ਜੋ ਜਿੱਥੇ ਜੰਮੇ, ਉਸ ਭੌਇੰ ਦੇ ਵੀ ਸਕੇ ਨਾ ਹੋਏ

1335

ਪੰਜਾਬ ਵਿੱਚ ਜਾਂ ਬਾਹਰ ਰਹਿੰਦੇ ਕੁਝ ਅਖੌਤੀ ਬੁੱਧੀਜੀਵੀ ਸਿਰਫ ਦਿੱਲੀ ਦੀ ਬੋਲੀ ਬੋਲਦੇ ਨੇ, ਕਦੇ ਇਹ ਗੱਲ ਨਹੀ ਮੰਨਦੇ ਕਿ ਪੰਜਾਬ ਦੀ ਮੌਜੂਦਾ ਆਰਥਿਕ ਅਤੇ ਸਮਾਜਿਕ ਦੁਰਦਸ਼ਾ ਦੇ ਉਹ ਖ਼ੁਦ ਜ਼ੁੰਮੇਵਾਰ ਨੇ। ਜੇ ਉਹ ਆਪਣੀਆਂ ਨਿੱਜੀ ਗਰਜਾਂ ਪੂਰੀਆਂ ਕਰਨ ਲਈ ਸਟੇਟ ਅੱਗੇ ਬਿਨਾ-ਲੋੜੋਂ ਪੂਛ ਹਿਲਾਉਣੀ ਛੱਡ ਕੇ ਆਪਣੀ ਜੰਮਣ ਭੌਇੰ ਲਈ ਖੜ੍ਹ ਜਾਂਦੇ, ਬੋਲਦੇ ਤਾਂ ਅੱਜ ਪੰਜਾਬ ਦੀ ਹਾਲਤ ਕੁਝ ਹੋਰ ਹੁੰਦੀ।ਇਸ ਨਸਲ ਨੇ ਪਹਿਲਾਂ ਪੰਜਾਬ ਦੀਆ ਜਾਇਜ਼ ਮੰਗਾਂ ਦਾ ਦਿੱਲੀ ਦੇ ਕਹੇ ‘ਤੇ ਵਿਰੋਧ ਕੀਤਾ, ਫਿਰ ਪੰਜਾਬ ਦੀਆਂ ਜਾਇਜ਼ ਮੰਗਾਂ ਲਈ ਲੜੇ ਗਏ ਖਾੜਕੂ ਸੰਘਰਸ਼ ਦੇ ਖ਼ਿਲਾਫ਼ ਜ਼ਹਿਰ ਉਗਲਿਆ।ਇਹਨਾਂ ਦੇ ਖ਼ੁਦ ਦੇ ਕਹਿਣ ਮੁਤਾਬਿਕ ਪੰਜਾਬ ਵਿੱਚ ਖਾੜਕੂ ਧਿਰਾਂ ਦਾ ਕੋਈ ਅਧਾਰ ਨਹੀ ਹੈ ਤੇ ਨਾ ਹੀ ਖਾੜਕੂਵਾਦ ਦੁਬਾਰਾ ਉੱਠ ਸਕਦਾ ਹੈ ਤਾਂ ਫਿਰ ਇਨ੍ਹਾਂ ਨੂੰ ਸਵਾਲ ਹੈ ਕਿ ਫਿਰ ਹੁਣ ਤੁਹਾਡੇ ਤੋਂ ਪੰਜਾਬ ਦੀ ਹਾਲਤ ਠੀਕ ਕਿਓਂ ਨਹੀ ਹੁੰਦੀ? ਪੰਜਾਬ ਦੇ ਠੇਕੇਦਾਰੋ! ਕਰੋ ਪੰਜਾਬ ਦੇ ਪਾਣੀ ਨੂੰ ਜ਼ਹਿਰ ਮੁਕਤ, ਕਰੋ ਕੁੱਝ ਕਿਸਾਨਾਂ ਵਾਸਤੇ ਜਾਂ ਕੁਝ ਗਰੀਬ ਲੋਕਾਂ ਵਾਸਤੇ! ਤੁਹਾਡੇ ਕੋਲੋਂ ਤਾਂ ਪੰਜਾਬ ‘ਚ ਪੰਜਾਬੀ ਬੋਲੀ ਦੀ ਰਾਖੀ ਨਾ ਕਰ ਹੋਈ।
