ਸੁਖਨੈਬ ਸਿੰਘ ਸਿੱਧੂ
ਪਟਿਆਲਾ ਸ਼ਹਿਰ ਭਾਰਤ ਵਿੱਚ ਹੀ ਆਪਣੀ ਵੱਖਰੀ ਸ਼ਨਾਖਤ ਰੱਖਦਾ । ਜਿੱਥੇ ਪਟਿਆਲਾ ਨੂੰ ਸ਼ਾਹੀ ਸ਼ਹਿਰ ਕਿਹਾ ਜਾਂਦਾ ਉੱਥੇ ਅਕਾਦਮਿਕ ਪੱਧਰ ‘ਤੇ ਇਸਦੀ ਦੇਣ ਬਹੁਤ ਵੱਡੀ ਹੈ। ਪਟਿਆਲਾ ਦੇ ਨਾਂਮ ਤੇ ‘ਪਟਿਆਲਾ ਹਾਊਸ ਕੋਰਟ, ‘ ਸਟੇਟ ਬੈਂਕ ਆਫ ਪਟਿਆਲਾ, ਪਟਿਆਲਾ ਸ਼ਾਹੀ ਸਲਵਾਰ , ਪਟਿਆਲਾ ਸ਼ਾਹੀ ਪੱਗ ਅਤੇ ਪਟਿਆਲਾ ਪੈੱਗ ਤੋਂ ਬਿਨਾ ਹੋਰ ਬਹੁਤ ਕੁਝ ਚੱਲਦਾ ਹੈ।
ਦੇਸ਼ ਦੀ ਸਿਆਸਤ ਵਿੱਚ ਇਹ ਸ਼ਹਿਰ ਅਹਿਮ ਸਥਾਨ ਰੱਖਦਾ ਇਸ ਪਿੱਛੇ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦਾ ਇੱਥੇ ਰਾਜ ਭਾਗ ਹੋਣਾ ਹੈ ।
2019 ਲੋਕ ਸਭਾ ‘ਚ ਪੰਜਾਬ ਦੀ ਤੇਰਵੀਂ ਲੋਕ ਸਭਾ ਸੀਟ ਉਪਰ ਕੀ ਕੁਝ ਵਾਪਰ ਸਕਦਾ ਇਸ ਤੋਂ ਪਹਿਲਾਂ ਇਸਦੇ ਇਤਿਹਾਸ ‘ਤੇ ਨਜ਼ਰ ਮਾਰ ਲਾਈਏ । ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਲੰਘੀਆਂ ਲੋਕ ਸਭਾ ਚੋਣਾਂ ‘ਚ ਡਾਕਟਰ ਧਰਮਵੀਰ ਗਾਂਧੀ ਦੀ ਜਿੱਤ ਨੇ ‘ਸ਼ਾਹੀ ਪਰਿਵਾਰ’ ਨਾਲ ਜੱਗੋ ਤੇਰਵੀਂ ਕਰ ਦਿੱਤੀ ਸੀ ।
ਇਹ ਲੋਕ ਸਭਾ ਹਲਕੇ ਜਿ਼ਆਦਾ ਸਮਾਂ ਕਾਂਗਰਸ ਹੱਕ ਵਿੱਚ ਹਵਾ ਵਗੀ ਹੈ ਹੋ ਸਕਦਾ ਹੈ 2019 ਦੀ ਜਿੱਤ ਦਾ ਝੰਡਾ ਮੋਤੀ ਮਹਿਲ ‘ਤੇ ਝੂਲਦਾ ਹੋਵੇ।
ਲੋਕ ਸਭਾ ਹਲਕਾ ਪਟਿਆਲਾ ਦਾ ਰਾਜਨੀਤਕ ਇਤਿਹਾਸ
1952 ਵਿੱਚ ਰਾਮ ਪ੍ਰਤਾਪ ਗਰਗ ( ਇੰਡੀਅਨ ਨੈਸ਼ਨਲ ਕਾਂਗਰਸ) ਵੱਲੋਂ ਲੋਕ ਸਭਾ ਮੈਂਬਰ ਜਿੱਤੇ । 1957 ਵਿੱਚ ਕਾਂਗਰਸ ਦੇ ਹੀ ਲਾਲਾ ਅਚਿੰਤ ਰਾਮ ਨੂੰ ਜਿੱਤ ਹਾਸਲ ਹੋਈ । 1962 ਵਿੱਚ ਸਰਦਾਰ ਹੁਕਮ ਸਿੰਘ , ਕਾਂਗਰਸ ਵੱਲੋਂ ਜੇਤੂ ਰਹੇ । 1967 ਵਿੱਚ ਮਹਾਰਾਣੀ ਮਹਿੰਦਰ ਕੌਰ ਕਾਂਗਰਸ ਦੀ ਸੀਟ ਹਾਸਲ ਕਰਨ ਵਿੱਚ ਸਫ਼ਲ ਰਹੇ । 1971 ਵਿੱਚ ਕਾਂਗਰਸ ਦੇ ਹੀ ਸਤਪਾਲ ਕਪੂਰ ਨੇ ਜਿੱਤ ਦਰਜ ਕੀਤੀ ।
