ਆਮ ਆਦਮੀ ਪਾਰਟੀ ਦੇ ਵਿਧਾਇਕ ਵਜੋਂ ਅਸਤੀਫ਼ਾ ਦੇ ਚੁੱਕੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਕਿਹਾ ਹੈ ਕਿ ਉਹ ਅਸਤੀਫ਼ਾ ਵਾਪਸ ਨਹੀਂ ਲੈਣਗੇ, ਪਰ 12 ਫਰਵਰੀ ਤੋਂ ਸ਼ੁਰੂ ਹੋ ਰਹੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਜ਼ਰੂਰ ਸ਼ਾਮਲ ਹੋਣਗੇ ਕਿਉਂਕਿ ਸਪੀਕਰ ਨੇ ਹਾਲੇ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਨਹੀਂ ਕੀਤਾ। ਫੂਲਕਾ ਨੇ ਕਿਹਾ ਕਿ ਉਹ ਭਾਜਪਾ ਜਾਂ ਹੋਰ ਕਿਸੇ ਸਿਆਸੀ ਧਿਰ ਵਿਚ ਸ਼ਾਮਲ ਨਹੀਂ ਹੋਣਗੇ ਤੇ ਫ਼ਿਲਹਾਲ ਉਨ੍ਹਾਂ ਦੀ ਪਹਿਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚੋਂ ਬਾਦਲਾਂ ਦਾ ਸਿਆਸੀ ਗਲਬਾ ਖਤਮ ਕਰਵਾਉਣਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੰਤਰੀਆਂ ਨਵਜੋਤ ਸਿੰਘ ਸਿੱਧੂ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਮਨਪ੍ਰੀਤ ਸਿੰਘ ਬਾਦਲ ਅਤੇ ਚਰਨਜੀਤ ਸਿੰਘ ਚੰਨੀ ਕੋਲੋਂ ਬਰਗਾੜੀ ਗੋਲੀ ਕਾਂਡ ਬਾਰੇ ਪਿਛਲੇ ਵਿਧਾਨ ਸਭਾ ਸੈਸ਼ਨ ਦੌਰਾਨ ਕੀਤੇ ਵਾਅਦਿਆਂ ਤੋਂ ਭੱਜਣ ਸਬੰਧੀ ਸਵਾਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਵਿਰੁੱਧ ਕਾਰਵਾਈ ਕਰਨ ਦੇ ਵਾਅਦੇ ਕੀਤੇ ਗਏ ਸਨ, ਪਰ ਅੱਜ ਤੱਕ ਇਸ ਬਾਰੇ ਕੁੱਝ ਨਹੀਂ ਕੀਤਾ ਗਿਆ। ਫੂਲਕਾ ਨੇ ਕਿਹਾ ਕਿ ਉਹ ਸੈਸ਼ਨ ਵਿਚ ਸੰਨ 1986 ਵਿਚ ਨਕੋਦਰ ’ਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਘਟਨਾ ਵਿਰੁੱਧ ਰੋਹ ਪ੍ਰਗਟਾਉਂਦੇ ਸਿੱਖਾਂ ’ਤੇ ਗੋਲੀ ਚਲਾਉਣ ਕਾਰਨ ਹੋਈਆਂ ਚਾਰ ਮੌਤਾਂ ਦਾ ਮਾਮਲਾ ਵੀ ਚੁੱਕਣਗੇ।
‘ਆਪ’ ਤੋਂ ਅਸਤੀਫ਼ਾ ਦੇ ਕੇ ਸੁਖਪਾਲ ਸਿੰਘ ਖਹਿਰਾ ਦੀ ਪੰਜਾਬੀ ਏਕਤਾ ਪਾਰਟੀ ਵਿਚ ਸ਼ਾਮਲ ਹੋਏ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਉਹ ਬਜਟ ਸੈਸ਼ਨ ਵਿਚ ਸ਼ਾਮਲ ਹੋਣਗੇ ਕਿਉਂਕਿ ਉਨ੍ਹਾਂ ਸਿਰਫ਼ ਪਾਰਟੀ ਤੋਂ ਹੀ ਅਸਤੀਫ਼ਾ ਦਿੱਤਾ ਹੈ ਤੇ ਸੈਸ਼ਨ ਵਿਚ ਸ਼ਾਮਲ ਹੋ ਕੇ ਉਹ ਆਪਣੇ ਹਲਕੇ ਤੇ ਸੂਬੇ ਦੇ ਮੁੱਦੇ ਉਠਾਉਣਗੇ।
ਫੂਲਕਾ ਬਜਟ ਸੈਸ਼ਨ ਵਿਚ ਹੋਣਗੇ ਸ਼ਾਮਲ : ਬਰਗਾੜੀ ਕਾਂਡ ’ਤੇ ਸਰਕਾਰ ਨੂੰ ਕਰਨਗੇ ਸਵਾਲ
Real Estate