ਤੂਤਾਂ ਵਾਲਾ ਖੂਹ- ਭੁਪਿੰਦਰ ਸਿੰਘ ਬਰਗਾੜੀ

1955

ਭੁਪਿੰਦਰ ਸਿੰਘ ਬਰਗਾੜੀ
‘ਤੂਤਾਂ ਵਾਲਾ ਖੂਹ’ ਸੋਹਣ ਸਿੰਘ ਸੀਤਲ ਦਾ ਲਿਖਿਆ ਉਹ ਨਾਵਲ ਹੈ, ਜਿਸਨੂੰ ਸਭ ਤੋਂ ਵੱਧ ਸਮਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਦੇ ਸਲੇਬਸ ਵਿੱਚ ਨਾਵਲ ਵਜੋਂ ਲੱਗੇ ਰਹਿਣ ਦਾ ਮਾਣ ਹਾਸਲ ਹੈ। ਵੱਖਰੇ ਵੱਖਰੇ ਹਾਲਾਤਾਂ ਮਸਲਨ ਆਰਥਿਕ, ਧਾਰਮਿਕ, ਰਾਜਨੀਤਿਕ ਅਤੇ ਦੇਸ਼ ਦੀ ਵੰਡ ਨਾਲ ਜੁੜੀਆਂ ਕੜੀਆਂ ਇਸਦੇ ਪਰਭਾਵਾਂ ਬਾਰੇ ਬਾਤ ਪਾਉਂਦਾ ਹੈ ਅਤੇ ਨਾਲ ਹੀ ਕਿਸ ਤਰਾਂ ਕਿਸਾਨੀ ਨੂੰ ਖਤਮ ਕਰਨ ਅਤੇ ਉਸਦੇ ਆਰਥਿਕ ਸਰੋਤਾਂ ਨੂੰ ਲੁੱਟਣ ਲਈ ਵਪਾਰੀ ਤਬਕਾ ਕਿਸ ਕਿਸ ਤਰੀਕੇ ਨਾਲ ਹੱਥਕੰਡੇ ਅਪਣਾਉਣ ਦੇ ਵਿਸ਼ਾਲ ਵਿਸ਼ੇ ਦਾ ਬਾਰੀਕੀ ਨਾਲ ਵਰਣਨ ਹੈ।ਇਸ ਨਾਵਲ ਦੇ ਇਕ ਅਹਿਮ ਪਾਤਰ ਬਾਬਾ ਅਕਾਲੀ ਦੇ ਦੇਸ਼ ਦੀ ਅਜ਼ਾਦੀ, ਅੰਗਰੇਜ਼ਾਂ ਦੀਆਂ ਲੋਕ ਮਾਰੂ ਨੀਤੀਆਂ ਬਾਰੇ ਬੱਚਿਆਂ ਅਤੇ ਸੱਥ ਵਿੱਚ ਆਮ ਲੋਕਾਂ ਨੂੰ ਦਿੱਤੀ ਜਾਣਕਾਰੀ ਅਸਿੱਧੇ ਤਰੀਕੇ ਨਾਲ ਇਸ ਨਾਵਲ ਨੂੰ ਪੜੵਨ ਵਾਲੇ ਬਾਲ ਮਨਾਂ ਤੇ ਪ੍ਰਭਾਵ ਪਾਉਂਦੀ ਸੀ ਜੋ ਕਿ ਉਨਾਂ ਦੀ ਬੁੱਧੀ ਨੂੰ ਤੀਖਣ ਕਰਨ ਵਿੱਚ ਯੋਗਦਾਨ ਪਾਉਂਦੀ। ਧੰਨੇ ਸ਼ਾਹ ਦੀਆਂ ‘ਤੂਤਾਂ ਵਾਲਾ ਖੂਹ’ ਹਥਿਆਉਣ ਦੀਆਂ ਲੂੰਬੜ ਚਾਲਾਂ ਇਕ ਸੋਲਾਂ ਸਤਾਰਾਂ ਸਾਲ ਦੇ ਵਿਦਿਆਰਥੀਆਂ ਦੀਆਂ ਅੱਖਾਂ ਖੋਹਲਣ ਲਈ ਬਹੁਤ ਕਾਰਗਰ ਸਿੱਧ ਹੁੰਦੀਆਂ ਸਨ। ਇਸ ਨਾਲ ਉਹਨਾਂ ਦਾ ਨਜ਼ਰੀਆ ਬਦਲਦਾ। ਸੱਜਣ ਸਿੰਘ ਅਤੇ ਇਲਮਦੀਨ ਦੀ ਜਿਗਰੀ ਦੋਸਤੀ ਕਿਵੇਂ ਦੁਸ਼ਮਣੀ ਚ ਬਦਲੀ ਤੇ ਇਸ ਪਿੱਛੇ ਕਿਹੜੀ ਤਾਕਤ ਕੰਮ ਕਰਦੀ ਸੀ, ਇਕ ਭਾਈਚਾਰਕ ਏਕਤਾ ਨੂੰ ਤੋੜਨ ਵਾਲੀਆਂ ਗੱਲਾਂ ਦਾ ਪਰਦਾ ਫਾਸ਼ ਕਰਦੀ ਜਾਪਦੀ ਸੀ ਅਤੇ ਕਿਵੇਂ ਲੱਖਾ ਸਿੰਘ ਵਰਗੇ ਸਰਮਾਏਦਾਰ ਇਕ ਗਰੀਬ ਕਿਸਾਨ ਨੱਥਾ ਸਿੱਘ ਦੀ ਜਮੀਨ ਤੇ ਅੱਖ ਰੱਖਦਾ ਹੋਇਆ ਉਸਨੂੰ ਸੁੱਖੀਂ ਸਾਂਦੀ ਵਸਦੇ ਨੂੰ ਕਰਜੇ ਥੱਲੇ ਦੱਬ ਕੇ ਉਸਦੀ ਕਮਾਈ ਨਿਚੋੜਦਾ ਹੈ ਦਾ ਬਾਖੂਬੀ ਪਤਾ ਲੱਗਦਾ ਹੈ।
ਪਿਛਲੇ ਤਕਰੀਬਨ ਵੀਹ ਸਾਲਾਂ ਪਹਿਲਾਂ ਇਸ ਨਾਵਲ ਨੂੰ ਬਦਲ ਕੇ ਪਦਮ ਸ਼੍ਰੀ ਗੁਰਦਿਆਲ ਸਿੱਘ ਰਚਿਤ ‘ਪਹੁ ਫੁਟਾਲੇ ਤੋਂ ਪਹਿਲਾਂ’ ਲਾ ਦਿੱਤਾ ਗਿਆ ਸੀ ਅਤੇ ਫਿਰ ਇਸ ਨੂੰ ਵੀ ਬਦਲ ਦਿੱਤਾ ਸੀ।
ਸਾਡਾ ਦੁਖਾਂਤ ਹੈ ਕਿ ਨਾਵਲ ਦੀ ਕਹਾਣੀ ਪਝੱਤਰ ਅੱਸੀ ਸਾਲ ਪੁਰਾਣੀ ਕਹਾਣੀ ਨੂੰ ਲੈ ਕੇ ਤਕਰੀਬਨ ਪੰਜ ਦਹਾਕੇ ਪਹਿਲਾਂ ਲਿਖਿਆ ਗਏ ਇਸ ਨਾਵਲ ਦੇ ਪਾਤਰ ਅੱਜ ਵੀ ਜਿਉਂਦੇ ਸਾਡੇ ਸਮਾਜ ਵਿੱਚ ਵਿਚਰ ਰਹੇ ਹਨ।ਉਸੇ ਤਰਾਂ ਧੰਨੇ ਸ਼ਾਹ ਵਰਗਾ ਵਪਾਰੀ ਤਬਕਾ ਲੋਕਾਂ ਦੀ ਖੁਸ਼ਹਾਲੀ ਤੇ ਨਜ਼ਰਾਂ ਟਿਕਾਈ ਬੈਠਾ ਉਨਾਂ ਦੇ ਸਾਰੇ ਸਰੋਤਾਂ ਦੀ ਲੁੱਟ ਕਰ ਰਿਹਾ ਹੈ, ਇਸ ਵਿੱਚ ਹਜ਼ਾਰਾਂ ਲੱਖਾ ਸਿੱਘ ਵਰਗੇ ਸਰਮਾਏਦਾਰ ਇਸ ਤਬਕੇ ਦੀ ਲੁੱਟ ਵਿੱਚ ਆਪਣੀ ਸਹਾਇਤਾ ਕਰ ਰਹੇ ਹਨ ਅਤੇ ਇਲਮ ਦੀਨ, ਸੱਜਣ ਸਿੱਘ ਅਤੇ ਨੱਥਾ ਸਿੱਘ ਵਰਗੇ ਲੱਖਾਂ ਗਰੀਬ ਲੋਕ ਮਜ਼ਦੂਰ ਉਨਾਂ ਦੀ ਲੁੱਟ ਦਾ ਸ਼ਿਕਾਰ ਹੋ ਰਹੇ ਹਨ।
