ਤਾਓਵਾਦ

1047
laotse
laotse

ਜਿਨ੍ਹਾਂ ਨੇ ਓਸ਼ੋ ਨੂੰ ਪੜ੍ਹਿਆ ਏ, ਉਹ ਲਾਓਤਸੂ ਦੇ ਨਾਂ ਤੋਂ ਤੇ ਉਹਦੀ ਕਾਇਨਾਤੀ ਰਮਜ਼ ‘ਤਾਓ’ ਨੂੰ ਜਾਣਦੇ ਨੇ।

ਕਿਹਾ ਜਾਂਦਾ ਏ – ਲਾਓਤਸੂ ਦਾ ਜਨਮ ਚੀਨ ਵਿਚ ਹੋਇਆ ਸੀ, ਈਸਾ ਕਾਲ ਤੋਂ ਛੇ ਸਦੀਆਂ ਪਹਿਲਾਂ। ਉਹਦੇ ਬਾਰੇ ਤਾਰੀਖ਼ ਏਨਾ ਹੀ ਜਾਣਦੀ ਏ ਕਿ ਵੱਡੀ ਉਮਰ ਵਿਚ ਜਦੋਂ ਉਹਨੇ ਸਮਾਜਿਕ ਜ਼ਿੰਦਗੀ ਤਿਆਗ ਕੇ ਵਣਾਂ-ਪਰਬਤਾਂ ਵਿਚ ਜਾਣਾ ਚਾਹਿਆ ਤਾਂ ਰਾਜੇ ਦੇ ਹੁਕਮ ਨਾਲ ਸ਼ਹਿਰ ਦੇ ਮੁੱਖ ਦਰਵਾਜ਼ੇ ਦੇ ਦਰਬਾਨ ਨੇ ਉਹਦੇ ਅੱਗੇ ਅਰਜ਼ ਗੁਜ਼ਾਰੀ – ‘ਇਸ ਰਾਜ ਨੂੰ ਛੱਡਣ ਤੋਂ ਪਹਿਲਾਂ ਆਉਂਦੀਆਂ ਨਸਲਾਂ ਵਾਸਤੇ ਚਾਰ ਲਫ਼ਜ਼ ਲਿਖ ਕੇ ਛੱਡ ਜਾਉ।’ ਕਹਿੰਦੇ ਨੇ ਕਿ ਲਾਓ ਤਿੰਨ ਦਿਨਾਂ ਲਈ ਰੁਕ ਗਿਆ ਕੇ ਥੋੜ੍ਹੇ ਜਿਹੇ ਸਫ਼ੇ ਲਿਖੇ, ਜਿਹਨੂੰ ਨਾ ਦਿੱਤਾ – ਤਾਓ ਤੇ ਚਿੰਗ।

ਉਹੀ ਚਾਰ ਵਰਕੇ ਤਾਓ ਦਰਸ਼ਨ ਹੋਏ, ਤਾਓ ਪਰੰਪਰਾ ਦੀ ਬੁਨਿਆਦ, ਜਿਨ੍ਹਾਂ ਨੇ ਅਗਲੇ ਪੰਝੀ ਸੌ ਸਾਲ ਲਈ ਚੀਨ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ…

ਪਰਮਿੰਦਰ ਸੋਢੀ ਨੇ ਪੰਜਾਬੀ ਕਿਤਾਬ ਦੀ ਸੂਰਤ ਵਿਚ ਇਹਦਾ ਭਰਪੂਰ ਵੇਰਵਾ ਦਿੱਤਾ ਏ। ਪਰਮਿੰਦਰ ਜੀ ਨੇ ਪੰਜਾਬੀ ਯੂਨੀਵਰਸਿਟੀ ਤੇ ਪੰਜਾਬ ਯੂਨੀਵਰਸਿਟੀ ਵਿਚ ਤਾਲੀਮ ਪਾ ਕੇ ਜਾਪਾਨ ਵਿਚ ਇਕ ਜਾਪਾਨੀ ਸੁੰਦਰੀ ਨਾਲ ਘਰ ਵਸਾਇਆ ਤੇ 1985 ਤੋਂ ਓਸਾਕਾ ਵਿਚ ਰਹਿੰਦੇ ਨੇ। ਤਾਓ ਦਰਸ਼ਨ ਨੂੰ ਲਫ਼ਜ਼ਾਂ ਵਿਚ ਉਤਾਰ ਪਾਉਣਾ ਸੌਖਾ ਕਰਮ ਨਹੀਂ। ਇਹਦੀ ਸਹਿਜਤਾ ਅਨੁਭਵ ਵਿਚ ਉਤਰਣ ਵਾਸਤੇ ਹੈ, ਲਫ਼ਜ਼ਾਂ ਵਾਸਤੇ ਨਹੀਂ। ਤੇ ਪਰਮਿੰਦਰ ਜੀ ਨੇ ਭਰ ਮਿਹਨਤ ਨਾਲ ਤਾਓ ਚਿੰਤਨ ਨੂੰ ਸਾਹਮਣੇ ਰੱਖਿਆ ਏ, ਨਾਲ ਚਿੱਤਰ ਲਿਪੀ ਵਿਚ ਵੀ ਇਹਨੂੰ ਬਿਆਨਿਆ ਏ।

