ਲੋਕ ਸਭਾ ਚੋਣਾਂ ਲਈ ਵੱਡੀ ਗਿਣਤੀ ਉਮੀਦਵਾਰਾਂ ਕਾਰਨ ਕਾਂਗਰਸ ‘ਚ ਕਾਟੋ-ਕਲੇਸ਼ ਵਧਿਆ

1098

ਪਿਛਲੇ ਦਿਨੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਦੀ ਸੂਬਾ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਕੀਤੀ। ਰਾਹੁਲ ਗਾਂਧੀ ਨੇ ਸੂਬਾ ਕਾਂਗਰਸ ਪ੍ਰਧਾਨਾਂ ਤੇ ਕਾਂਗਰਸ ਵਿਧਾਇਕ ਪਾਰਟੀ ਦੇ ਆਗੂਆਂ ਨੂੰ ਉਨ੍ਹਾਂ ਦੇ ਸੂਬਿਆਂ ਦੇ ਹਿਸਾਬ ਨਾਲ ਸਿਆਸੀ ਹਾਲਾਤ ਬਾਰੇ ਤਾਜ਼ਾ ਸਥਿਤੀ ਤੋਂ ਜਾਣੂ ਕਰਵਾਉਣ ਲਈ ਇਹ ਮੀਟਿੰਗ ਸੱਦੀ ਹੈ। ਕੁੱਲ ਮਿਲਾ ਕੇ ਪਾਰਟੀ ਗਤੀਵਿਧੀਆਂ ਇਸ ਵੇਲੇ ਸਿਖ਼ਰਾਂ ‘ਤੇ ਹਨ ਤੇ ਇਸ ਮਾਮਲੇ ਉੱਤੇ ਤਿੱਖੀ ਤੇ ਭਰਵੀਂ ਬਹਿਸ ਚੱਲੀ । ਇਸੇ ਲਈ ਪੰਜਾਬ ਇਕਾਈ ਨੇ ਸੂਬੇ ਦੇ ਸਾਰੇ 13 ਲੋਕ ਸਭਾ ਹਲਕਿਆਂ ਤੋਂ ਫ਼ੀਡਬੈਕ ਲੈਣ ਲਈ ਮੀਟਿੰਗਾਂ ਕੀਤੀਆਂ ਸਨ। ਸ਼ੁੱਕਰਵਾਰ ਨੂੰ ਸ੍ਰੀ ਜਾਖੜ ਤੇ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਆਸ਼ਾ ਕੁਮਾਰੀ ਨੇ ਵਿਧਾਇਕਾਂ, ਸਾਬਕਾ ਵਿਧਾਇਕਾਂ ਤੇ ਗੁਰਦਾਸਪੁਰ, ਅੰਮ੍ਰਿਤਸਰ, ਲੁਧਿਆਣਾ ਤੇ ਜਲੰਧਰ ਦੇ ਮੌਜੂਦਾ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ ਸੀ। ਸਾਬਕਾ ਮੰਤਰੀ ਰਮਨ ਭੱਲਾ ਨੇ ਗੁਰਦਾਸਪੁਰ ਤੋਂ ਸੁਨੀਲ ਜਾਖੜ ਨੂੰ ਮੁੜ ਉਮੀਦਵਾਰ ਬਣਾਏ ਜਾਣ ਦਾ ਖੁੱਲ੍ਹੇਆਮ ਵਿਰੋਧ ਕੀਤਾ ਸੀ ਤੇ ਉਨ੍ਹਾਂ ਨੂੰ ਹਲਕੇ ਤੋਂ ਬਾਹਰ ਦਾ ਵਿਅਕਤੀ ਦੱਸਿਆ ਸੀ।
ਭੱਲਾ ਨੇ ਵੀ ਸਾਲ 2017 ਦੀ ਜ਼ਿਮਨੀ ਸੰਸਦੀ ਚੋਣ ਦੌਰਾਨ ਇਸੇ ਸੀਟ ਉੱਤੇ ਆਪਣਾ ਦਾਅਵਾ ਜਤਾਇਆ ਸੀ ਤੇ ਅਰੰਭ ਵਿੱਚ ਉਹ ਸ੍ਰੀ ਜਾਖੜ ਦੀਆਂ ਚੋਣ ਮੁਹਿੰਮਾਂ ਵਿੱਚ ਵੀ ਸ਼ਾਮਲ ਨਹੀਂ ਹੋਏ ਸਨ। ਇਹ ਸੀਟ ਚਾਰ ਵਾਰ ਭਾਜਪਾ ਦੇ ਐੱਮਪੀ ਰਹੇ ਵਿਨੋਦ ਖੰਨਾ ਦੇ ਦੇਹਾਂਤ ਕਾਰਨ ਖ਼ਾਲੀ ਹੋਈ ਸੀ। ਮੀਟਿੰਗ ਤੋਂ ਬਾਅਦ ਸ੍ਰੀ ਭੱਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ ਸੀ,’ਜਾਖੜ ਪਾਰਟੀ ਦੇ ਸੂਬਾ ਪ੍ਰਧਾਨ ਹਨ ਤੇ ਸਮੁੱਚੇ ਸੂਬੇ ਦੀ ਮਸ਼ੀਨਰੀ ਜ਼ਿਮਨੀ ਚੋਣਾਂ ਦੌਰਾਨ ਉਨ੍ਹਾਂ ਨਾਲ ਸੀ। ਸਾਰੇ ਵਿਧਾਇਕ ਵੀ ਗੁਰਦਾਸਪੁਰ ਵਿੱਚ ਹੀ ਬੈਠੇ ਸਨ ਪਰ ਹੁਣ ਹਲਕੇ ਦੇ ਲੋਕ ਜਾਖੜ ਬਾਰੇ ਫ਼ੈਸਲਾ ਗੁਰਦਾਸਪੁਰ ਵਿੱਚ ਉਨ੍ਹਾਂ ਵੱਲੋਂ ਐੱਮਪੀ ਵਜੋਂ ਕੀਤੇ ਕੰਮਾਂ ਦੇ ਆਧਾਰ ਉੱਤੇ ਹੀ ਲੈਣਗੇ। ਉਹ ਨਾ ਕਦੇ ਸਾਨੂੰ ਮਿਲੇ ਤੇ ਨਾ ਹੀ ਕਦੇ ਸਾਨੂੰ ਫ਼ੋਨ ਕੀਤਾ। ਇਹ ਵਿਚਾਰ ਵਟਾਂਦਰਾ ਕੀਤਾ ਗਿਆ ਸੀ ਕਿ ਕਾਂਗਰਸ ਸੁਜਾਨਪੁਰ ਤੇ ਪਠਾਨਕੋਟ ਵਿੱਚ ਕਮਜ਼ੋਰ ਹੈ। ਮੈਂ ਦੋਵੇਂ ਹਲਕਿਆਂ ਦੀ ਨੁਮਾਇੰਦਗੀ ਕੀਤੀ ਹੈ ਤੇ ਪਾਰਟੀ ਕਾਰਕੁੰਨ ਸਾਡੇ ਨਾਲ ਖੜ੍ਹੇ ਹਨ। ਪਾਰਟੀ ਨੂੰ ਉਹ ਜ਼ਰੂਰ ਸੁਣਨਾ ਚਾਹੀਦਾ ਹੈ, ਜੋ ਕਾਰਕੁੰਨ ਚਾਹੁੰਦੇ ਹਨ।
‘ਆਪਣੇ ਹਲਕੇ ਬਾਰੇ ਮੀਟਿੰਗ ਵੇਲੇ ਜਾਖੜ ਮੌਜੂਦ ਨਹੀਂ ਸਨ ਤੇ ਉਸ ਮੀਟਿੰਗ ਦੀ ਪ੍ਰਧਾਨਗੀ ਸ੍ਰੀਮਤੀ ਆਸ਼ਾ ਕੁਮਾਰੀ ਨੇ ਕੀਤੀ ਸੀ। ਭੱਲਾ ਨੇ ਜਾਖੜ ਉੱਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਸੀ ਕਿ ਜ਼ਿਲ੍ਹੇ ਵਿੱਚ ਰੇਤੇ ਦੀ ਗ਼ੈਰ–ਕਾਨੂੰਨੀ ਪੁਟਾਈ ਜ਼ੋਰਾਂ ਉੱਤੇ ਹੈ ਤੇ ਉਸ ਨੂੰ ਰੋਕਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਵਿਧਾਇਕਾਂ ਨੂੰ ਉਮੀਦਵਾਰਾਂ ਦੇ ਨਾਂਵਾਂ ਦੀ ਸਿਫ਼ਾਰਸ਼ ਕਰਨ ਲਈ ਸਲਿੱਪਾਂ ਦਿੱਤੀਆਂ ਗਈਆਂ ਸਨ। ਲੁਧਿਆਣਾ ਸੀਟ ਲਈ ਵਿਧਾਇਕ ਰਾਕੇਸ਼ ਪਾਂਡੇ ਦਾ ਨਾਂਅ ਸਾਹਮਣੇ ਆਇਆ ਸੀ। ਇਸ ਸੀਟ ਦੀ ਨੁਮਾਇੰਦਗੀ ਰਵਨੀਤ ਸਿੰਘ ਬਿੱਟੂ ਅਤੇ ਸਾਬਕਾ ਅਕਾਲੀ ਮੰਤਰੀ ਸਰਵਣ ਸਿੰਘ ਫਿਲੌਰ ਕਰਦੇ ਹਨ। ਫਿਲੌਰ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਉਨ੍ਹਾਂ ਦੇ ਨਾਂਅ ਦੀ ਸਿਫ਼ਾਰਸ਼ ਜਲੰਧਰ ਸੀਟ ਲਈ ਕੀਤੀ ਗਈ ਹੈ, ਜਿੱਥੋਂ ਚੌਧਰੀ ਸੰਤੋਖ ਸਿੰਘ ਨੁਮਾਇੰਦਗੀ ਕਰਦੇ ਹਨ। ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਦੇ ਨਾਂਅ ਦੀ ਸਿਫ਼ਾਰਸ਼ ਕਿਸੇ ਨੇ ਅੰਮ੍ਰਿਤਸਰ ਸੀਟ ਲਈ ਕੀਤੀ ਹੈ, ਜਿੱਥੋਂ ਗੁਰਜੀਤ ਸਿੰਘ ਔਜਲਾ ਐੱਮਪੀ ਹਨ।
10 ਫ਼ਰਵਰੀ ਤੱਕ ਨਾਮਜ਼ਦਗੀਆਂ ਪ੍ਰਵਾਨ ਕਰਨੀਆਂ ਸਨ । 13 ਸੀਟਾਂ ਲਈ ਸੈਂਕੜੇ ਨਾਮਜ਼ਦਗੀਆਂ ਪੁੱਜ ਚੁੱਕੀਆਂ ਹਨ।

Real Estate