ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਬਾਦਲ ਦੀ ਸਭ ਤੋਂ ਵੱਡੀ ਗ਼ਲਤੀ ਸੀ-ਬ੍ਰਹਮਪੁਰਾ

964

ਨਵੇਂ ਬਣੇ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਤੇ ਐੱਮਪੀ ਰਣਜੀਤ ਸਿੰਘ ਬ੍ਰਹਮਪੁਰਾ ਤੇ ਸਾਬਕਾ ਐੱਮਪੀ ਰਤਨ ਸਿੰਘ ਅਜਨਾਲਾ ਨੇ ਸੋਮਵਾਰ ਨੂੰ ਮੋਗਾ ਦੇ ਕਸਬੇ ਬਾਘਾਪੁਰਾਣਾ ’ਚ ਪਾਰਟੀ ਵਰਕਰਾਂ ਤੇ ਆਗੂਆਂ ਨਾਲ ਮੀਟਿੰਗਾਂ ਕੀਤੀਆਂ। ਇਸ ਮੌਕੇ ਬ੍ਰਹਮਪੁਰਾ ਨੇ ਕਿਹਾ ਕਿ ‘ਅਸੀਂ ਪਿੰਡ–ਪਿੰਡ ਜਾ ਕੇ ਬਾਦਲ ਦੇ ਪਾਜ ਉਧੇੜਾਂਗੇ। ਉਨ੍ਹਾਂ ਕਿਹਾ ਕਿ ਸਿਰਫ਼ ਪੰਥਕ ਸਰਕਾਰ ਦੀ ਢਿੱਲ–ਮੱਠ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ। ਇਸ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਕੋਈ ਵੀ ਵਾਜਬ ਕਾਰਵਾਈ ਕਰਨ ਤੋਂ ਨਾਕਾਮ ਰਹੀ।ਬ੍ਰਹਮਪੁਰਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤੇ ਉਸ ਦੇ ਪੁੱਤਰ ਸੁਖਬੀਰ ਤੋਂ ਸਭ ਤੋਂ ਵੱਡੀ ਗ਼ਲਤੀ ਇਹ ਹੋਈ ਕਿ ਉਸ ਨੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਦਿਵਾਉਣ ਦਾ ਇੰਤਜ਼ਾਮ ਕਰਵਾਇਆ। ਹੋਰ ਤਾਂ ਹੋਰ, ਸੁਖਬੀਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੁੰ ਆਪਣੀ ਸਰਕਾਰੀ ਰਿਹਾਇਸ਼ਗਾਹ ’ਤੇ ਸੱਦਿਆ।ਉਨ੍ਹਾਂ ਕਿਹਾ ਕਿ – ‘ਬਾਦਲ ਦੀਆਂ ਮਾੜੀਆਂ ਨੀਤੀਆਂ ਕਾਰਨ ਹੀ ਸ਼੍ਰੋਮਣੀ ਅਕਾਲੀ ਦਲ ਨੇ ਜਨਤਾ ’ਚੋਂ ਆਪਣੀ ਹਰਮਨਪਿਆਰਤਾ ਗੁਆ ਲਈ; ਜਦ ਕਿ ਅਜਿਹੀਆਂ ਨੀਤੀਆਂ ਵਿਰੁੱਧ ਪਾਰਟੀ ’ਚ ਅੰਦਰੂਨੀ ਤੌਰ ਉੱਤੇ ਆਵਾਜ਼ ਵੀ ਬੁਲੰਦ ਕੀਤੀ ਗਈ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਵੀ ਬਾਦਲਾਂ ਦਾ ਪੂਰਾ ਕੰਟਰੋਲ ਹੈ ਤੇ ਉਨ੍ਹਾਂ ਦਾ ਮੁਲਾਜ਼ਮਾਂ ਦੇ ਤਬਾਦਲਿਆਂ ਤੋਂ ਲੈ ਕੇ ਵੱਡੇ ਪ੍ਰੋਜੈਕਟਾਂ ਤੱਕ ਵਿੱਚ ਪੂਰਾ ਦਖ਼ਲ ਹੁੰਦਾ ਹੈ।’

Real Estate