ਚੌਗਿਰਦੇ ਦੇ ਖੇੜਿਆਂ ਦੀ ਤਰਜ਼ਮਾਨੀ ਕਰਦਾ ਬਸੰਤ ਪੰਚਮੀ ਦਾ ਤਿਉਹਾਰ

Binder Khudi kalanਬਿੰਦਰ ਸਿੰਘ ਖੁੱਡੀ ਕਲਾਂ
ਮੋਬ-98786-05965
ਗਲੀ ਨੰਬਰ 1,ਸ਼ਕਤੀ ਨਗਰ,ਬਰਨਾਲਾ।
ਭਾਰਤ ਤਿਉਹਾਰਾਂ ਅਤੇ ਮੇਲਿਆਂ ਦਾ ਦੇਸ਼ ਹੈ।ਮਨਾਏ ਜਾਣ ਵਾਲੇ ਤਿਉਹਾਰਾਂ ਵਿੱਚੋਂ ਬਹੁਤ ਸਾਰਿਆਂ ਦਾ ਸੰਬੰਧ ਰੁੱਤ ਤਬਦੀਲੀ ਨਾਲ ਹੈ।ਸਾਡੇ ਮੁਲਕ ਵਿੱਚ ਸਰਦੀ ਅਤੇ ਗਰਮੀ ਸਮੇਤ ਬਹੁਤ ਸਾਰੀਆਂ ਰੁੱਤਾਂ ਆਉਂਦੀਆਂ ਹਨ।ਇਹਨਾਂ ਰੁੱਤਾਂ ਵਿੱਚੋਂ ਬਸੰਤ ਰੁੱਤ ਦਾ ਅਹਿਮ ਸਭ ਤੋਂ ਜਿਆਦਾ ਹੈ।ਬਸੰਤ ਪੰਚਮੀ ਬਸੰਤ ਰੁੱਤ ਦੀ ਆਮਦ ‘ਤੇ ਮਨਾਇਆ ਜਾਣ ਵਾਲਾ ਤਿਉਹਾਰ ਹੈ।ਰੁੱਤ ਦੀ ਤਬਦੀਲੀ ਬਦੌਲਤ ਬਨਸਪਤੀ ‘ਤੇ ਛਾਏ ਖੇੜਿਆਂ ਦੀ ਤਰਜ਼ਮਾਨੀ ਕਰਦੇ ਇਸ ਤਿਉਹਾਰ ਵਾਲੇ ਦਿਨ ਇਉਂ ਜਾਪਦਾ ਹੈ ਜਿਵੇਂ ਸਮੁੱਚੀ ਕਾਇਨਾਤ ਹੀ ਨੱਚ ਰਹੀ ਹੋਵੇ।ਸਾਰੀ ਬਨਸਪਤੀ ਖੁਸ਼ੀਆਂ ਦੇ ਹੁੰਗਾਰੇ ਭਰਦੀ ਪ੍ਰਤੀਤ ਹੁੰਦੀ ਹੈ।ਕਾਇਨਾਤ ‘ਤੇ ਜਵਾਨੀ ਆਈ ਜਾਪਦੀ ਹੈ।ਬਸੰਤ ਪੰਚਮੀ ਵਾਲੇ ਦਿਨ ਤੋਂ ਬਸੰਤ ਰੁੱਤ ਦੀ ਸ਼ੁਰੂਆਤ ਮੰਨੀ ਜਾਂਦੀ ਹੈ।ਇਸ ਰੁੱਤ ਵਿੱਚ ਨਾ ਸਰਦੀ ਅਤੇ ਨਾ ਗਰਮੀ ਹੁੰਦੀ ਹੈ।ਇਸ ਤਰ•ਾਂ ਦੇ ਸੁਹਾਵਣੇ ਮੌਸਮ ਵਿੱਚ ਜਿੱਥੇ ਲੋਕ ਸਰਦੀ ਦਾ ਡਰ ਭੁਲਾ ਕੇ ਬਾਹਰ ਨਿੱਕਲਦੇ ਹਨ,ਉਥੇ ਫਸਲਾਂ ਵੀ ਛਾਲਾਂ ਮਾਰ ਮਾਰ ਵਧਦੀਆਂ ਹਨ।