ਪੰਜਾਬੀ ਮਾਂ-ਬੋਲੀ-ਇੱਕ ਰੌਸ਼ਨੀ

3064

    mandeep bhamraਮਨਦੀਪ ਕੌਰ ਭੰਮਰਾ

ਪੰਜਾਬੀ ਸਾਡੀ ਮਾਂ-ਬੋਲੀ ਹੈ । ਇਸ ਜਜ਼ਬੇ ਨੂੰ ਹਰ ਪੰਜਾਬੀ ਬੁਲੰਦ ਰੱਖਣਾ ਚਾਹੁੰਦਾ ਹੈ । ਪੰਜਾਬੀ ਬੋਲੀ ਦੇ ਰੌਸ਼ਨ ਸਫਰ ਦੀ ਅਜ਼ੀਮ ਗਾਥਾ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦਿਆਂ ਇਹ ਲੇਖ ਇਸ ਪੁਸਤਕ ਦੇ ਅਹਿਮ ਅੰਗ ਵਜੋਂ ਇੱਥੇ ਪੇਸ਼ ਕੀਤਾ ਗਿਆ ਹੈ । ਮਾਂ-ਬੋਲੀ ਜਾਂ ਭਾਸ਼ਾ ਮਾਂ ਦੇ ਦੁੱਧ ਨਾਲ ਹੀ ਬੱਚਾ ਸਿੱਖ ਲੈਂਦਾ ਹੈ ।  ਇਹੀ ਗੱਲ  ਇਸਦੀ ਮਹਾਨਤਾ ਨੂੰ  ਉਜਾਗਰ ਕਰਦੀ ਹੈ, ਕਿਓਂਕਿ ਹਰ ਇਨਸਾਨ ਦਾ ਆਪਣੀ ਮਾਤ-ਭਾਸ਼ਾ ‘ਤੇ ਕੁਦਰਤੀ ਤੌਰ ‘ਤੇ ਅਬੂਰ ਹਾਸਿਲ ਹੋ ਜਾਂਦਾ ਹੈ, ਜੋ ਉਸਦੇ ਵਿਚਾਰ-ਪ੍ਰਵਾਹ ਅਤੇ ਸੋਚ-ਪ੍ਰਵਾਹ ਨੂੰ ਸੰਚਾਲਿਤ ਕਰਦਾ ਹੈ । ਭਾਸ਼ਾ ਦਾ ਆਪਣਾ ਇੱਕ ਸਫਰ ਹੁੰਦਾ ਹੈ । ਉਸਨੇ  ਇੱਕ ਲੰਮਾ ਪੈਂਡਾ ਤਹਿ ਕੀਤਾ ਹੁੰਦਾ ਹੈ । ਸਾਡੀ ਮਾਣਮੱਤੀ ਪੰਜਾਬੀ –ਬੋਲੀ ਨੇ ਵੀ ਅਜਿਹਾ ਸਫਰ ਤਹਿ ਕੀਤਾ ਜਿਸਦੀ ਗੱਲ ਕਰਨ ਜਾ ਰਹੇ ਹਾਂ । ਅਸੀਂ ਆਪਣੇ ਵਰਨਣ ਨੂੰ ਅੰਤਿਮ ਸੱਚ ਨਹੀਂ ਆਖ ਸਕਦੇ, ਯਤਨ ਕੀਤਾ ਹੈ । ਇੰਨਾਂ ਜ਼ਰੂਰ ਦਾਅਵਾ ਕਰਦੇ ਹਾਂ ਕਿ ਇਹ ਮਹਾਨ ਭਾਸ਼ਾ ਹੈ ਅਤੇ ਦੁਨੀਆਂ ਦੇ ਨਕਸ਼ੇ ‘ਤੇ ਹਾਲੇ ਹੋਰ ਚਮਕਣਾ ਹੈ ਇਸ ਨੇ ਅਤੇ ਰਾਹ ਰੌਸ਼ਨ ਕਰਨੇ ਹਨ, ਅਸੀਂ  ਇਸ ਵਿਸ਼ਵਾਸ ਨਾਲ ਲਬਾਲਬ ਭਰੇ ਹੋਏ ਹਾਂ ਅਤੇ ਇਸਦੀ ਮਹਾਨਤਾ ਦੇ ਕਾਇਲ ਹਾਂ ਕਿਓਂਕਿ ਇਹ ਸਾਡੇ ਗੁਰੂਆਂ ਦੀ ਭਾਸ਼ਾ ਹੈ । ਸਾਡੇ ਸ਼ਬਦ-ਗੁਰੂ ਗੁਰੂ ਗਰੰਥ ਸਾਹਿਬ ਜੀ ਦੀ ਅਲੌਕਿਕ ਰਚਨਾ ਇਸੇ ਗੁਰੂ-ਬੋਲੀ ਵਿੱਚ ਹੋਈ ਹੈ, ਗੁਰਮੁੱਖੀ ਇਸਦੀ ਲਿੱਪੀ ਹੈ । ਇੱਕ ਵੇਲਾ ਸੀ ਜਦੋਂ ਦੀਵੇ’ ਜਗਿਆ ਕਰਦੇ ਸਨ, ਹਨ੍ਹੇਰੇ ਨਾਲ ਭਰੇ ਘਰਾਂ ਨੂੰ ਦੀਵਿਆਂ ਦੀ ਲੋਅ ਹੀ ਰੌਸ਼ਨੀ ਪ੍ਰਦਾਨ ਕਰਿਆ ਕਰਦੀ ਸੀ । ਸਾਡੇ ਵੱਡ-ਵਡੇਰਿਆਂ ਅਤੇ ਪੂਰਵਜਾਂ ਨੇ ਉਸੇ ਦੀਵੇ ਦੀ ਲੋਅ ਵਿੱਚ ਬੈਠ ਕੇ ਸਾਡੀ ਮਾਂ ਬੋਲੀ ਨੂੰ ਆਪੋ ਆਪਣੇ ਢੰਗ ਨਾਲ ਵਿੱਚ ਸਮੇਂ-ਸਮੇਂ ਵਿਕਸਿਤ ਕੀਤਾ ਅਤੇ ਇਸ ਬੁਲੰਦੀ ‘ਤੇ ਪੁਚਾਉਣ ਲਈ ਆਪੋ-ਆਪਣਾ ਯੋਗਦਾਨ ਪਾਇਆ । ਨਾਥਾਂ, ਜੋਗੀਆਂ ਤੋਂ ਵੀ ਪਹਿਲਾਂ ਜਿਹੜੇ ਸਾਡੇ ਪੂਰਵਜ ਸਨ, ਆਖਰਕਾਰ ਉਹਨਾਂ ਦੀ ਕੋਈ ਭਾਸ਼ਾ ਤਾਂ ਰਹੀ ਹੋਵੇਗੀ । ਜਦੋਂ ਉਹ ‘ਪੱਤਿਆਂ’  ਉੱਤੇ ਲਿਖਦੇ ਸਨ । ਉਹ ‘ਚਿੰਨ੍ਹ’ ‘ਬੀਜ-ਮੰਤਰ’ਆਦਿ ਡੂੰਘੇ ਅਰਥ ਰੱਖਿਆ ਕਰਦੇ ਹਨ, ਇਸੇ ਦੀਵੇ ਦੀ ਲੋਅ ਵਿੱਚ ਉਹਨਾਂ ਨੇ ਉਹ ਸਿਰਜੇ । ਇਹ ਇੱਕ ਲੰਮੀ ਯਾਤਰਾ ਰਹੀ ਹੈ । ਇਥੋਂ ਤੱਕ ਸਾਡੇ ‘ਸਮੁੱਚਾ ਸ਼ਾਸਤਰ’ ਅਤੇ ‘ਲੋਕਯਾਨਿਕ ਸਾਹਿੱਤ’ ਇਸੇ  ਦੀਵੇ ਦੀ ਲੋਅ ਵਿੱਚ ਹੀ ਲਿਖਿਆ ਗਿਆ ਹੋਵੇਗਾ ! ਸੋ, ਦੀਵੇ ਦੀ ਇਸ ਰੌਸ਼ਨੀ ਦੇ ਸਦੀਵੀ ਸਫਰ ਵਿੱਚ ਹੀ ਸਾਡੀ ‘ਮਾਂ-ਬੋਲੀ ਪੰਜਾਬੀ’ ਦਾ ਜਨਮ ਹੋਇਆ । ਮੂਲ ਰੂਪ ਵਿੱਚ ਇਹ ਇੰਡੋ-ਆਰੀਅਨ–ਭਾਸ਼ਾ ਹੈ, ਜੋ ਲੱਗਭਗ ਪੂਰੇ ਵਿਸ਼ਵ ਵਿੱਚ ਬੋਲੀ ਜਾਂਦੀ ਹੈ ।  ਪਾਕਿਸਤਾਨੀ ਪੰਜਾਬ ਵਿਚ ‘ਸ਼ਾਹਮੁਖੀ ਲਿੱਪੀ’ ਵਰਤੀ ਜਾਂਦੀ ਹੈ ਅਤੇ ਹਿੰਦੁਸਤਾਨੀ ਪੰਜਾਬ ਵਿੱਚ ‘ਗੁਰਮੁਖੀ ਲਿੱਪੀ’ ਵਰਤੀ ਜਾਂਦੀ ਹੈ, ਜਿਸਦਾ ਗੁਰੂ ਅੰਗਦ ਦੇਵ ਜੀ, ਨੇ ਬੜੀ ਸੁਹਿਰਦ ਘਾਲਣਾ ਨਾਲ ਨਵਾਂ ਸਰੂਪ ਦੇ ਕੇ  ਵਿਕਸਿਤ ਕੀਤਾ, ਅਤੇ ਆਮ ਲੋਕਾਂ ਤੱਕ ਪੁਚਾਇਆ । ਹੁਣ ਜਿੱਥੇ ਵੀ ਪੰਜਾਬੀ ਵਸਦੇ ਹਨ, ਅਮਰੀਕਾ, ਕੈਨੇਡਾ, ਫਰਾਂਸ, ਯੂਕੇ, ਜਰਮਨੀ, ਗੱਲ ਕੀ ਦੁਨੀਆਂ ਦੇ ਹਰ ਵੱਡੇ-ਛੋਟੇ ਮੁਲਕ ਵਿੱਚ, ਪੰਜਾਬੀ ਮਾਂ-ਬੋਲੀ ਨੂੰ  ਰੱਜਵਾਂ ਪਿਆਰ ਕਰਦੇ ਹਨ । ਪੰਜਾਬੀ ਲਿਖਣ ਵਾਲੇ ਲੇਖਕ ਲੋਕਾਂ ਦਾ ਸਤਿਕਾਰ ਕਰਦੇ ਹਨ, ਜੋ ਮਾਣ ਵਾਲੀ ਗੱਲ ਹੈ ।

ਸੱਭਿਆਤਾਵਾਂ ਦੇ ਵਿਕਾਸ ਨਾਲ ਭਾਸ਼ਾਵਾਂ ਦਾ ਵਿਕਾਸ ਹੋਣਾ ਲਾਜ਼ਮੀ ਹੁੰਦਾ ਹੈ । ਕਈ ਖੇਤਰਾਂ ਵਿੱਚ ਬਹੁਤ ਸਾਰੀਆਂ ਮੂਲ ਧਾਰਾਵਾਂ ਸਾਡਾ ਸਾਂਝਾ ਵਿਰਸਾ ਹਨ । ਪੁਰਾਤਨ ਭਾਸ਼ਾਵਾਂ ਹੀ ਸਾਡੀਆਂ ਅਜੋਕੀਆਂ ਵਿਕਸਿਤ ਭਾਸ਼ਾਵਾਂ ਦਾ  ਮੂਲ ਹਨ । ਅਨੇਕਾਂ ਰਲਗੱਡ ਸ਼ਬਦ ਵੀ  ਸਾਡੇ ਸ਼ਬਦ-ਕੋਸ਼ ਦਾ ਹਿੱਸਾ ਹਨ, ਜਿੰਨ੍ਹਾਂ ਦੀ ਵਰਤੋਂ ਸਾਨੂੰ ਕਈ ਵਾਰ ਕਰਨੀ ਪੈਂਦੀ ਹੈ । ਇਹ ਸੱਭਿਆਚਾਰਕ ਅਮੀਰੀ ਅਤੇ ਭਾਈਚਾਰਕ ਤੰਦਾਂ ਦੀ ਮਜ਼ਬੂਤੀ ਦੀ ਨਿਸ਼ਾਨੀ ਵੀ ਸਮਝ ਸਕਦੇ ਹਾਂ ! ਪਰ ਇਹ ਦੁਵੱਲੀ ਪਰਕਿਰਿਆ ਹੋਣੀ ਚਾਹੀਦੀ ਹੈ । ਭਾਵ ਇਕ ਦੂਸਰੇ ਦੀ ਮਾਤ-ਭਾਸ਼ਾ ਦੀ ਇੱਕੋ ਜਿਹੀ ਕਦਰ ਹੋਵੇ ! ਹਰ ਦੇਸ਼ ਦੀ ਆਪੋ-ਆਪਣੀ ਬੋਲੀ ਹੁੰਦੀ ਹੈ । ਵੈਸੇ ਵੀ ਕਿਹਾ ਜਾਂਦਾ ਹੈ ਕਿ ਹਰ ਬਾਰ੍ਹਾਂ ਕੋਹਾਂ ਤੇ ਬੋਲੀ ਬਦਲ ਜਾਂਦੀ ਹੈ । ਹਿੰਦੁਸਤਾਨ ਵਿੱਚ ਹੀ ਹਰ ਪ੍ਰਾਂਤ ਦੀ ਵੱਖੋ-ਵੱਖਰੀ ਭਾਸ਼ਾ ਹੁੰਦੀ ਹੈ । ਅਸੀਂ ਪੰਜਾਬ ਵਿੱਚ ਰਹਿੰਦੇ ਹਾਂ ਅਤੇ ਪੰਜਾਬੀ ਸਾਡੀ ਮਾਂ-ਬੋਲੀ ਹੈ । ਸਵਾਲ ਪੈਦਾ ਹੁੰਦਾ ਹੈ ਕਿ ਮਾਂ ਬੋਲੀ ਦੀ ਪਰਿਭਾਸ਼ਾ ਕੀ ਹੈ , ਜਿਵੇਂ ਕਿ ਸ਼ੁਰੂ ਵਿੱਚ ਹੀ ਵਰਨਣ ਕੀਤਾ ਹੈ ਕਿ ਮਾਂ–ਬੋਲੀ ਕੀ ਹੁੰਦੀ ਹੈ, ਇਸਦਾ ਸਪੱਸ਼ਟ ਭਾਵ ਹੈ ਕਿ ਜੋ ਬੋਲੀ ਹਰ ਬਾਲ ਆਪਣੀ ਮਾਂ ਦੇ ਦੁੱਧ ਨਾਲ ਹੀ ਸਿੱਖ ਲੈਂਦਾ ਹੈ ,ਉੱਹੀ ਉੱਸਦੀ ਮਾਂ-ਬੋਲੀ ਹੁੰਦੀ ਹੈ । ਸਾਡੀ ਮਾਂ ਬੋਲੀ ਪੰਜਾਬੀ ਬੜੀ ਅਮੀਰ ਹੈ । ਸਾਡੇ ਪੰਜਾਬੀ ਸ਼ਬਦ- ਭੰਡਾਰ ਵਿੱਚ ਬੇਸ਼ੁਮਾਰ ਸ਼ਬਦ ਮੌਜੂਦ ਹਨ , ਜਿਹਨਾਂ ਨੇ ਸਾਡੇ ਅਜੋਕੇ ਦੌਰ ਦੀ ਭਾਸ਼ਾ ਨੂੰ ਅਮੀਰ ਕਰ ਦਿੱਤਾ ਹੈ । ਅਸੀਂ ਸਾਰੀਆਂ ਭਾਸ਼ਾਵਾਂ ਦਾ ਸਨਮਾਨ ਕਰਦੇ ਹਾਂ ਅਤੇ ਹਰ ਖਿੱਤੇ ਦੇ ਵਸਨੀਕਾਂ ਦੇ ਇਸ ਬੁਨਿਆਦੀ ਹੱਕ ਨੂੰ ਸਮੱਰਥਨ ਦਿੰਦੇ ਹਾਂ ! ਸਥਾਨਕ ਬੋਲੀ ਵਿੱਚ ਲਿਖਣ ਵਾਲੇ ਲੇਖਕ-ਲੋਕ ਮਹਾਨ ਹੁੰਦੇ ਹਨ । ‘ਪੰਜਾਬੀ’ ਸਾਡੇ ਅਜੋਕੇ ਦੌਰ ਦੀ ਬਹੁਤ ਹੀ ਸਮਰੱਥ ਭਾਸ਼ਾ ਹੈ, ਆਮ ਬੋਲਚਾਲ ਦੀ ਬੋਲੀ ਹੈ, ਇਸਨੂੰ ਆਉਣ ਵਾਲੀਆਂ ਨਸਲਾਂ ਲਈ ਸੰਭਾਲ ਕੇ ਰੱਖਣਾ ਅਤਿਅੰਤ ਜ਼ਰੂਰੀ ਹੈ । ਬੇਸ਼ੱਕ ਬਹੁਤ ਸਾਰੇ ਲੋਕ ਇਸਨੂੰ ਬੋਲਣ ਵੇਲੇ ਝਿਜਕ ਮਹਿਸੂਸ ਕਰਦੇ ਹਨ, ਜੋ ਕਿ ਚੰਗੀ ਗੱਲ ਨਹੀਂ । ਉਹ ਲੋਕ ਇੱਕ ਤਰ੍ਹਾਂ ਦੀ ਹੀਣ-ਭਾਵਨਾ ਦਾ ਸ਼ਿਕਾਰ ਹਨ । ਅਜਿਹੀ ਭਾਵਨਾ ਨੂੰ ਬਦਲਣ ਦੀ ਲੋੜ ਹੈ । ਵਿਗਿਆਨਕ ਉੱਨਤੀ ਦੇ ਨਾਲ ਜਿਹੜਾ ਵੀ ਲਾਭ ਸਾਰੀ ਮਨੁੱਖਤਾ ਨੂੰ ਹੁੰਦਾ ਹੈ, ਉਹ ਸਾਨੂੰ ਵੀ ਹੋਇਆ ਹੈ । ਅੱਜ ਸਾਡੇ ਕੋਲ ਹਰ ਸਹੂਲਤ ਦੇ ਨਾਲ ਬਹੁਤ ਸਾਰੇ ‘ਪੰਜਾਬੀ ਫੌਂਟ’ ਵੀ ਮੌਜੂਦ ਹਨ । ਲੋੜ ਸਿਰਫ ਉਹਨਾਂ ਨੂੰ ਸਿੱਖਣ ਦੀ ਹੈ । ਵਰਤੋਂ ਵਿੱਚ ਲਿਆਉਣ ਦੀ ਆਦਤ ਪਾਉਣ ਦੀ ਹੈ । ਨਾਲ ਹੀ ਇਹ ਵੀ ਕੋਈ ਕਰ ਸਕਦਾ ਹੈ ਕਿ ‘ਸ਼ੌਕੀਆ ਜਮਾਤਾਂ’ (ਹਾਬੀ ਕਲਾਸਜ਼) ਦੇ ਨਾਂ ‘ਤੇ ‘ਹੱਥ ਨਾਲ ਫੱਟੀਆਂ ਉੱਪਰ ਪੰਜਾਬੀ ਲਿਖਣੀ ਵੀ ਸਿਖਾਈ ਜਾ ਸਕੇ’ ! ਇਹ ਬਹੁਤ ਹੀ ਰੁਮਾਂਚਿਕ ਸੁਚਾਰੂ ਕਦਮ ਹੋਵੇਗਾ ! ਅਸੀਂ ਇਸ ਬਾਰੇ ਜ਼ਰੂਰ ਸੋਚੀਏ ਅਤੇ ਪੰਜਾਬੀ ਮਾਂ-ਬੋਲੀ ਦਾ ਪਿਆਰ ਹਾਸਿਲ ਕਰੀਏ ! ਇਸ ਪ੍ਰਾਪਤੀ ਲਈ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ ‘ਤੇ ਨਿਸ਼ਚੇ ਹੀ ਮਾਣ ਕਰਨਗੀਆਂ ! ਸ਼ਿਵਚਰਨ ਜੱਗੀ ਕੁੱਸਾ ਹੁਰਾਂ ਦੇ ਪੰਜਾਬੀ ਮਾਂ ਬੋਲੀ ਲਈ ਕੀਤੇ ਸਿਦਕਮਈ ਕਾਰਜ ਨੂੰ ਆਧਾਰ ਬਣਾ ਕੇ ਇਸ ਪੁਸਤਕ ਨੂੰ ਲਿਖਣ ਦਾ ਸਾਡਾ ਮਕਸਦ ਸਿੱਧੇ ਤੌਰ ‘ਤੇ ਇਸ ਬੋਲੀ ਦੀ ਸਮਰੱਥਾ ਨੂੰ ਉਜਾਗਰ ਕਰਨਾ ਹੈ । ਜੱਗੀ ਕੁੱਸਾ ਨੇ ਆਪਣੇ ਲਿਖਣ-ਕਾਰਜ ਨੂੰ ਬੜੀ ਸ਼ਿੱਦਤ ਨਾਲ ਸੰਪੂਰਨ ਕਰਨ ਦਾ ਅਹਿਦ ਕੀਤਾ ਹੋਣ ਕਾਰਣ ਹੀ ਉਸਦੀ ਅੰਤਰ -ਰਾਸ਼ਟਰੀ ਪੱਧਰ ‘ਤੇ ਬਣੀ ਹੋਈ ਭੱਲ ਨੂੰ ਕਿਵੇਂ ਵੀ ਨਕਾਰਿਆ ਨਹੀਂ ਜਾ ਸਕਦਾ, ਵਡਿਆਇਆ ਹੀ ਜਾ ਸਕਦਾ ਹੈ !

