ਜਾਰੀ ਹੈ ਮਮਤਾ ਤੇ ਕੇਂਦਰ ਵਿਚਕਾਰ ਰੇੜਕਾ,ਰਾਜਨਾਥ ਨੇ ਦਿੱਤੀ ਚੇਤਾਵਨੀ

756

ਕੋਲਕਾਤਾ ਦੇ ਪੁਲੀਸ ਮੁਖੀ ਰਾਜੀਵ ਕੁਮਾਰ ਤੋਂ ਸੀਬੀਆਈ ਵੱਲੋਂ ਪੁੱਛ-ਗਿੱਛ ਕਰਨ ਦੀ ਕੋਸ਼ਿਸ਼ ਖ਼ਿਲਾਫ਼ ਪੱਛਮੀ ਬੰਗਾਲ ’ਚ ਛਿੜਿਆ ਸਿਆਸੀ ਸੰਗਰਾਮ ਹੁਣ ‘ਸੰਵਿਧਾਨ ਅਤੇ ਮੁਲਕ ਬਚਾਉ’ ਅੰਦੋਲਨ ’ਚ ਤਬਦੀਲ ਹੋ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸੂਬੇ ਦੇ ਘਟਨਾਕ੍ਰਮ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਉਥੋਂ ਦੇ ਹਾਲਾਤ ‘ਸੰਵਿਧਾਨਕ ਪ੍ਰਬੰਧ ਦੇ ਭੰਗ ਹੋਣ’ ਵੱਲ ਇਸ਼ਾਰਾ ਕਰਦੇ ਹਨ।
ਸੀਬੀਆਈ ਖ਼ਿਲਾਫ਼ ਧਰਨੇ ’ਤੇ ਬੈਠਣ ਵਾਲੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਅਹਿਦ ਲਿਆ ਕਿ ਜਦੋਂ ਤਕ ‘ਸੰਵਿਧਾਨ ਅਤੇ ਮੁਲਕ’ ਨੂੰ ਉਹ ਬਚਾ ਨਹੀਂ ਲਏਗੀ, ਉਸ ਦਾ ਅੰਦੋਲਨ ਜਾਰੀ ਰਹੇਗਾ। ਲੋਕ ਸਭਾ ਚੋਣਾਂ ਤੋਂ ਪਹਿਲਾਂ ਮਮਤਾ ਬੈਨਰਜੀ ਨੇ ਕੇਂਦਰ ਦੀ ਭਾਜਪਾ ਸਰਕਾਰ ਨਾਲ ਸਿੱਧਾ ਮੱਥਾ ਲਾ ਲਿਆ ਹੈ। ਉਨ੍ਹਾਂ ਕਿਹਾ ਕਿ ਧਰਨਾ ਸ਼ੁੱਕਰਵਾਰ ਤੱਕ ਜਾਰੀ ਰਹੇਗਾ। ਬੈਨਰਜੀ ਦੇ ਕਦਮ ਨੂੰ ਕਈ ਪਾਰਟੀਆਂ ਨੇ ਹਮਾਇਤ ਦਿੱਤੀ ਹੈ। ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਤੇਜ਼ਤਰਾਰ ਮੁਖੀ ਨੇ ਅੰਦੋਲਨ ਵਾਲੀ ਥਾਂ ’ਤੇ ਪੱਤਰਕਾਰਾਂ ਨੂੰ ਕਿਹਾ,‘‘ਇਹ ਸੱਤਿਆਗ੍ਰਹਿ ਹੈ ਅਤੇ ਮੈਂ ਉਸ ਸਮੇਂ ਤਕ ਇਸ ਨੂੰ ਜਾਰੀ ਰੱਖਾਂਗੀ ਜਦੋਂ ਤਕ ਮੁਲਕ ਅਤੇ ਸੰਵਿਧਾਨ ਬਚ ਨਹੀਂ ਜਾਂਦੇ।’’
ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਪੁਤਲੇ ਸਾੜੇ ਗਏ ਤਾਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ ’ਚ ਪੱਛਮੀ ਬੰਗਾਲ ਦੀਆਂ ਘਟਨਾਵਾਂ ਨੂੰ ਮੰਦਭਾਗਾ ਕਰਾਰ ਦਿੱਤਾ ਅਤੇ ਕਿਹਾ ਕਿ ਇਹ ‘ਸੰਵਿਧਾਨ ਭੰਗ ਕਰਨ’ ਵਰਗੇ ਸੰਕੇਤ ਹਨ।

Real Estate