ਰਾਣੀ ਲੂਣਾ ਦਾ ਪਿੰਡ: ਚਮਿਆਰੀ

1393

ਜਤਿੰਦਰ ਸਿੰਘ ਔਲ਼ਖ

ਘਰਾਟਾਂ ਬਾਰੇ ਅਤੇ ਪ੍ਰਾਚੀਨ ਪਿੰਡ ਰੱਤੜ-ਛੱਤੜ ਬਾਰੇ ਲਿਖਣ ਤੋਂ ਬਾਅਦ ਇਹ ਤੀਸਰਾ ਲੇਖ ਮਾਝੇ ਦੀ ਪ੍ਰਾਚੀਨ ਵਿਰਾਸਤ ਬਾਰੇ ਆਪ ਦੀ ਨਜ਼ਰ ਕਰ ਰਿਹਾ ਹਾਂ। ਆਪ ਸਭ ਦੇ ਹੁੰਗਾਰੇ ਦਾ ਉਡੀਕਵਾਨ ਰਹਾਂਗਾ ਆਉਣ ਵਾਲ਼ੇ ਦਿਨਾਂ ‘ਚ ਹੋਰ ਬਹੁਤ ਸਾਰੇ ਲੇਖ ਆਪਣੀ ਪੁਸਤਕ ‘ਮਾਝੇ ਦੇ ਪ੍ਰਾਚੀਨ ਨਗਰ ਤੇ ਥੇਹ ‘ਚੋਂ ਆਪ ਨਾਲ਼ ਸਾਂਝੇ ਕਰਾਂਗਾ। ਜਿੱਥੇ ਸ਼ਿਵ ਲੂਣਾ ਲਿੱਖ ਕੇ ਅਮਰ

ਹੋ ਗਿਆ ਉਥੇ ਲੂਣਾ ਨੇ ਪਤਾ ਨਹੀਂ ਕਿੰਨੇ ਕਵੀ ਅਮਰ ਕਰ ਦਿੱਤੇ।ਕਿੰਨੇ ਕਵੀਆਂ ਨੇ ਲੂਣਾ ‘ਤੇ ਕਲਮ ਅਜ਼ਮਾਈ ਕਰਕੇ ਸ਼ਾਹਕਾਰ ਪੈਦਾ ਕੀਤੇ। ਆਉ ਤੁਹਾਨੂੰ ਲੂਣਾ ਦੇ ਪਿੰਡ ਚਮਿਆਰੀ ਲੈ ਚੱਲਦੇ ਹਾਂ। ਪਿੰਡ ਚਮਿਆਰੀ ਅੰਮ੍ਰਿਤਸਰ ਜਿਲੇ ਦੀ ਅਜਲਾਲਾ ਤਹਿਸੀਲ ਤੋਂ ਕੁਝ ਕਿਲੋਮੀਟਰ ਦੀ ਵਿੱਥ ਤੇ ਹੈ। ਉਂਝ ਚਮਿਆਰੀ ਕਦੀ ੨੫੦੦ ਤੋਂ ੩੦੦੦ ਹਜਾਰ ਸਾਲ ਪਹਿਲਾਂ ਮੱਧ ਏਸ਼ੀਆ ਦਾ ਉਘਾ ਵਪਾਰਿਕ ਸ਼ਹਿਰ ਸੀ। ਪਰ ਰਾਵੀ ਦੇ ਹੜ੍ਹਾਂ ਦੀ ਮਾਰ ਅਤੇ ਰਾਜਨੀਤਕ ਬਖੇੜਿਆਂ ਕਾਰਨ ਇੱਥੋਂ ਦੇ ਬਾਸ਼ਿੰਦੇ ਹੋਰ ਥਾਂਵਾਂ ਵੱਲ ਹਿਜਰਤ ਕਰ ਗਏ। ਪਰ ਤਕਰੀਬਨ ਚਾਰ ਸਦੀਆਂ ਪਹਿਲਾਂ ਇਹ ਪਿੰਡ ਮੁੜ ਅਬਾਦ ਹੋਇਆ ਤੇ ਮੁੜ ਸਭਿਅਤਾ ਧੜਕਣ ਲੱਗੀ। ਕਹਿੰਦੇ ਹਨ ਕਿ ਚਮਿਆਰੀ ਦਾ ਪੁਰਾਣਾ ਨਾਮ ਪੱਕਾ ਸ਼ਹਿਰ ਸੀ। ਪਿੰਡ ਦੇ ਪੁਰਾਤਨ ਸਮੇਂ ਵੱਡਾ ਸ਼ਹਿਰ ਅਤੇ ਵਪਾਰਕ ਕੇਂਦਰ ਰਹੇ ਹੋਣ ਦੇ ਸਬੂਤ ਇੱਸ ਗੱਲ ਤੋਂ ਵੀ ਮਿਲ਼ਦੇ ਹਨ ਕਿ ਕੁਝ ਦਹਾਕੇ ਪਹਿਲਾਂ ਤੱਕ ਚਾਰ ਵੱਡੇ ਥੇਹ ਮਿਲ਼ਦੇ ਸਨ। ਜੋ ਸ਼ਹਿਰ ਦੇ ਕਦੀ ਮਹੱਤਵਪੂਰਨ ਰਹੇ ਹੋਣ ਦੀ ਨਿਸ਼ਾਨੀ ਹੈ। ਲੂਣਾ ਸਾਂਬੇ ਦੇ ਰਾਜੇ ਦੀ ਧੀ ਸੀ।