ਦੁਨੀਆਂ ਦੇ ਇਤਿਹਾਸ ਵਿੱਚ ਮਾਂ-ਬੋਲੀ ਦੀ ਮਹਾਨਤਾ ਨੂੰ ਸਮਝਿਆ ਜਾਣਾ ਇੱਕ ਸਰਵ-ਪ੍ਰਵਾਨਿਤ -ਸਚਾਈ ਹੈ । ਇਸੇ ਭਾਵਨਾ ਦੇ ਤਹਿਤ ਦੁਨੀਆਂ ਦੇ ਹਰ ਖਿੱਤੇ ਦੇ ਲੋਕ ਆਪੋ-ਆਪਣੀ ਮਾਂ-ਬੋਲੀ ਵਿੱਚ, ਸਾਹਿੱਤ- ਸਿਰਜਣਾ ਵਿੱਚ ਜੁੱਟੇ ਰਹਿੰਦੇ ਹਨ । ਉੱਤਮ ਕਿਸਮ ਦੇ ਸਾਹਿੱਤ ਦੇ, ਹੋਰ ਭਾਸ਼ਾਵਾਂ ਵਿੱਚ, ਅਨੁਵਾਦ ਹੁੰਦੇ ਰਹਿੰਦੇ ਹਨ, ਲੋਕ-ਸੇਵਾ ਅਤੇ ਸੂਖ਼ਮ ਮਨੋ-ਬਿਰਤੀ ਵਾਲ਼ੇ ਲੋਕਾਂ ਦੀ ਸੇਵਾ ਅਤੇ ਆਪਣੀ ਮਾਨਸਿਕ ਤ੍ਰਿਪਤੀ ਵੀ, ਅਜਿਹੇ ਸਾਹਿੱਤਕਾਰਾਂ ਦਾ ਮੁੱਖ- ਮਨੋਰਥ ਹੁੰਦੀ ਹੈ । ਨਾਲ਼ ਹੀ ਸਮਾਜ ਵਿਚਲੇ ਚੰਗੇ -ਮਾੜੇ ਸਰੋਕਾਰਾਂ ਦੀ ਗੱਲ ਸਾਹਿੱਤ ਰਾਹੀਂ ਹੀ ਸੰਭਵ ਹੋ ਸਕਦੀ ਹੈ । ਸਾਮਾਜਿਕ ਬੁਰਾਈਆਂ ਦੇ ਖਿਲਾਫ ਆਵਾਜ਼ ਉਠਾਈ ਜਾਂਦੀ ਹੈ ਅਤੇ ਆਮ-ਲੋਕਾਂ ਨੂੰ ਚੁਕੰਨੇ ਕੀਤਾ ਜਾਂਦਾ ਹੈ ਅਤੇ ਅਨੇਕਾਂ ਹੋਰ ਕੰਮ ਹਨ, ਜੋ ਸਾਹਿੱਤ ਰਾਹੀਂ ਹੀ ਪੂਰੇ ਕੀਤੇ ਜਾ ਸਕਦੇ ਹਨ । ਜੀਵਨ ਭਰ, ਉਹ ਸਾਹਿੱਤਕਾਰ ਲੋਕ ਇਸ ਸਾਧਨਾ ਵਿੱਚ ਕਰਮਸ਼ੀਲ ਰਹਿੰਦਿਆਂ, ਸਾਹਿੱਤ- ਸਿਰਜਣਾ ਵਿੱਚ ਜੁੱਟੇ ਰਹਿੰਦੇ ਹਨ, ਲੋਕ-ਸੇਵਾ ਅਜਿਹੇ ਲੋਕਾਂ ਦਾ ਮੁੱਖ- ਮਨੋਰਥ ਹੁੰਦੀ ਹੈ । ਇਸ ਅਮਲ ਦਾ ਸਵਾਦ ਗੂੰਗੇ ਦੇ ਗੁੜ ਖਾਣ ਵਾਂਗ ਹੁੰਦਾ ਹੈ । ‘ਇੱਕ ਪੰਥ ਦੋ ਕਾਜ’ ਵਾਲੀ ਕਹਾਵਤ ਲਾਗੂ ਹੁੰਦੀ ਹੈ, ਜਦੋਂ ਇਸ ਲਿਖਣ-ਕਾਰਜ ਦੇ ਸਿੱਟੇ, ਨਿੱਜ ਅਤੇ ਸਮਾਜ ਲਈ ਵੀ ਸਾਰਥਿਕ ਦੁਨੀਆਂ ਦੇ ਇਤਿਹਾਸ ਵਿੱਚ ਮਾਂ-ਬੋਲੀ ਦੀ ਮਹਾਨਤਾ  ਨੂੰ ਸਮਝਿਆ ਜਾਣਾ ਇੱਕ ਸਰਵ-ਪ੍ਰਵਾਨਿਤ -ਸਚਾਈ ਹੈ । ਇਸੇ ਭਾਵਨਾ ਦੇ ਤਹਿਤ ਦੁਨੀਆਂ ਦੇ ਹਰ ਖਿੱਤੇ ਦੇ ਲੋਕ ਆਪੋ-ਆਪਣੀ ਮਾਂ-ਬੋਲੀ ਵਿੱਚ, ਸਾਹਿੱਤ- ਸਿਰਜਣਾ ਵਿੱਚ ਜੁੱਟੇ ਰਹਿੰਦੇ ਹਨ । ਉੱਤਮ ਕਿਸਮ ਦੇ ਸਾਹਿੱਤ ਦੇ, ਹੋਰ ਭਾਸ਼ਾਵਾਂ ਵਿੱਚ, ਅਨੁਵਾਦ ਹੁੰਦੇ ਰਹਿੰਦੇ ਹਨ, ਲੋਕ-ਸੇਵਾ ਅਤੇ ਸੂਖ਼ਮ ਮਨੋ-ਬਿਰਤੀ ਵਾਲ਼ੇ ਲੋਕਾਂ ਦੀ ਸੇਵਾ ਅਤੇ ਆਪਣੀ ਮਾਨਸਿਕ ਤ੍ਰਿਪਤੀ ਵੀ, ਅਜਿਹੇ ਸਾਹਿੱਤਕਾਰਾਂ ਦਾ ਮੁੱਖ-ਮਨੋਰਥ ਹੁੰਦੀ ਹੈ । ਨਾਲ਼ ਹੀ ਸਮਾਜ ਵਿਚਲੇ ਚੰਗੇ -ਮਾੜੇ ਸਰੋਕਾਰਾਂ ਦੀ ਗੱਲ ਸਾਹਿੱਤ ਰਾਹੀਂ ਹੀ ਸੰਭਵ ਹੋ ਸਕਦੀ ਹੈ । ਸਾਮਾਜਿਕ ਬੁਰਾਈਆਂ ਦੇ ਖਿਲਾਫ ਆਵਾਜ਼ ਉਠਾਈ ਜਾਂਦੀ ਹੈ ਅਤੇ ਆਮ- ਲੋਕਾਂ ਨੂੰ ਚੁਕੰਨੇ ਕੀਤਾ ਜਾਂਦਾ ਹੈ ਅਤੇ ਅਨੇਕਾਂ ਹੋਰ ਕੰਮ ਹਨ, ਜੋ ਸਾਹਿੱਤ ਰਾਹੀਂ ਹੀ ਪੂਰੇ ਕੀਤੇ ਜਾ ਸਕਦੇ ਹਨ । ਜੀਵਨ ਭਰ, ਉਹ ਸਾਹਿੱਤਕਾਰ ਲੋਕ ਇਸ ਸਾਧਨਾ ਵਿੱਚ ਕਰਮਸ਼ੀਲ ਰਹਿੰਦਿਆਂ,  ਸਾਹਿੱਤ- ਸਿਰਜਣਾ ਵਿੱਚ ਜੁੱਟੇ ਰਹਿੰਦੇ ਹਨ, ਲੋਕ-ਸੇਵਾ ਅਜਿਹੇ ਲੋਕਾਂ ਦਾ ਮੁੱਖ- ਮਨੋਰਥ ਹੁੰਦੀ ਹੈ । ਇਸ ਅਮਲ ਦਾ ਸਵਾਦ ਗੂੰਗੇ ਦੇ ਗੁੜ ਖਾਣ  ਵਾਂਗ ਹੁੰਦਾ ਹੈ । ‘ਇੱਕ ਪੰਥ ਦੋ ਕਾਜ’ ਵਾਲੀ ਕਹਾਵਤ ਲਾਗੂ ਹੁੰਦੀ ਹੈ, ਜਦੋਂ ਇਸ ਲਿਖਣ-ਕਾਰਜ ਦੇ ਸਿੱਟੇ, ਨਿੱਜ ਅਤੇ ਸਮਾਜ ਲਈ ਵੀ ਸਾਰਥਿਕ ਅਤੇ ਕਲਿਆਣਕਾਰੀ ਸਾਬਤ ਹੁੰਦੇ ਹਨ । ਵਿਸ਼ਾ-ਵਸਤੂ ਸਾਰਥਿਕਤਾ ਨਿਰਧਾਰਤ ਕਰਦੇ ਹਨ । ਇਥੇ ਭਾਸ਼ਾਈ ਵਿਸ਼ਲੇਸ਼ਣ ਮੁੱਦੇ ਤੋਂ ਬਾਹਰ ਜਾਣ ਵਾਲ਼ੀ ਗੱਲ ਹੋਵੇਗੀ ! ਏਨਾ ਜ਼ਰੂਰ ਕਹਾਂਗੀ ਕਿ ਪੁਰਾਤਨ ਭਾਸ਼ਾਵਾਂ ਦੇ ਵਲ਼-ਵਲੇਵੇਂ ਅਤੇ ਗੂੜ੍ਹ-ਗਿਆਨ ‘ਚੋਂ ਨਿਕਲੇ ਮੁਕਤੀ ਦੇ ਮਾਰਗ ਨੇ ਇੱਕ ਨਵੇਂ ਚਾਨਣ ਦਾ ਪਾਸਾਰ ਕਰ ਦਿੱਤਾ । ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਮਾਂ-ਬੋਲੀ ਇੱਕ ਨਿਰੰਤਰ ਜਗ ਰਹੇ ਦੀਵੇ ਦੀ ਰੌਸ਼ਨੀ ਹੈ !

