ਅਕਾਲੀ ਬੁਲਾਉਣਗੇ ਭਾਜਪਾਈਆਂ ਨੂੰ ਫਤਹਿ !

1641

ਅਕਾਲੀ ਦਲ (ਬਾਦਲ) ਅਤੇ ਭਾਰਤੀ ਜਨਤਾ ਪਾਰਟੀ (BJP) ਵਿਚਕਾਰ ਕੁੜੱਤਣ ਸਾਹਮਣੇ ਆ ਰਹੀ ਹੈ। ਅਕਾਲੀ ਦਲ ਨੇ ਆਪਣੇ ਪੁਰਾਣੇ ਸਿਆਸੀ ਭਾਈਵਾਲਾਂ ਨਾਲ ਸਬੰਧਾਂ ’ਤੇ ਵਿਚਾਰ ਕਰਨ ਲਈ 3 ਫਰਵਰੀ ਨੂੰ ਕੋਰ ਕਮੇਟੀ ਦੀ ਮੀਟਿੰਗ ਬੁਲਾ ਲਈ ਹੈ। ਖ਼ਬਰਾਂ ਹਨ ਕਿ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਆਪਣੇ ਸਭ ਤੋਂ ਪੁਰਾਣੇ ਭਾਈਵਾਲਾਂ ਦੇ ਮਸਲਿਆਂ ਨੂੰ ਹੀ ਅੱਖੋਂ ਪਰੋਖੇ ਨਹੀਂ ਕੀਤਾ ਸਗੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਨਜ਼ਰਅੰਦਾਜ਼ ਕਰਨ ਲੱਗੇ ਹਨ।
ਖ਼ਬਰਾਂ ਇੱਥੋ ਤੱਕ ਹਨ ਕਿ ਹਾਲ ਹੀ ਵਿੱਚ ਭਾਜਪਾ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਦਿੱਲੀ ਵਿੱਚ ਦੋ ਵਾਰੀ ਮੀਟਿੰਗ ਲਈ ਸਮਾਂ ਦਿੱਤਾ ਪਰ ਮੁਲਾਕਾਤ ਸੰਭਵ ਨਾ ਬਣਾਈ। ਇੱਕ ਵਾਰੀ ਤਾਂ ਬਾਦਲ ਨੇ ਆਪਣੀ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਵੀ ਦਿੱਲੀ ’ਚ ਭਾਜਪਾ ਪ੍ਰਧਾਨ ਨਾਲ ਮੀਟਿੰਗ ਲਈ ਬੁਲਾ ਲਿਆ ਸੀ। ਭਾਜਪਾ ਪ੍ਰਧਾਨ ਦੇ ਇਸ ਰਵੱਈਏ ਦਾ ਅਕਾਲੀ ਦਲ ਦੇ ਆਗੂਆਂ ਨੇ ਸਖ਼ਤ ਨੋਟਿਸ ਲਿਆ।
ਲੰਘੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੁਰਦਾਸਪੁਰ ਵਿੱਚ ਰੈਲੀ ਕਰਨ ਤੋਂ ਪਹਿਲਾਂ ਵੀ ਆਪਣੇ ਭਾਈਵਾਲਾਂ ਨਾਲ ਅਗਾਊਂ ਕੋਈ ਮਸ਼ਵਰਾ ਨਹੀਂ ਕੀਤਾ ਗਿਆ। ਅਕਾਲੀ ਦਲ ਦੇ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਐੱਨਡੀਏ ਸਰਕਾਰ ਵਿੱਚ ਅਹਿਮ ਭਾਈਵਾਲ ਹੋਣ ਦੇ ਬਾਵਜੂਦ ਸਰਕਾਰ ਨੇ ਸਿੱਖ ਮਸਲੇ ਵੀ ਹੱਲ ਨਹੀਂ ਕੀਤੇ।
ਹਰਿਆਣਾ ਵਿੱਚ ਮਨੋਹਰ ਲਾਲ ਖੱਟੜ ਦੀ ਅਗਵਾਈ ਹੇਠ ਭਾਜਪਾ ਸਰਕਾਰ ਦਾ ਗਠਨ ਹੋਣ ਤੋਂ ਬਾਅਦ ਅਕਾਲੀਆਂ ਨੇ ਹਰਿਆਣਾ ਦੀ ਵੱਖਰੀ ਸ਼੍ਰੋਮਣੀ ਕਮੇਟੀ ਭੰਗ ਕਰਨ ਦੀ ਮੰਗ ਰੱਖੀ ਪਰ ਇਹ ਮੰਗ ਅੱਜ ਤੱਕ ਪੂਰੀ ਨਾ ਹੋ ਸਕੀ।
ਤਖ਼ਤ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਮਾਮਲੇ ’ਚ ਵੀ ਅਕਾਲੀਆਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਦਿੱਤਾ ਗਿਆ। ਸਿੱਖਾਂ ਨਾਲ ਸਬੰਧਤ ਇਨ੍ਹਾਂ ਦੋ ਵੱਡੇ ਮਸਲਿਆਂ ਕਰਕੇ ਅਕਾਲੀ ਦਲ ਨੂੰ ਸਿਆਸੀ ਤੌਰ ’ਤੇ ਵੀ ਨੁਕਸਾਨ ਝੱਲਣਾ ਪੈ ਰਿਹਾ ਹੈ। ਅਕਾਲੀ ਹਲਕਿਆਂ ਦਾ ਮੰਨਣਾ ਹੈ ਕਿ ਪੰਥਕ ਦਿੱਖ ਬਹਾਲ ਕਰਨ ਲਈ ਅਕਾਲੀਆਂ ਕੋਲ ਵੱਡੇ ਸਿੱਖ ਮਸਲਿਆਂ ’ਤੇ ਸਟੈਂਡ ਲੈਣ ਤੋਂ ਬਿਨਾਂ ਗੁਜ਼ਾਰਾ ਵੀ ਨਹੀਂ ਹੈ।
ਅਕਾਲੀ ਦਲ ਦੇ ਆਗੂਆਂ ਦਾ ਮੰਨਣਾ ਹੈ ਕਿ ਜਦੋਂ ਤੋਂ ਲਾਲ ਕ੍ਰਿਸ਼ਨ ਅਡਵਾਨੀ ਆਦਿ ਨੇਤਾ ਸਰਗਰਮ ਰਾਜਨੀਤੀ ਤੋਂ ਲਾਂਭੇ ਹੋਏ ਹਨ ਤੇ ਪਾਰਟੀ ਦੀ ਕਮਾਨ ਅਮਿਤ ਸ਼ਾਹ ਦੇ ਹੱਥ ਆ ਗਈ ਸੀ ਤਾਂ ਦੋਹਾਂ ਪਾਰਟੀਆਂ ਦਰਮਿਆਨ ਸਬੰਧ ਖ਼ਰਾਬ ਹੋਣੇ ਸ਼ੁਰੂ ਹੋ ਗਏ ਸਨ।
ਪੰਜਾਬ ’ਚ ਭਾਜਪਾ ਆਪਣੇ ਦਮ ’ਤੇ ਭਾਵੇਂ ਕੋਈ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਦਿਖਾਉਣ ਦੇ ਸਮਰੱਥ ਨਹੀਂ ਹੈ ਪਰ ਭਾਜਪਾ ਦੇ ਸੂਬਾਈ ਆਗੂਆਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਅਕਾਲੀਆਂ ਨਾਲੋਂ ਅਲਹਿਦਾ ਹੋਣ ’ਚ ਹੀ ਭਗਵਾਂ ਪਾਰਟੀ ਦਾ ਭਲਾ ਹੈ।

Real Estate