ਕਰਤਾਰਪੁਰ ਸਾਹਿਬ ਜਾਣ ਲਈ ਪਾਸਪੋਰਟ ਹੋਵੇਗਾ ਲਾਜ਼ਮੀ,ਯਾਤਰੀਆਂ ਨੂੰ ਉਸੇ ਦਿਨ ਵਾਪਸ ਆਉਣਾ ਪਵੇਗਾ

ਨਵੀਂ ਦਿੱਲੀ ਵਿਚ ਹੋਈ ਇਕ ਉੱਚ ਪੱਧਰੀ ਮੀਟਿੰਗ ਵਿਚ ਫੇਸਲਾ ਲਿਆ ਗਿਆ ਹੈ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਜਾਣ ਦੇ ਇੱਛੁਕ ਸ਼ਰਧਾਲੂਆਂ ਨੂੰ ਵਿਸ਼ੇਸ਼ ਲਾਂਘੇ ਰਾਹੀਂ ਗੁਆਂਢੀ ਮੁਲਕ ਜਾਣ ਲਈ ਪਾਸਪੋਰਟ ਤੇ ਪਰਮਿਟ ਸਲਿੱਪ ਦੀ ਲੋੜ ਪਏਗੀ। ਗ੍ਰਹਿ ਸਕੱਤਰ ਦੀ ਅਗਵਾਈ ਵਿਚ ਹੋਈ ਮੀਟਿੰਗ ਵਿਚ ਕਰਤਾਰਪੁਰ ਲਾਂਘਾ ਪ੍ਰਾਜੈਕਟ ਨੂੰ ਜਲਦੀ ਮੁਕੰਮਲ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੌਕੇ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਕਿਹਾ ਕਿ ਪਰਮਿਟ ਸਲਿੱਪ ਦਾਖ਼ਲ ਹੋਣ ਲਈ ਦਿੱਤੀ ਜਾਵੇਗੀ, ਪਰ ਕਰਤਾਰਪੁਰ ਸਥਿਤ ਦਰਬਾਰ ਸਾਹਿਬ ਜਾਣ ਲਈ ਪਾਸਪੋਰਟ ਦੀ ਲੋੜ ਹੋਵੇਗੀ। ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਲਿਖ ਕੇ ਸ਼ਰਧਾਲੂਆਂ ਲਈ ਪਾਸਪੋਰਟ ਲਾਜ਼ਮੀ ਨਾ ਕਰਨ ਦੀ ਮੰਗ ਕੀਤੀ ਸੀ, ਪਰ ਹੁਣ ਤਾਜ਼ਾ ਜਾਣਕਾਰੀ ਮੁਤਾਬਕ ਪਾਸਪੋਰਟ ਦੀ ਲੋੜ ਪਏਗੀ।
ਇਹ ਵੀ ਦੱਸਿਆ ਗਿਆ ਕਿ ਗੁਰਦੁਆਰਾ ਸਵੇਰ ਤੋਂ ਸ਼ਾਮ ਤੱਕ ਖੁੱਲ੍ਹਾ ਰਹੇਗਾ ਤੇ ਸ਼ਰਧਾਲੂਆਂ ਨੂੰ ਉਸੇ ਦਿਨ ਵਾਪਸ ਪਰਤਣਾ ਹੋਵੇਗਾ। ਭਾਰਤ ਸਰਕਾਰ ਵੱਲੋਂ ਤਿਆਰ ਕੀਤੇ ਸਮਝੌਤੇ ਦੇ ਖਰੜੇ ਵਿਚ ਦੋ ਹੋਰ ਮਹੱਤਵਪੂਰਨ ਮੱਦਾਂ ਵੀ ਸ਼ਾਮਲ ਹਨ। ਪਹਿਲੀ ਇਹ ਕਿ ਦਰਸ਼ਨਾਂ ਲਈ ਇਜਾਜ਼ਤ ਸਿਰਫ਼ ਸਿੱਖ ਸ਼ਰਧਾਲੂਆਂ ਤੱਕ ਸੀਮਤ ਨਹੀਂ ਹੋਵੇਗੀ ਤੇ ਦੂਜਾ ਯਾਤਰਾ ਨੂੰ ਗਰੁੱਪਾਂ ਤੱਕ ਸੀਮਤ ਨਾ ਕਰ ਕੇ ਨਿੱਜੀ ਤੌਰ ’ਤੇ ਵੀ ਯਾਤਰਾ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਗਈ ਹੈ। ਭਾਰਤ ਇਕ ਮਹੀਨੇ ਦੇ ਅੰਦਰ ਸਮਝੌਤੇ ਦਾ ਖਰੜਾ ਪਾਕਿਸਤਾਨ ਨਾਲ ਸਾਂਝਾ ਕਰੇਗਾ।

Real Estate