ਫੂਲਕਾ ਨੇ ਸਹੀ ਨਹੀਂ ਲਿਖਿਆ ਆਪਣਾ ਅਸਤੀਫਾ !

1005

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਐਚਐਸ ਫੂਲਕਾ ਦੇ ਅਸਤੀਫੇ ਸਬੰਧੀ ਅਕਾਲੀ ਦਲ ਦੇ ਵਿਧਾਇਕਾਂ ਵੱਲੋਂ ਕੀਤੇ ਉਜਰ ਸਬੰਧੀ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ  ਫੂਲਕਾ ਦੇ ਅਸਤੀਫ਼ੇ ਦਾ ਸਰੂਪ (ਫਾਰਮੈਟ) ਸਹੀ ਨਹੀਂ ਹੈ, ਜਿਸ ਕਰਕੇ ਹੁਣ ਤੱਕ ਪ੍ਰਵਾਨ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ‘ਆਪ’ ਵਿਧਾਇਕ ਨੂੰ ਸਥਿਤੀ ਸਪੱਸ਼ਟ ਕਰਨ ਲਈ ਮੁੜ ਬੁਲਾਇਆ ਗਿਆ ਹੈ ਤੇ ਉਸ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ।
ਇਜਲਾਸ ਦੇ ਤੀਜੇ ਦਿਨ ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਦਰਮਿਆਨ ਅਜਿਹੀ ਤਲਖ਼ਕਲਾਮੀ ਹੋਈ ਕਿ ਨੌਬਤ ਨਿੱਜੀ ਇਲਜ਼ਾਮਤਰਾਸ਼ੀ ਤੱਕ ਪਹੁੰਚ ਗਈ। ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦਰਮਿਆਨ ਤਿੱਖੀ ਬਹਿਸ ਤੇ ਦੂਸ਼ਣਬਾਜ਼ੀ ਹੋਈ। ਵਿਧਾਇਕਾਂ ਦਰਮਿਆਨ ਤਲਖ਼ਕਲਾਮੀ ਦਾ ਨਤੀਜਾ ਇਹ ਨਿੱਕਲਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਡੇਰਾਬੱਸੀ ਤੋਂ ਵਿਧਾਇਕ ਐਨ ਕੇ ਸ਼ਰਮਾ ਅਤੇ ਕਾਂਗਰਸ ਦੇ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਸੰਪਤੀ ਦੀ ਜਾਂਚ ਲਈ ਹਾਊਸ ਦੀ ਵਿਸ਼ੇਸ਼ ਕਮੇਟੀ ਦੇ ਗਠਨ ਦਾ ਐਲਾਨ ਕਰ ਦਿੱਤਾ। ਨਾਗਰਾ ਅਤੇ ਸ਼ਰਮਾ ਦਰਮਿਆਨ ਧਰਮ ਦੇ ਮਾਮਲੇ ਨੂੰ ਲੈ ਕੇ ਤਿੱਖੀ ਸ਼ਬਦੀ ਜੰਗ ਹੋਈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਕਮੇਟੀ ਬਨਾਉਣ ਦੀ ਤਜਵੀਜ਼ ਰੱਖੀ, ਜਿਸ ਨੂੰ ਸਦਨ ਦੀ ਸਹਿਮਤੀ ਨਾਲ ਸਪੀਕਰ ਰਾਣਾ ਕੇ।ਪੀ। ਸਿੰਘ ਨੇ ਪ੍ਰਵਾਨ ਕਰ ਲਿਆ। ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮਨਪ੍ਰੀਤ ਸਿੰਘ ਬਾਦਲ ਦੀਆਂ ਜਾਇਦਾਦਾਂ ਦੀ ਜਾਂਚ ਵੀ ਹਾਊਸ ਕਮੇਟੀ ਨੂੰ ਦੇਣ ਦੀ ਗੱਲ ਕਹੀ, ਪਰ ਸਪੀਕਰ ਤੇ ਸਦਨ ਨੇ ਇਸ ਬਾਰੇ ਹਾਮੀ ਨਹੀਂ ਭਰੀ।

Real Estate