ਭਾਜਪਾ ਲਈ ਗੁਰਦਾਸਪੁਰ ਸੰਸਦੀ ਹਲਕੇ ’ਚ ਵਿਨੋਦ ਖੰਨਾ ਜਿਹਾ ਮਹਾਰਥੀ ਲੱਭਣਾ ਔਖਾ

1103

ਸੁਰਜੀਤ ਸਿੰਘ

ਹੁਣ ਜਦੋਂ ਸੰਸਦੀ ਚੋਣਾਂ ਸਿਰ ’ਤੇ ਆ ਗਈਆਂ ਹਨ, ਅਜਿਹੇ ਵੇਲੇ ਸਾਰੀਆਂ ਪਾਰਟੀਆਂ ਹੁਣ ਪੰਜਾਬ ਦੇ 13 ਵੱਖੋ–ਵੱਖਰੇ ਹਲਕਿਆਂ ਵਿੱਚ ਆਪੋ–ਆਪਣੇ ਉਮੀਦਵਾਰ ਲੱਭਣ ’ਚ ਲੱਗੀਆਂ ਹੋਈਆਂ ਹਨ। ਗੁਰਦਾਸਪੁਰ ਹਲਕੇ ਵਿੱਚ ਐਤਕੀਂ ਭਾਰਤੀ ਜਨਤਾ ਪਾਰਟੀ (ਭਾਜਪਾ) ਲਈ ਬਾਲੀਵੁੱਡ ਸਟਾਰ ਵਿਨੋਦ ਖੰਨਾ ਜਿਹਾ ਮਹਾਰਥੀ ਉਮੀਦਵਾਰ ਲੱਭਣਾ ਬਹੁਤ ਔਖਾ ਹੈ। ਕਾਂਗਰਸ ਵੀ ਇਸ ਹਲਕੇ ਤੋਂ ਜ਼ਰੂਰ ਹੀ ਆਪਣਾ ਕੋਈ ਮਜ਼ਬੂਤ ਉਮੀਦਵਾਰ ਹੀ ਐਲਾਨੇਗੀ।ਅਪ੍ਰੈਲ 2017 ’ਚ ਵਿਨੋਦ ਖੰਨਾ ਦੇ ਦੇਹਾਂਤ ਤੋਂ ਬਾਅਦ ਗੁਰਦਾਸਪੁਰ ਸੀਟ ਖ਼ਾਲੀ ਹੋ ਗਈ ਸੀ ਤੇ ਉਸੇ ਵਰ੍ਹੇ ਅਕਤੂਬਰ ਮਹੀਨੇ ਜ਼ਿਮਨੀ ਚੋਣ ਹੋਈ ਸੀ ਪਰ ਭਾਜਪਾ ਦੇ ਉਮੀਦਵਾਰ ਸਵਰਨ ਸਲਾਰੀਆ ਹਾਰ ਗਏ ਸਨ। ਸਲਾਰੀਆ ਦਰਅਸਲ ਮੁੰਬਈ ਦੇ ਇੱਕ ਕਾਰੋਬਾਰੀ ਹਨ; ਉਂਝ ਭਾਵੇਂ ਉਨ੍ਹਾਂ ਦਾ ਜੱਦੀ ਪਿੰਡ ਪਠਾਨਕੋਟ ਜ਼ਿਲ੍ਹੇ ਵਿੱਚ ਹੀ ਪੈਂਦਾ ਹੈ। ਉਸ ਚੋਣ ਦੌਰਾਨ ਕਾਂਗਰਸੀ ਉਮੀਦਵਾਰ ਸੁਨੀਲ ਕੁਮਾਰ ਜਾਖੜ ਨੇ ਸਲਾਰੀਆ ਨੂੰ 1.93 ਲੱਖ ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ ਸੀ।