ਭਾਰਤ ਦੀ ਪਹਿਲੀ ਔਰਤ ਮੰਤਰੀ, ਪੰਜਾਬ ਦੀ ਧੀ ਰਾਜਕੁਮਾਰੀ ਅਮ੍ਰਿਤ ਕੌਰ

1340

ਬਰਸੀ ਤੇ ਵਿਸੇਸ਼ 6 ਫਰਵਰੀ ਲਈ

Amrit_Kaurਬਲਵਿੰਦਰ ਸਿੰਘ ਭੁੱਲਰ
ਪੰਜਾਬ ਦੇ ਇੱਕ ਰਾਜ ਘਰਾਣੇ ਵਿੱਚ ਜਨਮੀ, ਬੱਚਿਆਂ ਫੁੱਲਾਂ ਤੇ ਖੇਡਾਂ ਨਾਲ ਮੋਹ ਕਰਨ ਵਾਲੀ ਰਾਜਕੁਮਾਰੀ ਅਮ੍ਰਿਤ ਕੌਰ ਇੱਕ ਦ੍ਰਿੜ ਇਰਾਦੇ ਵਾਲੀ, ਉਘੀ ਸੁਤੰਤਰਤਾ ਸੰਗਰਾਮੀ, ਗਾਂਧੀਵਾਦੀ ਔਰਤ ਸੀ, ਜੋ ਭਾਰਤ ਦੀ ਪਹਿਲੀ ਸਿਹਤ ਮੰਤਰੀ ਹੋਣ ਦੇ ਨਾਲ ਨਾਲ ਬਹੁਤ ਸਾਰੇ ਉਚ ਅਹੁੱਦਿਆਂ ਤੇ ਰਹੀ।ਈਸਾਈ ਧਰਮ ਗ੍ਰਹਿਣ ਕਰਕੇ ਉਸਨੇ ਆਪਣਾ ਸਾਰਾ ਜੀਵਨ ਅਤੀ ਸਾਦਗੀ ਵਾਲਾ ਬਤੀਤ ਕੀਤਾ।
ਰਾਜਕੁਮਾਰੀ ਅਮ੍ਰਿਤ ਕੌਰ ਦਾ ਜਨਮ 2 ਫਰਵਰੀ 1889 ਨੂੰ ਉਤਰ ਪ੍ਰਦੇਸ ਦੇ ਸ਼ਹਿਰ ਲਖਨਊ ਵਿਖੇ ਹੋਇਆ। ਉਹ ਪੰਜਾਬ ਦੇ ਕਪੂਰਥਲਾ ਰਾਜ ਘਰਾਣੇ ਦੇ ਰਾਜਾ ਹਰਨਾਮ ਸਿੰਘ ਦੀ ਪੁੱਤਰੀ ਸੀ, ਜੋ ਲਖਨਊ ਰਹਿ ਰਹੇ ਸਨ, ਉਹ ਸੱਤ ਭਰਾਵਾਂ ਦੀ ਇਕਲੌਤੀ ਭੈਣ ਸੀ। ਉ¤ਚ ਘਰਾਣੇ ਨਾਲ ਸਬੰਧਤ ਹੋਣ ਕਰਕੇ ਉਹ ਉ¤ਚ ਸਿੱਖਿਆ ਪ੍ਰਾਪਤ ਕਰਨ ਲਈ ਇੰਗਲੈਂਡ ਚਲੀ ਗਈ ਅਤੇ ਉਥੋਂ ਦੀ ਔਕਸਫੋਰਡ ਯੂਨੀਵਰਸਿਟੀ ਤੋਂ ਐਮ ਏ ਕਰਕੇ ਵਾਪਸ ਭਾਰਤ ਆਈ। ਇਸ ਸਮੇਂ ਤੱਕ ਉਸਦੇ ਪਿਤਾ ਰਾਜਾ ਹਰਨਾਮ ਸਿੰਘ ਇੰਡੀਅਨ ਨੈਸਨਲ ਕਾਂਗਰਸ ਦੇ ਸੰਪਰਕ ਵਿੱਚ ਆ ਚੁੱਕੇ ਸਨ।
ਰਾਜਕੁਮਾਰੀ ਅਮ੍ਰਿਤ ਕੌਰ ਦਾ ਭਾਰਤ ਆਉਣ ਤੇ ਪ੍ਰਸਿੱਧ ਕਾਂਗਰਸੀ ਨੇਤਾ ਗੋਪਾਲ ਕ੍ਰਿਸਨ ਗੋਖਲੇ ਨਾਲ ਸੰਪਰਕ ਹੋ ਗਿਆ, ਜਿਸ ਕਰਕੇ ਉਸਨੇ ਭਾਰਤ ਨੂੰ ਅਜ਼ਾਦ ਕਰਾਉਣ ਲਈ ਵਿੱਢੇ ਸੰਘਰਸ਼ ਵਿੱਚ ਭਾਗ ਲੈਣਾ ਸੁਰੂ ਕਰ ਦਿੱਤਾ। 