ਬਿੰਦਰ ਸਿੰਘ ਖੁੱਡੀ ਕਲਾਂ
ਮੋਬ-98786-05965
ਗਲੀ ਨੰਬਰ 1,ਸ਼ਕਤੀ ਨਗਰ ,ਬਰਨਾਲਾ।
ਸਰਕਾਰੀ ਯੋਜਨਾਵਾਂ ਜਦੋਂ ਯੋਜਨਾਬੰਦੀ ਤੋਂ ਸੱਖਣੀਆਂ ਹੋਣ ਤਾਂ ਇਹ ਜਿੱਥੇ ਸਰਕਾਰੀ ਪੈਸੇ ਦੀ ਬਰਬਾਦੀ ਹੋ ਨਿੱਬੜਦੀਆਂ ਹਨ,ਉਥੇ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਵੀ ਹੋ ਨਿੱਬੜਦੀਆਂ ਹਨ।ਬਰਨਾਲਾ ਸ਼ਹਿਰ ਦੇ ਕਚਿਹਰੀ ਚੌਂਕ ਵਿਖੇ ਉਸਾਰਿਆ ਜਾ ਰਿਹਾ ਨਵਾਂ ਪੁਲ ਸਰਕਾਰੀ ਗੈਰ-ਯੋਜਨਾਬੰਦੀ ਦੀ ਮੋਹ ਬੋਲਦੀ ਤਸਵੀਰ ਹੈ।ਇਸ ਪੁਲ ਦੀ ਉਸਾਰੀ ਨਾਲ ਜਿੱਥੇ ਸਰਕਾਰ ਦੇ ਕਰੋੜਾਂ ਰੁਪਏ ਬਰਬਾਦ ਹੋਣਗੇ,ਉਥੇ ਆਮ ਲਈ ਸਾਲਾਂ ਬੱਧੀ ਕਾਇਮ ਰਹਿਣ ਵਾਲੀ ਸਮੱਸਿਆ ਨੂੰ ਵੀ ਜਨਮ ਦੇਵੇਗਾ।ਇਹ ਉਸਾਰਿਆ ਜਾ ਰਿਹਾ ਪੁਲ ਲੋਕਾਂ ਲਈ ਸਹੂਲਤ ਦੀ ਬਜਾਏ ਸਮੱਸਿਆ ਬਣ ਗਿਆ ਹੈ।ਇਸ ਨਵੇਂ ਪੁਲ ਨੇ ਸ਼ਹਿਰ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਹੈ।ਬਾਜਾਖਾਨਾ ਰੋਡ ‘ਤੇ ਸਥਿਤ ਖੁੱਡੀ ਚੁੰਗੀ ਤੋਂ ਸ਼ੁਰੂ ਹੋ ਕੇ ਕਚਹਿਰੀ ਫਾਟਕਾਂ ਉਪਰੋਂ ਲ਼ੰਘਦਾ ਹੋਇਆ ਇਹ ਪੁਲ ਗੁਰਦੁਆਰਾ ਨਾਨਕਸਰ ਸਾਹਿਬ ਦੇ ਗੇਟ ਕੋਲ ਉਤਰਦਾ ਹੈ।ਇਸ ਪੁਲ ਦੇ ਰਸਤੇ ਵਿੱਚ ਕਚਹਿਰੀ ਚੌਂਕ ਜਿਸ ਤੋਂ ਕਿ ਬਾਜ਼ਾਰ ਅਤੇ ਮਿੰਨੀ ਸਕੱਤਰੇਤ ਵੱਲ ਨੂੰ ਰਸਤੇ ਜਾਂਦੇ ਹਨ ਵੀ ਸਥਿਤ ਹੈ।ਪਰ ਪੁਲ ਦੇ ਨਿਰਮਾਣ ਦੌਰਾਨ ਇਸ ਚੌਂਕ ਤੋਂ ਬਾਜ਼ਾਰ ਅਤੇ ਸਕੱਤਰੇਤ ਵੱਲ ਕੋਈ ਰਸਤਾ ਨਹੀਂ ਉਤਾਰਿਆ ਗਿਆ।