81 ਸਾਲਾਂ ਸਿੰਘ ਨੇ ਨਿਊਜ਼ੀਲੈਂਡ ਮਾਸਟਰ ਗੇਮਾਂ ‘ਚ ਸੋਨੇ ਅਤੇ ਚਾਂਦੀ ਦਾ ਤਮਗਾ ਜਿਤਿਆ

2132

ਔਕਲੈਂਡ-ਹਰਜਿੰਦਰ ਸਿੰਘ ਬਸਿਆਲਾ)- ਇਥੋਂ ਲਗਪਗ 450 ਕਿਲੋਮੀਟਰ ਦੂਰ ਸ਼ਹਿਰ ਵਾਂਗਾਨੂਈ ਜਿਸ ਨੂੰ ਦੇਸ਼ ਦੇ ਸਭ ਤੋਂ ਲੰਬੇ ਸਮੁੰਦਰੀ ਆਵਾਜ਼ਾਈ ਰਾਹੀਂ ਪੁੱਜਣ ਵਾਲੇ ਸ਼ਹਿਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਵਿਖੇ 1 ਤੋਂ 10 ਫਰਵਰੀ ਤੱਕ 30ਵੀਂਆਂ ਨਿਊਜ਼ੀਲੈਂਡ ਮਾਸਟਰ ਖੇਡਾਂ ਜਾਰੀ ਹਨ। 30 ਸਾਲ ਤੋਂ ਉਪਰ ਦਾ ਕੋਈ ਵੀ ਵਿਅਕਤੀ ਇਨ੍ਹਾਂ ਖੇਡਾਂ ਦੇ ਵਿਚ ਭਾਗ ਲੈ ਸਕਦਾ ਹੈ ਅਤੇ ਆਸ ਮੁਤਾਬਿਕ 5000 ਲੋਕਾਂ ਨੇ 50 ਤੋਂ ਉਪਰ ਖੇਡਾਂ ਵਿਚ ਭਾਗ ਲਿਆ ਹੈ। ਭਾਰਤੀਆਂ ਖਾਸ ਕਰ ਸਿੱਖ ਭਾਈਚਾਰੇ ਨੂੰ ਇਸ ਗੱਲ ਦੀ ਵੱਡੀ ਖੁਸ਼ੀ ਹੋਵੇਗੀ ਕਿ ਸਿੱਖੀ ਸਰੂਪ ਦੇ ਵਿਚ 81 ਸਾਲਾ ਬਾਬਾ ਸ। ਜਗਜੀਤ ਸਿੰਘ ਕਥੂਰੀਆ ਨੇ 18 ਸਾਲਾਂ ਦੇ ਨੌਜਵਾਨ ਵਰਗਾ ਖੇਡ ਜ਼ਜਬਾ ਵਿਖਾ ਕੇ ਇਕ ਸੋਨੇ ਦਾ ਅਤੇ ਇਕ ਚਾਂਦੀ ਦਾ ਤਮਗਾ ਆਪਣੇ ਗਲ ਦਾ ਸ਼ਿੰਗਾਰ ਬਣਾਇਆ। ਸ। ਕਥੂਰੀਆ ਨੇ ਤਿੰਨ ਖੇਡਾਂ ਦੇ ਵਿਚ ਭਾਗ ਲਿਆ। ‘ਟ੍ਰਿਪਲ ਜੰਪ’ ਦੇ ਵਿਚ ਉਨ੍ਹਾਂ 4.55 ਮੀਟਰ ਲੰਬਾ ਜੰਪ ਲਗਾ ਕੇ ਸੋਨੇ ਦਾ ਤਮਗਾ ਜਿੱਤਿਆ, ਤਿੰਨ ਕਿਲੋਮੀਟਰ ਪੈਦਲ ਚੱਲਣ ਦਾ ਸਫਰ ਉਨ੍ਹਾਂ 25.13 ਮਿੰਟ ਦੇ ਵਿਚ ਮੁਕਾ ਕੇ ਚਾਂਦੀ ਦਾ ਤਮਗਾ ਜਿਤਿਆ ਅਤੇ 60 ਮੀਟਰ ਦੌੜ ਦੇ ਵਿਚ ਉਹ ਚੌਥੇ ਨੰਬਰ ਉਤੇ ਆਏ। ਇਸ ਸ਼ੌਕ ਨੂੰ ਪੂਰਾ ਕਰਨ ਦੇ ਲਈ ਸ। ਕਥੂਰੀਆ 8 ਘੰਟੇ ਬੱਸ ਦਾ ਸਫਰ ਕਰਕੇ ਇਨ੍ਹਾਂ ਗੇਮਾਂ ਦੇ ਵਿਚ ਭਾਗ ਲੈਣ ਲਈ ਔਕਲੈਂਡ ਤੋਂ ਪਹੁੰਚੇ ਅਤੇ ਚਾਰ ਦਿਨ ਤੱਕ ਉਥੇ ਹੋਟਲ ਦੇ ਵਿਚ ਰੁਕੇ। ਸ। ਕਥੂਰੀਆ ਨੇ ਦੱਸਿਆ ਕਿ ਮਾਸਟਰ ਗੇਮਾਂ ਦੇ ਵਿਚ ਭਾਰਤੀ ਲੋਕ ਨਾ ਦੇ ਮਾਤਰ ਹੀ ਸਨ, ਸਿਰਫ ਇਕ ਹੋਰ ਸਰਦਾਰ ਜੀ ਸਨ ਜਿਨ੍ਹਾਂ ਨੇ ਗੋਲਾ ਅਤੇ ਨੇਜ਼ਾ ਸੁੱਟਣ ਦੇ ਵਿਚ ਭਾਗ ਲਿਆ ਸੀ ਪਰ ਸ਼ਾਇਦ ਕੋਈ ਪੁਜੀਸ਼ਨ ਨਹੀਂ ਆਈ।
ਪਾਕਿਸਤਾਨੀ ਪੰਜਾਬ ਦੇ ਵਿਚ ਪੈਦਾ ਹੋਏ ਸ। ਜਗਜੀਤ ਸਿੰਘ ਕਥੂਰੀਆ ਹਰਿਆਣਾ ਤੋਂ ਸਿਖਿਆ ਵਿਭਾਗ ਤੋਂ ਹੈਡਮਾਸਟਰ ਰਿਟਾਇਰਡ ਹੋਏ ਅਤੇ ਫਿਰ ਪ੍ਰਾਈਵੇਟ ਸਕੂਲ ਦੇ ਵਿਚ ਪਿੰ੍ਰਸੀਪਲ ਰਹੇ ਹਨ। ਨਵੀਂ ਦਿੱਲੀ ਅਤੇ ਕਰਨਾਲ ਵਿਖੇ ਇਨ੍ਹਾਂ ਨੇ ਆਪਣਾ ਘਰ ਬਣਾਇਆ ਹੋਇਆ ਹੈ ਪਰ ਹੁਣ 2008 ਤੋਂ ਨਿਊਜ਼ੀਲੈਂਡ ਵਿਖੇ ਆਪਣੀ ਬੇਟੀ ਸ੍ਰੀਮਤੀ ਹਰਪ੍ਰੀਤ ਕੌਰ ਦੇ ਕੋਲ ਪਾਪਾਟੋਏਟੋਏ ਸ਼ਹਿਰ ਵਿਖੇ ਰਹਿ ਰਹੇ ਹਨ। ਇਨ੍ਹਾਂ ਦਾ ਇਕ ਬੇਟਾ ਆਸਟਰੇਲੀਆ ਅਤੇ ਇਕ ਕੈਨੇਡਾ ਹੈ।
ਖੇਡਾਂ ਪ੍ਰਤੀ ਉਨ੍ਹਾਂ ਦਾ ਲਗਾਅ ਜਵਾਨੀ ਵੇਲੇ ਤੋਂ ਰਿਹਾ ਹੈ ਅਤੇ 1958 ਦੇ ਵਿਚ ਉਹ ‘ਮਾਲਵਾ ਬੀਐਡ ਟ੍ਰੇਨਿੰਗ ਕਾਲਜ ਲਧਿਆਣਾ ਦੇ ‘ਬੈਸਟ ਅਥਲੀਟ’ ਰਹੇ ਹਨ। ਕਰਨਾਲ ਵਿਖੇ ਉਹ ਈਗਲ ਕਲੱਬ ਫੁੱਟਬਾਲ ਟੀਮ ਦੇ ਮੈਂਬਰ ਰਹੇ। ਲੁਧਿਆਣਾ ਵਿਖੇ ਉਹ ਇੰਟਰ ਕਾਲਜ ਹਾਕੀ ਖੇਡਦੇ ਰਹੇ ਹਨ। ਨਿਊਜ਼ੀਲੈਂਡ ਆਉਣ ਤੋਂ ਬਾਅਦ ਉਨ੍ਹਾਂ ਨੇ ਸਮਾਜਿਕ ਗਤੀਵਿਧੀਆਂ ਜਾਰੀ ਰੱਖੀਆਂ, ਜਿਨ੍ਹਾਂ ਦੇ ਸਨਮਾਨ ਵਜੋਂ ਮੈਨੁਕਾਓ ਸਿਟੀ ਕੌਂਸਿਲ ਵੱਲੋਂ ਉਨ੍ਹਾਂ ਨੂੰ ‘ਸਰਵਿਸ ਕਮਿਊਨਿਟੀ ਐਵਾਰਡ’ ਮਿਲਿਆ ਹੈ। 2012 ਦੇ ਵਿਚ ਇੰਡੀਅਨ ਕਮਿਊਨਿਟੀ ਵੱਲੋਂ ਆਪ ਨੂੰ ‘ਸੀਨੀਅਰ ਸਿਟੀਜ਼ਨ ਆਫ ਦਾ ਯੀਅਰ’ ਐਵਾਰਡ ਵੀ ਦਿੱਤਾ ਜਾ ਚੁੱਕਾ ਹੈ।

Real Estate