ਖਾੜਕੂਵਾਦ ਨੂੰ 1994 ‘ਚ ਮੁੱਕਿਆ ਦੱਸਣ ਵਾਲੇ ਹੁਣ ਇਹ ਵੀ ਦੱਸਣ ਕਿ 1994 ਤੋਂ ਲੈ ਕੇ 2019 ਤੱਕ ਪੱਚੀ ਸਾਲਾਂ ‘ਚ ਪੰਜਾਬ ਉਪਰ ਨੂੰ ਗਿਆ ਜਾਂ ਹੇਠਾਂ ਨੂੰ? ਪੰਜਾਬ ਸਿਰ ਕਰਜ਼ਾ ਬੀਤੇ ਪੱਚੀ ਸਾਲਾਂ ‘ਚ ਅਸਮਾਨ ਕਿਓਂ ਛੂਹ ਗਿਆ? ਹੁਣ ਤਾਂ ਖਾੜਕੂਵਾਦ ਨਹੀਂ ਸੀ।ਆਰਥਿਕ ਹਾਲਤ, ਪਾਣੀ, ਪ੍ਰਦੂਸ਼ਣ, ਪੜ੍ਹਾਈ, ਸਿਹਤ, ਬੌਧਿਕਤਾ.. ਦੱਸਣ ਤਾਂ ਸਹੀ ਕਿਸ ਮਾਮਲੇ ‘ਚ ਪੱਚੀ ਸਾਲਾਂ ਦੌਰਾਨ ਪੰਜਾਬ ਨੂੰ ਇਹ ਉਤਾਂਹ ਲੈ ਗਏ? ਹੇਠਾਂ ਹੀ ਹੇਠਾਂ ਗਿਆ ਹੈ। ਮੌਤਾਂ ਅੱਜ ਵੀ ਓਨੀਆਂ ਹੀ ਹੋ ਰਹੀਆਂ, ਹੁਣ ਖ਼ੁਦਕੁਸ਼ੀ ਜਾਂ ਨਸ਼ੇ ਨਾਲ ਮਰ ਰਹੇ ਹਨ।
ਸੱਚ ਤਾਂ ਇਹ ਹੈ ਕੇ ਇਹ ਸਟੇਟ-ਭਗਤ ਕੁੱਝ ਕਰਨ ਦੇ ਸਮਰੱਥ ਨਹੀਂ, ਸਿਵਾਏ ਆਪਣੀ ਨੌਕਰੀ-ਚਾਕਰੀ ਦੇ ਜਾਂ ਖੂਹ ਦੇ ਡੱਡੂ ਵਾਲੀ ਸੋਚ ਅਪਣਾਈ ਰੱਖਣ ਦੇ। ਇਹ ਦਿੱਲੀ ਦੇ ਡੰਡੇ ਦੀ ਮਾਰ ਨਹੀ ਝੱਲ ਸਕਦੇ, ਸਿਰਫ ਬੇਸ਼ਰਮੀ, ਢੀਠਤਾਈ ਤੇ ਖ਼ੁਦਗ਼ਰਜ਼ੀ ਨਾਲ ਦਿਨ-ਕਟੀ ਕਰ ਸਕਦੇ ਹਨ। ਪੰਜਾਬ ਦੀ ਹਾਲਤ ਸੁਧਾਰਨ ਦਾ ਇਨ੍ਹਾਂ ਕੋਲ ਕੋਈ ਹੱਲ ਨਹੀਂ ਹੈ ਪਰ ਪੰਜਾਬ ਨੂੰ ਦਿੱਲੀ ਦੀ ਕਲੋਨੀ ਬਣਾਉਣ ਲਈ ਇਹ ਪੂਰੀ ਤਰਾਂ ਯਤਨਸ਼ੀਲ ਹਨ।
