ਗੁਰਪ੍ਰੀਤ ਨਾਲ਼ ਗੱਲਾਂ ॥ ਦਰਸ਼ਨ ਦਰਵੇਸ਼

1388

Gurpreetਇਸ ਵਾਰ ਦੇ ‘ਅੱਖਰ’ ਵਿਚ ਪ੍ਰਕਾਸ਼ਿਤ

? ਅੱਜ ਤੱਕ ਕਿਹੜੀ ਪਿਆਰੀ ਖੁਸ਼ੀ ਹਰ ਰੋਜ਼ ਫੇਰ ਖੁਸ਼ ਕਰ ਦਿੰਦੀ ਹੈ?
— ਸਵੇਰੇ ਜਦੋਂ ਜਾਗ ਖੁੱਲ੍ਹਦੀ ਹੈ … ਇਕ ਦਿਨ ਹੋਰ ਮਿਲ ਗਿਆ … ਸਾਹਮਣੇ ਖੁਸ਼ੀ ਦਾ ਸੂਰਜ ਚਮਕ ਰਿਹਾ ਹੁੰਦਾ ਹੈ।
? ਜ਼ਿੰਦਗੀ ਵਿੱਚ ਕਿਸ ਘਟਨਾ ਤੋਂ ਪ੍ਰਭਾਵਿਤ ਹੋਏ ਹੋ ?
–ਕਿਸੇ ਇਕ ਘਟਨਾ ਤੋਂ ਨਹੀਂ, ਇਹ ਸਿਲਸਿਲਾ ਜਾਰੀ ਰਹਿੰਦਾ ਹੈ ਤੇ ਜ਼ਿੰਦਗੀ ਬਣਦੀ ਰਹਿੰਦੀ ਹੈ।
? ਕਿਸ ਗੱਲ ਤੋਂ ਸਭ ਤੋਂ ਜ਼ਿਆਦਾ ਡਰੇ ਕਿ ਮੁੜ ਕੇ ਕਦੇ ਡਰੇ ਹੀ ਨਹੀਂ ?
–ਅਜਿਹਾ ਕਦੇ ਨਹੀਂ ਡਰਿਆ ਕਿ ਮੁੜ ਕੇ ਕਦੇ ਨਾ ਡਰਿਆ ਹੋਵਾਂ … ਡਰ ਸਦਾ ਬਣਿਆ ਰਹਿੰਦਾ ਹੈ, ਆਪਣੀ ਸਿਹਤ ਦਾ, ਬੱਚਿਆਂ ਦੇ ਭਵਿੱਖ ਦਾ …
? ਤੁਹਾਡਾ ਸਭ ਤੋਂ ਪਿਆਰਾ ਸੁਪਨਾ ਜੋ ਵਾਰ ਵਾਰ ਆਉਂਦਾ ਹੈ ?
— ਪਿਆਰਾ ਸੁਪਨਾ ਕਦੇ ਨ੍ਹੀਂ ਆਇਆ, ਅਕਸਰ ਬਿਨ ਸਿਰ ਪੈਰ ਦੇ ਸੁਪਨੇ ਆਉਂਦੇ ਨੇ … ਕਿਸੇ ਗੱਲ ਦੀ ਟੰਗ, ਕਿਸੇ ਦੀ ਬਾਂਹ… ਪਰ ਇਹਨਾਂ ਦਾ ਆਪਣਾ ਅਨੰਦ ਹੈ।
? ਆਪਣੇਂ ਆਪ ਨਾਲ ਵੀ ਲੜਾਈ ਕਰਕੇ ਅਕਸਰ ਕੀ ਖੋਇਆ ਕੀ ਪਾਇਆ ਹੈ ?
— ਆਪਣੇ ਆਪ ਨਾਲ ਕੀਤੀ ਲੜਾਈ ਦਰਅਸਲ ਆਪਣੇ ਨੂੰ ਭੰਨਣਾ ਹੁੰਦਾ ਹੈ, ਮੁੜ ਨਵੇਂ ਸਿਰੇ ਤੋਂ ਸਿਰਜਤ ਹੋਣਾ… ਇਹ ਲੜਾਈ ਮੈਂ ਕਵਿਤਾ ਦੇ ਬਹਾਨੇ ਲੜਦਾ ਹਾਂ। ਕਵਿਤਾ ਦੇ ਬਹਾਨੇ ਮੈਂ ਹਰ ਰੋਜ਼ ਨਵਾਂ ਗੁਰਪ੍ਰੀਤ ਹੁੰਦਾ ਹਾਂ … ਇਹੋ ਮੈਂ ਗੁਆਉਂਦਾ ਹਾਂ ਇਹੋ ਪਾਉਂਦਾ ਹਾਂ।

? ਜ਼ਿੰਦਗੀ ਵਿੱਚ ਜਦੋਂ ਜਦੋਂ ਵੀ ਰੋਏ ਹੋ , ਕੀ ਸਿਰਜਿਆ ਹੈ ?
— ਰੋਣਾ ਵੀ ਹੱਸਣ ਵਰਗੀ ਹੀ ਕਿਿਰਆ ਹੈ। ਰੋ ਕੇ ਜਿਵੇਂ ਮਨ ਧੋਤਾ ਜਾਂਦਾ ਹੈ। ਹੌਲ਼ਾ ਫੁੱਲ ਹੋ ਜਾਂਦਾ ਹਾਂ। ਕਵਿਤਾ ਇੱਥੇ ਵੀ ਮੇਰੀ ਮਦਦ ਕਰਦੀ ਹੈ।
? ਸ਼ੌਕ ਪੂਰਨ ਲਈ ਆਪਣੀਂ ਮਿਹਨਤ ਦੀ ਕਮਾਈ ਵਿੱਚੋਂ ਕਦੇ ਖਰਚ ਵੀ ਸਕੇ ਹੋ ?
— ਪਹਿਲਾਂ ਢੇਰਾਂ ਕਿਤਾਬਾਂ ਖਰੀਦ ਦਾ ਰਿਹਾ ਹਾਂ, ਹੁਣ ਚੁਣ-ਚੁਣ ਕੇ ਖਰੀਦ ਦਾ ਹਾਂ। ਕੈਮਰਾ ਖਰੀਦਣ ਦਾ ਮਨ ਸੀ, ਜੋ ਬੇਟੇ ਨੂੰ ਲੈ ਕੇ ਦੇ ਦਿੱਤਾ। ਕਦੇ-ਕਦੇ ਰੰਗ ਖਰੀਦ ਦਾ ਹਾਂ …
? ਦੂਜਿਆਂ ਦੇ ਵਿਅਕਤੀਤਵ ਵਿੱਚੋਂ ਤੁਸੀਂ ਕੀ ਕੁੱਝ ਚੋਰੀ ਕੀਤਾ ਹੈ ਅੱਜ ਤੱਕ ?
— ਕੋਈ ਵੀ ਬੰਦਾ ‘ਕੱਲਾ ਨਹੀਂ ਹੁੰਦਾ, ਮੇਰੀ ਮੈਂ ਆਲੇ-ਦੁਆਲੇ ਦੀ ਸਿਰਜਣਾ ਹੈ। ਮੈਨੂੰ ਨਹੀਂ ਪਤਾ ਮੈਂ ਕੀਹਦੇ ਵਿਅਕਤੀਤਵ ਵਿਚੋਂ ਕੀ ਚੋਰੀ ਕੀਤਾ ਹੈ।
? ਆਪਣੇ ਵਿਅਕਤੀਤਵ ਵਿੱਚੋਂ ਤੁਸੀਂ ਕੀ ਕੀ ਹੋਰਨਾਂ ਨੂੰ ਵੰਡ ਦੇਣਾਂ ਚਾਹੁੰਦੇ ਹੋ ?
–ਮੈਨੂੰ ਲਗਦੈ, ਅਜਿਹਾ ਮੇਰੇ ਕੋਲ਼ ਕੁਝ ਨਹੀਂ ਜੋ ਦੂਜਿਆਂ ਨੂੰ ਵੰਡਣ ਯੋਗ ਹੋਵੇ।
? ਸਭ ਤੋਂ ਪਿਆਰੀ ਥਾਂ ਉੱਪਰ ਜਾ ਕੇ ਲਗਾਤਾਰ ਕੀ ਕਰਨਾਂ ਪਸੰਦ ਕਰਦੇ ਹੋ ?
— ਮੇਰਾ ਖਿਆਲ਼ ਉਹੀ ਥਾਂ ਪਿਆਰੀ ਹੈ ਜਿਹੜੀ ਮੈਂ ਦੇਖੀ ਨਹੀਂ ਤੇ ਦੇਖਣ ਵਾਲ਼ ਸੰਸਾਰ ਤਾਂ ਪਿਆ ਹੀ ਹੈ, ਅਜੇ ਮਾਨਸਾ ‘ਚ ਵੀ ਅਜਿਹੀਆਂ ਗਲੀਆਂ ਹੋਣਗੀਆਂ ਜਿੰਨਾਂ ‘ਚ ਮੈਂ ਨਹੀਂ ਗਿਆ। ਅੱਜ-ਕੱਲ੍ਹ ਮੈਨੂੰ ਸਭ ਤੋਂ ਪਿਆਰੀ ਥਾਂ ਘਰ ਲਗਦਾ ਹੈ। ਮੈਨੂੰ ਇਹਦੀ ਆਦਤ ਹੋ ਗਈ ਹੈ। ਆਥਣ ਨੂੰ ਘਰ ਆਉਣਾ ਹੀ ਚੰਗਾ ਲਗਦਾ ਹੈ।
? ਸਾਹਿਤ ਦੇ ਸਭ ਤੋਂ ਵੱਡੇ ਦੁਸ਼ਮਣ ਨਾਲ ਮਿੱਤਰਤਾ ਕਿਵੇਂ ਹੋਣੀ ਚਾਹੀਦੀ ਹੈ ?
— ਸਾਹਿਤ ਹੀ ਸਾਹਿਤ ਦੇ ਵੱਡੇ ਦੁਸ਼ਮਣ ਨਾਲ਼ ਮਿਤਰਤਾ ਦੱਸ ਸਕਦਾ ਹੈ।
? ਪਹਿਲੀ ਮੁਹੱਬਤ ਦੀ ਸੁੱਚਤਾ ਨੂੰ ਕਿਸ ਕਵਿਤਾ ਵਿੱਚ ਕਿਵੇਂ ਬਿਆਨ ਕੀਤਾ ਹੈ?
— ਮੁਹੱਬਤ ਦੀ ਗਿਣਤੀ-ਮਿਣਤੀ ਦਾ ਕੋਈ ਮਾਪ ਮੇਰੇ ਕੋਲ਼ ਨਹੀਂ। ਇਹ ਸ਼ਾਇਦ ਪਹਿਲੀ ਹੀ ਰਹਿੰਦੀ ਹੈ, ਦੂਜੀ ਨਹੀਂ ਹੁੰਦੀ।ਸੁਚਤਾ ਤੇ ਮੁਹੱਬਤ ਇਕੋ ਸ਼ੈਅ ਨੇ ਮੇਰੇ ਲਈ।
? ਆਪਣੇ ਕਿਸ ਰੂਪ ਨੂੰ ਕਦੇ ਵੀ ਯਾਦ ਕੀਤਾ ਜਾਣਾਂ ਪਸੰਦ ਨਹੀਂ ਕਰੋਗੇ ?
— ਅਜਿਹਾ ਕੋਈ ਰੂਪ ਨਹੀਂ, ਮੈਂ ਆਪਣੇ ਹਰ ਰੂਪ ਨੂੰ ਪਸੰਦ ਕਰਦਾ ਹਾਂ। ਸੱਚਾ ਝੂਠਾ, ਠੱਗ ਸਾਧ ਸਭ ਮੇਰੇ ਅੰਦਰ ਨੇ… ਖੂਬੀਆਂ –ਖਾਮੀਆਂ ਦੇ ਤਾਣੇ-ਪੇਟੇ ਦਾ ਬਣਿਆ ਖੇਸ ਹਾਂ।
? ਜੇਕਰ ਪੁਨਰ ਜਨਮ ਵਿੱਚ ਵਿਸ਼ਵਾਸ਼ ਹੈ ਤਾਂ ਕਿਸ ਰੂਪ ਵਿੱਚ ਪੈਦਾ ਹੋਣਾ ਚਾਹੋਗੇ ?
— ਵਿਸ਼ਵਾਸ ਨੂੰ ਛੱਡ ਕੇ , ਜੇ ਮੈਨੂੰ ਮੁੜ ਪੈਦਾ ਹੋਣ ਦਾ ਮੌਕਾ ਦਿੱਤਾ ਜਾਵੇ ਤਾਂ ਮੈਂ ਥੋੜ੍ਹੀ ਜਿਹੀ ਸੋਧ ਨਾਲ਼ ਮੁੜ ਗੁਰਪ੍ਰੀਤ ਹੀ ਪੈਦਾ ਹੋਣਾ ਚਾਹਾਂਗਾ।
? ਪ੍ਰਾਪਤੀਆਂ ਤੋਂ ਸੰਤੁਸ਼ਟੀ ਅਤੇ ਅਸੰਤੁਸ਼ਟੀ ਵਿਚਕਾਰ ਕੀ ਤੰਗ ਕਰਦਾ ਹੈ ?
–ਸੰਤੁਸ਼ਟੀ ਅਤੇ ਅਸੰਤੁਸ਼ਟੀ ਦੇ ਵਿਚਕਾਰ ਹੀ ਜ਼ਿੰਦਗੀ ਹੈ ਜੋ ਤੰਗ ਵੀ ਕਰਦੀ ਹੈ ਤੇ ਸੁਆਦ ਵੀ ਦਿੰਦੀ ਹੈ।
? ਤੁਹਾਨੂੰ ਦੂਜਿਆਂ ਦੀਆਂ ਕਿਹੜੀਆਂ ਗੱਲਾਂ ਤੋਂ ਜਲਨ ਮਹਿਸੂਸ ਹੁੰਦੀ ਹੈ ?
— ਬਹੁਤ ਜ਼ੋਰ ਦੇਣ ‘ਤੇ ਵੀ ਪਤਾ ਨਹੀਂ ਲੱਗ ਸਕਿਆ ਕਿ ਮੈਨੂੰ ਦੂਜਿਆਂ ਦੀਆਂ ਕਿਹੜੀਆਂ ਗੱਲਾਂ ਤੋਂ ਜਲਨ ਹੁੰਦੀ ਹੈ।
? ਕਿਹੜੀਆਂ ਗੱਲਾਂ ਅਤੇ ਕਿਹੜੇ ਮੌਕਿਆਂ ਉੱਪਰ ਝੂਠ ਬੋਲਣਾਂ ਪਸੰਦ ਕਰਦੇ ਹੋ ?
— ਮੈਨੂੰ ਨਾ ਝੂਠ ਬੋਲਣਾ ਪਸੰਦ ਹੈ ਨਾ ਸੱਚ ਬੋਲਣਾ। ਬੋਲੇ ਬਿਨਾਂ ਸਰਦਾ ਨਹੀਂ, ਬੋਲਦਾਂ ਹਾਂ ਉਹ ਲੋੜ ਅਨੁਸਾਰ ਸੱਚ-ਝੂਠ ਹੁੰਦਾ ਹੈ।
? ਕਿਹੜੀ ਆਦਤ ਜਿਹੜੀ ਵਾਰ ਵਾਰ ਬਦਲਨਾਂ ਚਾਹੁੰਦੇ ਹੋਏ ਵੀ ਬਦਲ ਨਹੀਂ ਸਕੇ ?
— ਘੌਲ਼ , ਹਰ ਕੰਮ ਉਦੋਂ ਹੀ ਕਰਦਾ ਹਾਂ , ਜਦੋਂ ਅਖੀਰ ਆ ਜਾਂਦੀ ਹੈ।
? ਕਿਹੋ ਜਿਹੇ ਕੱਪੜਿਆਂ ਵਿੱਚ ਚੁਸਤ ਦਰੁਸਤ ਮਹਿਸੂਸ ਕਰਦੇ ਹੋ ?
— ਜੀਨ ਤੇ ਕਮੀਜ਼ ‘ਚ।
? ਤੁਰੰਤ ਆਪਣੀਂ ਗਲਤੀਂ ਉੱਪਰ ਕਿਸ ਤਰਾਂ ਪਰਦਾ ਪਾਉਂਦੇ ਹੋ ?
— ਮੈਂ ਗਲਤੀ ਮੰਨ ਲੈਂਦਾ ਹਾਂ , ਪਰਦਾ ਨਹੀਂ ਪੈਂਦਾ ਮੈਥੋਂ। ਇਹ ਰਾਹ ਮੈਨੂੰ ਸੌਖਾ ਲਗਦਾ ਹੈ।
? ਅੱਜ ਤੱਕ ਅਨਿਆਂ ਦੇ ਖਿਲਾਫ਼ ਕਿਸ ਰੂਪ ਵਿੱਚ ਆਵਾਜ਼ ਉਠਾਈ ਹੈ ?
