ਅਕਾਲੀ ਦਲ ਦੀ ਪੰਥਕ ਪਛਾਣ ਨੂੰ ਢਾਹ ਲਾਉਣ ਲਈ ਵੱਡੇ ਬਾਦਲ ਵੀ ਦੋਸ਼ੀ, ਗੱਠਜੋੜ ਵਿਚੋਂ ‘ਆਪ’ ਹੈ ਬਾਹਰ -ਬ੍ਰਹਮਪੁਰਾ

1111

ਸ੍ਰੋਮਣੀ ਅਕਾਲੀ ਦਲ(ਟਕਸਾਲੀ) ਦੀ ਲੀਡਰਸ਼ਿਪ ਨੇ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ(ਬਾਦਲ) ਦੇ ਸਰਪ੍ਰਸਤ ਅਤੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਾਰਟੀ ਦੀ ਪੰਥਕ ਪਛਾਣ ਨੂੰ ਢਾਹ ਲਾਉਣ ਲਈ ਵੱਡੇ ਬਾਦਲ ਵੀ ਬਰਾਬਰ ਦੇ ਦੋਸ਼ੀ ਹਨ। ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਕਮਾਂਡ ਸੁਖਬੀਰ ਬਾਦਲ ਦੇ ਹੱਥਾਂ ਵਿਚ ਆਈ, ਉਦੋਂ ਤੋਂ ਹੀ ਪਾਰਟੀ ਦਾ ਬੇੜਾ ਗਰਕ ਹੋਣਾ ਸ਼ੁਰੂ ਹੋ ਗਿਆ ਸੀ। ਇਸ ਬਾਰੇ ਉਹ ਪਾਰਟੀ ਅੰਦਰ ਸਮੇਂ-ਸਮੇਂ ’ਤੇ ਆਵਾਜ਼ ਉਠਾਉਂਦੇ ਰਹੇ ਸਨ, ਪਰ ਪੁੱਤਰ ਮੋਹ ਵਿਚ ਫਸੇ ਬਾਦਲ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ।
ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਵਿਚ ਜਥੇਦਾਰਾਂ ਨੂੰ ਬੁਲਾ ਕੇ ਡੇਰਾ ਮੁਖੀ ਨੂੰ ਮੁਆਫ਼ੀ ਦੇਣਾ ਹੀ ਵੱਡਾ ਗੁਨਾਹ ਸੀ। ਜਥੇਦਾਰ ਬ੍ਰਹਮਪੁਰਾ ਨੇ ਕਿਹਾ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਜਦੋਂ ਕੋਰ ਕਮੇਟੀ ਦੀ ਮੀਟਿੰਗ ਹੋਈ ਤਾਂ ਉਨ੍ਹਾਂ ਕਿਹਾ ਸੀ ਕਿ ਮੀਟਿੰਗ ਦਾ ਇੱਕੋ ਏਜੰਡਾ ਹੀ ਲਿਖਣਾ ਚਾਹੀਦਾ ਹੈ ਕਿ ਹਾਰ ਲਈ ਜ਼ਿੰਮੇਵਾਰ ਕੌਣ ਹੈ। ਉਨ੍ਹਾਂ ਉਦੋਂ ਵੀ ਸੁਖਬੀਰ ਬਾਦਲ ਦੀ ਕਾਰਗੁਜ਼ਾਰੀ ਦਾ ਜ਼ਿਕਰ ਕੀਤਾ ਸੀ ਤੇ ਉਸ ਨੂੰ ਅਸਤੀਫ਼ਾ ਦੇਣ ਲਈ ਕਿਹਾ ਸੀ। ਬ੍ਰਹਮਪੁਰਾ ਨੇ ਮੰਨਿਆ ਕਿ ਉਨ੍ਹਾਂ ਕੋਲੋਂ ਇਹ ਵੱਡੀ ਗਲਤੀ ਹੋ ਗਈ ਕਿ ਉਨ੍ਹਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਹਿਣ ’ਤੇ ਖਡੂਰ ਸਾਹਿਬ ਦੀ ਉਪ ਚੋਣ ਲੜੀ।
ਬ੍ਰਹਮਪੁਰਾ ਨੇ ਕਿਹਾ ਕਿ ਮਹਾਂਗੱਠਜੋੜ ਵਿਚੋਂ ਆਮ ਆਦਮੀ ਪਾਰਟੀ ਬਾਹਰ ਹੈ। ਸੀਟਾਂ ਦੀ ਵੰਡ ਦਾ ਐਲਾਨ ਜਲਦੀ ਹੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮਹਾਂਗੱਠਜੋੜ ਵਿਚ ਬਹੁਜਨ ਸਮਾਜ ਪਾਰਟੀ, ਲੋਕ ਇਨਸਾਫ਼ ਪਾਰਟੀ, ਐੱਮਪੀ ਧਰਮਵੀਰ ਗਾਂਧੀ, ਪੰਜਾਬੀ ਏਕਤਾ ਪਾਰਟੀ ਅਤੇ ਟਕਸਾਲੀ ਅਕਾਲੀ ਪਾਰਟੀ ਸ਼ਾਮਲ ਹਨ।

Real Estate