ਖੇਤਾਂ ਵਿੱਚ ਖਿੜੇ ਸਰੋਂ ਦੇ ਫੁੱਲ ਅਤੇ ਬਾਗਾਂ ਵਿੱਚ ਖਿੜੇ ਫੁੱਲ ਸ਼ੈਨਤਾਂ ਕਰ ਕਰ ਬੁਲਾਉਂਦੇ ਜਾਪਦੇ ਹਨ।ਬਾਗਾਂ ਵਿੱਚ ਤਿਤਲੀਆਂ ਉਡਾਰੀਆਂ ਭਰਨ ਲੱਗਦੀਆਂ ਹਨ।ਖੇਤਾਂ ਵਿੱਚ ਫਸਲਾਂ ਦੇ ਸ਼ੁਰੂ ਹੋਏ ਵਿਕਾਸ ਨੂੰ ਤੱਕ ਤੱਕ ਕਿਸਾਨਾਂ ਦਾ ਮਨ ਵੀ ਉਡਾਰੀਆਂ ਮਾਰਨ ਨੂੰ ਕਰਦਾ ਹੈ।ਇਸ ਰੁੱਤ ਵਿੱਚ ਇਨਸਾਨਾਂ ਅਤੇ ਬਨਸਪਤੀ ਦੀ ਤਾਂ ਗੱਲ ਹੀ ਛੱਡੋ ਪਸ਼ੂਆਂ ਅਤੇ ਪੰਛੀਆਂ ਦੇ ਮਨਾਂ ‘ਤੇ ਵੀ ਖੇੜਾ ਛਾ ਜਾਂਦਾ ਹੈ।basent
ਬਸੰਤ ਰੁੱਤ ਦਾ ਵਰਣਨ ਪਵਿੱਤਰ ਗੁਰਬਾਣੀ ਵਿੱਚ ਵੀ ਮਿਲਦਾ ਹੈ।ਬਸੰਤ ਰਾਗ ਗੁਰਬਾਣੀ ਦੇ ਰਾਗਾਂ ਵਿੱਚ ਸ਼ੁਮਾਰ ਹੈ।ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਸ ਰੁੱਤ ਬਾਰੇ ਦਾਰਸ਼ਨਿਕ ਨਜ਼ਰੀਏ ਤੋਂ ਫੁਰਮਾਨ ਹੈ ‘ਨਾਨਕ ਤਿਨਾ ਬਸੰਤ ਹੈ,ਜਿਨ ਘਰ ਵਸਿਆ ਕੰਤੁ’।ਜਨਵਰੀ-ਫਰਵਰੀ ਮਹੀਨੇ ਮਨਾਏ ਜਾਣ ਵਾਲੇ ਇਸ ਤਿਉਹਾਰ ਨੂੰ ਹਿੰਦੂਮਤ ਨਜ਼ਰੀਏ ਤੋਂ ਸਰਸਵਤੀ ਦੇ ਆਗਮਨ ਨਾਲ ਜੋੜ ਕੇ ਮਨਾਇਆ ਜਾਂਦਾ ਹੈ।ਇਸ ਤਿਉਹਾਰ ਦਾ ਸੰਬੰਧ ਬ੍ਰਹਮਾ ਵੱਲੋਂ ਸ਼੍ਰਿਸਟੀ ਦੀ ਸਿਰਜਣਾ ਕਰਨ ਵਾਲੀ ਕਥਾ ਤੋਂ ਇਲਾਵਾ ਇਤਿਹਾਸਕ ਤੌਰ ‘ਤੇ ਇਸ ਦਾ ਸੰਬੰਧ ਪ੍ਰਿਥਵੀ ਰਾਜ ਚੌਹਾਨ ਅਤੇ ਮੁਹੰਮਦ ਗੌਰੀ ਦੇ ਯੁੱਧਾਂ ਨਾਲ ਵੀ ਜੁੜਦਾ ਹੈ।