— ਮੈਨੂੰ ਸਿਰਫ ਕਵਿਤਾ ਲਿਖਣੀ ਆਉਂਦੀ ਹੈ, ਉਹ ਵੀ ਪਤਾ ਨਹੀਂ ਆਉਂਦੀ ਹੈ ਕਿ ਨਹੀਂ।
? ਅਜਿਹਾ ਕੰਮ ਜਿਹੜਾ ਤੁਸੀਂ ਹਰ ਰੋਜ਼ ਸਭ ਤੋਂ ਪਹਿਲਾਂ ਕਰਨ ਲਈ ਉਤਸੁਕ ਰਹਿੰਦੇ
ਹੋ, ਲੇਕਿਨ ਅੱਜ ਤੱਕ ਨਹੀਂ ਕਰ ਸਕੇ ?
–ਕਿਸੇ ਕੰਮ ਲਈ ਮੇਰੀ ਕੋਈ ਪਹਿਲ ਦੂਜ ਨਹੀਂ। ਇਹ ਆਪਣੇ-ਆਪ ਹੋਈ ਜਾਂਦੇ ਨੇ।
? ਹਰ ਇੱਛਾ ਪੂਰੀ ਕਰਨ ਦਾ ਮੌਕਾ ਦਿੱਤਾ ਜਾਵੇ ਤਾਂ ਸਭ ਤੋਂ ਪਹਿਲਾਂ ਕਿਹੜੀ ਇੱਛਾ ਪੂਰੀ ਕਰਨੀਂ ਚਾਹੋਗੇ ?
–ਪੈਰਾਂ ਵਿਚ ਚੱਪਲਾਂ ਪਾ ਕੇ ਤੁਰਨ ਦੀ ਇੱਛਾ ਪੂਰੀ ਕਰਾਂਗਾ।
? ਜਦੋਂ ਪਹਿਲੀ ਵਾਰ ਜ਼ੇਬ ਖਰਚੀ ਮਿਲੀ ਤਾਂ ਤੁਹਾਡੇ ਮਨ ਦੀ ਖੁਸ਼ੀ ਕਿਹੋ ਜਿਹੀ ਸੀ ?
— ਜੇਬ ਖਰਚੀ ਦੇ ਮਾਮਲੇ ‘ਚ ਬੜਾ ਅਮੀਰ ਰਿਹਾ ਹਾਂ। ਪਿਤਾ ਤੋਂ ਇਲਾਵਾ ਦਾਦਾ-ਦਾਦੀ, ਚਾਚਾ-ਭੂਆ ਤੋਂ ਮੈਨੂੰ ਜੇਬ ਖਰਚ ਮਿਲਦਾ ਰਿਹਾ ਹੈ। ਜਦੋਂ ਸਕੂਲ ਜਾਂਦਾ ਤਾਂ ਦਾਦੀ ਮੰਜੇ ‘ਤੇ ਅਵਾਜ਼ ਮਾਰਦੀ-‘ ਕੁੱਕੀ ਪਾਣੀ ਦੇ ਗਲਾਸ ਦੇ ਕੇ ਜਾਈਂ ’ ਮੈਨੂੰ ਪਤਾ ਹੁੰਦੈ ਪਾਣੀ ਦੇ ਬਹਾਨੇ ਉਹਨੇ ਮੈਨੂੰ ਜੇਬ-ਖਰਚ ਦੇਣਾ ਹੁੰਦਾ। ਇਹ ਗੱਲ ਮੈਨੂੰ ਬਾਅਦ ‘ਚ ਸਮਝ ਆਈ ਕਿ ਇਸ ਤਰ੍ਹਾਂ ਉਹ ਚਾਚੀ ਤੋਂ ਲੁਕਾਉਣ ਲਈ ਇਹ ਕਰਦੀ।
? ਦੋਬਾਰਾ ਵੀਹ ਸਾਲ ਦਾ ਹੋਣ ਦਾ ਮੌਕਾ ਦਿੱਤਾ ਜਾਵੇ ਤਾਂ ਸਭ ਤੋਂ ਪਹਿਲਾਂ ਕੀ ਕਰੋਗੇ ?
— ਉਸੇ ਕੁੜੀ ਦੀ ਕਿਤਾਬ ‘ਚ ਸਿਰਫ ਇਹ ਲਿਖਾਂਗਾ- ਆਈ ਲਵ ਯੂ। ਨਾ ਕਿ ਇਹ ਪੁੱਛਾਂਗਾ- ਡੂ ਯੂ ਲਵ ਮੀ ?
? ਅੱਜ ਤੱਕ ਦਾ ਸਭ ਤੋਂ ਯਾਦਗਾਰੀ ਪਲ ਕਿਹੜਾ ਹੈ, ਜਿਸਨੂੰ ਲਿਖਣਾ ਬਾਕੀ ਹੈ ?
— ਅਜਿਹਾ ਕੋਈ ਪਲ਼ ਯਾਦ ਨਹੀਂ ਆ ਰਿਹਾ ।
? ਮਨਪਸੰਦ ਖਾਣੇਂ ਕਿਹੜੇ ਹਨ ਅਤੇ ਉਹੀ ਕਿਉਂ ਹਨ ?
— ਪੰਜਾਬੀ ਰੋਟੀ ਮੇਰੀ ਪਹਿਲੀ ਪਸੰਦ ਹੈ। ਦੱਖਣ ਦਾ ਡੋਸਾ ਚੰਗਾ ਲਗਦਾ ਹੈ। ਬਿਨ੍ਹਾਂ ਮਿੱਠੇ ਦੀ ਕੌੜੀ ਕੌਫੀ ਬਹੁਤ ਪਸੰਦ ਹੈ।
? ਮਨਪਸੰਦ ਸੰਗੀਤ ਸੁਣਨ ਵੇਲੇ ਆਲੇ ਦੁਆਲੇ ਦਾ ਮਹੌਲ ਕਿਹੋ ਜਿਹਾ ਚਾਹੁੰਦੇ ਸੀ ?
— ਮਨਪਸੰਦ ਸੰਗੀਤ ਸੁਣਨ ਵੇਲ਼ੇ ਆਲੇ-ਦੁਆਲੇ ਦਾ ਮਹੌਲ ਆਪਣੇ-ਆਪ ਮੇਰੇ ਜਿਹਾ ਹੋ ਜਾਂਦਾ ਹੈ।
? ਤੁਹਾਡੇ ਘਰ ਅਤੇ ਦਫ਼ਤਰ ਵਿੱਚ ਤੁਹਾਡਾ ਸਭ ਤੋਂ ਪਿਆਰਾ ਕੋਨਾ ਕਿਹੜਾ ਹੈ ?
–ਘਰ ਵਿਚ ਸੌਣ ਕਮਰੇ ‘ਚ ਲੱਗੇ ਪਲੰਘ ਦਾ ਸੱਜਾ ਪਾਸਾ, ਜਿਹੜੇ ਪਾਸੇ ਮੈਂ ਸੌਂਦਾ ਵੀ ਹਾਂ ਤੇ ਵੇਲ਼ੇ-ਕੁਵੇਲ਼ੇ ਪੜ੍ਹਦਾ ਵੀ ਹਾਂ। ਸਕੂਲ ‘ਚ ਲੱਗੇ ਪੌਦਿਆਂ ਤੇ ਬੱਚਿਆਂ ਨੂੰ ਇੱਕੋ ਜਿਹਾ ਨਿਹਾਰਦਾ ਹਾਂ।
? ਅਜਿਹਾ ਕੰਮ ਜਿਹੜਾ ਕਦੇ ਵੀ ਨਹੀਂ ਸੀ ਕਰਨਾ ਚਾਹਿਆ ਪਰ ਉਹੀ ਹੁੰਦਾ ਗਿਆ ?
–ਅਜਿਹਾ ਕੰਮ ਜਿਹੜਾ ਮੈਂ ਕਰਨਾ ਨਹੀਂ ਸੀ ਚਾਹੁੰਦਾ ਤੇ ਉਹ ਹੋ ਗਿਆ। ਹੁਣ ਉਹ ਕੰਮ ਦੱਸਣ ਨੂੰ ਜੀਅ ਨਹੀਂ ਕਰਦਾ।
? ਤੁਹਾਡੇ ਮੂੰਹੋਂ ਆਪਣੀਂ ਕਿਹੜੀ ਖਾਸੀਅਤ ਦੱਸਦਿਆਂ ਚਾਅ ਚੜ੍ਹ ਜਾਂਦਾ ਹੈ ?
–ਖਾਸੀਅਤ ਕੋਈ ਨਹੀਂ। ਉਂਝ ਆਪਣੇ ਦੋਸਤਾਂ-ਮਿਤਰਾਂ ਦੀ ਤਰੀਫ ਕਰਨੀ ਮੈਨੂੰ ਚੰਗੀ ਲਗਦੀ ਹੈ।
? ਆਪਣੇ ਘਰ ਵਿੱਚ ਸਭ ਤੋਂ ਪਿਆਰਾ ਦਿਨ ਕਿਹੜਾ ਬਿਤਾਇਆ ਹੈ ?
— ਬੇਟੇ ਸੁਖਨ ਤੇ ਬੇਟੀ ਸਨੋਅ ਦੇ ਜਨਮ ਵਾਲ਼ਾ ਦਿਨ।
? ਉਹ ਬੁਰੀ ਆਦਤ ਜਿਸਨੂੰ ਤੁਸੀਂ ਸਭ ਤੋਂ ਵੱਧ ਪਿਆਰ ਕਰਦੇ ਹੋ ?
0 ਘੌਲ ਬੁਰੀ ਆਦਤ ਹੈ, ਪਰ ਇਹਨੂੰ ਪਿਆਰ ਨਹੀਂ ਕਰਦਾ।
? ਸਟੱਡੀ ਰੂਮ ਵਿੱਚ ਰੱਖੇ ਟੇਬਲ ਉੱਪਰ ਕੀ ਕੀ ਸਜਾਕੇ ਰੱਖਣਾਂ ਪਸੰਦ ਕਰਦੇ ਹੋ ?
— ਕਿਤਾਬਾਂ, ਕਾਗਜ਼, ਵੱਖ-ਵੱਖ ਤਰ੍ਹਾਂ ਦੇ ਪੈਨ ਤੇ ਮਨ ਪਸੰਦ ਦੀਆਂ ਦੋ-ਚਾਰ ਕਿਤਾਬਾਂ।
? ਘਰ ਛੱਡਣ ਵੇਲੇ ਕਿਹੜੀਆਂ ਕਿਹੜੀਆਂ ਚੀਜ਼ਾਂ ਨਾਲ ਲੈਕੇ ਜਾਣਾਂ ਪਸੰਦ ਕਰੋਗੇ
— ਘਰ ਨੂੰ ਮੈਂ ਹਰ ਥਾਂ ਨਾਲ਼ ਲੈ ਕੇ ਜਾਂਦਾ ਹਾਂ। ਘਰ ਛੱਡਣਾ ਮੇਰੇ ਲਈ ਸੰਭਵ ਨਹੀਂ।
? ਉਹ ਗੱਲ ਦੱਸੋ ਜਿਹੜੀ ਤੁਸੀਂ ਕਦੇ ਵੀ ਕਿਸੇ ਨੂੰ ਵੀ ਨਹੀਂ ਦੱਸਣੀਂ ਚਾਹੁੰਦੇ
–ਤੁਹਾਨੂੰ ਵੀ ਕਾਹਦੇ ਲਈ ਦੱਸਣੀ ਹੈ।
? ਤੁਸੀਂ ਆਪਣੇਂ ਪਰਸ ਵਿੱਚ ਸਭ ਤੋਂ ਵੱਧ ਕੀ ਸੰਭਾਲਕੇ ਰੱਖਦੇ ਹੋ ?
— ਉਹ ਕੁਝ , ਜੋ ਉਸ ਵਿਚ ਹੁੰਦਾ ਨਹੀਂ।
? ਆਪਣੀਂ ਕਿਹੜੀ ਇੱਛਾ ਪੂਰਤੀ ਲਈ ਅੱਤ ਦੇ ਰੁਝੇਵੇਂ ’ਚੋਂ ਵੀ ਵਕਤ ਕੱਢ ਹੀ ਲੈਂਦੇ ਹੋ ?
–ਸਕੂਲ ਅਧਿਆਪਕ ਹਾਂ। ਬਹੁਤੇ ਰੁਝੇਵੇਂ ਨਹੀਂ। ਵਿਹਲੇ ਵਰਗਾ ਹੀ ਹਾਂ। ਇੱਛਾ ਪੜ੍ਹਨ ਲਿਖਣ ਨਾਲ਼ ਹੀ ਜੁੜੀ ਹੁੰਦੀ ਹੈ ਜੋ ਸਹਿਜੇ ਹੀ ਪੂਰੀ ਹੁੰਦੀ ਰਹਿੰਦੀ ਹੈ।
? ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਹਰ ਸਮੇਂ ਚੁਸਤ ਦਰੁਸਤ ਰੱਖਦੀ ਹੈ ?
–ਚੁਸਤ-ਦਰੁਸਤ ਮੈਂ ਕਦੇ-ਕਦਾਈਂ ਹੀ ਹੁੰਦਾ ਹਾਂ। ਸੁਹਾਵਣਾ ਮੌਸਮ ਤੇ ਚੰਗੀ ਰਚਨਾ ਮੈਨੂੰ ਖੁਸ਼ ਕਰ ਦਿੰਦੇ ਨੇ।
? ਉਹ ਖੂਬਸੂਰਤ ਪਲ ਜਿਹੜਾ ਤੁਸੀਂ ਸਭ ਤੋਂ ਵੱਧ ਅਤੇ ਵਾਰ ਵਾਰ ਜੀਵਿਆ ਹੈ
— ਅਜਿਹੇ ਖੂਬਸੂਰਤ ਪਲ ਦੀ ਉਡੀਕ ਵਿਚ ਹਾਂ।
? ਉਹ ਕੌਣ ਹੈ ਜਿਸ ਨਾਲ ਤੁਸੀਂ ਆਪਣੇਂ ਮਨ ਦਾ ਹਰੇਕ ਕੋਨਾ ਸਾਂਝਾ ਕਰ ਲੈਂਦੇ ਹੋ?
–ਅਜਿਹਾ ਕੋਈ ਨਹੀਂ। ਬਹੁਤੀਆਂ ਗੱਲਾਂ ਤਾਂ ਮੈਂ ਆਪਣੇ-ਆਪ ਨਾਲ਼ ਵੀ ਸਾਂਝੀਆਂ ਨਹੀਂ ਕਰਦਾ।
? ਜੇਕਰ ਇੱਕ ਮਹੀਨੇ ਦੀਆਂ ਛੁਟੀਆਂ ਮਿਲ ਜਾਣ ਤਾਂ ਕਿਸ ਤਰਾਂ ਬਿਤਾਉਣੀਆਂ
ਪਸੰਦ ਕਰੋਗੇ ?
–ਮੈਨੂੰ ਹਰ ਸਾਲ ਇਕ ਮਹੀਨੇ ਦੀਆਂ ਛੁੱਟੀਆਂ ਮਿਲਦੀਆਂ ਹਨ। ਛੁੱਟੀਆਂ ਨੂੰ ਬਿਤਾਉਣਾ ਸਾਡੇ ਸੁਭਾਅ ਦਾ ਹਿੱਸਾ ਨਹੀਂ। ਇਹ ਆਪਣੇ-ਆਪ ਹੀ ਬੀਤ ਜਾਂਦੀਆਂ ਹਨ। ਇਹਨਾਂ ਨੂੰ ਮੈਂ ਕਦੇ ਵੀ ਵਿਉਂਤ ਨਹੀਂ ਸਕਿਆ। ਜਾਂ ਜਿਵੇਂ ਮੈਂ ਸੋਚਿਆ ਹੁੰਦਾ ਹੈ, ਇਹ ਉਵੇਂ ਨਹੀਂ ਬੀਤਦੀਆਂ।
? ਹਰੇਕ ਇਨਸਾਨ ਦੀਆਂ ਕਿਹੜੀਆਂ ਪੰਜ ਖੂਬੀਆਂ ਤੁਸੀਂ ਪਸੰਦ ਕਰਦੇ ਹੋ?
— ਮੈਨੂੰ ਉਹ ਇਨਸਾਨ ਪਸੰਦ ਹੈ ਜਿਹੜਾ ਦੂਜਿਆਂ ਦੀਆਂ ਸਿੱਧੀਆ-ਸੱਚੀਆਂ ਗੱਲਾਂ ਮੂੰਹ ‘ਤੇ ਸੁਣ ਸਕਦਾ ਹੋਵੇ। ਪਰ ਇਹ ਖੂਬੀ ਮੇਰੇ ‘ਚ ਵੀ ਨਹੀਂ ਭਰਾਵਾ। ਜੇ ਇਹ ਮੇਰੇ ‘ਚ ਆ ਜਾਵੇ ਤਾਂ ਮੈਂ ਆਪਣੇ- ਆਪ ਨੂੰ ਦੁਨੀਆਂ ਦਾ ਖੂਬਸੂਰਤ ਇਨਸਾਨ ਕਹਾਂਗਾ।
? ਤੁਸੀਂ ਕਿਹੜੀ ਫਿਲਮ ਜਾਂ ਪੜ੍ਹੀ ਹੋਈ ਰਚਨਾਂ ਦੇ ਕਿਸ ਕਿਰਦਾਰ ਵਰਗੀ ਜ਼ਿੰਦਗੀ
ਜਿਊਣ ਦੀ ਕਦੇ ਲਾਲਸਾ ਕੀਤੀ ਸੀ?
