ਅਕਾਲੀਆਂ ਭਾਜਪਾਈਆ ਵਿਚਕਾਰ ਹੋਈ ਸੁਲਹਾ ?

1350

ਹਜ਼ੂਰ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਵਾਦ ‘ਚ ਭਾਜਪਾ ਵੱਲੋਂ ਨਵੇਂ ਸਪਸ਼ਟੀਕਰਨ ਸਾਹਮਣੇ ਆਏ ਸਨ, ਪਰ ਅਕਾਲੀ ਦਲ (ਬਾਦਲ) ਵੱਲੋਂ ਉਨ੍ਹਾਂ ਸਪਸ਼ਟੀਕਰਨਾਂ ਨੂੰ ਨਕਾਰਦਿਆਂ ਅਸਲ ਮੁੱਦੇ ਦੇ ਸਪਸ਼ਟੀਕਰਨ ਦੀ ਮੰਗ ਕੀਤੀ ਜਾ ਰਹੀ ਹੈ। ਅਕਾਲੀ ਦਲ ਦੇ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ  ਦੱਸਿਆ ਕਿ ਜੋ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸਪਸ਼ਟੀਕਰਨ ਦਿੱਤਾ ਹੈ, ਉਹ ਮੁੱਦਾ ਹੋਰ ਹੈ। ਉਨ੍ਹਾਂ ਦੱਸਿਆ ਕਿ ਇਹ ਦੋ ਤਰ੍ਹਾਂ ਦੀਆਂ ਸੋਧਾਂ ਹਨ, ਜਿੰਨ੍ਹਾਂ ‘ਚੋਂ ਇੱਕ ‘ਚ ਸੂਬਾ ਸਰਕਾਰ ਦਾ 17 ਮੈਂਬਰੀ ਕਮੇਟੀ ‘ਚ 6 ਮੈਂਬਰਾਂ ਦੀ ਚੋਣ ਕਰਨ ਦਾ ਹੈ ਤੇ ਦੂਜਾ ਮੁੱਦਾ ਸਿੱਧਾ ਕਮੇਟੀ ਦਾ ਪ੍ਰਧਾਨ ਚੁਣਨ ਦਾ ਹੈ। ਉਂਨ੍ਹਾਂ ਕਿਹਾ ਕਿ ਸੂਬਾ ਸਰਕਾਰ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਦੀ ਚੋਣ ਖੁਦ ਆਪਣੇ ਹੱਥ ‘ਚ ਰੱਖ ਰਹੀ ਹੈ ਤੇ ਉਸ ‘ਚ ਫਿਲਹਾਲ ਕੋਈ ਸੋਧ ਨਹੀਂ ਕੀਤੀ ਗਈ। ਸਿਰਸਾ ਨੇ ਕਿਹਾ ਕਿ ਅਕਾਲੀਦਲ ਮਹਾਰਾਸ਼ਟਰ ਸਰਕਾਰ ਦੀ ਗੁਰਦੁਆਰਾ ਕਮੇਟੀ ਦੀ ਪ੍ਰਧਾਨਗੀ ਦੇ ਅਹੁਦੇ ‘ਚ ਦਖਲਅੰਦਾਜੀ ਦਾ ਵਿਰੋਧ ਕਰ ਰਿਹਾ ਹੈ। ਸਿਰਸਾ ਨੇ ਕਿਹਾ ਕਿ ਅਕਾਲੀ ਦਲ ਦੀ ਮੰਗ ਹੈ ਕਿ ਇਸ ਮੁੱਦੇ ਬਾਬਤ ਭਾਜਪਾ 2015 ਦਾ ਨੋਟੀਫਿਕੇਸ਼ਨ ਰੱਦ ਕਰੇ।ਇਸ ਤੋਂ ਪਹਿਲਾਂ ਮਹਾਰਾਸ਼ਟਰ ਸਰਕਾਰ ਨੇ ਗੁਰਦਵਾਰਾ ਐਕਟ ਦੀ ਧਾਰਾ 11 ਵਿਚ ਸੋਧ ਕਰਨ ਦੀ ਤਜਵੀਜ਼ ਪੱਕੇ ਤੌਰ ਤੇ ਰੱਦ ਕਰ ਦਿੱਤੀ ਹੈ। ਜਦਕਿ ਮਨਜਿੰਦਰ ਸਿਰਸਾ ਦਾ ਕਹਿਣਾ ਹੈ ਕਿ ਭਾਜਪਾ ਅਜਿਹੇ ਬਿਆਨ ਦੇ ਕੇ ਸਿੱਖਾਂ ਨੂੰ ਗੁੰਮਰਾਹ ਕਰ ਰਹੀ ਹੈ। ਉਂਨ੍ਹਾਂ ਕਿਹਾ ਕਿ ਪ੍ਰਧਾਨਗੀ ਦੀ ਚੋਣ ਕਰਨ ਦੇ ਐਕਟ ‘ਚ ਕੋਈ ਸੋਧ ਨਹੀਂ ਕੀਤੀ ਗਈ ਹੈ। ਅਕਾਲੀਦਲ ਦਾ ਕਹਿਣਾ ਹੈ ਕਿ 17 ਮੈਂਬਰੀ ਕਮੇਟੀ ਅਤੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਚੁਣਨ ਦੇ ਪੂਰੇ ਹੱਕ ਸਿੱਖਾਂ ਕੋਲ ਹੋਣੇ ਚਾਹੀਦੇ ਹਨ ਨਾ ਕਿ ਮਹਾਰਾਸ਼ਟਰ ਸਰਕਾਰ ਦੇ ਹੱਥ। ਜਿਸ ਕਾਰਨ ਇਹ ਪੂਰਾ ਮੁੱਦਾ ਫਿਲਹਾਲ ਗਰਮਾਇਆ ਹੋਇਆ ਹੈ। ਦੂਜੇ ਪਾਸੇ ਖ਼ਬਰਾਂ ਹਨ ਕਿ ਅਮਿਤ ਸ਼ਾਹ ਨੇ ਸੁਖਬੀਰ ਬਾਦਲ ਨੂੰ ਸ਼ਾਂਤ ਕਰ ਲਿਆ ਹੈ। ਇਸ ਬਾਰੇ ਦੋਵਾਂ ਲੀਡਰਾਂ ਵਿਚਾਲੇ ਸ਼ੁੱਕਰਵਾਰ ਦੇਰ ਰਾਤ ਦਿੱਲੀ ਵਿੱਚ ਮੀਟਿੰਗ ਹੋਈ, ਇਸ ਮੀਟਿੰਗ ਵਿੱਚ ਅਮਿਤ ਸ਼ਾਹ ਨੇ ਸੁਖਬੀਰ ਨੂੰ ਭਰੋਸਾ ਦੁਵਾਇਆ ਹੈ ਕਿ ਉਨ੍ਹਾਂ ਦੇ ਸਾਰੇ ਸ਼ਿਕਵੇ ਦੂਰ ਕਰ ਦਿੱਤੇ ਜਾਣਗੇ।

Real Estate