1977 ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ , ਅਕਾਲੀ ਦਲ ਵੱਲੋਂ ਸੀਟ ਜਿੱਤਣ ‘ਚ ਕਾਮਯਾਬ ਰਹੇ।
1980 ਵਿੱਚ ਕੈਪਟਨ ਅਮਰਿੰਦਰ ਸਿੰਘ , ਇੰਡੀਅਨ ਨੈਸ਼ਨਲ ਕਾਂਗਰਸ (ਇੰਦਰਾ) ਵੱਲੋਂ ਪਹਿਲੀ ਵਾਰ ਲੋਕ ਸਭਾ ‘ਚ ਪਹੁੰਚੇ ।
1984 ਵਿੱਚ ਸਰਦਾਰ ਚਰਨਜੀਤ ਸਿੰਘ ਵਾਲੀਆ ਨੇ ਅਕਾਲੀ ਦਲ ਟਿਕਟ ‘ਤੇ ਜਿੱਤ ਹਾਸਲ ਕੀਤੀ ।
1989 ਵਿੱਚ ਸ: ਅਤਇੰਦਰ ਪਾਲ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਜਿੱਤ ਹਾਸਲ ਕੀਤੀ ।
1991 ਵਿੱਚ ਸੰਤ ਰਾਮ ਸਿੰਗਲਾ ਨੇ ਕਾਂਗਰਸ ਵੱਲੋਂ ਜਿੱਤ ਹਾਸਲ ਕੀਤੀ ।
1996 ਪ੍ਰੇਮ ਸਿੰਘ ਚੰਦੂਮਾਜਰਾ ਨੇ ਅਕਾਲੀ ਦਲ ਟਿਕਟ ‘ਤੇ ਜਿੱਤ ਹਾਸਲ ਕੀਤੀ ਫਿਰ 1998 ਵਿੱਚ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਰਾ ਕੇ ਇਹ ਸੀਟ ਅਕਾਲੀ ਦਲ ਦੇ ਖਾਤੇ ਵਿੱਚ ਪਾਈ ।
1999 ਵਿੱਚ ਮਹਾਰਾਣੀ ਪ੍ਰਨੀਤ ਕੌਰ ਕਾਂਗਰਸ ਦੀ ਟਿਕਟ ‘ਤੇ ਸੀਟ ਜਿੱਤੀ ਅਤੇ ਫਿਰ 2004 ਅਤੇ 2009 ਵਿੱਚ ਵੀ ਜਿੱਤ ਹਾਸਲ ਕੀਤੀ ਅਤੇ ਡਾ: ਮਨਮੋਹਨ ਸਿੰਘ ਦੀ ਸਰਕਾਰ ਵਿੱਚ ਮੰਤਰੀ ਰਹੇ ।
2014 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ: ਧਰਮਵੀਰ ਗਾਂਧੀ ਨੇ ਮਹਾਰਾਣੀ ਪਰਨੀਤ ਕੌਰ ਨੂੰ ਹਰਾ ਕੇ ਇਹ ਲੋਕ ਸਭਾ ਹਲਕੇ ਦੀ ਸੀਟ ਜਿੱਤੀ ।
ਡਾਕਟਰ ਗਾਂਧੀ ਨੂੰ 3,65, 671 ਵੋਟਾਂ ਮਿਲੀਆਂ ਜਦਕਿ ਸ੍ਰੀਮਤੀ ਪ੍ਰਨੀਤ ਕੌਰ ਨੂੰ 3 ,44, 729 ਵੋਟਾਂ ਮਿਲੀਆਂ ।