— ਮੈਂ ਆਪਣੇ-ਆਪ ਵਰਗਾ ਹੀ ਹੋਣਾ/ ਜਿਉਣਾ ਚਾਹੁੰਦਾ ਹਾਂ।
? ਆਪਣੇ ਮਾਂ ਬਾਪ ਨਾਲ ਬਿਤਾਇਆ ਹੋਇਆ ਸਭ ਤੋਂ ਸ਼ਾਨਦਾਰ ਪਲ ?
–ਬਚਪਨ ਬਹੁਤ ਸ਼ਾਨਦਾਰ ਰਿਹਾ ਹੈ।
? ਤੁਹਾਡਾ ਰੋਡ ਸਾਈਡ ਫੇਵਰਟ ਫੂਡ ਕਿਹੜਾ ਹੈ?
–ਸਮੋਸੇ ਤੇ ਪਤੌੜ
? ਤੁਸੀਂ ਅੱਜ ਤੱਕ ਦਾ ਸਭ ਤੋਂ ਮਹਿੰਗਾ ਖਾਣਾ ਕਦੋਂ ਅਤੇ ਕਿੱਥੇ ਖਾਧਾ ?
— ਮੈਂ ਸਭ ਤੋਂ ਮਹਿੰਗਾ ਖਾਣਾ ਓਸਾਕਾ (ਜਪਾਨ) ‘ਚ ਖਾਣਾ ਹੈ ਜਿਸ ਦਾ ਬਿਲ ਪਰਮਿੰਦਰ ਸੋਢੀ ਦੇਵੇਗਾ।
? ਤੁਹਾਨੂੰ ਕਿਸੇ ਮਜ਼ਬੂਰੀ ਵੱਸ ਸਭ ਤੋਂ ਸਸਤਾ ਖਾਣਾ ਕਦੋਂ ਅਤੇ ਕਿੱਥੇ ਖਾਣਾ ਪਿਆ ?
–ਇਕ ਵਾਰ ਜੈਪੁਰ ਆਪਣੇ ਜੈਪੁਰੀ-ਫੁੱਟ ਲਈ ਗਿਆ ਹੋਇਆ ਸੀ। ਵਾਪਸੀ ‘ਤੇ ਮੇਰੇ ਕੋਲ਼ ਕਿਰਾਏ ਤੋਂ ਬਿਨ੍ਹਾਂ ਪੰਜ-ਸੱਤ ਰੁਪਏ ਹੀ ਬਚੇ। ਤੇ ਮੈਂ ਉਹਨਾਂ ਨਾਲ਼ ਹੀ ਕਿਵੇਂ ਨਾ ਕਿਵੇਂ ਗੁਜ਼ਾਰਾ ਕੀਤਾ।
? ਇੱਕ ਖੂਬਸੂਰਤ ਘਰ ਕਿਹੋ ਜਿਹਾ ਹੋਣਾ ਚਾਹੀਦਾ ਹੈ ?
–ਜਿੱਥੇ ਹਰ ਬੰਦਾ ਆਪਣੇ ਹੀ ਤਰੀਕੇ ਅਤੇ ਮਰਜ਼ੀ ਨਾਲ਼ ਰਹਿ ਸਕਦਾ ਹੋਵੇ।
? ਭਾਰਤੀ ਇਤਿਹਾਸ ਵਿੱਚ ਤੁਹਾਡਾ ਸਭ ਤੋਂ ਪਿਆਰਾ ਨਾਇਕ ਕੌਣ ਹੈ ?
— ਬਾਬਾ ਨਾਨਕ
? ਫੁਰਸਤ ਦੇ ਪਲਾਂ ਵਿੱਚ ਆਪਣੇਂ ਆਪ ਲਈ ਕਿੰਨ੍ਹਾਂ ਕੁ ਜਿਊਂਦੇ ਹੋ ?
–ਸਦਾ ਦੂਜੇ ਦੀ ਭਾਹ ਮਾਰਦੀ ਰਹਿੰਦੀ ਹੈ।
? ਤੁਹਾਨੂੰ ਕਿਹੜੀਆਂ ਅਤੇ ਕਿਹੋ ਜਿਹੀਆਂ ਗੱਲਾਂ ਉੱਪਰ ਹਾਸਾ ਆਉਂਦਾ ਹੈ ?
— ਜਦੋਂ ਅਸੀਂ ਕਹਿੰਦੇ ਕੁਝ ਹੋਰ ਹਾਂ ਤੇ ਕਰਦੇ ਕੁਝ ਹੋਰ ਹਾਂ।
? ਕੀ ਕਦੇ ਜ਼ਿੰਦਗੀ ਵਿੱਚ ਸ਼ਰਮਿੰਦਾ ਵੀ ਹੋਣਾ ਪਿਆ ਹੈ ਜਾਂ ਨਹੀਂ ?
–ਹਾਂ , ਹੋਣਾ ਪਿਆ ਹੈ।
? ਹਰ ਪਲ ਸੁਰਖੀਆਂ ਵਿੱਚ ਬਣੇ ਰਹਿਣ ਦਾ ਤਰੀਕਾ ਕਿੰਨਾਂ ਕੁ ਜ਼ਾਇਜ ਮੰਨਦੇ ਹੋ ?
— ਬਹੁਤਿਆਂ ਨੂੰ ਇਹੋ ਪਸੰਦ ਹੈ। ਉਹ ਕਿਸੇ ਨਾ ਕਿਸੇ ਬਹਾਨੇ ਸੁਰਖੀਆਂ ਵਿਚ ਬਣੇ ਰਹਿੰਦੇ ਹਨ। ਚੰਗਾ ਇਹੀ ਹੈ ਕਿ ਤੁਸੀਂ ਚੁੱਪ-ਚੁਪੀਤੇ ਕਰਮ ਕਰੋ। ਕੰਮ ਆਪੇ ਹੀ ਬੋਲਦਾ ਹੈ।
? ਅਚਨਚੇਤ ਤੁਹਾਨੂੰ ਵੀਹ ਲੱਖ ਰੁਪਿਆ ਮਿਲ ਜਾਵੇ ਅਤੇ ਇੱਕ ਦਿਨ ਵਿੱਚ ਹੀ ਖਰਚਣਾ ਪੈ ਜਾਵੇ ਤਾਂ ਤੁਸੀਂ ਕਿਸ ਵਾਸਤੇ ਖਰਚ ਕਰੋਗੇ ?
— ਮੈਨੂੰ ਅਚਨਚੇਤ ਵੀਹ ਲੱਖ ਰੁਪਿਆ ਮਿਲ ਜਾਵੇ ਤਾਂ ਕੁਝ ਵੀ ਖਰੀਦਣ ਤੋਂ ਪਹਿਲਾਂ ਉਹਨਾਂ ਕਿਸ਼ਤਾਂ ਤੋਂ ਖਹਿੜਾ ਛੁਡਾਵਾਂਗਾ ਜਿਹੜੀਆਂ ਮੈਨੂੰ ਹਰ ਮਹੀਨੇ ਦੇਣੀਆਂ ਪੈਂਦੀਆ ਨੇ।
? ਉਹਨਾਂ ਪਲਾਂ ਦੀ ਕੀ ਅਹਿਮੀਅਤ ਹੈ ਜਦੋਂ ਪਹਿਲੀ ਕਿਤਾਬ ਪੜ੍ਹੀ ਜਾਂ ਪਹਿਲੀ ਫਿਲਮ ਵੇਖੀ ਸੀ ?
–ਪਹਿਲੀ ਕਿਹੜੀ ਕਿਤਾਬ ਪੜ੍ਹੀ ਜਾਂ ਪਹਿਲੀ ਕਿਹੜੀ ਫਿਲਮ ਦੇਖੀ ਯਾਦ ਨਹੀਂ। ਪਰ ਕਵਿਤਾ ਦੀ ਜਿਹੜੀ ਪਹਿਲੀ ਕਿਤਾਬ ਮੈਨੂੰ ਪਸੰਦ ਆਈ ਸੀ ਉਹਦਾ ਨਾਂ ‘ਆਦਿਕਾ’ ਹੈ ਜਿਸ ਦਾ ਲੇਖਕ ਹਰਨਾਮ ਹੈ। ਇਸ ਕਿਤਾਬ ਦਾ ਖੁਮਾਰ ਲੰਮਾ ਸਮਾਂ ਮੇਰੇ ਨਾਲ਼ ਰਿਹਾ।
? ਤੁਹਾਡੇ ਘਰ ਵਿੱਚ ਅਚਾਨਕ ਹੀ ਦੋ ਬਹੁਤ ਹੀ ਪਿਆਰੇ ਅਤੇ ਨਜ਼ਦੀਕੀ ਮਹਿਮਾਨ ਆ ਜਾਣ ਤਾਂ ਤੁਸੀਂ ਉਹਨਾਂ ਨਾਲ ਕਿਸ ਮੁੱਦੇ ਉੱਪਰ ਵਿਚਾਰ ਵਟਾਂਦਰਾ ਕਰਨਾਂ ਚਾਹੋਗੇ ?
–ਕਿਸੇ ਮੁੱਦੇ ਦੀ ਬਜਾਇ ਮੈਂ ਉਹਨਾਂ ਨਾਲ਼ ਉਹਨਾਂ ਦੇ ਆਰ-ਪਰਵਾਰ ਦੀਆਂ ਗੱਲਾਂ ਕਰਨੀਆਂ ਪਸੰਦ ਕਰਾਂਗਾ ਤੇ ਕਰਦਾ ਹਾਂ। ਕਵਿਤਾ ਤੇ ਕਲਾ ਬਾਰੇ ਗੱਲਾਂ ਕਰਨੀਆਂ ਵੀ ਮੈਨੂੰ ਚੰਗੀਆਂ ਲਗਦੀਆਂ ਹਨ।
? ਤੁਹਾਡੀ ਨਜ਼ਰ ਵਿੱਚ ਕੋਈ ਦਿਨ ਅਹਿਮ ਕਿਵੇਂ ਬੀਤਣਾ ਚਾਹੀਦੈ ?
— ਜਿਸ ਦਿਨ ਬੰਦਾ ਆਪਣੇ-ਆਪ ਨੂੰ ਮਿਲੇ।
? ਬੋਰੀਅਤ ਨੂੰ ਬਾਰ ਬਾਰ ਕਿਵੇਂ ਮਾਣਦੇ ਹੋ ?
–ਬੋਰੀਅਤ ‘ਚ ਬੋਰ ਹੁੰਦਾ ਹਾਂ , ਮਾਣਦਾ ਨਹੀਂ।
? ਤੁਹਾਡਾ ਸੁਪਨਾ ਜਿਸਨੂੰ ਕਿਸੇ ਵੀ ਕੀਮਤ ਉੱਪਰ ਵਿਕਸਿਤ ਕਰਨਾ ਹੀ ਕਰਨਾ ਹੈ ?
— ਬੱਚਿਆਂ ਨੂੰ ਵਧੀਆ ਇਨਸਾਨ ਬਣਾਉਣਾ ਤੇ ਉਹਨਾਂ ਨੂੰ ਜ਼ਿੰਦਗੀ ‘ਚ ਉਹਨਾਂ ਦੀਆਂ ਸ਼ਰਤਾਂ ‘ਤੇ ਜਿਉਣ ਦੀ ਆਗਿਆ ਦੇਣਾ।
? ਪੂਰੀ ਦੁਨੀਆਂ ਵਿੱਚ ਤੁਹਾਡੀ ਸਭ ਤੋਂ ਪਿਆਰੀ ਥਾਂ ਕਿਹੜੀ ਹੈ ?
–ਘਰ
? ਆਪਣੇਂ ਸਭ ਤੋਂ ਨੇੜਲੇ ਮਿੱਤਰਾਂ ਨਾਲ ਤੁਸੀਂ ਕਿਹੋ ਜਿਹੇ ਰਾਜ਼ ਸਾਂਝੇ ਕਰਦੇ ਹੋ?
–ਦੋਸਤਾਂ ਕੋਲੋਂ ਤੁਸੀਂ ਓਨੇ ਕੁ ਰਾਜ਼ ਛੁਪਾਏ ਹੁੰਦੇ ਨੇ ਜਿੰਨੇ ਕੁ ਤੁਸੀਂ ਆਪਣੇ-ਆਪ ਤੋਂ ਲੁਕਾਏ ਹੁੰਦੇ ਨੇ।
? ਤੁਹਾਡੀ ਕੋਈ ਅਜੇਹੀ ਗੱਲ ਜਿਹੜੀ ਕੋਈ ਵੀ ਨਹੀਂ ਜਾਣਦਾ ਪਰ ਤੁਸੀਂ ਦੱਸਣ ਲਈ ਕਾਹਲੇ ਹੋ ?
–ਅਜਿਹੀ ਕੋਈ ਗੱਲ ਨਹੀਂ ਵੀਰ।
? ਜੇਕਰ ਤੁਸੀਂ ਅੱਜ ਸਾਹਿਤਕਾਰ ਨਾਂ ਹੁੰਦੇ ਤਾਂ ਕੀ ਹੁੰਦੇ ?
— ਸਾਹਿਤਕਾਰੀ ਮੇਰਾ ਸੁਭਾਅ ਹੈ, ਸ਼ਾਇਦ ਮੈਂ ਇਹੋ ਹੋਣਾ ਸੀ ਤੇ ਇਹੋ ਹਾਂ।
? ਅਜਿਹਾ ਕਿਹੜਾ ਕੰਮ ਹੈ ਜਿਹੜਾ ਬਾਰ ਬਾਰ ਕਰਨ ਨੂੰ ਤੁਹਾਡਾ ਦਿਲ ਕਰਦਾ ਹੈ ਪਰ ਤੁਹਾਡੀ ਪਕੜ ਵਿੱਚ ਨਹੀਂ ਆ ਰਿਹਾ ?
–ਪੇਂਟਿੰਗ ਕਰਨਾ। ਪਰ ਇਹ ਸਦਾ ਮੇਰੀ ਪਕੜ ‘ਚ ਨਹੀਂ ਆਉਂਦੀ। ਕੈਨਵਸ ਦੀ ਥਾਂ ਮਨ ‘ਤੇ ਮੈਂ ਅਕਸਰ ਚਿਤਰ ਵਾਹੁੰਦਾ ਰਹਿੰਦਾ ਹਾਂ।
? ਜ਼ਿੰਦਗੀ ਦੇ ਕਿਹੋ ਜਿਹੇ ਵਰਤਾਰੇ ਨਾਲ ਸਖਤ ਨਫ਼ਰਤ ਹੈ ਤੁਹਾਨੂੰ ?
— ਮੈਨੂੰ ਦੋਹਰੇ ਮਾਪ-ਢੰਡਾਂ ਤੋਂ ਨਫਰਤ ਹੈ।
? ਕਿਹੋ ਜਿਹੀਆਂ ਸਥਿਤੀਆਂ ਵਿੱਚ ਤੁਸੀਂ ਲੰਮੇ ਸਮੇ ਲਈ ਗੁਰਪ੍ਰੀਤ ਨਹੀਂ ਹੁੰਦੇ ?
–ਕਵਿਤਾ ਲਿਖਣ ਵਾਲ਼ਾ ਗੁਰਪ੍ਰੀਤ ਕੋਈ ਹੋਰ ਹੈ। ਜੋ ਕਦੇ ਕਦਾਈਂ ਹੀ ਆਉਂਦਾ ਹੈ।
? ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਟਰਨਿੰਗ ਪੁਆਇੰਟ ਕਿਹੜਾ ਸੀ ?
–ਟਰਨਿੰਗ ਪੁਆਇੰਟ ਕੋਈ ਇਕ ਨਹੀਂ ਹੈ। ਜਿਵੇਂ ਘਰ ਤੋਂ ਕਰਿਆਨੇ ਦੀ ਦੁਕਾਨ ਤੱਕ ਜਾਂਦਿਆਂ ਹੀ ਮੈਨੂੰ ਤਿੰਨ-ਚਾਰ ਮੋੜ ਕੱਟਣੇ ਪੈਂਦੇ ਹਨ, ਉਵੇਂ ਹੀ ਜ਼ਿੰਦਗੀ ‘ਚ ਅਨੇਕਾਂ ਮੋੜ ਹੁੰਦੇ ਹਨ ਤੇ ਸਾਰੇ ਹੀ ਮਹੱਤਵਪੂਰਨ ਹੁੰਦੇ ਹਨ।
? ਕਿਸ ਮਹਾਨ ਜਾਂ ਬਦਨਾਮ ਸਖਸ਼ੀਅਤ ਨਾਲ ਮਿਲਨ ਲਈ ਤਤਪਰ ਰਹਿੰਦੇ ਹੋ?
–ਕੋਈ ਵੀ ਅਜਿਹੀ ਸ਼ਖਸੀਅਤ ਮੇਰੇ ਧਿਆਨ ‘ਚ ਨਹੀਂ ਆ ਰਹੀ ਜਿਸ ਨੂੰ ਮਿਲਨ ਲਈ ਮੈਂ ਤਤਪਰ ਹੋਵਾਂ। ਕਦੇ ਰਾਹ-ਖਹਿੜੇ ਮੈਂ ਆਪਣੇ-ਆਪ ਨੂੰ ਮਿਲ ਜਾਵਾਂ ਤਾਂ ਕਿੰਨਾ ਚੰਗਾ ਹੋਵੇ।
? ਸਮੇਂ ਨੂੰ ਮੁੱਠੀ ਵਿੱਚ ਕਰਨ ਦੀ ਸੋਚ ਕਦੋਂ ਜਿਊਂਦੀ, ਕਦੋਂ ਮਰ ਜਾਂਦੀ ਹੈ ?
–ਸਮਾਂ ਕੀਹਦੀ ਮੱਠੀ ‘ਚ ਆਉਂਦੈ। ਇਹਦੇ ਨਾਲ਼-ਨਾਲ਼ ਹੀ ਤੁਰਿਆ ਜਾਵਾਂ , ਇਹੀ ਬਹੁਤ ਹੈ। ਉਂਝ ਸਮਾਂ ਮੈਨੂੰ ਇਸ ਕਰਕੇ ਬਹੁਤ ਵਧੀਆ ਲਗਦਾ ਹੈ ਕਿ ਇਹ ਸਦਾ ਤੁਹਾਨੂੰ ਅਨੇਕਾਂ ਸ਼ੈਆਂ ਦੇ ਰੂ ਬ ਰੂ ਕਰਦਾ ਹੈ। ਅਥਾਹ ਸੰਭਾਵਨਾਵਾਂ ਇਹਦੇ ਅੰਦਰ ਛੁਪੀਆਂ ਹੁੰਦੀਆਂ ਨੇ। ਸਮੇਂ ਦੀ ਨਦੀ ਕਦੇ ਸੁੱਕਦੀ ਨਹੀਂ।
? ਤੁਸੀਂ ਕਿਹੋ ਜਿਹੀਆਂ ਸਥਿਤੀਆਂ ਵਿੱਚ ਅਧਿਆਤਮਕ ਆਨੰਦ ਮਹਿਸੂਸ ਕਰਦੇ ਹੋ?
— ਅਜਿਹਾ ਆਨੰਦ ਮੈਂ ਕਦੇ ਮਹਿਸੂਸ ਨਹੀਂ ਕੀਤਾ।
? ਕਿਹੜਾ ਸੰਗੀਤ ਹੈ ਜਿਹੜਾ ਤੁਹਾਨੂੰ ਰੁਮਾਂਟਿਕ ਬਣਾ ਦਿੰਦਾ ਹੈ ?
–ਬਿਨ੍ਹਾਂ ਧੂਮ-ਧੜੱਕੇ ਵਾਲ਼ਾ ਸੰਗੀਤ ਮੈਨੂੰ ਚੰਗਾ ਲਗਦਾ ਹੈ।
? ਅੱਜ ਤੱਕ ਦੇਖੀਆਂ ਫਿਲਮਾਂ ਦਾ ਸਭ ਤੋਂ ਯਾਦਗਾਰੀ ਕਿਰਦਾਰ ਜਿਸਨੂੰ ਦੇਖਕੇ ਤੁਹਾਨੂੰ ਮਨੋਰੰਜਨ ਦੀ ਦੁਨੀਆਂ ਉੱਪਰ ਮਾਣ ਮਹਿਸੂਸ ਹੋਇਆ ਹੋਵੇ ?
— ਫਿਲਮ ਸੀ ‘ਯੁੱਗ ਪੁਰਸ਼’ ਉਹਦਾ ਇਕ ਕਿਰਦਾਰ ਨਾਨਾ ਪਾਟੇਕਰ ਨੇ ਨਿਭਾਇਆ ਸੀ। ਮੈਨੂੰ ਸਦਾ ਯਾਦ ਰਹਿੰਦਾ ਹੈ। ਤੇ ਇਸ ਸੰਸਾਰ ‘ਚ ਉਹੋ ਜਿਹੇ ਕਿਰਦਾਰ ਗਿਣਤੀ ਦੇ ਹੀ ਹੁੰਦੇ ਨੇ।
? ਤੁਹਾਡੇ ਆਪਣੇਂ ਸ਼ਹਿਰ ਦਾ ਫੇਵਰਟ ਰੈਸਟੋਰੈਂਟ ਕਿਹੜਾ ਹੈ ?
— ਮਾਨਸਾ ਦੇ ਰੈਸਟੋਰੈਂਟਾਂ ਬਾਰੇ ਤੁਸੀਂ ਵੀ ਜਾਣਦੇ ਹੀ ਹੋਂ। ਕੋਈ ਵੀ ਮੇਰੇ ਪਸੰਦ ਦਾ ਨਹੀਂ। ? ਤੁਹਾਡਾ ਮਨਪਸੰਦ ਨਾਈਟ ਸਪੌਟ ਕਿਹੜਾ ਹੈ ?
–ਮੈਂ ਘਰੇਲੂ ਜਾ ਬੰਦੈਂ, ਤੁਹਾਡੇ ਸੁਆਲਾਂ ਤੋਂ ਇਉਂ ਲਗਦੈ ਜਿਵੇਂ ਮੈਂ ਸ਼ਾਹਰੁਖ ਹੋਵਾਂ। ਕੀ ਦਿਨ ਕੀ ਰਾਤ ? ਕੀ ਸਪੌਟ ? ਘਰ ਹੀ ਘਰ ਹੈ ਭਰਾਵਾ। ਉਂਝ ਅੰਮ੍ਰਿਤਸਰ ਵਿਖੇ ਅੰਬਰੀਸ਼+ ਪੰਮੀ ਸਮੇਤ ਭੁਪਿੰਦਰ+ਬਿਪਨਪ੍ਰੀਤ ਦੀ ਛੱਤ ‘ਤੇ ਰਾਤ ਲੰਘਾਉਣਾ ਬਹੁਤ ਖੂਬਸੂਰਤ ਲਗਦਾ ਹੈ।
? ਘੱਟ ਬਿਲ ਵਿੱਚ ਕਿਸ ਥਾਂ ਦਾ ਖਾਣਾ ਸਭ ਤੋਂ ਵਧੀਆ ਲੱਗਦਾ ਹੈ?
–ਘਰ ਤੋਂ ਵਧੀਆ ਖਾਣਾ ਕਿਤੇ ਨਹੀਂ ਹੁੰਦਾ ਜਿੱਥੇ ਬਿਲ ਵੀ ਨਹੀਂ ਦੇਣਾ ਪੈਂਦਾ। ਪਰ ਮਾਨਸਾ ‘ਚ ‘ਮਨਸੁਖ’ ਨਾਂ ਦਾ ਢਾਬਾ ਚੰਗਾ ਹੈ ਜਿੱਥੇ ਘੱਟ ਬਿਲ ਵਿਚ ਵਧੀਆ ਰੋਟੀ ਖਾਧੀ ਜਾ ਸਕਦੀ ਹੈ।
? ਕਿਸ ਥਾਂ ਤੋਂ ਆਊਟਫਿਟਸ ਖਰੀਦਣ ਵਾਸਤੇ ਹਰ ਪਲ ਤੁਹਾਡਾ ਮਨ ਕਾਹਲਾ ਪੈਂਦਾ ਰਹਿੰਦਾ ਹੈ?
— ਵੱਖਰਾ ਜਿਹਾ ਕੁਝ ਲੱਭਣ ਦੀ ਹਰ ਵੇਲ਼ੇ ਤਾਂਘ ਰਹਿੰਦੀ ਹੈ। ਪਰ ਕਿਸੇ ਵੀ ਬਰੈਂਡ ਪ੍ਰਤੀ ਕੋਈ ਝੂਕਾਅ ਨਹੀਂ। ਬਹੁਤੇ ਕੱਪੜੇ ਮੈਂ ਸੈਲਫ-ਡਜ਼ਾਇਨਡ ਹੀ ਪਾਉਂਦਾ ਹਾਂ। ਮੇਰੇ ਟੇਲਰ-ਮਾਸਟਰ ਰੀਗਲ ਨੂੰ ਪਤਾ ਹੁੰਦਾ ਹੈ ਕਿ ਮੈਂ ਕਿਹੋ ਜਿਹੇ ਕੱਪੜੇ ਪਸੰਦ ਕਰਦਾ ਹਾਂ। ਉਹਦੇ ਕਾਰੀਗਰ ਵੀ ਮੇਰੇ ਕੱਪੜਿਆਂ ਦੀ ਸਿਲਾਈ ਕਰਕੇ ਅਨੰਦ ਲੈਂਦੇ ਹਨ।
? ਪਹਿਰਾਵੇ ਪ੍ਰਤੀ ਖੁਦ ਸੁਚੇਤ ਰਹਿੰਦੇ ਹੋ ਜਾਂ ਕੋਈ ਯਾਦ ਕਰਾਉਂਦਾ ਹੈ ?
