆਵਾਂਗਾ।”
ਪਿਤਾ ਨੇ ਅੱਗੇ ਦੱਸਿਆ, “ਜੰਮੂ ਪਹੁੰਚ ਕੇ ਮੈਨੂੰ ਉਸ ਦਾ ਫੋਨ ਆਇਆ, ਪੁੱਛਦਾ ਸੀ, ਡੈਡੀ ਤੁਸੀਂ ਰੋਟੀ ਖਾ ਲਈ? ਮੈਂ ਉਸ ਨੂੰ ਦੱਸਿਆ ਕਿ ਹਾਂ ਬੇਟਾ, ਜਿਹੜੀ ਸਬਜ਼ੀ ਤੂੰ ਬਣਾ ਕੇ ਗਿਆ ਸੀ ਉਸੇ ਨਾਲ ਖਾ ਲਈ ਹੈ।।। ਕਹਿੰਦਾ ਸੀ ਕਿ ਮੁੜ ਕੇ ਕਰੇਗਾ ਫੋਨ ਹੁਣ ਕਿੱਥੇ ਆਉਣਾ ਮੇਰੇ ਬੇਟੇ ਨੇ?”ਮਨਿੰਦਰ ਦੀ ਭੈਣ ਲਵਲੀ ਨੇ ਦੱਸਿਆ, ”ਮਾਂ ਦੀ 9 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਮੈਂ ਹੀ ਪੇਕੇ ਘਰ ਆ ਕੇ ਪਿਤਾ ਦੇ ਕੰਮ ਕਰਦੀ ਸੀ। ਮਨਿੰਦਰ ਦਾ ਹਾਲੇ ਵਿਆਹ ਕਰਨਾ ਸੀ।”ਲਵਲੀ ਨੇ ਅੱਗੇ ਦੱਸਿਆ, “ਆਖ਼ਰੀ ਵਾਰ ਬਸ ਇਹੀ ਗੱਲ ਹੋਈ ਸੀ।।।ਮੈਂ ਚੱਲਿਆਂ ਦੀਦੀ, ਤੁਸੀਂ ਆਇਓ ਕਿਸੇ ਦਿਨ ਘਰ। ਡੈਡੀ ਦਾ ਧਿਆਨ ਰੱਖਿਓ ਤੇ ਮੇਰੇ ਕੱਪੜੇ ਵਗੈਰਾ ਧੋ ਜਾਇਓ।””ਆਖ਼ਰੀ ਸ਼ਬਦ ਜੋ ਮੇਰੇ ਸੀ, ਉਹ ਇਹ ਸੀ ਕਿ ਮੈਂ ਵੀ ਤੇਰੀ ਸ਼ਾਦੀ ਕਰਨੀ ਹੈ।”

Real Estate