ਕਚਹਿਰੀ ਚੌਂਕ ਵਾਲੇ ਰੇਲਵੇ ਫਾਟਕ ਦੀਵਾਰ ਉਸਾਰ ਕੇ ਪੂਰੀ ਤਰਾਂ ਆਵਾਜਾਈ ਮੁਕਤ ਕਰ ਦਿੱਤੇ ਜਾਣ ਕਾਰਨ ਖੁੱਡੀ ਚੁੰਗੀ ਨਾਕੇ ਵੱਲੋਂ ਪੁਲ ‘ਤੇ ਚੜ ਕੇ ਸਕੱਤਰੇਤ ਜਾਂ ਬਾਜ਼ਾਰ ਜਾਣ ਵਾਲੇ ਰਾਹਗੀਰਾਂ ਨੂੰ ਫਾਲਤੂ ਦਾ ਰਸਤਾ ਤੈਅ ਕਰਕੇ ਨਾਨਕਸਰ ਗੁਰਦੁਆਰਾ ਸਾਹਿਬ ਕੋਲੋ ਵਾਪਿਸ ਆਉਣਾ ਪਿਆ ਕਰੇਗਾ।ਹਾਲੇ ਪੁਲ ਚਾਲੂ ਨਾ ਹੋਣ ਕਾਰਨ ਹੰਢਿਆਇਆ ਰੋਡ ‘ਤੇ ਬਣੇ ਮਿੰਨੀ ਸਕੱਤਰੇਤ ਅਤੇ ਕਚਹਿਰੀਆਂ ਤੱਕ ਪਹੁੰਚਣ ਲਈ ਆਮ ਲੋਕਾਂ ਅਤੇ ਮੁਲਾਜ਼ਮਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਫਾਟਕਾਂ ਦੇ ਨਜ਼ਦੀਕ ਵਾਲੀਆਂ ਕਾਲੋਨੀਆਂ ਸ਼ਕਤੀ ਨਗਰ,ਢਿੱਲੋਂ ਨਗਰ ਅਤੇ ਗੋਬਿੰਦ ਕਾਲੋਨੀ ਸਮੇਤ ਕਿੰਨੇ ਹੀ ਹੋਰ ਮੁਹੱਲਿਆਂ ਦੇ ਵਸਨੀਕਾਂ ਸਮੇਤ ਬਾਜਾਖਾਨਾ ਅਤੇ ਮੋਗਾ ਰੋਡ ‘ਤੇ ਵਸੇ ਸ਼ਹਿਰਾਂ ਅਤੇ ਪਿੰਡਾਂ ਦੇ ਲੋਕਾਂ ਅਤੇ ਮੁੱਖ ਬੱਸ ਅੱਡੇ ਤੋਂ ਸਰਕਾਰੀ ਦਫਤਰਾਂ ਵਿੱਚ ਪਹੁੰਚਣ ਵਾਲੇ ਆਮ ਲੋਕਾਂ ਨੂੰ ਕਾਲਜ ਵਾਲੇ ਪੁਲ,ਫਾਟਕਾਂ ਜਾਂ ਫਿਰ ਹਿੰਦ ਰੋਡ ਵਾਲੇ ਫਾਟਕਾਂ ਤੋਂ ਚੱਕਰ ਕੱਟ ਕੇ ਆਉਣਾ ਪੈ ਰਿਹਾ ਹੈ।ਇਹਨਾਂ ਦੋਵੇਂ ਫਾਟਕਾਂ ‘ਤੇ ਟਰੈਫਿਕ ਵਿੱਚ ਬਹੁਤ ਜਿਆਦਾ ਇਜ਼ਾਫਾ ਹੋ ਗਿਆ ਹੈ।ਉਧਰ ਦੂਜੇ ਪਾਸੇ ਕਾਲਜ ਵਾਲੇ ਫਾਟਕ ਵੀ ਪੱਕੇ ਤੌਰ ‘ਤੇ ਬੰਦ ਕੀਤੇ ਜਾਣ ਦੀਆਂ ਕਨਸੋਆਂ ਹਨ।ਜੇਕਰ ਇਹ ਫਾਟਕ ਵੀ ਬੰਦ ਹੁੰਦੇ ਹਨ ਤਾਂ ਲੋਕਾਂ ਦੀਆਂ ਸਮੱਸਿਆਵਾਂ ਹੋਰ ਵੀ ਵਧ ਜਾਣਗੀਆਂ।ਸ਼ਕਤੀ ਨਗਰ,ਢਿੱਲੋਂ ਨਗਰ ਅਤੇ ਗੋਬਿੰਦ ਕਾਲੋਨੀ ਸਮੇਤ ਕਿੰਨੇ ਹੀ ਹੋਰ ਮੁਹੱਲੇ ਸਕੱਤਰੇਤ ਵਾਲੇ ਪਾਸੇ ਤੋਂ ਪੂਰੀ ਤਰਾਂ ਟੁੱਟ ਕੇ ਰਹਿ ਜਾਣਗੇ।
ਇਸ ਪੁਲ ਦੀ ਉਸਾਰੀ ਤੋਂ ਕਚਹਿਰੀ ਵਾਲੇ ਫਾਟਕਾਂ ਕੋਲ ਬਣੀਆਂ ਦੁਕਾਨਾਂ ਦੇ ਮਾਲਕ ਵੀ ਗਹਿਰੇ ਸਦਮੇ ਵਿੱਚ ਹਨ।ਕਚਹਿਰੀ ਚੌਂਕ ਅਤੇ ਫਾਟਕਾਂ ਦੇ ਵਿਚਕਾਰ ਸਥਿਤ ਮਾਰਕੀਟ ਚੌਪਟ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ।ਸਿਰਫ ਇਹ ਮਾਰਕੀਟ ਹੀ ਨਹੀਂ ਸ਼ਕਤੀ ਨਗਰ,ਢਿੱਲੋ ਨਗਰ ਅਤੇ ਗੋਬਿੰਦ ਕਾਲੋਨੀ ਸਮੇਤ ਉਰਲੇ ਪਾਸੇ ਰਹਿ ਗਈਆਂ ਕਾਲੋਨੀਆਂ ਦੀਆਂ ਸੜਕਾਂ ‘ਤੇ ਸਥਿਤ ਦੁਕਨਦਾਰਾਂ ਦਾ ਕੰਮ ਵੀ ਬੁਰੀ ਤਰਾਂ ਪ੍ਰਭਾਵਿਤ ਹੋਵੇਗਾ।ਇਹਨਾਂ ਫਾਟਕਾਂ ਕੋਲ ਬਣੇ ਗੁਰਦੁਆਰਾ ਸਾਹਿਬ ਸਾਹਮਣੇ ਦੀਵਾਰ ਦੀ ਉਸਾਰੀ ਕਰ ਦਿੱਤੇ ਜਾਣ ਕਾਰਨ ਗੁਰਦੁਆਰਾ ਸਾਹਿਬ ਤੱਕ ਪੁੱਜਣਾ ਵੀ ਕਾਫੀ ਮੁਸ਼ਕਿਲ ਹੋ ਗਿਆ ਹੈ।ਪੁਲ ਦੀ ਉਸਾਰੀ ਨੂੰ ਲੈ ਕੇ ਜਨਤਾ ਕਾਫੀ ਔਖ ਮਹਿਸੂਸ ਕਰ ਰਹੀ ਹੈ।ਲੋਕਾਂ ਦਾ ਕਹਿਣਾ ਹੈ ਕਿ ਇਸ ਪੁਲ ਦੀ ਉਸਾਰੀ ਨਾਲ ਸਰਾਸਰ ਸਰਕਾਰੀ ਪੈਸੇ ਦੀ ਬਰਬਾਦੀ ਕੀਤੀ ਗਈ ਹੈ।ਆਮ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇੱਥੇ ਇੰਨਾਂ ਵੱਡਾ ਪੁਲ ਉਸਾਰਨ ਨਾਲੋਂ ਧਨੌਲ਼ਾ ਫਾਟਕਾਂ ਵਾਂਗ ਅੰਡਰ ਬਰਿੱਜ ਬਣਾ ਕੇ ਲੋਕਾਂ ਨੂੰ ਸਹੂਲਤ ਦਿੱਤੀ ਜਾ ਸਕਦੀ ਸੀ।
ਸੁਣਨ ਵਿੱਚ ਇਹ ਵੀ ਆ ਰਿਹਾ ਹੈ ਕਿ ਸ਼ਹਿਰ ਦਾ ਮੁੱਖ ਬੱਸ ਅੱਡਾ ਮੌਜ਼ੂਦਾ ਜਗਾ ਤੋਂ ਤਬਦੀਲ ਕਰਕੇ ਬਠਿੰਡਾ ਬਾਈਪਾਸ ‘ਤੇ ਲਿਜਾਏ ਜਾਣ ਦੀ ਸਕੀਮ ਨੂੰ ਸਰਕਾਰੀ ਮਨਜੂਰੀ ਮਿਲ ਚੁੱਕੀ ਹੈ।ਜੇਕਰ ਬੱਸ ਅੱਡਾ ਤਬਦੀਲੀ ਦੀ ਸਕੀਮ ਨੂੰ ਸੱਚਮੁੱਚ ਹੀ ਮਨਜੂਰੀ ਮਿਲ ਜਾਂਦੀ ਹੈ ਤਾਂ ਇਹ ਪੁਲ ਬਿਲਕੁੱਲ ਹੀ ਚਿੱਟਾ ਹਾਥੀ ਬਣ ਕੇ ਰਹਿ ਜਾਵੇਗਾ,ਕਿਉਂਕਿ ਇਸ ਪੁਲ ਉਪਰੋਂ ਬੱਸਾਂ ਸਮੇਤ ਹੋਰ ਚੁਪਹੀਆਂ ਵਾਹਨਾਂ ਦੀ ਆਵਾਜਾਈ ਬਿਲਕੁੱਲ ਹੀ ਖਤਮ ਹੋ ਜਾਵੇਗੀ।