1919 ਵਿੱਚ ਉਸਦੀ ਬੰਬਈ ਵਿਖੇ ਉਸ ਸਮੇਂ ਦੇ ਮਹਾਨ ਅਜਾਦੀ ਘੁਲਾਟੀਏ ਮਹਾਤਮਾ ਗਾਂਧੀ ਨਾਲ ਪਹਿਲੀ ਮੀਟਿੰਗ ਹੋਈ, ਜਿਸ ਉਪਰੰਤ ਉਹ ਪੱਕੇ ਤੌਰ ਤੇ ਕਾਂਗਰਸ ਵਿੱਚ ਸਾਮਲ ਹੋ ਕੇ ਦੇਸ਼ ਦੀ ਅਜ਼ਾਦੀ ਲਈ ਲੜਾਈ ਵਿੱਚ ਭਾਗ ਲੈਣ ਲੱਗੀ ਅਤੇ ਸਮਾਜ ਭਲਾਈ ਦੇ ਕੰਮਾਂ ਵਿੱਚ ਦਿਲਚਸਪੀ ਲੈਣ ਲੱਗ ਪਈ।
ਰਾਜਕੁਮਾਰੀ ਅਮ੍ਰਿਤ ਕੌਰ 1927 ਵਿੱਚ ਆਲ ਇੰਡੀਆ ਵੋਮੈਨਜ ਕਾਨਫਰੰਸ ਦੀ ਕੋ-ਫਾਊਡਿਡ, 1930 ਵਿੱਚ ਸਕੱਤਰ ਅਤੇ 1933 ਵਿੱਚ ਪ੍ਰਧਾਨ ਬਣ ਗਈ। ਇਸੇ ਦੌਰਾਨ 1930 ਵਿੱਚ ਮਹਾਤਮਾ ਗਾਂਧੀ ਵੱਲੋਂ ਚਲਾਏ ਡਾਂਡੀ ਮਾਰਚ ਵਿੱਚ ਉਸਨੇ ਹਿੱਸਾ ਲਿਆ। 1934 ਵਿੱਚ ਉਹ ਮਹਾਤਮਾ ਗਾਂਧੀ ਦੇ ਆਸਰਮ ਵਿੱਚ ਹੀ ਚਲੀ ਗਈ ਅਤੇ ਉਥੇ ਰਹਿ ਕੇ ਕਰੀਬ 16 ਸਾਲ ਉਸਨੇ ਗਾਂਧੀ ਜੀ ਦੀ ਸਕੱਤਰ ਵਜੋਂ ਸੇਵਾ ਨਿਭਾਈ। 1942 ਵਿੱਚ ਕਾਂਗਰਸ ਵੱਲੋਂ ਚਲਾਏ ਭਾਰਤ ਛੱਡੋ ਅੰਦੋਲਨ ਵਿੱਚ ਉਸਨੇ ਪੂਰੀ ਸਰਗਰਮੀ ਨਾਲ ਭਾਗ ਲਿਆ।
ਉਸ ਸਮੇਂ ਦੇ ਦੇਸ਼ ਦੇ ਹਾਲਾਤਾਂ ਸਬੰਧੀ 1945 ਵਿੱਚ ਯੂਨੈਸਕੋ ਦੀ ਇੱਕ ਬੈਠਕ ਲੰਡਨ ਵਿਖੇ ਹੋਈ, ਜਿਸ ਵਿੱਚ ਹਿੱਸਾ ਲੈਣ ਲਈ ਜੋ ਭਾਰਤੀ ਦਲ ਭੇਜਿਆ ਗਿਆ, ਰਾਜਕੁਮਾਰੀ ਅਮ੍ਰਿਤ ਕੌਰ ਉਸਦੀ ਉਪ ਆਗੂ ਬਣਾਈ ਗਈ। ਇਸ ਉਪਰੰਤ 1946 ਵਿੱਚ ਯੂਨੈਸਕੋ ਦੀਆਂ ਸਭਾਵਾਂ ਪੈਰਿਸ ਵਿੱਚ ਹੋਈਆਂ ਤਾਂ ਉਹ ਇਹਨਾਂ ਵਿੱਚ ਭਾਗ ਲੈਣ ਵਾਲੇ ਦਲ ਦੀ ਵੀ ਉਪ ਆਗੂ ਬਣਾਈ ਗਈ। 1948 ਅਤੇ 1949 ਵਿੱਚ ਉਹ ਆਲ ਇੰਡੀਆ ਕਾਨਫਰੰਸ ਆਫ ਸੋਸਲ ਵਰਕ ਦੀ ਪ੍ਰਧਾਨ ਰਹੀ ਅਤੇ 1950 ਵਿੱਚ ਵਰਲਡ ਹੈਲਥ ਅਸੈਂਬਲੀ ਦੀ ਪ੍ਰਧਾਨ ਚੁਣੀ ਗਈ।