ਚੀਨੀ ਭਾਸ਼ਾ ਵਿਚ ਵਰਤੀ ਗਈ ਲਿਪੀ ਦਾ ਅਨੁਵਾਦ ‘ਮਾਰਗ’ ਬਣਦਾ ਏ, ਜੋ ਅੰਤਮ ਸੱਚ ਦਾ ਸੰਕੇਤ ਏ। ਤਾਓ ਦਾ ਭਾਵ, ਉਹ ਇਕ ਹੈ, ਜੋ ਕੁਦਰਤੀ ਹੈ. ਅਕਾਲ ਹੈ ਤੇ ਕਾਮ-ਰਹਿਤ ਹੈ। ਇਸ ਲਈ ਅਕਹਿ ਹੈ, ਜਿਹਨੂੰ ਕਿਹਾ ਨਹੀਂ ਜਾ ਸਕਦਾ।

ਗਿਆਨ -ਵਿਗਿਆਨ ਵਾਲਿਆਂ ਉਹਨੂੰ ਵਿਆਖਣ ਲਈ ਕਈ ਵਿਧੀਆਂ ਦੀ ਵਰਤੋਂ ਕੀਤੀ ਏ ਪਰ ਲਾਓ ਦੀ ਹੱਥ-ਲਿਖਤ ਦੇ ਮੁਢਲੇ ਹਰਫ਼ ਨੇ…

ਜਿਸ ਰਾਹ ਦੀ ਵਿਆਖਿਆ ਹੋ ਸਕੇ, ਉਹ ਰਾਹ ਸਦੀਵੀ ਨਹੀਂ।

ਜਿਸ ਨਾਮ ਨੂੰ ਮਿਥਿਆ ਜਾ ਸਕੇ, ਉਹ ਇਕ ਰਸ ਰਹਿਣ ਵਾਲਾ ਨਾਮ ਨਹੀਂ।
ਇਹ ਸਰਲਤਾ, ਇਹ ਸਹਿਜਤਾ ਅਨੁਭਵ ਵਿਚ ਉਤਰਦੀ ਏ ਪਰ ਹਰਫ਼ਾਂ ਵਿਚ ਨਹੀਂ। ਜਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਪ੍ਰੇਮ ਤੇ ਪ੍ਰਾਰਥਨਾ ਦਾ ਕੋਈ ਸ਼ਾਸਤਰ ਨਹੀਂ ਹੁੰਦਾ, ਕੋਈ ਸਿਧਾਂਤ ਨਹੀਂ ਹੁੰਦਾ।
ਇਹ ਇਕ ਸੰਕੇਤ ਏ, ਜਿਹਦੇ ਵਿਚ ਨੈਗੇਟਿਵ-ਪਾਜ਼ੇਟਿਵ ਹਨ, ਦੋਹਾਂ ਦਾ ਮਿਲਣ ਹੈ, ਇਸ ਲਈ ਦੋਹਾਂ ਦੀ ਸਵੀਕਾਰ ਹੈ।

ਲਾਓ ਦੇ ਹਰਫ਼ ਹਨ – ਹੋਂਦ ਤੇ ਨਿਰਹੋਂਦ ਇਕ ਦੂਜੇ ਨੂੰ ਜਨਮ ਦੇਂਦੇ ਹਨ, ਧ੍ਵਨੀ ਤੇ ਆਵਾਜ਼ ਇਕ ਦੂਜੇ ਨੂੰ ਇਕਸੁਰ ਕਰਦੇ ਹਨ।

ਓਸ਼ੋ ਦੇ ਲਫ਼ਜਾਂ ਵਿਚ ਇਹ ਕਾਇਨਾਤੀ ਦੋਸ਼ਤੀ ਕ੍ਰਿਸ਼ਨ ਦਾ ਸਵੀਕਾਰ ਹੈ – ਹਰ ਹਾਲਤ ਲਈ ਮੁਖ਼ਾਲਫ਼ ਹਾਲਾਤ ਲਈ ਵੀ…
ਓਸ਼ੋ ਨੂੰ ਲਾਓ ਨਾਲ ਇਸ਼ਕ ਹੈ, ਜਿਵੇਂ ਕ੍ਰਿਸ਼ਨ ਤੇ ਬੁੱਧ ਨਾਲ। ਪਰ ਪੰਜਾਬੀ ਵਿਚ ਇਹਦਾ ਵੇਰਵਾ ਦੇ ਕੇ ਪਰਮਿੰਦਰ ਸੋਢੀ ਨੇ ਬਹੁਤ ਚੰਗਾ ਕੀਤਾ ਏ।

ਜਦੋਂ ਸੰਸਾਰ ਤਾਓ ਦੇ ਅਨੁਕੂਲ ਜਿਊਂਦਾ ਹੈ ਤਾਂ ‘ਸੜਕ ਚਾਲ’ ਚੱਲਣ ਵਾਲੇ ਘੋੜੇ ਖੇਤ ਵਾਹੁਣ ਦੇ ਕੰਮ ਔਂਦੇ ਹਨ…

ਜਦ ਸੰਸਾਰ ਵਿਚ ਤਾਓ ਦੀ ਅਣਹੋਂਦ ਹੁੰਦੀ ਹੈ ਤਾਂ ਪਿੰਡ ਵਿਚ ਫ਼ੌਜੀ ਘੋੜੇ ਨਜ਼ਰ ਔਂਦੇ ਹਨ…

(ਨਾਗਮਣੀ, ਦਸੰਬਰ 1999, ਅੰਕ – 404)

Real Estate