ਜੰਮੂ ਵਿੱਚ ਲਾਇਆ ਗਿਆ ਕਰਫ਼ਿਊ

837

ਪੁਲਵਾਮਾ ਵਿੱਚ ਸੀਆਰਪੀਐਫ਼ ਦੇ ਕਾਫ਼ਲੇ ’ਤੇ ਦਹਿਸ਼ਤੀ ਹਮਲੇ ਦੇ ਰੋਸ ਵਜੋਂ ਵੱਡੇ ਪੱਧਰ ’ਤੇ ਹੋਏ ਪ੍ਰਦਰਸ਼ਨਾਂ ਤੇ ਹਿੰਸਾ ਦੀਆਂ ਘਟਨਾਵਾਂ ਦੇ ਚਲਦਿਆਂ ਜੰਮੂ ਸ਼ਹਿਰ ਵਿੱਚ ਇਹਤਿਆਤ ਵਜੋਂ ਕਰਫਿਊ ਲਾ ਦਿੱਤਾ ਗਿਆ । ਫੌਜ ਨੇ ਕਈ ਨਾਜ਼ੁਕ ਖੇਤਰਾਂ ਵਿੱਚ ਫਲੈਗ ਮਾਰਚ ਵੀ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਕਰਫਿਊ ਫਿਰਕੂ ਹਿੰਸਾ ਫੈਲਣ ਦੇ ਡਰੋਂ ਲਾਇਆ ਗਿਆ ਹੈ। ਉਧਰ ਇੰਟਰਨੈੱਟ ਸੇਵਾਵਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।
ਜੰਮੂ ਦੇ ਡਿਪਟੀ ਕਮਿਸ਼ਨਰ ਰਮੇਸ਼ ਕੁਮਾਰ ਨੇ ਦੱਸਿਆ, ‘ਅਸੀਂ ਇਹਤਿਆਤ ਵਜੋਂ ਜੰਮੂ ਸ਼ਹਿਰ ਵਿੱਚ ਕਰਫਿਊ ਲਾ ਦਿੱਤਾ ਹੈ।’ ਅਧਿਕਾਰੀਆਂ ਮੁਤਾਬਕ ਕਰਫਿਊ ਦੌਰਾਨ ਜੰਮੂ ਸ਼ਹਿਰ ਪੂਰੀ ਤਰ੍ਹਾਂ ਬੰਦ ਰਿਹਾ। ਸੜਕਾਂ ’ਤੇ ਕੋਈ ਵਾਹਨ ਨਜ਼ਰ ਨਹੀਂ ਆਇਆ ਤੇ ਸਾਰੀਆਂ ਦੁਕਾਨਾਂ ਅਤੇ ਬਾਜ਼ਾਰ ਵੀ ਬੰਦ ਰਹੇ। ਇਸ ਤੋਂ ਪਹਿਲਾਂ ਹਮਲੇ ਦੇ ਰੋਸ ਵਜੋਂ ਜੰਮੂ ਸ਼ਹਿਰ ਵਿੱਚ ਦਰਜਨਾਂ ਥਾਵਾਂ ’ਤੇ ਲੋਕ ਸੜਕਾਂ ’ਤੇ ਉੱਤਰ ਆਏ। ਉਨ੍ਹਾਂ ਜਿਊਲ ਚੌਕ, ਪੁਰਾਣੀ ਮੰਡੀ, ਰੇਹਾੜੀ, ਸ਼ਕਤੀਨਗਰ, ਪੱਕਾ ਡਾਂਗਾ, ਜਾਨੀਪੁਰ, ਗਾਂਧੀਨਗਰ ਤੇ ਬਖ਼ਸ਼ੀਨਗਰ ਵਿੱਚ ਪਾਕਿਸਤਾਨ ਵਿਰੋਧੀ ਨਾਅਰੇ ਲਾਏ। ਕੁਝ ਰਿਪੋਰਟਾਂ ਮੁਤਾਬਕ ਗੁੱਜਰ ਨਗਰ ਖੇਤਰ ਵਿੱਚ ਪ੍ਰਦਰਸ਼ਨਕਾਰੀਆਂ ਨੇ ਪੱਥਰਬਾਜ਼ੀ ਕਰਕੇ ਕੁਝ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ। ਹਾਲਾਂਕਿ ਪੁਲੀਸ ਦੇ ਤੁਰੰਤ ਹਰਕਤ ਵਿੱਚ ਆਉਣ ਕਰਕੇ ਵੱਡਾ ਟਕਰਾਅ ਟਲ ਗਿਆ। ਰੈਜ਼ੀਡੈਂਸੀ ਰੋਡ, ਕੱਚੀ ਛਾਉਣੀ ਤੇ ਡੋਗਰਾ ਹਾਲ ਖੇਤਰਾਂ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਪੁਲੀਸ ਨੂੰ ਡੰਡੇ ਵੀ ਵਰ੍ਹਾਉਣੇ ਪਏ। ਇਸ ਦੌਰਾਨ ਗੁੱਜਰ ਨਗਰ ਖੇਤਰ ਵਿੱਚ ਪ੍ਰਦਰਸ਼ਨਕਾਰੀਆਂ ਨੇ ਪੰਜ ਵਾਹਨਾਂ ਨੂੰ ਅੱਗ ਲਾ ਦਿੱਤੀ ਤੇ ਕੁਝ ਹੋਰਨਾਂ ਨੂੰ ਉਲਟਾ ਦਿੱਤਾ। ਪ੍ਰਦਰਸ਼ਨਕਾਰੀ, ਜਿਨ੍ਹਾਂ ਵਿੱਚ ਵੱਡੀ ਗਿਣਤੀ ਨੌਜਵਾਨਾਂ ਦੀ ਸੀ, ਨੇ ਪਾਕਿਸਤਾਨ ਤੇ ਦਹਿਸ਼ਤਗਰਦਾਂ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਕਈ ਸੜਕਾਂ ’ਤੇ ਟਾਇਰ ਵੀ ਫੂਕੇ।

Real Estate