ਦੇਸ਼ ਦੀ ਅਜ਼ਾਦੀ ਉਪਰੰਤ ਪੰਡਤ ਜਵਾਹਰ ਲਾਲ ਨਹਿਰੂ ਦੇ ਪ੍ਰਧਾਨ ਮੰਤਰੀ ਬਣਨ ਨਾਲ ਜੋ ਭਾਰਤ ਦੀ ਕੇਂਦਰੀ ਕੈਬਨਿਟ ਬਣਾਈ ਗਈ, ਰਾਜਕੁਮਾਰੀ ਅਮ੍ਰਿਤ ਕੌਰ ਨੂੰ ਉਸ ਵਿੱਚ ਕੈਬਨਿਟ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਅਤੇ ਉਹ ਭਾਰਤ ਦੀ ਸਿਹਤ ਮੰਤਰੀ ਬਣੀ, ਇਹ ਭਾਰਤ ਦੀ ਪਹਿਲੀ ਔਰਤ ਮੰਤਰੀ ਸੀ, ਜੋ ਇਸ ਅਹੁਦੇ ਤੇ ਦਸ ਸਾਲ 1957 ਤੱਕ ਸੇਵਾ ਨਿਭਾਉਂਦੀ ਰਹੀ। 1957 ਵਿੱਚ ਨਵੀਂ ਦਿੱਲੀ ਵਿਖੇ ਇੰਟਰਨੈਸਨਲ ਰੈ¤ਡਕਰਾਸ ਦੀ 19ਵੀਂ ਕਾਨਫਰੰਸ ਉਸਦੀ ਪ੍ਰਧਾਨਗੀ ਹੇਠ ਹੋਈ। 1950 ਤੋਂ 1964 ਤੱਕ ਉਹ ਲੀਗ ਆਫ ਰੈਡਕਰਾਸ ਸੁਸਾਇਟੀ ਦੇ ਸਹਾਇਕ ਪ੍ਰਧਾਨ ਦੇ ਅਹੁਦੇ ਤੇ ਰਹੀ। 1948 ਤੋਂ 1964 ਤੱਕ ਹੀ ਰਾਜਕੁਮਾਰੀ ਅਮ੍ਰਿਤ ਕੌਰ ਸੇਂਟ ਜੌਹਨ ਐਂਬੂਲੈਸ ਬ੍ਰਿਗੇਡ ਦੀ ਚੀਫ਼ ਕਮਿਸਨਰ ਅਤੇ ਇੰਡੀਅਨ ਕੌਂਸਲ ਆਫ ਚਾਈਲਡ ਵੈਲਫੇਅਰ ਦੀ ਮੁੱਖ ਅਧਿਕਾਰੀ ਰਹੀ ਅਤੇ ਨਾਲ ਹੀ ਉਹ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਇਲਾਵਾ ਆਲ ਇੰਡੀਆ ਵੋਮੈਨ ਐਜੂਕੇਸਨ ਫੰਡ ਐਸੋਸੀਏਸਨ ਦੀ ਚੇਅਰਪਰਸਨ ਵਜੋਂ ਵੀ ਸੇਵਾ ਨਿਭਾਉਂਦੀ ਰਹੀ।
ਰਾਜਕੁਮਾਰੀ ਅਮ੍ਰਿਤ ਕੌਰ ਹਿੰਦ ਕੁਸ਼ਟ ਨਿਵਾਰਨ ਸੰਘ ਦੀ ਵੀ ਸੁਰੂ ਤੋਂ ਹੀ ਪ੍ਰਧਾਨ ਰਹੀ। ਉਹ ਗਾਂਧੀ ਸਮਾਰਕ ਨਿਧੀ ਤੇ ਜਲਿਆਂਵਾਲਾ ਬਾਗ ਨੈਸਨਲ ਮੈਮੋਰੀਅਲ ਟਰਸਟ ਦੀ ਟ੍ਰਸਟੀ, ਕੌਂਸਲ ਆਫ ਸਾਇੰਟਿਫਿਕ ਅਤੇ ਇੰਡਸਟਰੀਅਲ ਰਿਸਰਚ ਦੀ ਗਵਰਨਿੰਗ ਬਾਡੀ ਦੀ ਅਹੁਦੇਦਾਰ ਅਤੇ ਦਿੱਲੀ ਮਿਊਜਿਕ ਸੁਸਾਇਟੀ ਦੀ ਵੀ ਪ੍ਰਧਾਨ ਸੀ। ਇਹਨਾਂ ਤੋਂ ਇਲਾਵਾ ਵੀ ਉਹ ਹੋਰ ਅਨੇਕਾਂ ਅਹੁਦਿਆਂ ਤੇ ਰਹਿ ਕੇ ਦੇਸ਼ ਤੇ ਸਮਾਜ ਦੀ ਸੇਵਾ ਕਰਦੀ ਰਹੀ। ਉਸ ਨੂੰ ਦਿੱਲੀ ਯੂਨੀਵਰਸਿਟੀ, ਸਿਮਥ ਕਾਲਜ, ਵੈਸਟਰਨ ਕਾਲਜ, ਮੇਕਮਰੇ ਕਾਲਜ ਵੱਲੋਂ ਡਾਕਟਰੇਟ ਦੀ ਡਿਗਰੀ ਵੀ ਪ੍ਰਦਾਨ ਕੀਤੀ ਗਈ ਸੀ। ਉਹ ਅਮੀਰੀ ਗਰੀਬੀ ਦੇ ਪਾੜੇ ਨੂੰ ਖਤਮ ਕਰਨ, ਦੁਖੀਆਂ ਦੀ ਮੱਦਦ ਕਰਨ, ਸਮਾਜ ਵਿੱਚ ਸੁਧਾਰ ਲਿਆਉਣ, ਭਾਰਤੀ ਸੱਭਿਆਚਾਰ ਦੀ ਪ੍ਰਫੁੱਲਤਾ ਅਤੇ ਔਰਤਾਂ ਤੇ ਬੱਚਿਆਂ ਦੀ ਭਲਾਈ ਲਈ ਹਰ ਸਮੇਂ ਸਰਗਰਮ ਤੇ ਚਿੰਤਤ ਰਹਿੰਦੀ ਸੀ।
ਖੇਡਾਂ ਨਾਲ ਵੀ ਰਾਜਕੁਮਾਰੀ ਦਾ ਵਿਸੇਸ਼ ਮੋਹ ਸੀ, ਇਸੇ ਕਰਕੇ ਉਹਨਾਂ ਖ਼ੁਦ ਨੈਸਨਲ ਸਪੋਰਟਸ ਕਲੱਬ ਆਫ ਇੰਡੀਆ ਦੀ ਸਥਾਪਨਾ ਕੀਤੀ, ਜਿਸਦੀ ਉਹ ਸੁਰੂ ਤੋਂ ਹੀ ਪ੍ਰਧਾਨ ਰਹੀ। ਉਸਨੂੰ ਟੈਨਿਸ ਖੇਡਣ ਦਾ ਬਹੁਤ ਸ਼ੌਂਕ ਸੀ ਤੇ ਉਹ ਕਈ ਵਾਰ ਟੈਨਿਸ ਦੀ ਚੈਪੀਅਨ ਬਣੀ। ਰਾਜਕੁਮਾਰੀ ਅਮ੍ਰਿਤ ਕੌਰ ਸੰਤ ਬਿਰਤੀ ਵਾਲੀ ਅਤੇ ਸਾਦਾ ਜੀਵਨ ਬਤੀਤ ਕਰਨ ਵਾਲੀ, ਮਜਬੂਤ ਇਰਾਦੇ ਵਾਲੀ ਇੱਕ ਸਾਕਾਹਾਰੀ ਧਾਰਮਿਕ ਔਰਤ ਸੀ ਉਹ ਆਪਣੇ ਮਨ ਦੀ ਸਾਂਤੀ ਲਈ ਬਾਈਬਲ ਰਮਾਇਣ ਗੀਤਾ ਅਤੇ ਹੋਰ ਧਾਰਮਿਕ ਗੰਰਥ ਤੇ ਪੁਸਤਕਾਂ ਪੜਣ ਵਿੱਚ ਰੁਝੀ ਰਹਿੰਦੀ। ਭਾਰਤ ਦੀ ਇਹ ਮਹਾਨ ਔਰਤ 6 ਫਰਵਰੀ 1964 ਨੂੰ ਦਿੱਲੀ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਦੇਸ਼ ਵਾਸੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਈ, ਉਸਦੀ ਅੰਤਿਮ ਇੱਛਾ ਅਨੁਸਾਰ ਉਹਨਾਂ ਦੀ ਮ੍ਰਿਤਕ ਨੂੰ ਦਫ਼ਨਾਉਣ ਦੀ ਬਜਾਏ ਅੰਤਿਮ ਸਸਕਾਰ ਕੀਤਾ ਗਿਆ।

Real Estate