ਸ੍ਰੀ ਸਵਰਨ ਸਲਾਰੀਆ ਇਸ ਵਾਰ ਵੀ ਗੁਰਾਸਪੁਰ ਹਲਕੇ ਤੋਂ ਟਿਕਟ ਲੈਣ ਦੇ ਸਿਰਤੋੜ ਜਤਨ ਕਰ ਰਹੇ ਹਨ। ਆਪਣੇ ਦਾਅਵੇ ਦੀ ਮਜ਼ਬੂਤੀ ਲਈ ਉਨ੍ਹਾਂ ਆਪਣੀ ਇਹ ਦਲੀਲ ਪੇਸ਼ ਕੀਤੀ ਹੈ ਕਿ ਬੀਤੀ 3 ਜਨਵਰੀ ਨੂੰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਦਾਸਪੁਰ ਰੈਲੀ ਵਿੱਚ ਆਏ ਸਨ, ਤਦ ਉਹ ਉੱਥੇ ਮੌਜੂਦ ਸਨ।ਪਰ ਨਰਿੰਦਰ ਮੋਦੀ ਨੇ ਕਵਿਤਾ ਖੰਨਾ (ਵਿਨੋਦ ਖੰਨਾ ਦੀ ਪਤਨੀ) ਦੀ ਮੌਜੂਦਗੀ ਵਿੱਚ ਜਿਸ ਤਰ੍ਹਾਂ ਮਰਹੂਮ ਵਿਨੋਦ ਖੰਨਾ ਦੀ ਸ਼ਲਾਘਾ ਕੀਤੀ ਸੀ ਤੇ ਫਿਰ ਕਵਿਤਾ ਖੰਨਾ ਨੇ ਵੀ ਆਪਣੇ ਪਤੀ ਦੇ ਅਧੂਰੇ ਸੁਫ਼ਨੇ ਪੂਰੇ ਕਰਨ ਦਾ ਸੰਕਲਪ ਲਿਆ ਸੀ; ਉਸ ਤੋਂ ਤਾਂ ਕਵਿਤਾ ਖੰਨਾ ਦੀ ਗੁਰਦਾਸਪੁਰ ਸੀਟ ਉੱਤੇ ਦਾਅਵੇਦਾਰੀ ਸ੍ਰੀ ਸਵਰਨ ਸਲਾਰੀਆ ਦੀ ਦਾਅਵੇਦਾਰੀ ’ਤੇ ਭਾਰੂ ਪੈਂਦੀ ਦਿਸਦੀ ਹੈ।
ਪ੍ਰਧਾਨ ਮੰਤਰੀ ਦੇ ਹਾਂ–ਪੱਖੀ ਹੁੰਗਾਰੇ ਕਾਰਨ ਕਵਿਤਾ ਖੰਨਾ ਨੇ ਆਪਣੇ ਹਲਕੇ ਵਿੱਚ ਆਮ ਲੋਕਾਂ ਤੇ ਪਾਰਟੀ ਆਗੂਆਂ ਨੂੰ ਮਿਲਣਾ ਸ਼ੁਰੂ ਕਰ ਦਿੱਤਾ ਹੈ। ਇੰਝ ਉਹ ਇਸ ਹਲਕੇ ਉੱਤੇ ਆਪਣੀ ਦਾਅਵੇਦਾਰੀ ਮਜ਼ਬੂਤ ਕਰਨੀ ਚਾਹੁੰਦੇ ਹਨ। ਇੱਕ ਹਾਲੀਆ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇੱਥੋਂ ਤੱਕ ਵੀ ਆਖ ਦਿੱਤਾ ਹੈ ਕਿ ਉਹ ਪੱਕੇ ਤੌਰ ’ਤੇ ਮੁੰਬਈ ਤੋਂ ਗੁਰਦਾਸਪੁਰ ਆ ਕੇ ਰਹਿਣ ਲੱਗ ਪੈਣਗੇ।
ਇਸ ਤੋਂ ਇਲਾਵਾ ਵਿਨੋਦ ਖੰਨਾ ਦੀ ਪਹਿਲੀ ਪਤਨੀ ਦੀ ਸੰਤਾਨ ਤੇ ਬਾਲੀਵੁੱਡ ਅਦਾਕਾਰ ਅਕਸ਼ੇ ਖੰਨਾ ਦਾ ਨਾਂਅ ਵੀ ਇਸ ਸੀਟ ਲਈ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖੰਨਾ ਪਰਿਵਾਰ ਨਾਲ ਨੇੜਤਾ ਸਾਲ 2001 ਦੌਰਾਨ ਗੁਜਰਾਤ ਦੇ ਭੁਜ ਵਿਖੇ ਆਏ ਭੂਚਾਲ ਦੌਰਾਨ ਵਧੀ ਸੀ ਕਿਉਂਕਿ ਤਦ ਵਿਨੋਦ ਖੰਨਾ ਨੇ ਭੂਚਾਲ ਪ੍ਰਭਾਵਿਤ ਇਲਾਕਿਆਂ ਵਿੱਚ ਬਹੁਤ ਜ਼ਿਆਦਾ ਕੰਮ ਕੀਤਾ ਸੀ। ਇਨ੍ਹਾਂ ਬਹੁਤ ਸਾਰੇ ਕਾਰਨਾਂ ਕਰ ਕੇ ਭਾਜਪਾ ਦੀ ਟਿਕਟ ਖੰਨਾ ਪਰਿਵਾਰ ਦੇ ਕਿਸੇ ਮੈਂਬਰ ਨੂੰ ਮਿਲਣ ਦੀਆਂ ਸੰਭਾਵਨਾਵਾਂ ਸਭ ਤੋਂ ਵੱਧ ਹਨ।
ਸਵਰਨ ਸਲਾਰੀਆ ਤੋਂ ਇਲਾਵਾ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਤੇ ਸੁਜਾਨਪੁਰ ਦੇ ਵਿਧਾਇਕ ਦਿਨੇਸ਼ ਸਿੰਘ ਬਾਬੂ ਵੀ ਗੁਰਦਾਸਪੁਰ ਸੀਟ ਲਈ ਪਾਰਟੀ ਟਿਕਟ ਵਾਸਤੇ ਜ਼ੋਰ ਲਾ ਰਹੇ ਹਨ। ਇਨ੍ਹਾਂ ਸਾਰਿਆਂ ਨਾਲੋਂ ਸ੍ਰੀ ਦਿਨੇਸ਼ ਸਿੰਘ ਬੱਬੂ ਦਾ ਦਾਅਵਾ ਸਭ ਤੋਂ ਵੱਧ ਮਜ਼ਬੂਤ ਹੈ ਕਿਉਂਕਿ ਉਹ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ ਤੇ ਪਠਾਨਕੋਟ ਜ਼ਿਲ੍ਹੇ ਦੇ ਬਹੁ–ਗਿਣਤੀ ਰਾਜਪੂਤ ਵੋਟਰਾਂ ਉੱਤੇ ਉਨ੍ਹਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ।
ਉੱਧਰ ਕਾਂਗਰਸ ਪਾਰਟੀ ਵਿੱਚ ਹਾਲੇ ਤੱਕ ਸਭ ਤੋਂ ਮਜ਼ਬੂਤ ਦਾਅਵੇਦਾਰ ਮੌਜੂਦਾ ਐੱਮਪੀ ਸੁਨੀਲ ਜਾਖੜ ਹੀ ਜਾਪ ਰਹੇ ਹਨ। ਉਨ੍ਹਾਂ ਦੀ ਸਾਖ਼ ਬਹੁਤ ਵਧੀਆ ਹੈ। ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਆਸ਼ਾ ਕੁਮਾਰੀ ਦਾ ਬਿਆਨ ਵੀ ਸ੍ਰੀ ਜਾਖੜ ਦੇ ਹੱਕ ਵਿੱਚ ਆਇਆ ਹੈ, ਇੰਝ ਉਨ੍ਹਾਂ ਦੀ ਦਾਅਵੇਦਾਰੀ ਹੋਰ ਵੀ ਮਜ਼ਬੂਤ ਹੋ ਜਾਦੀ ਹੈ। ਪਰ ਕਾਂਗਰਸ ਦੇ ਹੀ ਕੁਝ ਆਗੂ ਅੰਦਰਖਾਤੇ ‘ਬਾਹਰੀ ਵਿਅਕਤੀ’ ਆਖ ਕੇ ਸ੍ਰੀ ਜਾਖੜ ਦਾ ਵਿਰੋਧ ਕਰ ਰਹੇ ਹਨ (ਕਿਉਂਕਿ ਸ੍ਰੀ ਜਾਖੜ ਮੂਲ ਰੂਪ ਵਿੱਚ ਫ਼ਾਜ਼ਿਲਕਾ ਜ਼ਿਲ੍ਹੇ ਦੇ ਸ਼ਹਿਰ ਅਬੋਹਰ ਦੇ ਨਿਵਾਸੀ ਹਨ)। ਉਨ੍ਹਾਂ ਤੋਂ ਇਲਾਵਾ ਸੀਨੀਅਰ ਪਾਰਟੀ ਆਗੂ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਚੀਮਾ ਵੀ ਇਸ ਹਲਕੇ ਵਿੱਚ ਟਿਕਟ ਦੇ ਦਾਅਵੇਦਾਰ ਹੋ ਸਕਦੇ ਹਨ। ਇਹ ਦੋਵੇਂ ਹੀ ਖ਼ੁਦ ਨੂੰ ਇਸ ‘ਮਿੱਟੀ ਦੇ ਸਪੂਤ’ ਆਖਦੇ ਹਨ। ਸ੍ਰੀ ਬਾਜਵਾ ਗੁਰਦਾਸਪੁਰ ਹਲਕੇ ਵਿੱਚ ਆਪਣੀ ਦਾਅਵੇਦਾਰੀ ਪੇਸ਼ ਕਰ ਸਕਦੇ ਹਨ ਕਿਉਂਕਿ ਉਨ੍ਹਾਂ ਦਾ ਰਾਜ ਸਭਾ ਦੀ ਮੈਂਬਰੀ ਦਾ ਕਾਰਜਕਾਲ ਖ਼ਤਮ ਹੋਣ ਵਾਲਾ ਹੈ।
ਆਮ ਆਦਮੀ ਪਾਰਟੀ ਕੋਲ ਹਾਲ ਦੀ ਘੜੀ ਗੁਰਦਾਸਪੁਰ ਤੋਂ ਕੋਈ ਮਜ਼ਬੂਤ ਉਮੀਦਵਾਰ ਵਿਖਾਈ ਨਹੀਂ ਦਿੰਦਾ, ਜਿਸ ਨੂੰ ਉਹ ਖੜ੍ਹਾ ਕਰ ਸਕੇ। ਸਾਲ 2017 ਦੀ ਜ਼ਿਮਨੀ ਚੋਣ ਦੌਰਾਨ ਪਾਰਟੀ ਦੇ ਉਮੀਦਵਾਰ ਮੇਜਰ ਜਨਰਲ (ਸੇਵਾ–ਮੁਕਤ) ਸੁਰੇਸ਼ ਖਜੂਰੀਆ 23,579 ਵੋਟਾਂ ਲੈ ਕੇ ਤੀਜੇ ਸਥਾਨ ’ਤੇ ਰਹੇ ਸਨ। ਪਾਰਟੀ ਦੇ ਸੂਤਰਾਂ ਦਾ ਵੀ ਇਹੋ ਕਹਿਣਾ ਹੈ ਕਿ ਸ੍ਰੀ ਖਜੂਰੀਆ ਨਾ ਤਾਂ ਸਿਆਸਤ ਵਿੱਚ ਸਰਗਰਮ ਹਨ ਤੇ ਨਾ ਹੀ ਉਨ੍ਹਾਂ ਦੀ ਕੋਈ ਦਿਲਚਸਪੀ ਆਉਂਦੀਆਂ ਸੰਸਦੀ ਚੋਣਾਂ ਲੜਨ ਵਿੱਚ ਵਿਖਾਈ ਦਿੰਦੀ ਹੈ।

ਹਿੰਦੁਸਤਾਨ ਟਾਈਮਜ਼

Real Estate