ਜਿੰਨ੍ਹਾਂ ਦੀ ਸ਼ਹਾਦਤ ਨਾਲ ਦੇਸ਼ ਵਾਸੀਆਂ ਦੀ ਅੱਖਾਂ ‘ਚ ਰੋਹ ਹੈ , ਸਰਕਾਰ ਦੀ ਨਜ਼ਰ ‘ਚ ਉਹ ‘ਸ਼ਹੀਦ’ ਨਹੀਂ

1320

ਜੰਮੂ –ਕਸ਼ਮੀਰ ਦੇ ਪੁਲਵਾਮਾ ‘ਚ ਅਤਿਵਾਦੀ ਹਮਲੇ ਵਿੱਚ ਸੀਆਰਪੀਐਫ ਦੇ 40 ਤੋਂ ਜਵਾਨ ਸ਼ਹੀਦ ਹੋ ਗਏ , ਜਦਕਿ ਕਈ ਜਵਾਨ ਜ਼ਖ਼ਮੀ ਹਨ , ਕੁਝ ਦੀ ਹਾਲਤ ਨਾਜ਼ਕ ਹੈ। ਸੀਆਰਪੀਐਫ, ਬੀਐਸਐਫ, ਆਈਟੀਬੀਪੀ ਜਾਂ ਅਜਿਹੀ ਕਿਸੇ ਹੋਰ ਫੋਰਸ ਜਿਸ ਨੂੰ ਪੈਰਾ ਮਿਲਟਰੀ ਫੋਰਸ ਕਿਹਾ ਜਾਂਦਾ ਹੈ , ਉਸਦੇ ਜਵਾਨ ਜੇ ਡਿਊਟੀ ਦੌਰਾਨ ਮਾਰੇ ਜਾਣ ਤਾਂ ਉਹਨਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਮਿਲਦਾ । ਜੰਮੂ – ਕਸ਼ਮੀਰ ਦੇ ਪੁਲਵਾਮਾ ਵਿੱਚ ਅਤਿਵਾਦੀ ਕਾਰਵਾਈ ਨੂੰ ਅੰਜ਼ਾਮ ਦਿੱਤਾ ਹੈ। ਅਤਿਵਾਦੀ ਨੇ ਸੁਰੱਖਿਆ ਬਲਾਂ ਦੇ ਕਾਫਿਲੇ ਨੂੰ ਨਿਸ਼ਾਨੇ ਬਣਾਉਦੇ ਹੋਏ ਇੱਕ ਵੱਡਾ ਹਮਲਾ ਕੀਤਾ। ਜਿਸਦੀ ਜਿੰਮੇਵਾਰੀ ਅਤਿਵਾਦੀ ਜਥੇਬੰਦੀ ਜੈਸ਼-ਏ-ਮਹੁੰਮਦ ਨੇ ਲਈ ਹੈ। ਜਿਸ ਅਤਿਵਾਦੀ ਨੇ ਇਸ ਹਮਲੇ ਨੂੰ ਅੰਜ਼ਾਮ ਦੇਣ ਦੀ ਗੱਲ ਆਖੀ ਹੈ ਉਹ ਆਦਿਲ ਅਹਿਮਦ ਡਾਰ ਹੈ, ਜਿਹੜੇ ਪੁਲਵਾਮਾ ਜਿਲ੍ਹੇ ਦੇ ਪਿੰਡ ਕਾਕਪੋਰਾ ਦਾ ਹੀ ਰਹਿਣ ਵਾਲਾ ਹੈ। ਕਿਹਾ ਜਾ ਰਿਹਾ ਹੈ ਕਿ ਆਦਿਲ ਪਿਛਲੇ ਸਾਲ ਫਰਵਰੀ ਵਿੱਚ ਮੋਸਟ ਵਾਂਟਿਡ ਅਤਿਵਾਦੀ ਜਾਕਿਰ ਮੂਸਾ ਦੇ ਗਜਵਤ-ਉਲ-ਹਿੰਦ ਵਿੱਚ ਸ਼ਾਮਿਲ ਹੋਇਆ ਸੀ ਅਤੇ ਕੁਝ ਮਹੀਨੇ ਪਹਿਲਾਂ ਹੀ ਉਹ ਜੈਸ਼ ਵਿੱਚ ਸ਼ਾਮਿਲ ਹੋਇਆ ਸੀ।
ਦੇਸ਼ ਦੇ ਰਾਖਿਆਂ ਦੀਆਂ ਕਿੰਨੀਆਂ ਕੀਮਤੀ ਜਾਨਾਂ ਚਲੀਆਂ ਗਈਆਂ , ਹਰੇਕ ਦੇਸ਼ ਵਾਸੀ ਹੰਝੂ ਕੇਰ ਰਿਹਾ ਹੈ। ਪਰ ਇਸ ਉਪਰ ਰਾਜਨੀਤੀ ਵੀ ਸਿਖਰ ‘ਤੇ ਹੈ। ਵਿਰੋਧੀ ਧਿਰਾਂ ਨੇ ਮੋਦੀ ਸਰਕਾਰ ਤੇ ਹਮਲਾ ਬੋਲਿਆ ਹੈ ਅਤੇ ਸਰਕਾਰ ਹਮਲੇ ਦਾ ਮੂੰਹਤੋੜ ਜਵਾਬ ਦੇਣ ਦਾ ਦਾਅਵਾ ਕਰ ਰਹੀ ਹੈ।
ਪ੍ਰਧਾਨ ਮੰਤਰੀ ਨੇ ਫਿਰ ਉਹੀ ਬਿਆਨ ਦਿੱਤਾ , ‘ ਜਵਾਨਾਂ ਦੀ ਸ਼ਹਾਦਤ ਬੇਅਰਥ ਨਹੀਂ ਜਾਵੇਗੀ ।’
ਜਵਾਨਾਂ ਦੀ ਸ਼ਹਾਦਤ ਉਪਰ ਰਾਜ ਨੇਤਾ ਰੋਟੀਆਂ ਸੇਕ ਰਹੇ ਹਨ , ਪਰ ਸੱਚ ਇਹ ਹੈ ਕਿ ਕਿਸੇ ਨੇ ਵੀ ਹੁਣ ਤੱਕ ਜਵਾਨਾਂ ਦੇ ਲਈ ਕੋਈ ਕਦਮ ਨਹੀਂ ਚੁੱਕਿਆ। ਜਵਾਨਾਂ ਦੀ ਜਾਨਾਂ ਚਲੀਆਂ ਗਈਆਂ ਹਨ , ਦੇਸ਼ ਦੇ ਲੋਕ ਉਹਨਾਂ ਨੂੰ ਸ਼ਹੀਦ ਸੰਬੋਧਨ ਕਰ ਰਹੇ ਹਨ । ਪਰ ਪੈਰਾਮਿਲਟਰੀ ਫੋਰਸ ਦੇ ਜਵਾਨਾਂ ਨੂੰ ਡਿਊਟੀ ‘ਤੇ ਸ਼ਹਾਦਤ ਦੇਣ ਉਪਰੰਤ ਵੀ ਸ਼ਹਾਦਤ ਦਾ ਦਰਜਾ ਨਹੀਂ ਮਿਲਦਾ।
ਜੇ ਥਲਸੈਨਾ, ਹਵਾਈ ਫੌਜ ਜਾਂ ਸਮੁੰਦਰੀ ਫੌਜ ਦੇ ਜਵਾਨ ਡਿਊਟੀ ਦੌਰਾਨ ਜਾਨ ਦਿੰਦੇ ਹਨ ਤਾਂ ਉਹਨਾਂ ਨੂੰ ਸਰਕਾਰੀ ਸ਼ਹੀਦ ਮੰਨਦੀ ਹੈ। ਭਾਰਤੀ ਫੌਜ ਦੇ ਇਹ ਤਿੰਨੇ ਅੰਗ ਰੱਖਿਆ ਮੰਤਰਾਲੇ ਦੇ ਤਹਿਤ ਕੰਮ ਕਰਦੇ ਹਨ । ਜਦਕਿ ਪੈਰਾ ਮਿਲਟਰੀ ਫੋਰਸਜ ਗ੍ਰਹਿ ਮੰਤਰਾਲੇ ਦੇ ਅਧੀਨ ਹੁੰਦੀ ਹੈ।
ਪੈਰਾ ਮਿਲਟਰੀ ਨੂੰ ਇਹ ਸਹੂਲਤਾਂ ਨਹੀਂ ਮਿਲਦੀਆਂ
ਸ਼ਹੀਦ ਨਾਲ ਭੇਦਭਾਵ ਦੀ ਗੱਲ ਹੋਵੇ ਜਾਂ ਫਿਰ ਪੈਨਸ਼ਨ , ਇਲਾਜ, ਕੈਂਟੀਨ ਦੀ , ਜੋ ਸਹੂਲਤਾਂ ਫੌਜ ਦੇ ਜਵਾਨਾਂ ਨੂੰ ਮਿਲਦੀਆਂ ਹਨ, ਉਹ ਪੈਰਾਮਿਲਟਰੀ ਨੂੰ ਨਹੀਂ ਦਿੱਤੀਆਂ ਜਾਂਦੀਆਂ । ਸਰਹੱਦ ‘ਤੇ ਗੋਲੀ ਫੌਜ ਦਾ ਜਵਾਨ ਖਾਂਦਾ ਹੈ ਜਾਂ ਬੀ ਐਸ ਐਫ ਦੇ ਜਵਾਨ ਦੀ ਛਾਤੀ ਛਲਣੀ ਹੁੰਦੀ ਹੈ । ਫੌਜ ਜਿੱਥੇ ਬਾਹਰੀ ਖ਼ਤਰਿਆਂ ਤੋਂ ਦੇਸ਼ ਦੀ ਰੱਖਿਆ ਕਰਦੀ ਹੈ, ਉੱਥੇ ਸੀਆਰਪੀਐਫ ਅੰਦਰੂਨੀ ਖ਼ਤਰਿਆਂ ਤੋਂ ਰਾਖੀ ਕਰਦੀ ਹੈ। ਪੈਰਾਮਿਲਟਰੀ ਦਾ ਜਵਾਨ ਜੇ ਅਤਿਵਾਦੀ ਜਾਂ ਨਕਸਲੀ ਹਮਲੇ ‘ਚ ਮਾਰਿਆ ਜਾਵੇ ਤਾਂ ਉਸਦੀ ਸਿਰਫ਼ ਮੌਤ ਹੁੰਦੀ ਹੈ, ਸਰਕਾਰ ਉਸਨੂੰ ਸ਼ਹੀਦ ਦਾ ਦਰਜ਼ਾ ਨਹੀਂ ਦਿੰਦੀ ।
ਸ਼ਹੀਦ ਜਵਾਨ ਦੇ ਪਰਿਵਾਰ ਵਾਲਿਆਂ ਨੂੰ ਰਾਜ ਸਰਕਾਰ ਵਿੱਚ ਨੌਕਰੀ ‘ਚ ਕੋਟਾ, ਸਿੱਖਿਆ ਸੰਸਥਾਵਾਂ ‘ਚ ਉਹਨਾਂ ਦੇ ਬੱਚਿਆਂ ਲਈ ਸੀਟਾਂ ਰਾਖਵੀਆਂ ਹੁੰਦੀਆਂ ਹਨ। ਪੈਰਾ ਮਿਲਟਰੀ ਦੇ ਜਵਾਨਾਂ ਲਈ ਅਜਿਹੀਆਂ ਸਹੂਲਤਾਂ ਨਹੀਂ ਹੁੰਦੀਆਂ , ਏਨਾ ਹੀ ਨਹੀਂ ਪੈਰਾ ਮਿਲਟਰੀ ਦੇ ਜਵਾਨਾਂ ਨੂੰ ਪੈਨਸ਼ਨ ਦੀ ਸਹੂਲਤ ਵੀ ਨਹੀਂ ਮਿਲਦੀ ,ਜਦੋਂ ਤੋਂ ਸਰਕਾਰੀ ਕਰਮਚਾਰੀਆਂ ਦੀ ਪੈਨਸ਼ਨ ਬੰਦ ਹੋਈ ਹੈ, ਉਦੋਂ ਤੋਂ ਸੀਆਰਪੀਐਫ ਦੀ ਪੈਨਸ਼ਨ ਬੰਦ ਕਰ ਦਿੱਤੀ ਗਈ ਹੈ। ਜਦਕਿ ਫੌਜ ਇਸ ਦਾਇਰੇ ਦੇ ਵਿੱਚ ਨਹੀਂ ।
ਇਹ ਸਾਫ ਹੈ ਕਿ ਵਿਰੋਧੀ ਧਿਰ ਹੋਵੇ ਜਾਂ ਸਰਕਾਰ , ਦੋਵੇ ਇੱਕ-ਦੂਜੇ ਤੇ ਦੋਸ਼ ਤਾਂ ਲਾਉਂਦੀਆਂ ਰਹੀਆਂ ਪਰ ਇਹਨਾਂ ਜਵਾਨਾਂ ਲਈ ਕੁਝ ਨਹੀਂ ਕੀਤਾ । ਕਾਂਗਰਸ ਸਰਕਾਰ ਵੀ ਸੱਤਾ ਵਿੱਚ ਰਹਿ ਚੁੱਕੀ ਹੈ ਅਤੇ ਹੁਣ ਬੀਜੇਪੀ ਸਰਕਾਰ ਸੱਤਾ ਵਿੱਚ ਹੈ। ਦੋਵਾਂ ਸਰਕਾਰਾਂ ਨੇ ਜਵਾਨਾਂ ਨੂੰ ਲੈ ਕੇ ਦਮਗਜੇ ਬਹੁਤ ਮਾਰੇ ਪਰ ਅਸਲ ਵਿੱਚ ਦੇਸ਼ ਦੇ ਜਵਾਨਾਂ ਦੇ ਲਈ ਕੋਈ ਵੱਡਾ ਕਦਮ ਨਹੀਂ ਚੁੱਕਿਆ ।

Real Estate