ਵਡੇਰੇ ਪੰਜਾਬ ਦੇ ਲੋਕਾਂ ਨੂੰ ਸੇਧ ਦੇਣ ਦੇ ਆਸ਼ੇ ਨਾਲ਼ ਗੁਰੂ ਸਾਹਿਬਾਨਾਂ ਦੇ ਨਾਲ਼- ਨਾਲ਼, ਅਨੇਕਾਂ ਨਾਮਵਰ ਸਾਹਿੱਤਕਾਰਾਂ, ਕਵੀਆਂ, ਪੀਰਾਂ, ਫ਼ਕੀਰਾਂ, ਸੂਫ਼ੀਆਂ, ਅਤੇ ਰਹਿਬਰਾਂ, ਨੇ ਸਮੇਂ -ਸਮੇਂ ਆਪੋ-ਆਪਣੀ ਸਮਰੱਥਾ ਅਤੇ ਸ਼ਕਤੀ ਅਨੁਸਾਰ ਯੋਗਦਾਨ ਪਾਇਆ । ਗੁਰਮੁਖੀ, ਸ਼ਾਹਮੁਖੀ ਆਦਿ ਲਿੱਪੀਆਂ ਦੇ ਅਧੀਨ ਪੰਜਾਬੀ ਬੋਲੀ ਦੀ ਘੁੰਢ-ਚੁਕਾਈ, ਇੱਕ ਨਵੇਂ ਸੂਰਜ ਦੇ ਪਰਕਾਸ਼ਵਾਨ ਹੋਣ ਵਾਂਗ ਹੋਈ । ਵਧੇਰੇ ਕਰਕੇ ਇਹ ਆਮ ਲੋਕਾਂ ਦੀ ਭਾਸ਼ਾ ਬਣੀ, ਇਹ ਗੱਲ ਇਸ ਦਾ ਦੁਖਾਂਤ ਵੀ ਬਣੀ ‘ਤੇ ਸੁਖਾਂਤ ਵੀ ਅਤੇ ਸਹਿਜ-ਪ੍ਰਾਪਤੀ ਵੀ | ਦੁਖਾਂਤਿਕ ਪੱਖ, ਇਹ ਹੈ ਕਿ ਇਹ ਬੋਲੀ, ਪੂਰਨ ਰੂਪ ਵਿੱਚ ਰਾਜਨੀਤਿਕ ਪ੍ਰਭੁੱਤਾ ਹਾਸਲ ਕਰਨ ਤੋਂ ਸਦਾ ਹੀ ਅਸਮਰਥ ਰਹੀ ਹੈ, ਅੱਜ ਤੱਕ ਸੰਘਰਸ਼ਸ਼ੀਲ ਹੈ । ਪਰ ਨਾਲ਼ ਹੀ ਇਹ ਗੱਲ ਵੀ ਨਿਸ਼ਚੈਪੂਰਣ ਕਹੀ ਜਾ ਸਕਦੀ ਹੈ ਕਿ ਅਜਿਹਾ ਹੋਣ ਦੀ ਸੂਰਤ ਵਿੱਚ ਵੀ ਇਸ ਦੀ ਕਾਬਲੀਅਤ ਅਤੇ ਅਹਿਮੀਅਤ ਵਿੱਚ ਰਤਾ ਜਿੰਨੀ ਵੀ ਕਮੀ ਨਹੀਂ ਆਈ । ਸਗੋਂ ‘ਗੁਰੂ-ਬਾਣੀ’ ਤੋਂ ਲੈ ਕੇ ਜਨ -ਸਾਹਿੱਤ ਅਤੇ ਹਰ ਤਰ੍ਹਾਂ ਦੇ ਸਾਹਿੱਤ ਦੀ, ਹਰ ਵੰਨਗੀ ਦਾ ਵਾਹਨ ਬਣ ਸਕਣ ਦੀ ਸਮਰੱਥਾ ਰੱਖਣ ਵਾਲ਼ੀ ਪੰਜਾਬੀ ਮਾਂ -ਬੋਲੀ ਨੇ ਅੰਤਾਂ ਦਾ ਮਾਣ ਅਤੇ ਪਿਆਰ ਹਾਸਿਲ ਕੀਤਾ ਅਤੇ ਕਰ ਵੀ ਰਹੀ ਹੈ । ਇਸ ਨੂੰ ਅਸੀਂ ਸੌ-ਸੌ ਵਾਰ ਨਮਸਕਾਰ ਕਰਦੇ ਹਾਂ, ਪਿਆਰ ਕਰਦੇ ਹਾਂ, ਲੰਮੀ ਉਮਰ ਲਈ ਦੁਆ ਕਰਦੇ ਹਾਂ, ਅੰਤਾਂ ਦਾ ਮਾਣ ਮਹਿਸੂਸ ਕਰਦੇ ਹਾਂ ਅਤੇ ਆਮ ਵਰਤੋਂ ‘ਤੇ ਜ਼ੋਰ ਦਿੰਦੇ ਹਾਂ, ਕਿਉਂਕਿ ਮਾਤ-ਭਾਸ਼ਾ ਹੀ ਕਿਸੇ ਕੌਮ ਨੂੰ ਜ਼ਿੰਦਾ ਰੱਖ ਸਕਦੀ ਹੈ । ਉਸਦੀ ਪਛਾਣ ਬਣਾਈ ਰੱਖਣ ਵਿੱਚ ਸਹਾਈ ਹੁੰਦੀ ਹੈ ।

ਅਕਸਰ ਵੇਖਣ ਵਿੱਚ ਆਇਆ ਕਿ ਸਾਡੇ ਵਿਚੋਂ ਬਹੁਤ ਸਾਰੇ ਲੋਕ, ਇਸ ਬਾਰੇ ਦੋਹਰੇ ਮਾਪ-ਦੰਡਾਂ ਦੇ ਧਾਰਨੀ ਹੁੰਦੇ ਹਨ; ਇਸ ਗੱਲ ਨੂੰ ਕਹਿਣ ਵਿੱਚ ਮੈਂ ਕਿਵੇਂ ਵੀਂ ਸੰਕੋਚ ਨਹੀਂ ਕਰ ਸਕਦੀ, ਕਿਉਂਕਿ ਅਜਿਹਾ ਕਰਦਿਆਂ, ਉਹ ਮਾਪੇ, ਜਿੱਥੇ ਆਪਣੇ ਬੱਚਿਆਂ ਨਾਲ਼ ਸੱਭਿਆਚਾਰਕ ਅਤੇ ਭਾਸ਼ਾਈ  ਵਿਤਕਰਾ ਕਰਦੇ ਹਨ, ਉੱਥੇ, ਉਹਨਾਂ ਵਿੱਚ ਆਤਮ-ਅਨੁਭਵ ਅਤੇ ਆਤਮ- ਵਿਸ਼ਵਾਸ, ਦੀ ਘਾਟ ਪੈਦਾ ਕਰਨ ਲਈ ਵੀ ਜ਼ਿੰਮੇਵਾਰ  ਬਣਦੇ ਹਨ;  ਮੁਆਫ ਕਰਨਾ ! ਉਹ ਲੋਕ ਕਿਵੇਂ ਵੀ ਪੰਜਾਬੀ ਮਾਂ-ਬੋਲੀ ਦੇ ਖੈਰ-ਖਵਾਹ ਨਹੀਂ ਹੋ ਸਕਦੇ ! ਬਹੁ-ਭਾਸ਼ਾਵਾਂ ਸਿੱਖਣ ‘ਤੇ ਕੋਈ ਪਾਬੰਦੀ ਨਹੀਂ, ਗਿਆਨ ਦਾ ਹਾਸਿਲ ਪ੍ਰਾਪਤੀ ਦਾ ਜ਼ਾਮਨ ਹੁੰਦੈ, ਤੇ ਆਪਣੀ ਮਾਂ-ਬੋਲੀ ‘ਤੇ ਮਾਣ ਕਰਦਿਆਂ, ਇਸ ਨੂੰ ਰੋਜ਼ਾਨਾ ਜ਼ਿੰਦਗੀ ਦਾ ਆਧਾਰ ਬਣਾਉਣਾ, ਸਕੂਨ ਅਤੇ ਆਨੰਦ ਦਾ ਬਾਇਸ ਬਣਦਾ ਹੈ । ਇਹ ਇੱਕ ਤਰ੍ਹਾਂ ਦੀ ਨਿੱਜੀ ਸ਼ਕਤੀ ਹੁੰਦੀ ਹੈ, ਨਿਰੋਲ ਆਪਣੀ ਜ਼ਾਤੀ, ਕੋਈ ਖੋਹ ਨਹੀਂ ਸਕਦਾ, ਕੋਈ ਚੰਗੇ ਵਿਚਾਰਾਂ ਨੂੰ ਸੋਚਣ ਤੋਂ ਤੁਹਾਨੂੰ ਰੋਕ ਨਹੀਂ ਸਕਦਾ ਅਤੇ ਤੁਸੀਂ ਆਪਣੀ ਮਾਂ-ਬੋਲੀ ਦੇ ਸ਼ਾਬਦਿਕ ਖਜ਼ਾਨੇ ਦੇ ਖਜਾਨਚੀ  ਖੁਦ ਹੁੰਦੇ ਹੋ ਅਤੇ ਮਾਲਕ  ਵੀ ! ਇਸ ਗੱਲ ਦੀ ਪਰੋੜ੍ਹਤਾ ਕਰਨ ਲਈ ਸਾਡੇ ਕੋਲ਼ ਅਨੇਕਾਂ ਉਦਾਹਰਣਾਂ ਹਨ । ਸਾਡਾ ਸਾਹਿੱਤਿਕ ਖਜ਼ਾਨਾ ਅਮੀਰ ਹੋ ਚੁੱਕਾ ਹੈ । ਇਸ ਖਜ਼ਾਨੇ ਵਿੱਚ ਬਹੁ-ਵਿਧਾਈ ਸਾਹਿੱਤਿਕ ਰਚਨਾਵਾਂ ਦੇ ਭੰਡਾਰ ਮੌਜੂਦ ਹਨ । ਅਖਬਾਰੀ- ਦੁਨੀਆਂ ਦੀ ਵੀ ਇੱਕ ਵਿਸ਼ੇਸ਼ ਦੇਣ ਹੈ ।

ਪੰਜਾਬੀ ਦੇ ਕੁਝ ਇੱਕ ਪ੍ਰਮੁੱਖ ਅਖਬਾਰ ਤਾਂ ਸ਼ਬਦਾਂ ਦੀ ਸ਼ੁੱਧਤਾ ‘ਤੇ  ਵਿਸ਼ੇਸ਼ ਧਿਆਨ ਦਿੰਦੇ ਹਨ । ਉਹਨਾਂ ਲੋਕਾਂ ਦੇ ਬੇਮਿਸਾਲ ਉੱਦਮ ਅਤੇ ਅੱਤਿ ਦੀ ਨਿਸ਼ਠਾਵਾਨਤਾ ਲਈ ਸਿੱਜਦਾ ਕਰਦੇ ਹਾਂ । ਨਾਲ਼ ਹੀ ਇਹ ਕਹਾਂਗੀ ਕਿ ਆਪਣੇ ਸਮਕਾਲੀ ਸਾਹਿੱਤਕਾਰਾਂ ਦੇ ਯੋਗਦਾਨ ਨੂੰ ਵਡਿਆਉਂਦਿਆਂ, ਸਲਾਹੁੰਦਿਆਂ, ਆਪਣੇ ਵਲੋਂ, ਹਿਰਦਿਆਤਮਕ ਅਤੇ ਭਾਵਾਤਮਕ ਸਤਿਕਾਰ ਕਰਦੀ ਹੋਈ, ਮੈਂ ਤਾਂ, ਆਪਣੇ ਪੁਰਖਿਆਂ ਦੀ ਵਾਰਸ ਮਾਤਰ ਹਾਂ ਅਤੇ ਉਨ੍ਹਾਂ ਵਿੱਚ ਅਟੁੱਟ ਵਿਸ਼ਵਾਸ ਰੱਖਦੀ ਹੋਈ, ਉਹਨਾਂ ਦੇ ਪਾਏ-ਪੂਰਨਿਆਂ ਦੀ ਭਰਪੂਰ ਸਮੱਰਥਕ ਹੁੰਦਿਆਂ, ਆਪਣੀ ਯਥਾ-ਸੰਭਵ-ਸ਼ਕਤੀ ਰਾਹੀਂ, ਆਪਣੇ ਢੰਗ ਨਾਲ਼, ਪੰਜਾਬੀ-ਸ਼ਬਦ-ਭੰਡਾਰ ਦੀ ਕੁੰਜੀ ਅਗਲੀ ਪੀੜ੍ਹੀ ਦੇ ਹਵਾਲੇ ਕਰਦਿਆਂ   ਇੱਕ ਫਰਜ਼ ਦੀ ਪੂਰਤੀ ਮਾਤਰ ਹੀ ਅਦਾ ਕਰ ਰਹੀ ਹਾਂ ! ਡਾਕਟਰ ਆਤਮ ਹਮਰਾਹੀ, ਆਪਣੇ ਸਵਰਗੀ ਪਿਤਾ ਸਾਹਿੱਤ ਦੇ ਅਣਥੱਕ ਲੇਖਕ, ਖੋਜੀ, ਮਹਾਨ ਕਵੀ, ਕੋਲੋਂ ਸਾਹਿੱਤਿਕ ਵਿਰਸਾਤ, ਗੁੜ੍ਹਤੀ ਅਤੇ ਆਸ਼ੀਰਵਾਦ ਲੈ ਕੇ ਇਸ ਕਰਮ ਨੂੰ ਮੈਂ ਆਪਣੀ ਜ਼ਿੰਦਗ਼ੀ ਦਾ ਮਿਸ਼ਨ ਬਣਾਇਆ ਹੋਇਆ ਹੈ । ਰੁਕਾਵਟਾਂ ਸਿਰ-ਮੱਥੇ ਪਰਵਾਨ ਕਰਦਿਆਂ, ਇਸ ਰਾਹ ਦੀ ਨਿਰੰਤਰ ਰਾਹੀ ਬਣਦਿਆਂ, ਇੱਥੇ, ਇੱਕ ਅਜਿਹੇ ਜ਼ਿੰਮੇਵਾਰ ਸਾਹਿੱਤਕਾਰ ਦੀ ਗੱਲ ਕਰਨ ਜਾ ਰਹੀ ਹਾਂ, ਜਿਸਨੇ ਪੰਜਾਬੀ-ਮਾਂ- ਬੋਲੀ ਦੀ ਬੜੀ ਮਾਣ-ਮੱਤੀ ਸੇਵਾ ਕੀਤੀ ਹੈ । ਟਕਸਾਲੀ ਅਤੇ ਆਮ ਬੋਲਚਾਲ ਦੀ ਬੋਲੀ ਦੀ ਵਰਤੋਂ ਕਰਕੇ, ਉਸਨੇ ਆਪਣੇ ਨਾਵਲਾਂ ਦਾ ਆਧਾਰ ਮਲਵੱਈ-ਖਿੱਤੇ ਦੇ ਲੋਕਾਂ ਦੀਆਂ ਜ਼ਿੰਦਗੀਆਂ, ‘ਤੇ ਆਧਾਰਤ ਵਿਸ਼ਿਆਂ ਤੋਂ ਲੈ ਕੇ ਸ਼ੁਰੂਆਤ ਕਰਦਿਆਂ, ਦੇਸ਼ਾਂ-ਵਿਦੇਸ਼ਾਂ ਵਿੱਚ ਰਹਿੰਦੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ਼ ਸੰਬੰਧਿਤ ਵਿਸ਼ਿਆਂ ਦੀ ਅਰਥ-ਭਰਪੂਰ ਪੇਸ਼ਕਾਰੀ ਕਰਦਿਆਂ, ਇੱਕ ਸਫਲ ਸਾਹਿੱਤਿਕ ਤਹਿ ਸਫਰ ਕੀਤਾ ਹੈ । ਉਸ ਸ਼ਖਸ ਦੀ ਅਣਥੱਕ ਮਿਹਨਤ ਬਾਰੇ ਦੋ ਰਾਵਾਂ ਨਹੀਂ ਹੋਣੀਆਂ ਚਾਹੀਦੀਆਂ । ਉਸ ਨਾਵਲਕਾਰ ਦਾ ਨਾਂ ‘ਸ਼ਿਵਚਰਨ ਜੱਗੀ ਕੁੱਸਾ’ ਹੈ । ਉਹ, ਪ੍ਰਮੁੱਖ ਤੌਰ ‘ਤੇ ਨਾਵਲਕਾਰ  ਹੈ । ਨਾਲ਼ ਹੀ ਕਵੀ, ਗੀਤਕਾਰ, ਵਿਅੰਗ-ਲੇਖਕ ਅਤੇ ਹੁਣ ਕਾਮਯਾਬ ਅਤੇ ਨਿਵੇਕਲ਼ਾ ਪੱਟ-ਕਥਾ-ਕਾਰ ਵੀ ਬਣ ਚੁੱਕਾ ਹੈ ਅਤੇ ਹੁਣ ਫਿਲਮ-ਨਿਰਮਾਣ ਦੇ ਖੇਤਰ ਵਿੱਚ ਯੋਗ ਭੂਮਿਕਾ ਨਿਭਾਹੁਣ ਦੀ ਤਿਆਰੀ ਵਿੱਚ ਸਹਿਯੋਗਬੱਧ ਹੋ ਰਿਹਾ ਹੈ ।

ਬਿਨਾਂ ਸ਼ੱਕ ਹੋਰ ਵੀ, ਸਾਡੇ ਮਾਣ-ਮੱਤੇ ਅਣਗਿਣਤ ਸਾਹਿੱਤਕਾਰਾਂ  ਨੇ, ਅਣਗਿਣਤ ਸਾਹਿੱਤਿਕ-ਵੰਨਗੀਆਂ ਦਾ ਨਿਰੂਪਣ ਕਰਕੇ ਪੰਜਾਬੀ ਮਾਂ-ਬੋਲੀ ਦੀ ਜਿਹੜੀ ਰੱਜਵੀਂ ਸੇਵਾ ਕੀਤੀ ਹੈ, ਉਸ ਲਈ ਉਹ ਸਾਰੇ ਹੀ ਵਧਾਈ ਦੇ ਪਾਤਰ ਹਨ ! ਸਭ ਦਾ ਬਣਦਾ ਮਾਣ ਕਰਦੇ ਹਾਂ ! ਮੈਂ, ਬਜ਼ਾਤ-ਏ-ਖ਼ੁਦ ਗਿਆਨੀ ਅਤੇ ਪੰਜਾਬੀ ਭਾਸ਼ਾ ਵਿੱਚ ਪੋਸਟ-ਗਰੈਜੂਏਸ਼ਨ ਹੋਣ ਸਦਕਾ, ਪੰਜਾਬੀ-ਭਾਸ਼ਾ, ਸਾਹਿੱਤ ਅਤੇ ਸੱਭਿਆਚਾਰ ਦੀ ਸਮਰਥੱਕ ਹਾਂ । ਯਥਾ-ਸੰਭਵ ਕੋਸ਼ਿਸ਼ ਵਿੱਚ ਰਹਿੰਦੀ ਹਾਂ ! ਨਿੱਜ ਲਈ, ਪ੍ਰਾਪਤੀ ਅਤੇ ਸਥਾਪਤੀ ਨਾਲ਼ੋਂ ਨਿਰੰਤਰਤਾ ਵਿੱਚ ਯਕੀਨ ਰੱਖਦੀ ਹੋਈ ਸਥਾਪਿਤ ਅਤੇ ਨਵੀਨ ਸਮਕਾਲੀ ਕੀਰਤੀਮਾਨਾਂ ਦੀ ਗਵਾਹੀ ਭਰਦੀ ਹਾਂ । ਪੰਜਾਬ, ਪੰਜਾਬੀ ਅਤੇ ਪੰਜਾਬੀਅਤ  ਨਾਲ਼ ਜੁੜੇ ਸੰਦਰਭਾਂ ਦੀ ਗੱਲ ਕਰਨੀ, ਸੁਣਨੀ ਤੇ ਸੁਣਾਉਨੀ ਦੇ ਅਮਲ ਦੀ ਧਾਰਨੀ ਹੋਣ ਕਾਰਣ ਇਸ ਰਾਹ ਦੀ ਰਾਹੀ ਹਾਂ, ਬੇਲਾਗ ਅਤੇ ਨਿਰਪੱਖ ਸੋਚ ਦੇ ਪਹਿਰੇ ਵਿੱਚ ਰਹਿੰਦੀ ਹਾਂ ਅਤੇ ਸਾਰਥਿਕ ਸਾਹਿੱਤਕ-ਅੰਜਾਮਾਂ ਦੀ ਮੱਦਾਹ ਹਾਂ । ਇਸੇ ਬਿਰਤੀ ਸਦਕਾ, ਜੋ ਪਿਤਾ-ਪੁਰਖੀ ਹੋਣ ਦੇ ਨਾਲ਼ ਨਿੱਜੀ ਵੀ ਹੈ, ਆਪਣੇ ਆਸ਼ੇ, ਆਪ ਨਿਰਧਾਰਿਤ ਕਰਦੀ ਹਾਂ । ਨਿਰੰਤਰ ਪੜ੍ਹਨ ਦੀ ਰੁਚੀ ਅਤੇ ਸਾਹਿੱਤਿਕ- ਲਗਨ ਦੇ ਸਦਕੇ ਅੱਜ ਇਸ ਮੁਕਾਮ ‘ਤੇ ਪੁੱਜੀ ਹਾਂ ਕਿ ਇੱਕ ਕਿਤਾਬ ਦਾ ਮੁੱਢ ਬੰਨ੍ਹ ਸਕਾਂ !

ਸ਼ਿਵਮੰ ਸਤਿੱਅਮੰ ਸੁੰਦਰਮੰ !


Real Estate