ਪੱਛਮੀ ਬੰਗਾਲ ਦੇ ਵੱਡੇ ਰਾਜਨੀਤਿਕ ਡਰਾਮੇ ਮਗਰੋਂ ਸੀਬੀਆਈ ਨੇ ਰਾਜੀਵ ਕੁਮਾਰ ਤੋਂ ਕੀਤੀ ਪੁੱਛ-ਪੜਤਾਲ

1034

ਸੀਬੀਆਈ ਦੀ ਟੀਮ ਨੇ ਸ਼ਾਰਦਾ ਚਿੱਟ ਫੰਡ ਘੁਟਾਲੇ ਦੇ ਸਿਲਸਿਲੇ ’ਚ ਕੋਲਕਾਤਾ ਦੇ ਪੁਲੀਸ ਕਮਿਸ਼ਨਰ ਰਾਜੀਵ ਕੁਮਾਰ ਤੋਂ ਸ਼ਿਲਾਂਗ ’ਚ ਪੁੱਛ-ਪੜਤਾਲ ਕੀਤੀ। ਸੀਬੀਆਈ ਨੇ ਰਾਜੀਵ ਕੁਮਾਰ ਨੂੰ 10 ਫਰਵਰੀ ਨੂੰ ਮੁੜ ਪੁੱਛ-ਪੜਤਾਲ ਲਈ ਸੱਦਿਆ ਹੈ। ਜਾਂਚ ਏਜੰਸੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਅੱਜ ਇੱਥੇ ਦੱਸਿਆ ਕਿ ਤ੍ਰਿਣਮੂਲ ਕਾਂਗਰਸ ਐਮਪੀ ਕੁਨਾਲ ਘੋਸ਼ ਵੀ ਇਸ ਘੁਟਾਲੇ ਦੀ ਜਾਂਚ ਸਬੰਧੀ ਏਜੰਸੀ ਦੇ ਦਫ਼ਤਰ ਵਿਚ ਪੇਸ਼ ਹੋਣਗੇ।
ਅਧਿਕਾਰੀ ਅਨੁਸਾਰ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਸ਼ਿਲਾਂਗ ਦੇ ਓਕਲੈਂਡ ਸਥਿਤ ਸੀਬੀਆਈ ਦੇ ਦਫ਼ਤਰ ’ਚ ਸਵੇਰੇ 11 ਵਜੇ ਰਾਜੀਵ ਕੁਮਾਰ ਤੋਂ ਪੁੱਛ-ਪੜਤਾਲ ਸ਼ੁਰੂ ਕੀਤੀ ਗਈ। ਜਾਂਚ ਏਜੰਸੀ ਦੇ ਦਫ਼ਤਰ ’ਚ ਸੁਰੱਖਿਆ ਦੇ ਮੁਕੰਮਲ ਪ੍ਰਬੰਧ ਕੀਤੇ ਗਏ ਸਨ। ਅਸਲ ’ਚ ਰਾਜੀਵ ਕੁਮਾਰ ਉਹ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦੇ ਮੁੱਖ ਅਧਿਕਾਰੀ ਸਨ ਜਿਸ ਦਾ ਗਠਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਘੁਟਾਲੇ ਦੀ ਜਾਂਚ ਲਈ ਕੀਤਾ ਸੀ।
ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕੋਲਕਾਤਾ ਪੁਲੀਸ ਦੇ ਮੁਖੀ ਨੂੰ ਸੀਬੀਆਈ ਸਾਹਮਣੇ ਪੇਸ਼ ਹੋਣ ਅਤੇ ਸ਼ਾਰਦਾ ਚਿਟ ਫੰਡ ਘੁਟਾਲੇ ਨਾਲ ਸਬੰਧਤ ਮਾਮਲਿਆਂ ਦੀ ਜਾਂਚ ’ਚ ਸਹਿਯੋਗ ਕਰਨ ਦੇ ਨਿਰਦੇਸ਼ ਦਿੱਤੇ ਸਨ। ਅਦਾਲਤ ਨੇ ਨਾਲ ਹੀ ਇਹ ਵੀ ਸਪੱਸ਼ਟ ਕਰ ਦਿੱਤਾ ਸੀ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਜਾਵੇ। ਸੁਪਰੀਮ ਕੋਰਟ ਨੇ ਸ੍ਰੀ ਕੁਮਾਰ ਨੂੰ ਇੱਕ ਨਿਰਪੱਖ ਸਥਾਨ ਸ਼ਿਲਾਂਗ ’ਚ ਜਾਂਚ ਏਜੰਸੀ ਸਾਹਮਣੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਸਨ ਤਾਂ ਜੋ ਸਾਰੇ ਗ਼ੈਰ-ਜ਼ਰੂਰੀ ਵਿਵਾਦਾਂ ਤੋਂ ਬਚਿਆ ਜਾ ਸਕੇ।
ਸੀਬੀਆਈ ਦੇ ਅਧਿਕਾਰੀ ਨੇ ਪੁੱਛ-ਪੜਤਾਲ ਕਰਨ ਲਈ ਤਿੰਨ ਫਰਵਰੀ ਨੂੰ ਕੋਲਕਾਤਾ ਸਥਿਤ ਰਾਜੀਵ ਕੁਮਾਰ ਦੀ ਰਿਹਾਇਸ਼ ’ਤੇ ਗਏ ਸਨ ਪਰ ਪੁਲੀਸ ਨੇ ਉਨ੍ਹਾਂ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਸੀ। ਸੀਬੀਆਈ ਦੀ ਕਾਰਵਾਈ ਦਾ ਵਿਰੋਧ ਕਰਦੇ ਹੋਏ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਤਿੰਨ ਦਿਨ ਤੱਕ ਧਰਨਾ ਵੀ ਦਿੱਤਾ ਸੀ।

Real Estate