ਹੁਣ ਸਮਾਂ ਆ ਗਿਆ ਹੈ ਕਿ ਇਹੋ ਜਿਹੇ ਅਖੌਤੀ ਦੇਸ਼ਭਗਤਾਂ/ਬੁੱਧੀਜੀਵੀਆਂ ਨੂੰ ਜਨਤਾ ਪੁੱਛੇ ਕਿ ਪਿਛਲੇ ਪੱਚੀ ਸਾਲਾਂ ‘ਚ ਪੰਜਾਬ ਦੀ ਹੋ ਰਹੀ ਲੁੱਟ ਖਸੁੱਟ ਨੂੰ ਰੋਕਣ ਵਾਸਤੇ ਇਨ੍ਹਾਂ ਕੀ ਕੀਤਾ ਹੈ? ਪੱਚੀ ਸਾਲ ਥੋੜੇ ਨੀ ਹੁੰਦੇ, ਹੁਣ ਇਹ ‘ਕਾਲ਼ੇ ਦੌਰ’ ਤੋਂ ਪੰਜਾਬ ਨੂੰ ’ਸੁਨਿਹਰੀ ਦੌਰ’ ‘ਚ ਕਿਓਂ ਨਾ ਲੈ ਗਏ? ਕਿਓਂ ਹੁਣ ਇਨ੍ਹਾਂ ਨੂੰ ਆਪਣੀ ਔਲਾਦ ਬਾਹਰ ਭੇਜਣੀ ਪੈ ਰਹੀ ਹੈ?ਸੱਚ ਤਾਂ ਇਹ ਹੈ ਕਿ ਸਰਕਾਰੀ ਸੰਦ ਬਣਕੇ ਸਦਾ ਵਾਂਗ ਪੰਜਾਬ ਦੇ ਹਿੱਤਾਂ ਖ਼ਿਲਾਫ਼ ਹੀ ਖੜਨਾ ਇਨ੍ਹਾਂ ਦੀ ਜੀਵਨ ਪੂੰਜੀ ਹੈ। ਪੰਜਾਬ ਦਾ ਖਾ ਕੇ ਪੰਜਾਬ ਦਾ ਮਾੜਾ ਕਰਨ ਤੇ ਸੋਚਣ ਵਾਲੀ ਇਹ ਨਸਲ ਇਤਿਹਾਸ ‘ਚ ਸਭ ਤੋਂ ਨਖਿੱਧ ਲਿਖੀ ਜਾਵੇਗੀ, ਜੋ ਆਪਣੀ ਤਨਖ਼ਾਹ ਚਲਦੀ ਰੱਖਣ ਲਈ ਹੀ ਪੰਜਾਬ ਹਿਤੈਸ਼ੀਆਂ ਦੀ ਵਿਰੋਧਤਾ ਕਰੀ ਗਈ ਤੇ ਫਿਰ ਰਿਟਾਇਰ ਹੋ ਕੇ ਇਨ੍ਹਾਂ ‘ਚੋਂ ਕਈ ਕਿਤਾਬਾਂ ਲਿਖ ਕੇ ਸੱਚ ਬਿਆਨਣ ਦਾ ਫ਼ਜ਼ੂਲ ਢੌਂਗ ਕਰਨ ਲੱਗ ਪੈਂਦੇ ਹਨ। ਸ਼ਾਇਦ ਅੰਤ ਨੇੜੇ ਦੇਖ ਕੇ ਜ਼ਮੀਰ ਲਾਹਣਤਾਂ ਪਾਉਣ ਲੱਗ ਪੈਂਦੀ ਹੋਵੇ।
ਲਾਹਣਤ ਲਫ਼ਜ਼ ਬਹੁਤ ਛੋਟਾ ਪੈ ਜਾਂਦਾ ਇਨ੍ਹਾਂ ਲਈ, ਜੋ ਜਿੱਥੇ ਜੰਮੇ, ਓਸ ਜੰਮਣ ਭੌਇੰ ਦੇ ਵੀ ਸਕੇ ਨਾ ਹੋਏ।

ਗੁਰਪ੍ਰੀਤ ਸਿੰਘ ਸਹੋਤਾ

Real Estate