ਪੇਂਡੂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ’ਚ ਸਹਾਈ ਹੋਵੇਗਾ ਕਬੱਡੀ ਕਾਰਨੀਵਲ

2368

Great Khali ਬਠਿੰਡਾ, 13 ਫ਼ਰਵਰੀ, ਬਲਵਿੰਦਰ ਸਿੰਘ ਭੁੱਲਰ
ਲੋਕਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਦੇ ਮਕਸਦ ਨਾਲ ਜ਼ਿਲਾ ਬਠਿੰਡਾ ਪ੍ਰਸ਼ਾਸਨ ਵੱਲੋਂ 26 ਫ਼ਰਵਰੀ ਤੋਂ ਕਰਵਾਏ ਜਾ ਰਹੇ ਕਬੱਡੀ ਦੇ ਮਹਾਂਕੁੰਭ ‘‘ਕਬੱਡੀ ਕਾਰਨੀਵਲ’’ ਦੌਰਾਨ ਬਲਾਕ ਤੇ ਜ਼ਿਲਾ ਪੱਧਰ ’ਤੇ ਕਬੱਡੀ ਸਣੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਨੌਜਵਾਨਾਂ ਦੇ ਨਾਲ-ਨਾਲ ਵੱਡੀ ਉਮਰ ਦੇ ਲੋਕਾਂ ਅਤੇ ਬਜ਼ੁਰਗਾਂ ਦੇ ਵੀ ਸਿੰਗ ਫਸਣਗੇ। ਡਿਪਟੀ ਕਮਿਸ਼ਨਰ ਸ਼੍ਰੀ ਪ੍ਰਨੀਤ ਨੇ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਆਪਣੇ-ਆਪ ’ਚ ਵਿਲੱਖਣ ਖੇਡਾਂ ਹੋਣਗੀਆਂ, ਜਿਨਾਂ ਵਿੱਚ 26 ਤੇ 27 ਫ਼ਰਵਰੀ ਨੂੰ ਬਲਾਕ ਪੱਧਰ ’ਤੇ ਪਿੰਡਾਂ ਦੇ ਨੌਜਵਾਨ ਮੁੰਡੇ-ਕੁੜੀਆਂ ਅਤੇ ਨਵੇਂ ਚੁਣੇ ਪੰਚ-ਸਰਪੰਚ ਵਧ-ਚੜ ਕੇ ਹਿਸਾ ਲੈਣਗੇ। ਉਨਾਂ ਦੱਸਿਆ ਕਿ ਹਰ ਬਲਾਕ ’ਚੋਂ ਪਹਿਲੇ ਸਥਾਨ ਦੇ ਜੇਤੂਆਂ ਦੀ ਚੋਣ ਕੀਤੀ ਜਾਵੇਗੀ, ਜੋ 1 ਅਤੇ 2 ਮਾਰਚ ਨੂੰ ਬਠਿੰਡਾ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਫ਼ਾਈਨਲ ਮੁਕਾਬਲਿਆਂ ਵਿੱਚ ਭਾਗ ਲੈਣਗੇ। ਉਨਾਂ ਦੱਸਿਆ ਕਿ ਇਨਾਂ ਖੇਡਾਂ ਦੇ ਅੰਬੈਸਡਰ ਗ੍ਰੇਟ ਖਲੀ ਹੋਣਗੇ।
ਉਨਾਂ ਦੱਸਿਆ ਕਿ ਕਬੱਡੀ ਪੰਜਾਬ ਸਟਾਈਲ ਵਿੱਚ ਜ਼ਿਲੇ ਵਿੱਚੋਂ ਪਹਿਲੇ ਸਥਾਨ ’ਤੇ ਰਹਿਣ ਵਾਲੀ ਟੀਮ ਲਈ 5 ਲੱਖ ਰੁਪਏ, ਦੂਜੇ ਸਥਾਨ ਲਈ 3 ਲੱਖ ਅਤੇ ਤੀਜੇ ਸਥਾਨ ਲਈ 1 ਲੱਖ ਰੁਪਏ ਦਾ ਨਕਦ ਇਨਾਮ ਰੱਖਿਆ ਗਿਆ ਹੈ ਅਤੇ ਇਸ ਤੋਂ ਇਲਾਵਾ ਰੱਸਾ-ਕਸ਼ੀ, ਗੋਲਾ ਸੁਟੱਣ ਤੇ ਦੌੜ ਮੁਕਾਬਲਿਆਂ ਦੇ ਜੇਤੂਆਂ ਲਈ ਵੀ ਲੱਖਾਂ ਦੇ ਇਨਾਮ ਰੱਖੇ ਗਏ ਹਨ। ਉਨਾਂ ਦੱਸਿਆ ਕਿ ਹਰੇਕ ਖਿਡਾਰੀ ਨੂੰ ਆਪਣੇ ਪਿੰਡ ਦੀ ਪੰਚਾਇਤ ਤੋਂ ਪ੍ਰਵਾਨਗੀ ਲੈਣੀ ਪਵੇਗੀ। ਉਨਾਂ ਉਚੇਚੇ ਤੌਰ ’ਤੇ ਦੱਸਿਆ, ‘‘ਅਸੀਂ ਪੇਸ਼ੇਵਰ ਟੀਮਾਂ ਜਾਂ ਖ਼ਾਸ ਵਿਅਕਤੀ ਵੱਲ ਤਵੱਜੋ ਨਾ ਦੇ ਕੇ ਪਿੰਡਾਂ ਦੇ ਖੇਡਾਂ ਵਿੱਚ ਉਭਰਦੇ ਨੌਜਵਾਨਾਂ ਅਤੇ ਬਜ਼ੁਰਗ ਜਾਂ ਬਜ਼ੁਰਗਾਂ ਦੀਆਂ ਟੀਮਾਂ ਵੱਲ ਧਿਆਨ ਦੇ ਰਹੇ ਹਾਂ ਤਾਂ ਜੋ ਖੇਡ ਸੱਭਿਆਚਾਰ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ। ਇਸ ਲਈ ਜ਼ਿਲੇ ਦੇ ਸਮੂਹ 9 ਬਲਾਕਾਂ ਵਿਚ ਕੁੱਲ 296 ਕਬੱਡੀ ਟੀਮਾਂ ਬਣਾਈਆਂ ਜਾਣਗੀਆਂ।’’
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਪੱਧਰ ’ਤੇ ਪਹਿਲੇ ਸਥਾਨ ’ਤੇ ਆਉਣ ਵਾਲੀ ਪੰਜਾਬ ਸਟਾਈਲ ਕਬੱਡੀ ਓਪਨ (ਮਰਦ) ਟੀਮ ਨੂੰ 10,000 ਅਤੇ ਦੂਜੇ ਸਥਾਨ ਲਈ 7100 ਰੁਪਏ ਇਨਾਮੀ ਰਾਸ਼ੀ ਰੱਖੀ ਗਈ ਹੈ। ਉਨਾਂ ਦੱਸਿਆ ਕਿ ਹਰ ਬਲਾਕ ਤੋਂ ਇੱਕ ਟੀਮ ਜ਼ਿਲਾ ਪੱਧਰ ’ਤੇ ਭੇਜੀ ਜਾਵੇਗੀ ਅਤੇ ਜ਼ਿਲਾ ਪੱਧਰ ’ਤੇ ਕੁੱਲ 9 ਟੀਮਾਂ ਭਿੜਨਗੀਆਂ, ਜਿਨਾਂ ਵਿੱਚੋਂ ਪਹਿਲੇ ਸਥਾਨ ’ਤੇ ਰਹਿਣ ਵਾਲੀ ਟੀਮ ਲਈ 5 ਲੱਖ ਰੁਪਏ, ਦੂਜੇ ਸਥਾਨ ਲਈ 3 ਲੱਖ ਅਤੇ ਤੀਜੇ ਸਥਾਨ ਲਈ 1 ਲੱਖ ਰੁਪਏ ਦਾ ਨਕਦ ਇਨਾਮ ਰੱਖਿਆ ਗਿਆ ਹੈ। ਇਸੇ ਤਰਾਂ +1 ਤੱਕ ਦੇ ਸਕੂਲ/ਕਾਲਜ ਵਿਦਿਆਰਥੀਆਂ ਦੇ ਕਬੱਡੀ ਪੰਜਾਬ ਸਟਾਈਲ (55 ਕਿਲੋ) ਭਾਰ ਵਰਗ ਵਿੱਚ ਬਲਾਕ ਪੱਧਰ ’ਤੇ ਦੋ ਟੀਮਾਂ ਚੁਣੀਆਂ ਜਾਣਗੀਆਂ। ਪਹਿਲੀ ਟੀਮ ਲਈ ਇਨਾਮੀ ਰਾਸ਼ੀ 5100 ਅਤੇ ਦੂਜੀ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 3100 ਰੁਪਏ ਇਨਾਮ ਦਿੱਤਾ ਜਾਵੇਗਾ। ਪਹਿਲੇ ਸਥਾਨ ’ਤੇ ਰਹੀ ਟੀਮ ਜ਼ਿਲਾ ਪੱਧਰ ’ਤੇ ਖੇਡੇਗੀ। ਇਸ ਤਰਾਂ ਇਸ ਕਬੱਡੀ ਵਰਗ ਦੀਆਂ ਕੁੱਲ 9 ਟੀਮਾਂ ਜ਼ਿਲਾ ਪੱਧਰ ’ਤੇ ਮੁਕਾਬਲਾ ਕਰਨਗੀਆਂ ਅਤੇ ਪਹਿਲੇ ਸਥਾਨ ਲਈ ਇਨਾਮੀ ਰਾਸ਼ੀ 2.5 ਲੱਖ, ਦੂਜੇ ਸਥਾਨ ਲਈ 1.5 ਲੱਖ ਅਤੇ ਤੀਜੇ ਸਥਾਨ ’ਤੇ ਆਉਣ ਵਾਲੀ ਟੀਮ ਲਈ 51,000 ਰੁਪਏ ਇਨਾਮ ਰੱਖਿਆ ਗਿਆ ਹੈ।

ਡਿਪਟੀ ਕਮਿਸ਼ਨਰ ਸ਼੍ਰੀ ਪ੍ਰਨੀਤ ਨੇ ਦੱਸਿਆ ਕਿ ਜ਼ਿਲਾ ਪੱਧਰ ’ਤੇ ਨਵੇਂ ਚੁਣੇ ਗਏ ਮਰਦ ਤੇ ਔਰਤ ਪੰਚ-ਸਰਪੰਚਾਂ ਦੇ 2 ਮਾਰਚ ਨੂੰ ਕਬੱਡੀ ਪੰਜਾਬ ਸਟਾਈਲ ਦੇ ਸ਼ੋਅ ਮੈਚ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਕਰਵਾਏ ਜਾਣਗੇ। ਮਰਦਾਂ ਦੀ ਕਬੱਡੀ ਵਿੱਚ ਪਹਿਲੇ ਸਥਾਨ ’ਤੇ ਰਹਿਣ ਵਾਲੀ ਪੰਚਾਇਤੀ ਰਾਜ ਨੁਮਾਇੰਦਿਆਂ ਦੀ ਕਬੱਡੀ ਟੀਮ ਨੂੰ 1 ਲੱਖ ਰੁਪਏ ਅਤੇ ਦੂਜੇ ਸਥਾਨ ਦੀ ਟੀਮ ਨੂੰ 75000 ਰੁਪਏ ਦਾ ਇਨਾਮ ਦਿੱਤਾ ਜਾਵੇਗਾ, ਜਦ ਕਿ ਔਰਤ ਪੰਚ-ਸਰਪੰਚਾਂ ਦੀ ਪਹਿਲੇ ਸਥਾਨ ’ਤੇ ਆਈ ਕਬੱਡੀ ਟੀਮ ਲਈ 51 ਹਜ਼ਾਰ ਅਤੇ ਦੂਜੇ ਸਥਾਨ ਲਈ 31 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪੰਚ-ਸਰਪੰਚ ਗੋਲਾ ਸੁੱਟਣ ਅਤੇ 100, 200 ਤੇ 400 ਮੀਟਰ ਦੌੜ ਮੁਕਾਬਲਿਆਂ ਵਿੱਚ ਵੀ ਭਾਗ ਲੈਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਆਖ਼ਰੀ ਦਿਨ 2 ਮਾਰਚ ਨੂੰ ਪੰਜਾਬੀ ਲੋਕ ਗਾਇਕ ਦਿਲਪ੍ਰੀਤ ਢਿੱਲੋਂ, ਰਣਜੀਤ ਬਾਵਾ ਅਤੇ ਅੰਮ੍ਰਿਤ ਮਾਨ ਸੱਭਿਆਚਾਰਕ ਗੀਤਾਂ ਰਾਹੀਂ ਲੋਕਾਂ ਦਾ ਮਨੋਰੰਜਨ ਕਰਨਗੇ।

Real Estate