ਜਦੋਂ ਲੂਣਾ ਜਨਮੀ ਤਾਂ ਪੰਡਿਤ ਨੇ ਟੇਵਾ ਲਾ ਕੇ ਦੱਸਿਆ ਕਿ “ਇੱਸ ਲੜਕੀ ਤੋਂ ਰਾਜੇ ਦੀ ਜਾਨ ਨੂੰ ਖਤਰਾ ਹੈ ਇੱਸ ਔਲਾਦ ਦਾ ਜਨਮ ਤੇਰੇ ਲਈ ਸ਼ੁੱਭ ਨਹੀ,ਂ ਹੇ ਰਾਜਨ ਇੱਸ ਤੋਂ ਕਿਸੇ ਤਰ੍ਹਾਂ ਛੁਟਕਾਰਾ ਪਾ”। ਰਾਜੇ ਨੇ ਇੱਕ ਸੰਦੂਕ ਬਣਵਾਇਆਂ ਜਿੱਸਦੇ ਦੋ ਭਾਗ ਬਣਾਏ ਗਏ। ਹੇਠਲੇ ਭਾਗ ਵਿੱਚ ਸੋਨੇ ਦੀਆਂ ਮੋਹਰਾਂ, ਗਹਿਣੇ, ਹੀਰੇ ਆਦਿ ਪਾ ਦਿੱਤੇ ਗਏ। ਅਤੇ ਉਪਰਲੇ ਭਾਗ ਵਿੱਚ ਲੂਣਾ ਨੂੰ ਲਿਟਾ ਦਿੱਤਾ ਗਿਆ।ਤੇ ਸੰਦੂਖ ਦਰਿਆ ਬੁਰਦ ਕਰ ਦਿੱਤਾ ਗਿਆ।ਰੁੜਦਾ ਹੋਇਆ ਸੰਦੂਖ ਪਿੰਡ ਚਮਿਆਰੀ ਦੀ ਘਾਟ ਤੇ ਪੀਪੇ ਅਤੇ ਇੱਕ ਧੋਬੀ ਦੀ ਨਜ਼ਰ ਪਿਆ।ਧੋਬੀ ਦਰਿਆ ਦੀ ਘਾਟ ‘ਤੇ ਕੱਪੜੇ ਧੋ ਰਿਹਾ ਸੀ ਤੇ ਪੀਪਾ ਚਮਿਆਰ ਸੀ ਜੋ ਪਸ਼ੂਆਂ ਦਾ ਚੰਮ ਉਤਾਰ ਰਿਹਾ ਸੀ। ਪਸ਼ੂਆਂ ਦਾ ਚੰਮ ਉਤਾਰਨ ਲਈ ਦਰਿਆਂਵਾਂ ਦੇ ਘਾਟ ਜਾਂ ਨਹਿਰਾਂ ਆਦਿ ਦੇ ਕੰਢੇ ਹੀ ਵਰਤੇ ਜਾਂਦੇ ਹਨ। ਦੋਹਾਂ ਨੇ ਸੰਦੂਖ ਦਰਿਆ ਵਿੱਚੋਂ ਕੱਢ ਲਿਆ ਅਤੇ ਪੀਪੇ ਅਤੇ ਧੋਬੀ ਵਿਚਾਲੇ ਸੰਦੂਖ ਦੀ ਮਾਲਕੀ ਨੂੰ ਲੈ ਕੇ ਝਗੜਾ ਹੋ ਗਿਆ।ਦੋਵੇਂ ਸੰਦੂਕ ਹਾਸਿਲ ਕਰਨ ਲਈ ਝਗੜਨ ਲੱਗੇ।ਅੰਤ ਫੈਸਲਾ ਹੋਇਆ ਕਿ ਸੰਦੂਖ ਦਾ ਉਪਰਲਾ ਹਿੱਸਾ ਪੀਪਾ ਰੱਖ ਲਵੇਗਾ ਤੇ ਹੇਠਲਾ ਧੋਬੀ। ਲੂਣਾ ਉੱਪਰਲੇ ਹਿੱਸੇ ਵਿੱਚ ਸੀ ਇੱਸ ਲਈ ਪੀਪੇ ਦੇ ਹਿੱਸੇ ਆਈ। ਲੂਣਾ ਪੀਪੇ ਦੇ ਪਲ ਕੇ ਜਵਾਨ ਹੋਈ। ਉਸਦੀ ਸੁੰਦਰਤਾ ਬਾਰੇ ਬਿਆਨ ਕਰਨਾ ਸ਼ਾਇਦ ਉਚਿਤ ਨਹੀਂ ਕਿਉਂਕਿ ਕਵੀਆਂ ਨੇ ਕੋਈ ਬਿੰਬ, ਅਲੰਕਾਰ ਅਜਿਹਾ ਨਹੀਂ ਛੱਡਿਆ ਜੋ ਲੂਣਾ ਦੀ ਸੁੰਦਰਤਾ ਬਿਆਨ ਕਰਨ ਲਈ ਨਾ ਵਰਤਿਆ ਹੋਵੇ।