ਖ਼ਾਲਸਾ ਵੱਲੋਂ ਅਮਰੀਕੀ ਰਾਜਨੀਤੀ ਵਿਚ ਆਉਣ ਦਾ ਐਲਾਨ

2039

ਪਿਛਲੇ ਦਿਨੀਂ ਵੱਕਾਰੀ ਰੋਜ਼ਾ ਪਾਰਕਸ ਟਰੇਲਬਲੇਜ਼ਰ ਪੁਰਸਕਾਰ ਹਾਸਲ ਕਰਨ ਤੋਂ ਕੁਝ ਹਫ਼ਤਿਆਂ ਬਾਅਦ ਭਾਰਤੀ-ਅਮਰੀਕੀ ਸਿੱਖ ਗੁਰਿੰਦਰ ਸਿੰਘ ਖ਼ਾਲਸਾ ਨੇ ਰਾਜਨੀਤੀ ਵਿਚ ਆਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਸਿਟੀ ਕੌਂਸਲ ਆਫ਼ ਫਿਸ਼ਰਜ਼ ਦੀ ਚੋਣ ਲਈ ਆਪਣੀ ਯੋਜਨਾ ਦਾ ਐਲਾਨ ਕਰਨ ਤੋਂ ਬਾਅਦ ਬੁੱਧਵਾਰ ਨੁੰ ਇੰਡੀਆਨਾਪੋਲਿਸ ਵਿਚ ਆਪਣੇ ਸਮਰਥਕਾਂ ਨੂੰ ਕਿਹਾ,‘ਆਪਣੇ ਸਮਾਜ ਦੇ ਲੋਕਾਂ ਲਈ ਕੁਝ ਕਰਨ ਦੀ ਇੱਛਾ ਅਤੇ ਜਨਤਕ ਨੀਤੀ ਵਿਚ ਰੁਚੀ ਕਰਕੇ ਮੈਂ ਰਾਜਨੀਤੀ ਵਿਚ ਆਉਣ ਦਾ ਫ਼ੈਸਲਾ ਲਿਆ ਹੈ।’ ਇੱਕ ਤੋਂ ਵੱਧ ਦਹਾਕੇ ਤੋਂ ਇੰਡੀਆਨਾ ਵਿਚ ਫਿਸ਼ਰਜ਼ ਸਮਾਜ ਦੇ ਵਸਨੀਕ ਖ਼ਾਲਸਾ ਮੰਨੇ-ਪ੍ਰਮੰਨੇ ਕਾਰੋਬਾਰੀ ਆਗੂ, ਉੱਦਮੀ ਅਤੇ ਪਰਉਪਕਾਰੀ ਵਿਅਕਤੀ ਹਨ ਜਿਨ੍ਹਾਂ ਰਾਜ ਤੇ ਦੇਸ਼ ਵਿਚ ਲੋਕ ਸੇਵਾਵਾਂ ਦੇ ਆਗੂਆਂ ਤੇ ਸੰਸਥਾਵਾਂ ਨਾਲ ਕੰਮ ਕੀਤਾ ਹੈ। ਬੁੱਧਵਾਰ ਨੂੰ ਜਾਰੀ ਇੱਕ ਪ੍ਰੈਸ ਨੋਟ ਮੁਤਾਬਕ ਉਨ੍ਹਾਂ ਕਿਹਾ,‘ਮੈਂ ਲੋਕ ਸੇਵਾ ਰਾਹੀਂ ਸਮਾਜ ਨੂੰ ਕੁਝ ਵਾਪਸ ਕਰਨਾ ਚਾਹੁੰਦਾ ਹਾਂ।’
ਗੁਰਿੰਦਰ ਸਿੰਘ ਖ਼ਾਲਸਾ ਨੂੰ ਮਈ 2007 ਵਿਚ ਵਿਖਾਏ ਗਏ ਉਨ੍ਹਾਂ ਦੇ ਸਾਹਸ ਲਈ ਵੱਕਾਰੀ ਰੋਜ਼ ਪਾਰਕਸ ਟਰੇਲਬਲੇਜ਼ਰ ਪੁਰਸਕਾਰ ਲਈ ਚੁਣਿਆ ਗਿਆ ਸੀ। ਮਈ 2007 ਵਿਚ ਉਨ੍ਹਾਂ ਨੂੰ ਨਿਊਯਾਰਕ ਵਿਚ ਜਹਾਜ਼ ਚੜ੍ਹਨ ਮੌਕੇ ਆਪਣੀ ਪੱਗ ਲਾਹੁਣ ਲਈ ਕਿਹਾ ਗਿਆ ਸੀ। ਇਸ ਘਟਨਾ ਤੋਂ ਬਾਅਦ ਉਨ੍ਹਾਂ ਇਸ ਮੁੱਦੇ ਵੱਲ ਅਮਰੀਕੀ ਸੰਸਦ ਦਾ ਧਿਆਨ ਦਿਵਾਇਆ ਸੀ।

Real Estate