ਨਵੇਂ ਬੱਸ ਅੱਡੇ ਤੋਂ ਬੱਸਾਂ ਅਤੇ ਹੋਰਨਾਂ ਸ਼ਹਿਰਾਂ ਤੋਂ ਆਉਣ ਵਾਲੇ ਵਾਹਨਾਂ ਲਈ ਨਵੇਂ ਉਸਾਰੇ ਮਾਰਗ ਮੁੱਖ ਮਾਰਗ ਬਣ ਜਾਣਗੇ।ਲੋਕਾਂ ਦਾ ਸੁਆਲ ਹੈ ਕਿ ਜੇਕਰ ਸਰਕਾਰ ਨੇ ਬੱਸ ਅੱਡਾ ਤਬਦੀਲ ਕਰਨ ਦੀ ਸਕੀਮ ਨੂੰ ਮਨਜੂਰੀ ਦੇਣੀ ਹੈ ਤਾਂ ਇਸ ਪੁਲ ‘ਤੇ ਕਰੋੜਾਂ ਰੁਪਏ ਬਰਬਾਦ ਕਰਨ ਦੀ ਕੀ ਜਰੂਰਤ ਸੀ।ਲੋਕਾਂ ਦੀ ਮੰਗ ਹੈ ਕਿ ਜਾਂ ਤਾਂ ਬੰਦ ਕੀਤੇ ਕਚਹਿਰੀ ਵਾਲੇ ਫਾਟਕਾਂ ਤੋਂ ਹਲਕੇ ਵਾਹਨਾਂ ਲਈ ਰਸਤਾ ਜਰੂਰ ਦਿੱਤਾ ਜਾਵੇ ਅਤੇ ਜਾਂ ਫਿਰ ਕਚਹਿਰੀ ਚੌਂਕ ਤੋਂ ਸ਼ਹਿਰ ਵੱਲ ਅਤੇ ਮਿੰਨੀ ਸਕੱਤਰੇਤ ਵੱਲ ਪੁਲ ਨੂੰ ਮੋੜਿਆ ਜਾਵੇ ਤਾਂ ਕਿ ਲੋਕਾਂ ਨੂੰ ਬਾਜ਼ਾਰ ਅਤੇ ਸਰਕਾਰੀ ਦਫਤਰਾਂ ਤੱਕ ਪੁੱਜਣ ਲਈ ਗੁਰਦੁਆਰਾ ਸਾਹਿਬ ਤੱਕ ਫਜ਼ੂਲ ਦਾ ਚੱਕਰ ਨਾ ਕੱਟਣਾ ਪਵੇ।ਇਹ ਨਵਾਂ ਉਸਾਰਿਆ ਪੁਲ ਲੋਕਾਂ ਵਿੱਚ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਇਸ ਪੁਲ ਦੀ ਉਸਾਰੀ ਨਾਲ ਜਿੱਥੇ ਖੁੱਡੀ ਚੁੰਗੀ ਅਤੇ ਗੁਰਦੁਆਰਾ ਨਾਨਕਸਰ ਸਾਹਿਬ ਕੋਲ ਹਾਦਸਿਆਂ ਦਾ ਖਤਰਾ ਵਧ ਗਿਆ ਹੈ,ਉਥੇ ਆਮ ਲੋਕਾਂ ਦਾ ਸਫਰ ਘਟਣ ਦੀ ਬਜਾਏ ਵਧ ਗਿਆ ਹੈ।ਲੋਕਾਂ ਦੀਆਂ ਸਮੱਸਿਆਵਾਂ ਵਿੱਚ ਇਜ਼ਾਫਾ ਕਰਨ ਅਤੇ ਲੋਕਾਂ ਦੇ ਰੋਜ਼ਗਾਰ ‘ਤੇ ਸੱਟ ਮਾਰਨ ਵਾਲਾ ਸ਼ਾਇਦ ਇਹ ਸੂਬੇ ਦਾ ਪਹਿਲਾ ਪੁਲ ਹੋਵੇਗਾ।ਸਰਕਾਰ ਦਾ ਫਰਜ਼ ਬਣਦਾ ਹੈ ਕਿ ਲੋਕਾਂ ਲਈ ਸਮੱਸਿਆ ਦਾ ਸਬੱਬ ਬਣ ਰਹੇ ਇਸ ਪੁਲ ਨੂੰ ਤਰਮੀਮਾਂ ਦੇ ਕੇ ਲੋਕਾਂ ਲਈ ਵਰਦਾਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ।
——————–