ਕਾਦਿਰਯਾਰ ਕਹਿੰਦਾ ਹੈ: ਜਾਇ ਰਾਜੇ ਸਲਵਾਹਨ ਆਂਦੀ। ਇਕ ਇਸਤਰੀ ਹੋਰ ਵਿਆਹ ਕੇ ਜੀ । ਉਸਦੀ ਜਾਤ ਚਮਿਆਰੀ ਤੇ ਨਾਮ ਲੂਣਾ। ਘਰ ਆਂਦੀ ਸੀ ਈਨ ਮਨਾਇ ਕੇ ਜੀ। ਕਾਦਿਰਯਾਰ ਕੀ ਆਖ ਸੁਣਾਵਾਂ ਪੰਛੀ ਡਿੱਗਦੇ ਗਸ਼ ਖਾਇ ਕੇ ਜੀ। ਸਿਆਲਕੋਟ ਦਾ ਰਾਜਾ ਚਮਿਆਰੀ ਦੇ ਕੋਲ਼ ਸ਼ਿਕਾਰ ਖੇਡਿਆ ਕਰਦਾ ਸੀ। ਉਸਨੇ ਅਚਾਨਿਕ ਇੱਕ ਦਿਨ ਘਾਟ ਤੇ ਲੂਣਾ ਨੂੰ ਵੇਖ ਲਿਆ ਤੇ ਉਸਤੇ ਮੋਹਿਤ ਹੋ ਗਿਆ।ਉਸਨੇ ਲੂਣਾ ਕੋਲ ਵਿਆਹ ਦੀ ਪੇਸ਼ਕਸ਼ ਕੀਤੀ ਪਰ ਲੂਣਾ ਨੇ ਸ਼ਰਤ ਲਾਈ ਕਿ ਰਾਜਾ ਉਸਦੇ ਪਿੰਡ ਵਿੱਚ ੧੨ ਖੂਹ ਲਵਾਏ ਅਤੇ ਚਮਿਆਰੀ ਤੋਂ ਸਿਆਲਕੋਟ ਤੱਕ ਪੱਕੀ ਸ਼ੜਕ ਬਣਾਏ। ਰਾਜੇ ਨੇ ਏੇਸੇ ਤਰ੍ਹਾਂ ਹੀ ਕੀਤਾ।ਪੂਰਨ ਸਿਆਲਕੋਟ ਦੇ ਰਾਜੇ ਸਲਵਾਹਨ ਦਾ ਰਾਣੀ ਇੱਛਰਾਂ ਦੀ ਕੁੱਖੋਂ ਜਨਮਿਆਂ ਪੁੱਤਰ ਸੀ। ਜਿਸਨੂੰ ਉਸ ਦੀ ਮਤਰੇਈ ਮਾਂ ਲੂਣਾ ਨੇ ਝੂਠਾ ਇਲਜ਼ਾਮ ਲਗਾ ਕੇ ਰਾਜੇ ਸਲਵਾਹਨ ਦੁਆਰਾ ਹੱਥ-ਪੈਰ ਵਢਵਾ ਕੇ ਖੂਹ ਵਿੱਚ ਸੁਟਵਾ ਦਿਤਾ। ਮਿੱਥ ਹੈ ਕਿ ਗੁਰੁ ਗੋਰਖ ਨਾਥ ਨੇ ਕਰਾਮਾਤ ਰਾਹੀਂ ਪੂਰਨ ਦੇ ਅੰਗ ਸਲਾਮਤ ਕਰ ਦਿੱਤੇ। ਅਤੇ ਪੂਰਨ ਸਾਧੂਆਂ ਨਾਲ਼ ਰਲ਼ ਗਿਆ। ਪਿੱਛੋਂ ਇੱਕ ਰਾਜੇ ਦੀ ਵਿਧਵਾ ਰਾਣੀ ਸੁੰਦਰਾਂ ਪੂਰਨ ‘ਤੇ ਮੋਹਿਤ ਹੋ ਗਈ ਪਰ ਪੂਰਨ ਵੱਲੋਂ ਠੁਕਰਾਏ ਜਾਣ ‘ਤੇ ਉਸਨੇ ਮਹਿਲਾਂ ਤੋਂ ਛਾਲ ਮਾਰ ਜਾਨ ਦੇ ਦਿੱਤੀ। ਗੁਰੂ ਗੋਰਖ ਨਾਥ ਨੇ ਪੂਰਨ ਨੂੰ ਠੁਕਰਾਅ ਦਿੱਤਾ ਤੇ ਪੂਰਨ ਆਪਣੇ ਪਿਤਾ ਰਾਜੇ ਸਲਵਾਹਨ ਦੇ ਉੱਜੜੇ ਬਾਗਾਂ ਵਿੱਚ ਆ ਡੇਰਾ ਲਾ ਕੇ ਬੈਠ ਗਿਆ।ਰਾਜਾ ਸਲਵਾਹਨ ਮੰਤਰੀ ਦੇ ਸਲਾਹ ਦੇਣ ‘ਤੇ ਪੂਰਨ ਕੋਲ਼ ਲੂਣਾ ਨੂੰ ਲੈ ਕੇ ਆਇਆ ਤਾਂ ਕਿ ਪੁੱਤਰ ਪ੍ਰਾਪਤੀ ਦਾ ਵਰ ਲੈ ਸਕੇ। ਪੂਰਨ ਨੇ ਸਾਰੀ ਸੱਚਾਈ ਰਾਜੇ ਨੂੰ ਦੱਸ ਦਿੱਤੀ। ਪਰ ਲੂਣਾ ਨੇ ਭੁੱਲ ਬਖਸ਼ਾ ਲਈ। ਪੂਰਨ ਦੇ ਵਰ ਦੇਣ ‘ਤੇ ਲੂਣਾ ਦੀ ਕੁੱਖੋਂ ਬਹਾਦਰ ਪੁੱਤਰ ਨੇ ਜਨਮ ਲਿਆ ਜਿਸਦਾ ਨਾਮ ਰਾਜਾ ਰਸਾਲੂ ਸੀ। ਜੋ ਬਹੁਤ ਪ੍ਰਸਿੱਧ ਹੋਇਆ। ਪਰ ਅਜਿਹੀਆਂ ਕਥਾਵਾਂ ਪੱਛਮ ਵਿੱਚ ਵੀ ਅਤੇ ਕਈ ਹੋਰ ਦੇਸ਼ਾਂ ਵਿੱਚ ਵੀ ਮਿਲ਼ਦੀਆਂ ਹਨ। ਉਸਦੀ ਮਾਂ ਇੱਛਰਾਂ ਪੂਰਨ ਦੇ ਵਿਯੋਗ ਵਿੱਚ ਰੋ-ਰੋ ਅੰਨ੍ਹੀ ਹੋ ਚੁੱਕੀ ਸੀ। ਉਹ ਕਿਸੇ ਸ਼ਾਧੂ ਦੇ ਆਉਣ ਬਾਰੇ ਸੁਣ ਕੇ ਗਈ ਤਾਂ ਉਸ ਨੇ ਪੂਰਨ ਦੀ ਅਵਾਜ ਪਛਾਣ ਲਈ। ਮਾਂ ਦੇ ਮਜਬੂਰ ਕਰਨ ‘ਤੇ ਵੀ ਪੂਰਨ ਨੇ ਘਰ ਆਉਣਾ ਨਾ ਮੰਨਿਆਂ ਤੇ ਰਾਣੀ ਲੂਣਾ ਤੇ ਪੂਰਨ ਭਗਤ ਨਾਲ਼ ਕਿਵੇਂ ਬੀਤੀ ਇਹ ਕਾਫੀ ਮਕਬੂਲ ਕਥਾ ਹੈ ਇਸਦੇ ਵਿਸਥਾਰ ਵਿੱਚ ਜਾਣ ਦੀ ਲੋੜ ਨਹੀਂ।ਲੂਣਾ ਦੁਆਰਾ ਆਪਣੇ ਮਤਰੇਏ ਪੁੱਤਰ ਪੂਰਨ ਨੂੰ ਚਾਹੁਣ ਕਾਰਨ ਲੂਣਾ ਕਵੀਆਂ ਤੇ ਕਿੱਸਾਕਾਰਾਂ ਦੀ ਨਫਰਤ ਦੀ ਪਾਤਰ ਰਹੀ ਹੈ। ਪਰ ਉਸਦੀ ਦਹਿਕਦੀ ਜਵਾਨੀ ਨੂੰ ਸਿਆਲਕੋਟ ਦੇ ਬੁੱਢੇ ਰਾਜੇ ਸਲਵਾਨ, ਜੋ ਉਸਦੇ ਪਿਤਾ ਦੀ ਉਮਰ ਦਾ ਸੀ ਨਾਲ਼ ਨਰੜ ਦੇਣਾ ਕਿਥੋਂ ਦੀ ਦਿਆਨਤਦਾਰੀ ਸੀ? ਹੀਰ,ਸਾਹਿਬਾਂ ਵਾਂਗ ਲੂਣਾ ਨੇ ਵੀ ਕਵੀਆਂ ਨੂੰ ਸਮੁੱਚੀ ਔਰਤ ਜਾਤ ਨੂੰ ਗਾਹਲਾਂ ਕੱਢਣ ਦਾ ਮੌਕਾ ਦੇ ਦਿੱਤਾ।ਪਰ ਸ਼ਿਵ ਨੇ ਕਵੀਆਂ ਦੀ ਪਰੰਪਰਾਗਤ ਲੀਕ ਤੋਂ ਹਟ ਕੇ ਲੂਣਾ ਦੇ ਹੱਕ ਵਿੱਚ ਗੱਲ ਕੀਤੀ : ਬਾਪ ਜੇ ਧੀ ਦਾ ਰੂਪ ਹੰਢਾਵੇ ਤਾਂ ਇੱਸ ਜਗ ਨੂੰ ਲਾਜ ਨਾ ਆਵੇ ਜੇ ਲੂਣਾ ਪੂਰਨ ਨੂੰ ਚਾਹਵੇ ਚਰਿਤਰਹੀਨ ਕਿਉਂ ਕਹੇ ਜੀਭ ਜਹਾਨ ਦੀ ਪਿੰਡ ਦੇ ਇੱਕ ਬਜੁਰਗ ਦੇ ਦੱਸਣ ਅਨੁਸਾਰ ਇੱਕ ਖੇਤ ਦੀ ਖੁਦਾਈ ਦੇ ਦੌਰਾਨ ਹੇਠੋਂ ਪੁਰਾਣੀਆਂ ਇੱਟਾਂ ਦਾ ਖੂਹ ਨਿਕਲਿਆ। ਇੱਕ ਹੋਰ ਬਜੁਰਗ ਸ੍ਰ: ਪ੍ਰੀਤਮ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਬਜੁਰਗਾਂ ਨੇ ਸਿਆਲਕੋਟ ਤੱਕ ਪੱਕੀ ਸ਼ੜਕ ਖੁਦ ਵੇਖੀ ਸੀ। ਸ੍ਰ: ਪ੍ਰੀਤਮ ਸਿੰਘ ਨੇ ਇਹ ਵੀ ਦੱਸਿਆ ਕਿ ਪਾਕਿਸਤਾਨ ਬਣਨ ਤੋਂ ਪਹਿਲਾਂ ਉਹਨਾ ਨੇ ਸ਼ੜਕ ਦਾ ਕੁਝ ਹਿੱਸਾ ਖੁਦ ਵੇਖਿਆ ਸੀ ।ਇੱਕ ਮਿੱਥ ਅਨੁਸਾਰ ਰਾਜਾ ਰਸਾਲੂ ਨੇ ਇੱਥੋਂ ਰਾਜ ਕੀਤਾ। ਥੇਹਾਂ ਦਾ ਵਜੂਦ ਭਾਵੇਂ ਹੁਣ ਨਹੀਂ ਪਰ ਬਜੁਰਗਾਂ ਤੋਂ ਇਹਨਾਂ ਦੀ ਲੰਬਾਈ-ਚੌੜਾਈ ਪਤਾ ਕਰਕੇ ਇਹ ਗੱਲ ਨਿਸ਼ਚਿਤ ਹੁੰਦੀ ਹੈ ਕਿ ਚਮਿਆਰੀ ਕਦੀ ਬਹੁਤ ਵੱਡਾ ਰਾਜਸੀ ਪ੍ਰਭਾਵ ਵਾਲ਼ਾ ਸ਼ਹਿਰ ਸੀ। ਚਮਿਆਰੀ ਦੀ ਮਸ਼ਹੂਰ ਸ਼ਖਸੀਅਤ ਕਾਮਰੇਡ ਰਾਜੇਸ਼ਵਰ ਸਿੰਘ ਹਨ। ਉਹ ਦੇਸ਼ਭਗਤ ਲਹਿਰ ਵਿੱਚ ਕੁਰਬਾਨੀ ਦੇ ਪੁੰਜ ਵਜੋਂ੍ਹ ਨਾਮਵਰ ਜੀਂਉਂਦੇ-ਜਾਗਦੇ ਹਸਤਾਖਰ ਹਨ ਉਹਨਾਂ ਨੂੰ ਕਾਮਰੇਡ ਦਲੀਪ ਸਿੰਘ ਟਪਿਆਲਾ ਨੇ ਦੇਸ਼ਭਗਤੀ ਦੀ ਲਗਨ ਲਗਾਈ। ਅਤੇ ਉਹਨਾਂ ਨੇ ਸਾਰੀ ਉਮਰ ਲੋਕਾਂ ਦੀ ਸੇਵਾ ਕਰਦਿਆਂ ਲਗਾ ਦਿੱਤੀ। ਉਹ ਚਮਿਆਰੀ ਦੇ ਖਾਂਦੇ-ਪੀਂਦੇ ਪਰਿਵਾਰ ਵਿੱਚੋਂ ਸਨ। ਜਵਾਨੀ ਵੇਲੇ ਉਹਨਾਂ ਦੇ ਪਰਿਵਾਰ ਵਾਲੇ ਉਹਨਾਂ ‘ਤੇ ਸ਼ਾਦੀ ਕਰਨ ਦਾ ਦਬਾਅ ਪਾਉਣ ਲੱਗੇ। ਪਰ ਵਿਆਹ ਵਾਲੇ ਦਿਨ ਉਹ ਘਰੋਂ ਦੌੜ ਗਏ ਕਿਉਂਕਿ ਉਹ ਸਮਝਦੇ ਸਨ ਕਿ ਘਰ-ਗ੍ਰਿਸਤੀ ਉਹਨਾਂ ਦੀ ਦੇਸ਼ਭਗਤੀ ਦੀ ਲਗਨ ਵਿੱਚ ਰੁਕਾਵਟ ਬਣੇਗੀ। ਉਸ ਤੋਂ ਬਾਅਦ ਉਹ ਪਾਰਟੀ ਦੇ ਕੁਲਵਕਤੀ ਦੇ ਤੌਰ ‘ਤੇ ਕੰਮ ਕਰਦੇ ਆ ਰਹੇ ਹਨ। ਸੀ.ਪੀ.ਐਮ ਦੇ ਅੰਮ੍ਰਿਤਸਰ ਐਲਬਰਟ ਰੋਡ ਵਾਲੇ ਦਫਤਰ ਵਿੱਚ ਕਾਫੀ ਸਮਾਂ ਬਿਤਾਉਣ ਮਗਰੋਂ ਉਹ ਅਜਕਲ ਦੇਸ਼ਭਗਤ ਯਾਦਗਾਰ ਹਾਲ ਜਲੰਧਰ ਵਿਖੇ ਰਹਿ ਰਹੇ ਹਨ। ਲਗਭਗ ੨੦੦੦ ਤੋਂ ੨੫੦੦ ਸਾਲ ਪਹਿਲਾਂ ਚਮਿਆਰੀ ਚਮੜੇ ਤੋਂ ਬਣਨ ਵਾਲੀਆਂ ਵਸਤਾਂ ਦਾ ਤਿਜਾਰਤੀ ਕੇਂਦਰ ਸੀ। ਇੱਥੋਂ ਬਣਨ ਵਾਲ਼ੀਆਂ ਚਮੜੇ ਦੀਆਂ ਵਸਤਾਂ ਨਾ ਸਿਰਫ ਉੱਤਰੀ ਭਾਰਤ ਬਲਕਿ ਮੁਲਤਾਨ, ਕੰਧਾਰ, ਖਾੜੀ ਫਾਰਸ ਤੇ ਕੁਝ ਅਰਬ ਦੇਸ਼ਾਂ ਨੂੰ ਵੀ ਸਾਗਰ ਦੇ ਜ਼ਰੀਏ ਸਪਲਾਈ ਹੁੰਦੀਆਂ ਸਨ। ਜਿੰ੍ਹਨਾਂ ਵਿੱਚ ਘੋੜਿਆਂ ਦੀਆਂ ਲਗਾਮਾਂ, ਜੁੱਤੀਆਂ, ਮਸ਼ਕਾਂ ਤੇ ਫੌਜੀਆਂ ਦੀਆਂ ਵਿਸ਼ੇਸ਼ ਕਿਸਮ ਦੀਆਂ ਪੁਸ਼ਾਕਾਂ ਆਦਿ ਸ਼ਮਿਲ ਹਨ।ਕੋਈ ਪਿੰਡ ਸਦੀਆਂ ਤੋਂ ਕਿਸੇ ਖਾਸ ਕੰਮ ਲਈ ਮੰਨਿਆ ਹੋਵੇ ਤਾਂ ਉਸਦੇ ਵਸਨੀਕਾਂ ਦੇ ਖੂਨ ਵਿੱਚੋਂ ਉਹ ਗੁਣ ਨਹੀਂ ਜਾਂਦੇ। ਅੱਜ ਵੀ ਪੰਜਾਬ ਵਿੱਚੋਂ ਜਿੰਨਾ ਚਮੜੇ ਦਾ ਵਪਾਰ ਕੀਤਾ ਜਾਂਦਾ ਹੈ ਉਸ ਵਿੱਚੋਂ ਲਗਭਗ ਅੱਧਾ ਚਮਿਆਰੀ ਪਿੰਡ ਦੇ ਵਸਨੀਕਾਂ ਦਾ ਹੈ। ਚਮਿਆਰੀ ਦੇ ਵਸਨੀਕ ਸ਼੍ਰੀ ਅਮਨਦੀਪ ਸਿੰਘ ਸੰਧੂ ਕੇਵਲ ੨੧-੨੨ ਸਾਲ ਦੀ ਉਮਰ ਵਿੱਚ ਪੰਜਾਬ ਲੈਦਰ ਇੰਡਸਟਰੀ ਦੇ ਪ੍ਰਧਾਨ ਬਣੇ ਅਤੇ ਹੁਣ ਲਗਾਤਾਰ ਇੱਸਦੇ ਚੇਅਰਮੈਨ ਚਲੇ ਆ ਰਹੇ ਹਨ। ਅਮਨਦੀਪ ਸਿੰਘ ਸੰਧੂ ਉੱਘੇ ਦੇਸ਼ਭਗਤ ਕਾਮਰੇਡ ਸ਼ਾਮ ਸਿੰਘ ਭੰਗਾਲ਼ੀ ਦੇ ਪੜਪੋਤਰੇ ਹਨ। ਕਾਮਰੇਡ ਸ਼ਾਮ ਸਿੰਘ ਮਾਝੇ ਦੇ ਵੱਡੇ ਜਿਮੀਦਾਰ ਸਨ ਜੋ ਲਾਹੌਰ ਦੇ ਕੋਲ਼ ਸੈਂਕੜੇ ਏਕੜ ਜਮੀਨ ਦੀ ਮਾਲਕੀ ਰੱਖਦੇ ਸਨ ਪਰ ਪਾਕਿਸਤਾਨ ਬਣਨ ਪਿੱਛੋਂ ਉਹ ਚਮਿਆਰੀ ਆ ਗਏ। ਇੰਨਾ ਵੱਡਾ ਜਿਮੀਦਾਰਾ ਹੋਣ ਦੇ ਬਾਵਜੂਦ ਉਹ ਅਜਾਦੀ ਦੀ ਲੜ੍ਹਾਈ ਅਤੇ ਦੇਸ਼ ਭਗਤ ਕਮਿਉਨਿਸਟ ਲਹਿਰ ਵਿੱਚ ਹਰ ਕੁਰਬਾਨੀ ਕਰਨ ਲਈ ਤਿਆਰ ਰਹਿੰਦੇ। ਨੌਜਵਾਨ ਅਮਨਦੀਪ ਸਿੰਘ ਸੰਧੂ ਦੀ ਸ਼ਖ਼ਸ਼ੀਅਤ ਅਤੇ ਕਾਮਰੇਡ ਸ਼ਾਮ ਸਿੰਘ ਭੰਗਾਲ਼ੀ ਨਾਲ਼ ਆਪਣੇ ਨੇੜ ਤੋਂ ਕਾਮਰੇਡ ਜਗਜੀਤ ਸਿੰਘ ਆਨੰਦ ਏਨੇ ਪ੍ਰਭਾਵਿਤ ਸਨ ਕਿ ਉਹਨਾਂ ਨਵਾਂ ਜਮਾਨਾ ਵਿੱਚ ਇਸੇ ਪਰਿਵਾਰ ‘ਤੇ ਇੱਕ ਵੱਡਾ ਲੇਖ ਲਿਖਿਆ। ਇੱਥੇ ਇਹ ਦੱਸਣਾ ਯੋਗ ਹੋਵੇਗਾ ਕਿ ਲਾਹੌਰ ਦੇ ਮਸ਼ਹੂਰ ੧੯੩੬ ਤੋਂ ੧੯੩੯ ਲਾਹੌਰ ਕਿਸਾਨ ਮੋਰਚੇ ਦੀ ਅਗਵਾਈ ਕਾਮਰੇਡ ਸ਼ਾਮ ਸਿੰਘ ਭੰਗਾਲ਼ੀ ਨੇ ਕੀਤੀ। ਦਿੱਲੀ ਤੋਂ ਜੋ ਵਪਾਰੀ ਕਾਫਲੇ ਖਾੜੀ ਫਾਰਸ ਵੱਲ ਲਾਹੌਰ ਰਾਹੀਂ ਨਹੀਂ ਜਾਇਆ ਕਰਦੇ ਸਨ। ਉਹਨਾਂ ਦਾ ਪੜਾਅ ਚਮਿਆਰੀ- ਸਿਆਲਕੋਟ ਆਦਿ ਹੁੰਦੇ ਸਨ। ਇੱਸ ਤਰਾਂ੍ਹ ਕਰਨ ਦੇ ਕਈ ਕਾਰਨ ਸਨ ਵਪਾਰੀਆਂ ਦੇ ਦਿੱਲੀ ਲਾਹੌਰ ਵਾਲੇ ਰਾਹ ‘ਤੇ ਲੁਟੇਰਿਆਂ ਦੀ ਜਿਆਦਾ ਨਿਗਾਹ ਰਹਿੰਦੀ ਸੀ ਤੇ ਮਸੂਲ ਵਗੈਰਾ ਵੱਧ ਤਾਰਨਾ ਪੈਂਦਾ ਸੀ। ਜਦੋਂ ਬੰਦਾ ਬਹਾਦਰ ਨੇ ਸਰਹੰਦ ਫਤਹਿ ਕਰਕੇ ਬਾਕੀ ਪੰਜਾਬ ਵੱਲ ਕੂਚ ਕੀਤਾ ਤਾਂ ਫੌਜਾਂ ਸਣੇ ਇੱਥੇ ਪੜਾਅ ਕੀਤਾ। ਬੰਦਾ ਬਹਾਦਰ ਨੇ ਇੱਥੋਂ ਚੜਾਈ ਕਰਕੇ ਭੀਲੋਵਾਲ਼ ਦੇ ਇਲਾਕੇ ‘ਚ ਗਿਲਜੇ ਵੱਢੇ। ਜਿੱਥੇ ਬੰਦਾ ਬਹਾਦਰ ਨੇ ਪੜਾਅ ਕੀਤਾ ਉੱਥੇ ਅੱਜ ਗੁਰਦੁਆਰਾ ਵਿਦਮਾਨ ਹੈ। ਪਿੰਡ ਵਿੱਚ ਇੱਕ ਤੁਲਸੀ ਦਾਸ ਨਾਮ ਦੇ ਭਗਤ ਦੀ ਸਮਾਧ ਹੈ ਜੋ ਸਾਰੀ ਉਮਰ ਇੱਸਤਰੀ ਦੇ ਮੱਥੇ ਨਹੀਂ ਸੀ ਲੱਗਾ। ਚਮਿਆਰੀ ਪਿੰਡ ਦੇ ਦੋ ਜਰਨੈਲ ਸ੍ਰ: ਨਾਹਰ ਸਿੰਘ ਅਤੇ ਮਾਖੇ ਖਾਂ ਮਹਾਰਜਾ ਰਣਜੀਤ ਸਿੰਘ ਦੇ ਵਿਸ਼ਵਾਸ਼ ਪਾਤਰ ਉੱਘੇ ਜਰਨੈਲ ਸਨ। ਅੰਗਰਜ਼ਾਂ ਨਾਲ਼ ਹੋਈਆਂ ਲੜਾਈਆਂ ਵਿੱਚ ਦੋਹਾਂ ਨੇ ਕਮਾਲ ਦੀ ਬਹਾਦਰੀ ਵਿਖਾਈ। ਜਰਨੈਲ ਮਾਖੇ ਖਾਂ ਦਾ ਜ਼ਿਕਰ ਸ਼ਾਹਮੁਹੰਮਦ ਦੇ ਜੰਗਨਾਮਾ ਸਿੰਘਾਂ ਤੇ ਫਰੰਗੀਆਂ ‘ਚ ਵੀ ਆਉਂਦਾ ਹੈ: ‘ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ ਹੱਲੇ ਤਿੰਨ ਫਰੰਗੀ ਦੇ ਮੋੜ ਸੁੱਟੇ’ ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ’ ਜੰਗ ਹਾਰ ਜਾਣ ਪਿੱਛੋਂ ਮਾਖੇ ਖਾਂ ਪਿੰਡ ਆ ਗਿਆ। ਇੱਕ ਦਿਨ ਪਿੰਡ ਚਮਿਆਰੀ ਉੱਤੇ ਡਾਕੂਆਂ ਹਮਲਾ ਕਰ ਦਿੱਤਾ। ਮਾਖੇ ਖਾਂ ਨੇ ਆਪਣੇ ਸਾਥੀਆਂ ਨਾਲ਼ ਡਾਕੂਆਂ ਦਾ ਡਟ ਕੇ ਟਾਕਰਾ ਕੀਤਾ। ਡਾਕੂ ਚਿੱਲਿਆਂ ਵਾਲੀ ਦੀ ਲੜਾਈ ਦੇ ਇਹਨਾਂ ਨਾਇਕਾਂ ਸਾਹਵੇਂ ਟਿੱਕ ਨਾ ਸਕੇ ਅਤੇ ਮਾਖੇ ਖਾਂ ਨੇ ਪਿੰਡ ਦੀ ਰਾਖੀ ਕੀਤੀ।ਮਹਾਰਜਾ ਰਣਜੀਤ ਸਿੰਘ ਨੇ ਮਾਖੇ ਖਾਂ ਅਤੇ ਸ੍ਰ: ਨਾਹਰ ਸਿੰਘ ਨੂੰ ਜਗੀਰ ਦਿੱਤੀ ਹੋਈ ਸੀ। ਸਿੱਖ ਫੌਜਾਂ ਵੱਲੋਂ ਕੰਧਾਰ ਦਾ ਕਿਲਾ ਫਤਹਿ ਕਰਨ ਸਮੇਂ ਮਾਖੇ ਖਾਂ ਤੋਪਚੀ ਸਨ।ਅਤੇ ਕਿਲਾ ਫਤਿਹ ਕਰਨ ਵਿੱਚ ਮਾਖੇ ਖਾਂ ਦਾ ਬਹੁਤ ਵੱਡਾ ਹੱਥ ਸੀ। ਮਾਖੇ ਖਾਂ ਦੇ ਮਹਿਲ ਦੀ ਨਾਨਕਸ਼ਾਹੀ ਇੱਟਾਂ ਦੀ ਚਾਰਦਿਵਾਰੀ ਅਤੇ ਬਚੇ ਹੋਏ ਦੋ ਕਮਰਿਆਂ ਵਿੱਚ ਇੱਕ ਕਿਸਾਨ ਪਰਵਾਰ ਰਹਿ ਰਿਹਾ ਹੈ।ਮਕਾਨ ਦਾ ਵਿਸ਼ਾਲ ਦਰਵਾਜਾ ਵੀ ਮੌਜੂਦ ਹੈ। ਚਾਰਦਿਵਾਰੀ ਇੰਨੀ ਮਜਬੂਤ ਹੈ ਕਿ ਮਾਖੇ ਖਾਂ ਵਰਗੇ ਬਹਾਦਰ ਯੋਧੇ ਅਤੇ ਫੌਜੀ ਦਿਮਾਗ ਦੀ ਕਾਢ ਹੈ। ਮਾਖੇ ਖਾਂ ਦਾ ਪੋਤਰਾ ਅਨਵਰ ਹੁਸੈਨ ੧੯੪੭ ਵਿਚ ਪਰਿਵਾਰ ਸਮੇਤ ਸ਼ੇਖੂਪੁਰੇ ਪਾਕਿਸਤਾਨ ਵੱਸ ਗਿਆ। ਅਨਵਰ ਹੁਸੈਨ ਦਾ ਪੋਤਰਾ ਕੁਝ ਸਮਾਂ ਪਹਿਲਾਂ ਚਮਿਆਰੀ ਆਇਆ ਤੇ ਆਪਣੇ ਢੱਠੇ ਮਹਿਲਾਂ ਤੇ ਨਤਮਸਤਕ ਹੋ ਕੇ ਗਿਆ। ਪ੍ਰਸਿੱਧ ਪੰਜਾਬੀ ਲੇਖਕ ਅਤੇ ਵਿਚਾਰਵਾਨ ਅਮੀਨ ਮਲਿਕ ਚਮਿਆਰੀ ਪਿੰਡ ਦੇ ਜੰਮਪਲ ਹਨ ਜੋ ਅੱਜਕਲ ਲੰਡਨ ਰਹਿ ਰਹੇ ਹਨ।

ਜਤਿੰਦਰ ਸਿੰਘ ਔਲ਼ਖ.

ਪਿੰਡ ਤੇ ਡਾਕ: ਕੋਹਾਲ਼ੀ,

ਤਹਿ: ਅਜਨਾਲ਼ਾ, ਜਿਲਾ ਅੰਮ੍ਰਿਤਸਰ।

143109- ਪੰਜਾਬ। ph. 9815534653

[email protected]

Real Estate