ਪਟਿਆਲਾ ਅਧੀਨ 9 ਵਿਧਾਨ ਸਭਾ ਹਲਕੇ ਨਾਭਾ , ਪਟਿਆਲਾ (ਸ਼ਹਿਰੀ) , ਪਟਿਆਲਾ ( ਪੇਂਡੂ) , ਰਾਜਪੁਰਾ , ਡੇਰਾ ਬੱਸੀ, ਸੁ਼ਤਰਾਣਾ , ਘਨੌਰ ਅਤੇ ਸਮਾਣਾ ਆਉਂਦੇ ਹਨ।
2019 ਲੋਕ ਸਭਾ ਚੋਣਾਂ ਜਮਾਂ ਸਿ਼ਖਰ ‘ਤੇ ਹਨ ਅਤੇ ਸੂਬੇ ਵਿੱਚ ਕਾਂਗਰਸ ਦੀ ਹਕੂਮਤ ਹੈ।
ਇਸ ਲੋਕ ਸਭਾ ਸੀਟ ਤੋਂ ਜੇਤੂ ਰਹੇ ਡਾ : ਧਰਮਵੀਰ ਗਾਂਧੀ ਨੇ ਹਲਕੇ ਲਈ ਉਸਾਰੂ ਕੰਮ ਵੀ ਬਹੁਤ ਕੀਤੇ ਹਨ ਪਰ ਉਹ ਆਪਣੀ ਪਾਰਟੀ ਨਾਲੋਂ ਮਤਭੇਦ ਦੇ ਚੱਲਦਿਆਂ ਅਲੱਗ ਹੋ ਕੇ ਪੰਜਾਬ ਮੰਚ ਬਣਾਉਣ ਮਗਰੋਂ ਪੀਡੀਏ ਨਾਲ ਚੱਲ ਰਹੇ ਹਨ । ਦੂਜਾ ਪੱਖ ਇਹ ਹੀ ਹੈ ਕਿ ਡਾਕਟਰ ਗਾਂਧੀ ਰੁਝੇਵਿਆਂ ਦੇ ਚੱਲਦੇ ਹਲਕੇ ‘ਚ ਉਹਨਾਂ ਨਹੀਂ ਵਿਚਰਦੇ ਜਿੰਨ੍ਹਾਂ ਉਹਨਾ ਦੇ ਸਿਆਸੀ ਵਿਰੋਧੀ ਸਰਗਰਮ ਹਨ। ਆਮ ਆਦਮੀ ਪਾਰਟੀ ਦਾ ਆਧਾਰ ਵੀ ਵਿਧਾਨ ਸਭਾ ਚੋਣਾਂ ਮਗਰੋਂ ਖੁੱਸਿਆ ਪ੍ਰਤੀਤ ਹੁੰਦਾ ਹੈ ਅਤੇ ਇਸਦਾ ਕਿਸੇ ਤਰ੍ਹਾਂ ਦਾ ਫਾਇਦਾ ਘੱਟੋ ਘੱਟ ਡਾਕਟਰ ਗਾਂਧੀ ਨੂੰ ਨਹੀਂ ਮਿਲੇਗਾ। ਇਸ ਲਈ ਡਾਕਟਰ ਗਾਂਧੀ ਹੋਰਾਂ ਨੂੰ ਲਈ ਇਸ ਵਾਰ ਦਿੱਲੀ ਬਹੁਤ ਦੂਰ ਪ੍ਰਤੀਤ ਹੁੰਦੀ । ਪੀਡੀਏ ਦਾ ਪੰਜਾਬ ‘ਚ ਹਾਲੇ ਸਾਰਥਿਕ ਵਜੂਦ ਨਹੀਂ , ਦੂਜੇ ਪਾਸੇ ਮੁੱਖ ਮੰਤਰੀ ਦੇ ਪਰਿਵਾਰ ਦਾ ਉਮੀਦਵਾਰ ਉਹਨਾਂ ਦੀ ਜੱਦੀ ਸੀਟ ਤੋਂ ਚੋਣ ਲੜੇਗਾ ਤਾਂ ਵੋਟਰਾਂ ਤੇ ਪ੍ਰਭਾਵ ਪੈਣਾ ਸੁਭਾਵਿਕ ਹੈ।
ਅਕਾਲੀ ਦਲ ਬਾਦਲ ਇਸ ਵਾਰ ਸਮੁੱਚੇ ਪੰਜਾਬ ਪਛੜ ਗਿਆ ਹੈ ਅਤੇ ਉਸਦਾ ਖੁੱਸਿਆ ਹੋਇਆ ਵਕਾਰ ਹਾਸਲ ਹੋਣਾ ਹਾਲ ਦੀ ਘੜੀ ਬਹੁਤ ਔਖਾ ਲੱਗਦਾ । ਅਕਾਲੀ ਦਲ ਕੋਲ ਅੱਜ ਤੱਕ ਪਟਿਆਲਾ ਵਿੱਚ ਕੋਈ ਮਜਬੂਤ ਉਮੀਦਵਾਰ ਵੀ ਨਹੀਂ ਜਿਹੜਾ ਸ਼ਾਹੀ ਮਹਿਲਾਂ ਨਾਲ ਟੱਕਰ ਲੈ ਕੇ ਜਿੱਤਣ ਦੇ ਸਮਰੱਥ ਦਿੱਸਦਾ ਹੋਵੇ ਕੱਲ੍ਹ ਨੂੰ ਕੀ ਸਮੀਕਰਨ ਬਣਦੇ ਇਹ ਦੇਖਣਾ ਹੋਵੇਗਾ ।