ਰਾਜਾ ਭੋਜ ਦਾ ਜਨਮ ਦਿਨ ਵੀ ਬਸੰਤ ਪੰਚਮੀ ਵਾਲੇ ਦਿਨ ਹੀ ਮਨਾਇਆ ਜਾਂਦਾ ਹੈ।ਵੀਰ ਹਕੀਕਤ ਰਾਏ ਨਾਲ ਵੀ ਇਸ ਤਿਉਹਾਰ ਦਾ ਸੰਬੰਧ ਜੋੜਿਆ ਜਾਂਦਾ ਹੈ।ਰਾਮ ਸਿੰਘ ਕੂਕਾ ਦਾ ਜਨਮ ਦਿਨ ਵੀ ਬਸੰਤ ਪੰਚਮੀ ਵਾਲੇ ਦਿਨ ਬਹੁਤ ਹੀ ਸਤਿਕਾਰ ਨਾਲ ਮਨਾਇਆ ਜਾਂਦਾ ਹੈ।ਇਸ ਰੁੱਤ ਦੌਰਾਨ ਖੇਤਾਂ ਵਿੱਚ ਹਰਿਆਲੀ ਦਾ ਪਹਿਰਾ ਲੱਗ ਜਾਂਦਾ ਹੈ।ਪੀਲੇ ਫੁੱਲਾਂ ਨਾਲ ਲੱਦੀਆਂ ਸਰੋਂ ਦੀਆਂ ਫਸਲਾਂ ਖੇਤਾਂ ਵਿੱਚ ਮਨਮੋਹਕ ਨਜ਼ਾਰਾ ਪੇਸ਼ ਕਰਦੀਆਂ ਹਨ।ਕਣਕਾਂ ਦੀਆਂ ਫਸਲਾਂ ਨੂੰ ਫਲ ਪੈਣਾ ਸ਼ੁਰੂ ਹੋ ਜਾਂਦਾ ਹੈ।ਚਾਰੇ ਪਾਸੇ ਪੀਲੇ ਅਤੇ ਹਰੇ ਰੰਗ ਦੀ ਬਹਾਰਾਂ ਕਾਰਨ ਹੀ ਸ਼ਾਇਦ ਬਸੰਤ ਪੰਚਮੀ ਵਾਲੇ ਦਿਨ ਪੀਲੇ ਰੰਗ ਦੇ ਕੱਪੜੇ ਪਹਿਨਣ ਅਤੇ ਪੀਲੇ ਰੰਗ ਦੇ ਭੋਜਨ ਪਦਾਰਥ ਖਾਣ ਦਾ ਰਿਵਾਜ਼ ਪ੍ਰਚਲਿਤ ਹੋਇਆ ਹੋਵੇਗਾ।ਸਰਸਵਤੀ ਦੇ ਆਗਮਨ ਕਾਰਨ ਇਸ ਤਿਉਹਾਰ ਦਾ ਕਲਾਕਾਰਾਂ ਨਾਲ ਬਹੁਤ ਗਹਿਰਾ ਸੰਬੰਧ ਮੰਨਿਆ ਜਾਂਦਾ ਹੈ।ਪੁਰਾਤਨ ਰਵਾਇਤਾਂ ਅਨੁਸਾਰ ਕਲਾ ਦੇ ਖੇਤਰ ਨਾਲ ਜੁੜੇ ਲੋਕ ਆਪਣੀ ਕਲਾ ਦੇ ਹੋਰ ਨਿਖਾਰ ਲਈ ਇਸ ਦਿਨ ਸਰਸਵਤੀ ਦੀ ਪੂਜਾ ਕਰਦੇ ਹਨ।ਪਤੰਗਬਾਜ਼ੀ ਕਰਕੇ ਬਸੰਤ ਪੰਚਮੀ ਮਨਾਉਣ ਦਾ ਰਿਵਾਜ਼ ਵੀ ਬਹੁਤ ਪੁਰਾਣਾ ਹੈ।