— ਪਹਿਰਾਵੇ ਪ੍ਰਤੀ ਖੁਦ ਹੀ ਸੁਚੇਤ ਹਾਂ। ਮੇਰੀ ਕਵਿਤਾ ਦੀ ਸਤਰ ਹੈ :
ਮੇਰੀ ਪਸੰਦ ਦੀ ਕਮੀਜ਼/ ਅਕਸਰ ਕਿਸੇ ਹੋਰ ਨੇ/ ਪਾਈ ਹੁੰਦੀ ਹੈ।
? ਆਪਣੇਂ ਸ਼ਹਿਰ ਦੀ ਕਿਸ ਥਾਂ ਉੱਪਰ ਦੋਸਤਾਂ ਦਾ ਇਕੱਠ ਵੇਖਕੇ ਖੁਸ਼ੀ ਹੁੰਦੀ ਹੈ?
–ਦੋਸਤ ਜਿੱਥੇ ਮਿਲ ਜਾਣ ਉਹੀ ਥਾਂ ਸੁਹਣੀ ਹੋ ਜਾਂਦੀ ਹੈ ਤੇ ਮੈਂ ਖੁਸ਼ ਹੋ ਜਾਂਦਾ ਹਾਂ। ਕਿਸੇ ਵੇਲ਼ੇ ਤੁਹਾਡੇ ਸਟੂਡੀਓ ‘ਪੂਰਨਮਾਸ਼ੀ’ ਦੀਆਂ ਮਹਿਫਲਾਂ ਬਹੁਤ ਚੰਗੀਆਂ ਲਗਦੀਆਂ ਰਹੀਆਂ ਹਨ। ਆਪਣੇ ਕਵੀ ਮਿੱਤਰ ਰਾਮ ਸਿੰਘ ਚਾਹਲ ਦੇ ਘਰ ਵੀ ਆਪਾਂ ਮਹਿਫਲਾਂ ਸਜਾਉਂਦੇ ਰਹੇ ਹਾਂ। ? ਦਫ਼ਤਰ ਆਉਂਦਿਆਂ ਸਭ ਤੋਂ ਪਹਿਲਾਂ ਕਿਹੜੀ ਵਸਤੂ ਨੂੰ ਬਹੁਤ ਪਿਆਰ ਨਾਲ ਨਿਹਾਰਦੇ ਹੋ ?
— ਮੈਨੂੰ ਆਪਣੇ ਸਕੂਲ ਦੀ ਹਰ ਥਾਂ ਹੀ ਪਿਆਰੀ ਸੁਹਣੀ ਲਗਦੀ ਹੈ। ਪਰ ਵੇਲਾਂ-ਬੂਟੇ ਮੈਨੂੰ ਸਭ ਤੋਂ ਵੱਧ ਭਾਉਂਦੇ ਨੇ। ਸਕੂਲ਼ ਦਾ ਮਾਲੀ ਮੈਨੂੰ ਰੱਬ ਦਾ ਗੁਆਂਢੀ ਲਗਦਾ ਹੈ।
? ਆਪਣੀਂ ਮਨਪਸੰਦ ਖਰੀਦਦਾਰੀ ਕਰਨ ਲਈ ਕਿੰਨਾਂ ਲੰਮਾਂ ਸਮਾਂ ਸੋਚਣਾਂ ਪੈਂਦਾ ਹੈ?
— ਆਪਾਂ ਕਿਹੜਾ ਹਾਥੀ ਘੋੜਾ ਖਰੀਦਣਾ ਹੁੰਦੈ। ਛੋਟੀਆਂ-ਛੋਟੀਆਂ ਲੋੜਾਂ ਨੇ ਜੋ ਪੂਰੀਆਂ ਹੁੰਦੀਆਂ ਰਹਿੰਦੀਆਂ ਨੇ।
? ਕਿਤਾਬਾਂ ਜਦੋਂ ਬੋਝ ਲੱਗਣ ਲੱਗ ਪੈਂਦੀਆਂ ਨੇ ਕੀ ਫੈਸਲਾ ਲੈਂਦੇ ਹੋ?
— ਅੱਜ-ਕੱਲ੍ਹ ਮੈਂ ਕਿਤਾਬਾਂ ਨੂੰ ਵਰ੍ਹੇ-ਛਿਮਾਹੀਂ ਛਾਂਟਦਾ ਰਹਿੰਦਾ ਹਾਂ ਤੇ ਇੱਧਰ-ਉਧਰ ਲਾਇਬਰੇਰੀਆਂ ਨੂੰ ਦਿੰਦਾ ਰਹਿੰਦਾ ਹਾਂ।
? ਅੱਜ ਤੱਕ ਦੀ ਸਭ ਤੋਂ ਸਸਤੀ ਅਤੇ ਮਹਿੰਗੀ ਸ਼ਾਪਿੰਗ ਕਿਹੜੀ ਕੀਤੀ ਸੀ ?
— ਬਾਹਰ-ਅੰਦਰ ਬਹੁਤ ਘੱਟ ਗਿਆ ਗਿਆ ਹਾਂ। ਨਾ ਕਦੇ ਬਹੁਤ ਮਹਿੰਗੀ ਸ਼ਾਪਿੰਗ ਕੀਤੀ ਹੈ ਤੇ ਨਾ ਹੀ ਬਹੁਤੀ ਸਸਤੀ। ਸਾਧਾਰਣ ਜਿਹਾ ਬੰਦਾ ਹਾਂ, ਸਾਧਾਰਣ ਜਿਹੀ ਜ਼ਿੰਦਗੀ।
? ਦੇਸ਼ ਦੀ ਕਿਸ ਥਾਂ ਉੱਪਰ ਰਹਿਣਾਂ ਪਸੰਦ ਹੈ?
— ਹਰ ਥਾਂ ਦੀਆਂ ਆਪਣੀਆਂ ਖੂਬੀਆਂ-ਖਾਮੀਆਂ ਹੁੰਦੀਆਂ ਨੇ। ਮੈਂ ਜਿੱਥੇ ਰਹਿੰਦਾ ਹਾਂ ਉਹ ਥਾਂ ਵੀ ਸੁਹਣੀ ਹੈ ਤੇ ਜਿੱਥੇ ਕਿਤੇ ਹੋਰ ਅੰਨਜਲ ਹੋਇਆ ਉਹ ਵੀ ਸੁਹਣੀ ਹੋਵੇਗੀ।
?. ਕਿਹੜੀ ਇਤਿਹਾਸਿਕ ਥਾਂ ਦੇ ਖੰਡਰ ਦੇਖਕੇ ਮਨ ਕਸੈਲਾ ਹੁੰਦਾ ਹੈ?
— ਕਿਸੇ ਵੀ ਇਤਿਹਾਸਿਕ ਥਾਂ ਦੇ ਖੰਡਰ ਮੈਂ ਦੇਖੇ ਨਹੀਂ।
? ਸਭ ਤੋਂ ਚੰਗੀ ਅਤੇ ਮਾੜੀ ਯਾਦ ਕਿਸ ਥਾਂ ਨਾਲ ਜੁੜੀ ਹੋਈ ਹੈ ?
— ਸਿੱਧ-ਪਧਰੀ ਜਿਹੀ ਜ਼ਿੰਦਗੀ ਹੈ ਜਿਸ ਵਿਚ ਕਦੇ ਵੀ ਕੋਈ ਅਜਿਹੀ ਚੰਗੀ ਮਾੜੀ ਘਟਨਾ ਨਹੀਂ ਵਾਪਰੀ ਜੋ ਯਾਦ ਰਹਿ ਗਈ ਹੋਵੇ।
? ਉਹ ਥਾਂ ਜਿੱਥੇ ਰਹਿਣ ਦਾ ਸੁਪਨਾ ਅਜੇ ਤੱਕ ਪੂਰਾ ਨਹੀਂ ਹੋਇਆ ?
–ਥਾਂ ਇਸ ਧਰਤੀ ‘ਤੇ ਕਿਤੇ ਵੀ ਹੋਵੇ, ਸਾਫ ਪਾਣੀ, ਸਾਫ ਹਵਾ ਤੇ ਆਲ਼-ਦੁਆਲਾ ਸਾਫ ਹੋਵੇ।
oo
ਧੰਨਵਾਦ : Darshan Darvesh

Real Estate