ਮੇਰਾ ਇਹ ਸਤਰਾਂ ਲਿਖਣ ਦਾ ਮਕਸਦ ਇਹ ਸੀ ਕਿ ਸਾਡੇ ਸਕੂਲ ਸਿੱਖਿਆ ਬੋਰਡ ਦੀ ਪਤਾ ਨਹੀਂ ਕੀ ਮਜ਼ਬੂਰੀ ਸੀ ਕਿ ਇਸ ਨਾਵਲ ਨੂੰ ਸਿਲੇਬਸ ਵਿੱਚੋਂ ਬਦਲ ਕੇ ਹੋਰ ਨਾਵਲ ਲੁਆ ਦਿੱਤੇ ਗਏ।।।।।। ਕਿ ਉੱਪਰਲੀਆਂ ਕੁਰਸੀਆਂ ਤੇ ਬੈਠਿਆਂ ਨੂੰ ਇਹ ਜਾਪਦਾ ਹੈ ਕਿ ਇਸ ਨਾਲ ਅਸੀਂ ਅਗਲੀਆਂ ਪੀੜੵੀਆਂ ਦੀ ਬੁੱਧੀ ਤੀਖਣ ਕਰਨ ਦੀ ਬਦਾਇ ਖੁੰਢੀ ਸੋਚ ਦੇ ਮਾਲਕ ਬਣਾਉਣਾ ਹੈ।।।? ਕਿਉਂਕਿ ਉਨਾਂ ਦੇ ਆਕਾਵਾਂ ਦੀ ਲੁੱਟ ਦਾ ਰਾਸਤਾ ਪੱਧਰ ਹੋ ਸਕੇ ?
ਇੱਕ ਅਧਿਆਪਕ ਹੁੰਦੇ ਹੋਏ ਮੇਰਾ ਫਰਜ਼ ਹੈ ਕਿ ਮੈਂ ਆਪਣੇ ਅਤੇ ਹੋਰ ਵਿਦਿਆਰਥੀਆਂ ਨੂੰ ਭਵਿੱਖੀ ਸਮੱਸਿਆਵਾਂ ਬਾਰੇ ਚੇਤਨ ਕਰਾਂ। ਸੋ ਇਨਾਂ ਸਤਰਾਂ ਨੂੰ ਪੜੵਨ ਵਾਲੇ ਦੋਸਤਾਂ ਨੂੰ ਬੇਨਤੀ ਹੈ ਕਿ ਤੁਹਾਨੂੰ ਜਿੱਥੋਂ ਵੀ ਇਸ ਨਾਵਲ ਦੀ ਕਾਪੀ ਮਿਲੇ ਉਸ ਨੂੰ ਫੋਟੋ ਸਟੇਟ ਕਰਵਾ ਕੇ ਅੱਠਵੀਂ ਤੋਂ ਬਾਰਵੀਂ ਤੱਕ ਦੇ ਵਿਦਿਆਰਥੀ ਹੋ ਸਕੇ ਤਾਂ ਬੀ। ਏ ਕਰਦੇ ਵਿਦਿਆਰਥੀਆਂ ਨੂੰ ਇਸ ਨਾਵਲ ਅਤੇ ਇਸਦੀ ਮਹੱਤਤਾ ਬਾਰੇ ਸਮਝਾਓ ਅਤੇ ਇਸ ਨੂੰ ਦੁਬਾਰਾ ਸਲੇਬਸ ਵਿੱਚ ਲਗਵਾਉਣ ਦੀ ਮੰਗ ਕਰੀਏ ਤੇ ਇਸ ਲਈ ਯਤਨ ਕਰੀਏ, ਮੈਂ ਸਮਝਦਾ ਹਾਂ ਕਿ ਅਜੋਕੇ ਸਮੇਂ ਵਿੱਚ ਇਸ ਨਾਵਲ ਅਤੇ ਇਸਦੀ ਸਿਖਿਆ ਦੀ ਪਹਿਲਾਂ ਨਾਲੋਂ ਵੀ ਵੱਧ ਲੋੜ ਜਾਪਦੀ ਹੈ।

Real Estate