ਅੰਬਰਾਂ ਵਿੱਚ ਉਡਾਰੀਆਂ ਮਾਰਦੇ ਰੰਗ ਬਿਰੰਗੇ ਪਤੰਗ ਇਨਸਾਨੀ ਮਨ ਨੂੰ ਹੋਰ ਵੀ ਖੇੜਾ ਬਖਸ਼ਦੇ ਹਨ।ਉਂਝ ਬੇਸ਼ੱਕ ਪਤੰਗਬਾਜ਼ੀ ਬੱਚਿਆਂ ਦੀ ਖੇਡ ਮੰਨੀ ਗਈ ਹੈ ਹੈ,ਪਰ ਇਸ ਦਿਨ ਨੌਜਵਾਨ ਅਤੇ ਵੱਡੀ ਉਮਰ ਦੇ ਸਭ ਲੋਕ ਰਲ ਮਿਲ ਕੇ ਪਤੰਗਬਾਜ਼ੀ ਕਰਦੇ ਹਨ।ਪਤੰਗਬਾਜ਼ੀ ਦੌਰਾਨ ਇੱਕ ਦੂਜੇ ਦੇ ਪਤੰਗ ਕੱਟ ਕੇ ਖੂਬ ਮੰਨੋਰੰਜਨ ਕੀਤਾ ਜਾਂਦਾ ਹੈ।ਪਰ ਇਸ ਪਤੰਗਬਾਜ਼ੀ ਨੇ ਇੱਕ ਨਵੀਂ ਹੀ ਅਲਾਮਤ ਨੂੰ ਜਨਮ ਦੇ ਦਿੱਤਾ ਹੈ।ਉਹ ਹੈ ਪਤੰਗਬਾਜ਼ੀ ਦੌਰਾਨ ਵਰਤੀ ਜਾਣ ਵਾਲੀ ਚਾਈਨਾ ਡੋਰ।ਇਹ ਡੋਰ ਬਹੁਤ ਸਾਰੇ ਹਾਦਸਿਆਂ ਦਾ ਕਾਰਨ ਬਣ ਰਹੀ ਹੈ।ਇਸ ਡੋਰ ਦੀ ਵਰਤੋਂ ‘ਤੇ ਪਾਬੰਦੀ ਹੋਣ ਦੇ ਬਾਵਯੂਦ ਵਰਤੋਂ ਦਾ ਆਲਮ ਰੁਕ ਨਹੀਂ ਰਿਹਾ।ਦੁਕਾਨਦਾਰਾਂ ਵੱਲੋਂ ਸ਼ਰੇਆਮ ਚਾਈਨਾ ਡੋਰ ਵੇਚ ਕੇ ਕਾਨੂੰਨ ਦੀ ਧੱਜੀਆਂ ਉਡਾਉਂਦਿਆਂ ਇਨਸਾਨਾਂ ਸਮੇਤ ਪੰਛੀਆਂ ਲਈ ਵੀ ਖਤਰਾ ਪੈਦਾ ਕੀਤਾ ਜਾ ਰਿਹਾ ਹੈ।ਹਵਾ ਵਿੱਚ ਉਡਦੀ ਇਹ ਡੋਰ ਕਿੰਨੇ ਹੀ ਲੋਕਾਂ ਦੇ ਗਲੇ ਕੱਟਣ ਦਾ ਸਬੱਬ ਬਣ ਚੁੱਕੀ ਹੈ।ਹਵਾ ਵਿੱਚ ਉਡਦੇ ਪੰਛੀ ਵਿਚਾਰੇ ਅਕਸਰ ਹੀ ਇਸ ਦੀ ਲਪੇਟ ਵਿੱਚ ਆ ਕੇ ਜਖਮੀ ਹੋ ਜਾਂਦੇ ਹਨ।ਚਾਈਨਾ ਡੋਰ ਨਾਲ ਕੀਤੀ ਜਾਂਦੀ ਪਤੰਗਬਾਜ਼ੀ ਬਸੰਤ ਦੇ ਰੰਗ ਵਿੱਚ ਭੰਗ ਪਾ ਜਾਂਦੀ ਹੈ।ਬਸੰਤ ਦੀਆਂ ਖੁਸ਼ੀਆਂ ਅਤੇ ਖੇੜਿਆਂ ਦੀ ਸਲਾਮਤੀ ਲਈ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਚਾਈਨਾ ਡੋਰ ‘ਤੇ ਲਗਾਈ ਪਾਬੰਦੀ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਰਕਾਰ ਦਾ ਸਾਥ ਦੇਈਏ।ਚਾਈਨਾ ਡੋਰ ਦੀ ਵਰਤੋਂ ਤਾਂ ਦੂਰ ਦੀ ਗੱਲ ਸਾਡਾ ਫਰਜ਼ ਬਣਦਾ ਹੈ ਕਿ ਇਸ ਦੀ ਵਿਕਰੀ ਅਤੇ ਵਰਤੋਂ ਕਰਨ ਵਾਲਿਆਂ ਦੀ ਸੂਚਨਾ ਪ੍ਰਸ਼ਾਸ਼ਨ ਨੂੰ ਦੇ ਕੇ ਸੱਚੇ ਨਾਗਰਿਕ ਹੋਣ ਦਾ ਫਰਜ਼ ਨਿਭਾਈਏ।ਪਤੰਗਬਾਜ਼ੀ ਜਰੂਰ ਕਰੀਏ ਪਰ ਸੁਰੱਖਿਅਤ ਤਰੀਕੇ ਨਾਲ ਦੇਸੀ ਡੋਰ ਦਾ ਇਸਤੇਮਾਲ ਕਰਦਿਆਂ।‘ਆਈ ਬਸੰਤ ਪਾਲਾ ਉਡੰਤ ਦੇ’ਕਹਿਣ ਮੁਤਾਬਿਕ ਇਸ ਤਿਉਹਾਰ ਤੋਂ ਬਾਅਦ ਬੜੀ ਸਾਵੀਂ ਰੁੱਤ ਦਾ ਆਗਮਨ ਹੁੰਦਾ ਹੈ।ਹਰ ਤਿਉਹਾਰ ਮੌਕੇ ਕੁੱਝ ਸਾਵਧਾਨੀਆਂ ਜਰੂਰ ਵਰਤਣੀਆਂ ਪੈਂਦੀਆਂ ਹਨ।ਜਿਉਂ ਹੀ ਇਹਨਾਂ ਸਾਵਧਾਨੀਆਂ ਪ੍ਰਤੀ ਅਵੇਸਲਾਪਣ ਆਉਂਦਾ ਹੈ ਤਾਂ ਦੁਰਘਟਨਾ ਘਟ ਜਾਂਦੀ ਹੈ।ਸੋ ਆਉ ਬਸੰਤ ਦੇ ਤਿਉਹਾਰ ਮੌਕੇ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਨੂੰ ਮਨ ‘ਚ ਵਸਾਉਂਦਿਆਂ ਖੁਸ਼ੀਆਂ ਅਤੇ ਖੇੜਿਆਂ ਦਾ ਪਹਿਰਾ ਬਰਕਰਾਰ ਰੱਖੀਏ।ਮੇਰੇ ਵੱਲੋਂ ਸਭ ਨੂੰ ਬਸੰਤ ਪੰਚਮੀ ਦੀਆਂ ਬਹੁਤ ਬਹੁਤ ਮੁਬਾਰਕਾਂ।
————–

 

Real Estate